ਅਮਰੀਕਾ ਹਿਰਾਸਤੀ ਕੇਂਦਰਾਂ ਵਿੱਚ 60 ਹਜ਼ਾਰ ਭਾਰਤੀ, 90% ਪੰਜਾਬੀ-ਮਨੀਸ਼ ਤਿਵਾੜੀ: ਪ੍ਰੈੱਸ ਰਿਵੀਊ

ਅਮਰੀਕੀ ਡਿਟੈਂਸ਼ਨ ਕੇਂਦਰ ਵਿੱਚੋਂ ਬੱਚੇ ਨੂੰ ਛੂਹੰਦੀ ਔਰਤ Image copyright HERIKA MARTINEZ

ਅਮਰੀਕਾ-ਮੈਕਸਿਕੋ ਸਰਹੱਦ 'ਤੇ 60 ਹਜ਼ਾਰ ਤੋਂ ਵਧ ਭਾਰਤੀ ਹਿਰਾਸਤ ਵਿੱਚ ਹਨ ਜਿਨ੍ਹਾਂ ਵਿੱਚੋਂ 90 ਫੀਸਦੀ ਪੰਜਾਬੀ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਅਤੇ ਪੰਜਾਬ ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਲੁਧਿਆਣੇ ਵਿੱਚ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ।

ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੀ ਫੇਰੀ ਦੌਰਾਨ ਦੱਸਿਆ ਗਿਆ ਸੀ ਕਿ ਇਹ ਭਾਰਤੀ ਮੈਕਿਸਿਕੋ ਤੋਂ ਅਮਰੀਕਾ ਵਿੱਚ ਦਾਖਲ ਹੋਣ ਜਾ ਰਹੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਖ਼ੁਦ ਉਸ ਸਰਹੱਦ 'ਤੇ ਗਏ ਸਨ ਅਤੇ ਉੱਥੇ ਹਾਲਾਤ ਖਰਾਬ ਸਨ।

ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਇਨ੍ਹਾਂ ਲੋਕਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਰੁਜ਼ਗਾਰ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ।

Image copyright Getty Images

ਜੀਐਸਟੀ ਕਾਊਂਸਲ ਨੇ ਜੀਐਸਟੀ ਕੱਟਿਆ

ਜੀਐਸਟੀ ਕਾਊਂਸਲ ਨੇ 50 ਤੋਂ ਵਧੇਰੇ ਵਸਤਾਂ ਉੱਪਰ ਜੀਐੱਸਟੀ ਘਟਾ ਦਿੱਤਾ ਹੈ।

ਇਕਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਇਹ ਸੋਧੀਆਂ ਦਰਾਂ 27 ਜੁਲਾਈ ਤੋਂ ਲਾਗੂ ਹੋਣਗੀਆਂ ਅਤੇ ਇਸ ਨਾਲ ਸਰਕਾਰੀ ਖਜਾਨੇ ਨੂੰ 7,000 ਕਰੋੜ ਦਾ ਨੁਕਸਾਨ ਹੋਵੇਗਾ।

ਨਵੀਂ ਸੋਧ ਮੁਤਾਬਕ ਸੈਨਿਟਰੀ ਨੈਪਕਿਨਾਂ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਇਨ੍ਹਾਂ ਉੱਪਰ 12 ਫੀਸਦੀ ਟੈਕਸ ਸੀ।

ਖ਼ਬਰ ਮੁਤਾਬਕ ਸਿਖਰਲੀ 28 ਫੀਸਦੀ ਵਾਲੀ ਮੱਦ ਵਿੱਚੋਂ ਕਈ ਵਸਤਾਂ ਨੂੰ ਹੇਠਲੀਆਂ ਮੱਦਾਂ ਵਿੱਚ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ꞉

ਟਰਾਂਸਪੋਰਟਰਾਂ ਨੂੰ ਹੁੰਦੀਆਂ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਵੀ ਜਲਦੀ ਹੀ ਗੁਡਸ ਐਂਡ ਸਰਵਿਸਜ਼ ਟੈਕਸ ਨੈੱਟਵਰਕ ਵਾਲੇ ਆਰਐਫਆਈਡੀ ਟੈਗ ਜਾਰੀ ਕੀਤੇ ਜਾਣਗੇ।

Image copyright Prism lens photography

ਸੰਗੀਤਕਾਰ ਨੂੰ ਭਾਰਤ ਛੱਡਣ ਦੇ ਹੁਕਮ

ਬਰਤਾਨਵੀ ਮੂਲ ਦੇ ਸੰਗੀਤਕਾਰ ਸਟੈਫਨ ਫੈਲਿਕਸ ਕੇਅ ਨੂੰ ਦੋ ਹਫਤਿਆਂ ਦੇ ਅੰਦਰ ਭਾਰਤ ਛੱਡਣ ਦੇ ਹੁਕਮ ਦਿੱਤੇ ਗਏ ਹਨ। ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਹ 2010 ਤੋਂ ਗੈਰ ਕਾਨੂੰਨੀ ਰੂਪ ਵਿੱਚ ਭਾਰਤ ਵਿੱਚ ਰਹਿ ਰਹੇ ਹਨ।

ਦਿੱਲੀ ਦੇ ਸੈਨਿਕ ਫਾਰਮ ਵਿੱਚ ਰਹਿ ਰਹੇ ਸੰਗੀਤਕਾਰ ਨੂੰ ਡੀਪੋਰਟ ਹੋਣ ਦਾ ਡਰ ਸਤਾ ਰਿਹਾ ਹੈ ਅਤੇ ਉਹ ਭਾਰਤ ਵਿੱਚ ਰਹਿਣ ਲਈ ਕੇਸ ਲੜ ਰਹੇ ਹਨ।

ਖ਼ਬਰ ਮੁਤਾਬਕ ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦੇਸ ਵਿੱਚ ਪੈਦਾ ਹੋਣ ਨਾਲ ਕੋਈ ਉੱਥੋਂ ਦਾ ਨਾਗਰਿਕ ਨਹੀਂ ਬਣ ਜਾਂਦਾ।

ਕੇਅ 2006 ਵਿੱਚ ਭਾਰਤ ਆਏ ਸਨ ਅਤੇ ਉਨ੍ਹਾਂ ਨੇ 2009 ਵਿੱਚ ਵਿਆਹ ਕਰਵਾ ਲਿਆ ਜਿਸ ਦੌਰਾਨ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗ ਗਈ।

Image copyright Getty Images

ਖਾਲਸਾ ਕਾਲਜ ਵਿੱਚ ਉਪਾਧਿਆਏ ਕੌਸ਼ਲ ਕੇਂਦਰ

ਦਿੱਲੀ ਸਿੱਖ ਗੁਰਦੁਆਰਾ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਗੁਰੂ ਤੇਗ ਬਾਹਦਰ ਖ਼ਾਲਸਾ ਕਾਲਜ ਵਿੱਚ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਕਾਇਮ ਕੀਤਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦਿੱਤੀ।

ਉਨ੍ਹਾ ਕਿਹਾ ਕਿ ਇਹ ਕਦਮ ਨੌਜਵਾਨਾਂ ਨੂੰ ਪੈਰਾਂ 'ਤੇ ਖੜੇ ਕਰਨ ਲਈ ਅਤੇ ਉਨ੍ਹਾਂ ਲਈ ਤਕਨੀਕ ਅਤੇ ਰੁਜ਼ਗਾਰ ਦਾ ਏਜ਼ੰਡਾ ਬਣਾ ਕੇ ਇਹ ਕਦਮ ਚੁੱਕਿਆ ਗਿਆ ਹੈ।

Image copyright TANYALEE DAVIS
ਫੋਟੋ ਕੈਪਸ਼ਨ ਡਿਸੇਬਲਡ ਕਮੇਡੀਅਨ ਤਾਨਿਆਲੀ ਡੇਵਿਸ ਨੂੰ ਰੇਲਵੇ ਦੇ ਸਫਰ ਦੌਰਾਨ ਇਸੇ ਹਫਤੇ ਦੋ ਵਾਰ ਪ੍ਰੇਸ਼ਨੀ ਝੱਲਣੀ ਪਈ।

ਡਿਸੇਬਲਡ ਕਮੇਡੀਅਨ 50 ਮੀਲ ਰੇਲ ਵਿੱਚ ਫਸੀ ਰਹੀ

ਕੈਨੇਡਾ ਵਿੱਚ ਜੰਮੀ 47 ਸਾਲਾ ਡਿਸੇਬਲਡ ਕਮੇਡੀਅਨ ਤਾਨਿਆਲੀ ਡੇਵਿਸ ਨੂੰ ਰੇਲ ਤੋਂ ਉਤਰਨ ਲਈ ਰੈਂਪ ਨਾ ਮਿਲਣ ਕਰਕੇ ਆਪਣੇ ਮੁਕਾਮ ਤੋਂ 50 ਮੀਲ ਅੱਗੇ ਤੱਕ ਸਫਰ ਕਰਨਾ ਪਿਆ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਰ ਉਹ ਲੰਡਨ ਨਾਰਥ ਈਸਟਰਨ ਰੇਲਵੇ ਦੀ ਗੱਡੀ ਵਿੱਚ ਸਫਰ ਕਰ ਰਹੇ ਸਨ। ਉਨ੍ਹਾਂ ਨੇ ਪਹਿਲਾਂ ਹੀ ਰੇਲ ਕੰਪਨੀ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਨੂੰ ਯੌਰਕ ਸਟੇਸ਼ਨ ਉੱਪਰ ਉਤਰਨ ਵਿੱਚ ਮਦਦ ਕੀਤੀ ਜਾਵੇ।

ਜਦੋਂ ਕੋਈ ਮਦਦ ਲਈ ਨਾ ਪਹੁੰਚਿਆ ਤਾਂ ਉਹ ਫਸੇ ਰਹਿ ਗਏ ਅਤੇ ਵਾਧੂ ਸਫਰ ਕਰਨਾ ਪਿਆ। ਇਸ ਘਟਨਾ ਲਈ ਰੇਲ ਕੰਪਨੀ ਨੇ ਉਨ੍ਹਾਂ ਤੋਂ ਮਾਫੀ ਮੰਗ ਲਈ ਹੈ।

ਖ਼ਬਰ ਮੁਤਾਬਕ ਉਹ ਬੌਣੇ ਹਨ, ਇਸ ਤੋਂ ਪਹਿਲਾਂ ਇਸੇ ਹਫਤੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਇੱਕ ਰੇਲ ਗੱਡੀ ਵਿੱਚ ਅਪਾਹਜਾਂ ਲਈ ਬਣੀ ਥਾਂ ਵਰਤਣ ਕਰਕੇ ਪ੍ਰੇਸ਼ਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)