ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਪੈਗੰਬਰੀ ਬੋਲ

ਸ਼ਿਵ ਕੁਮਾਰ ਬਟਾਲਵੀ

ਮਹਿੰਦਰ ਕੌਲ ਨੇ ਲੰਡਨ ਵਿੱਚ ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1937-6 ਮਈ 1973) ਨਾਲ ਮੁਲਾਕਾਤ ਕੀਤੀ ਸੀ। ਮਹਿੰਦਰ ਕੌਲ ਨੇ ਇਹ ਮੁਲਾਕਾਤ ਬੀਬੀਸੀ ਦੇ ਗ਼ੈਰ-ਅੰਗਰੇਜ਼ੀ ਆਬਾਦੀ ਵਾਸਤੇ ਬਣਦੇ ਪੰਦਰਵਾੜਾ ਪ੍ਰੋਗਰਾਮ 'ਨਈਂ ਜ਼ਿੰਦਗੀ ਨਯਾ ਜੀਵਨ' ਵਿੱਚ ਕੀਤੀ ਸੀ।

ਮਹਿੰਦਰ ਕੌਲ 11 ਜੁਲਾਈ 2018 ਨੂੰ 95 ਸਾਲਾਂ ਦੀ ਉਮਰ ਵਿੱਚ ਪੂਰੇ ਹੋ ਗਏ।

ਸ਼ਿਵ ਕੁਮਾਰ ਬਟਾਲਵੀ ਦੇ ਸਮਕਾਲੀਆਂ ਤੋਂ ਬਾਅਦ ਅਗਲੀਆਂ ਪੀੜ੍ਹੀਆਂ ਨੇ ਉਸ ਨੂੰ ਇਸੇ ਵੀਡੀਓ ਰਾਹੀਂ ਹੀ ਦੇਖਿਆ ਹੈ। ਇਸ ਵਿੱਚ ਸ਼ਿਵ ਦੇ ਬੋਲ ਹਨ, ਉਸ ਦੀਆਂ ਅੱਖਾਂ ਬੋਲਦੀਆਂ ਹਨ। ਉਸ ਦੇ ਸ਼ਬਦਾਂ ਵਿੱਚ ਚੋਖੀ ਵਿੱਥ ਹੈ ਜੋ ਇਸ ਵੀਡੀਓ ਨੂੰ ਸ਼ਬਦਾਂ ਤੋਂ ਵਧੇਰੇ ਅਰਥ-ਭਰਪੂਰ ਬਣਾਉਂਦੀ ਹੈ।

ਇਹ ਵੀ ਪੜ੍ਹੋ:

ਸ਼ਿਵ ਦੇ ਸ਼ਬਦ ਉਸ ਬਾਰੇ ਬਣੀਆਂ ਧਾਰਨਾਵਾਂ ਨੂੰ ਸੁਆਲਾਂ ਦੇ ਘੇਰੇ ਵਿੱਚ ਲਿਆਉਂਦੇ ਹਨ। ਇਹ ਸ਼ਬਦ ਸ਼ਿਵ ਕੁਮਾਰ ਬਟਾਲਵੀ ਨੂੰ ਆਪਣੇ ਹੀ ਮਕਬੂਲ ਗੀਤਾਂ ਦੀ ਕੈਦ ਵਿੱਚੋਂ ਮੁਕਤ ਕਰਦੇ ਜਾਪਦੇ ਹਨ। ਸ਼ਿਵ ਕੁਮਾਰ ਬਟਾਲਵੀ ਦੀਆਂ ਗੱਲਾਂ ਦਾ ਉਤਾਰਾ ਪੇਸ਼ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
‘ਜਿੰਨੀ ਮੁਹੱਬਤ ਮੈਨੂੰ ਮਿਲੀ, ਪੰਜਾਬ ਦੇ ਕਿਸੇ ਸ਼ਾਇਰ ਨੂੰ ਨਹੀਂ ਮਿਲੀ’

ਸੁਆਲ: ਕਿਹੜੀ ਗੱਲ ਸ਼ਾਇਰੀ ਵੱਲ ਖਿੱਚ ਲਿਆਈ ਸੀ?

ਜੁਆਬ: ਕਵਿਤਾ ਕਿਸੇ ਹਾਦਸੇ ਨਾਲ ਪੈਦਾ ਨਹੀਂ ਹੁੰਦੀ। ਕੁਝ ਲੋਕਾਂ ਦਾ ਖ਼ਿਆਲ ਹੈ ਕਿ ਸ਼ਾਇਦ ਕਵਿਤਾ ਮੁਹੱਬਤ ਵਿੱਚੋਂ ਪੈਦਾ ਹੁੰਦੀ ਹੈ। ਕੁਝ ਲੋਕਾਂ ਦਾ ਖ਼ਿਆਲ ਹੈ ਕਿ ਕਵਿਤਾ ਉਦਾਸੀ ਜਾਂ ਮਾਯੁਸੀ ਵਿੱਚੋਂ ਪੈਦਾ ਹੁੰਦੀ ਹੈ।

ਮੇਰਾ ਖ਼ਿਆਲ ਹੈ ਕਿ ਮੇਰੀ ਕਵਿਤਾ ਦੇ ਪੈਦਾ ਹੋਣ ਵਿੱਚ ਇਹ ਸਭ ਕੁਝ ਸ਼ਾਮਲ ਹੈ। ਸਭ ਤੋਂ ਪਹਿਲਾਂ ਤਾਂ ਹਿੰਦੋਸਤਾਨੀ ਜ਼ਿੰਦਗੀ ਜਮਾਤਾਂ ਵਿੱਚ ਵੰਡੀ ਹੋਈ ਹੈ।

ਇਹ ਵੀ ਪੜ੍ਹੋ:

ਕੋਈ ਉੱਚ ਮੱਧ ਵਰਗੀ ਹੈ ਅਤੇ ਕੋਈ ਮੱਧ ਵਰਗੀ ਹੈ, ਉਨ੍ਹਾਂ ਦਾ ਦੁਖਾਂਤ ਹੈ। ਸਾਰੇ ਮਾਪੇ ਆਪਣੇ ਬੱਚਿਆਂ ਨੂੰ ਜੂਏ ਦੀ ਤਰ੍ਹਾਂ ਪੜ੍ਹਾਉਂਦੇ ਹਨ ਅਤੇ ਦਸ ਸਾਲ ਬਾਅਦ ਵਾਪਸੀ ਦੀ ਤਵੱਕੋ ਕਰਦੇ ਹਨ। ਮੇਰਾ ਬਾਪ ਤਹਿਸੀਲਦਾਰ ਸੀ ਅਤੇ ਉਸ ਦਾ ਵੀ ਇਹੋ ਖ਼ਿਆਲ ਸੀ। ਮੈਨੂੰ ਨਹੀਂ ਪਤਾ ਕਿ ਮੈਂ ਸ਼ਾਇਰ ਕਿਉਂ ਹੋ ਗਿਆ।

Image copyright SB dugra
ਫੋਟੋ ਕੈਪਸ਼ਨ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਮਹਿੰਦਰ ਸਿੰਘ ਰੰਧਾਵਾ ਅਤੇ ਖੁਸ਼ਵੰਤ ਸਿੰਘ ਦੇ ਪਿੱਛੇ ਸ਼ਿਵ ਕੁਮਾਰ ਬਟਾਲਵੀ

ਸੁਆਲ: ਕੋਈ ਠੇਸ ਲੱਗੀ ਹੋਵੇ?

ਜੁਆਬ: ਕਾਹਦੀ ਠੇਸ?

ਸੁਆਲ: ਬਹੁਤ ਸਾਰੇ ਸ਼ਾਇਰਾਂ ਨੇ ਨਾਉਮੀਦ ਹੋ ਕੇ ਜਾਂ ਦੁਖੀ ਹੋ ਕੇ ਕਵਿਤਾ ਲਿਖੀ ਹੈ। ਕਦੇ ਪਿਆ ਵਿੱਚ ਦੁੱਖ ਮਿਲਿਆ ਹੋਵੇ?

ਜੁਆਬ: ਮਹਿੰਦਰ ਜੀ ਅਜਿਹਾ ਕੁਝ ਨਹੀਂ ਸੀ। ਮੁਹੱਬਤ ਦੀ ਕੋਈ ਕਮੀ ਨਹੀਂ ਸੀ। ਹਜ਼ਾਰਾਂ ਔਰਤਾਂ ਜ਼ਿੰਦਗੀ ਵਿੱਚ ਆਈਆਂ ਪਰ ਮੈਂ ਉਨ੍ਹਾਂ ਨੂੰ ਕਬੂਲ ਹੀ ਨਹੀਂ ਕੀਤਾ। ਮੈਨੂੰ ਕੋਈ ਦੁੱਖ ਨਹੀਂ ਹੈ। ਜਿੰਨੀ ਮੁਹੱਬਤ ਮੈਨੂੰ ਮਿਲੀ ਹੈ ਓਨੀ ਸ਼ਾਇਦ ਪੰਜਾਬ ਦੇ ਕਿਸੇ ਸ਼ਾਇਰ ਨੂੰ ਨਹੀਂ ਮਿਲੀ।

ਸੁਆਲ: ਤੁਸੀਂ ਕਿਸੇ ਸ਼ੈਅ ਨਾਲ, ਕਿਸੇ ਜੀਅ ਨਾਲ ਜਾਂ ਕਿਸੇ ਤਸਵੀਰ ਨਾਲ ਪਿਆਰ ਕੀਤਾ ਹੈ?

ਜੁਆਬ: ਇਹ ਤਸਵੀਰ ਤਾਂ ਮੈਥੋਂ ਬਣੀ ਹੀ ਨਹੀਂ। ਕਦੇ ਵਾਲਾਂ ਨਾਲ, ਕਦੇ ਉਂਗਲੀਆਂ ਨਾਲ, ਕਿਸੇ ਦੇ ਬੁੱਲ੍ਹਾਂ ਨਾਲ ਅਤੇ ਕਿਸੇ ਦੇ ਪੈਰਾਂ ਨਾਲ …

ਸੁਆਲ: ਜ਼ਾਹਿਰ ਹੈ ਕਿ ਤੁਸੀਂ ਰੋਮਾਂਟਿਕ ਕਵਿਤਾ ਵੀ ਲਿਖੀ?

ਜੁਆਬ: ਲਿਖੀ, ਪਹਿਲਾਂ ਤਾਂ ਸਾਰੀ ਰੋਮਾਂਟਿਕ ਹੀ ਲਿਖੀ।

Image copyright Harbhajan bajwa
ਫੋਟੋ ਕੈਪਸ਼ਨ ਸ਼ਿਵ ਕੁਮਾਰ ਕਹਿੰਦੇ ਹਨ ਕਿ ਜਿੰਨੀ ਮੁਹੱਬਤ ਮੈਨੂੰ ਮਿਲੀ ਹੈ ਓਨੀ ਸ਼ਾਇਦ ਪੰਜਾਬ ਦੇ ਕਿਸੇ ਸ਼ਾਇਰ ਨੂੰ ਨਹੀਂ ਮਿਲੀ।

ਸੁਆਲ: ਕੋਈ ਸਾਨੂੰ ਵੀ ਸੁਣਾਓ?

ਜੁਆਬ: ਗਾ ਕੇ ਸੁਣਾਵਾਂ?

ਗਾ ਕੇ।

ਜੁਆਬ: ਕੀ ਪੁੱਛਦੇ ਓ ਹਾਲ ਫਕੀਰਾਂ ਦਾ …

ਸਾਡਾ ਨਦੀਓਂ ਵਿਛੜੇ ਨੀਰਾਂ ਦੇ ...

ਸੁਆਲ: ਮੌਜੂਦਾ ਭਾਰਤ ਦੀ ਹਾਲਤ ਤੋਂ ਕਦੇ ਕਵੀ ਭੱਜਣਾ ਚਾਹੁੰਦਾ ਹੈ। ਕਦੇ ਉਹ ਜ਼ਿੰਦਗੀ ਤੋਂ ਭੱਜਣਾ ਚਾਹੁੰਦਾ ਹੈ। ਚੌਗਿਰਦੇ ਤੋਂ ਭੱਜਣਾ ਚਾਹੁੰਦਾ ਹੈ। ਲੁੱਕਣਾ ਚਾਹੁੰਦਾ ਹੈ ਅਤੇ ਆਪਣੇ-ਆਪ ਨੂੰ ਢਕਣਾ ਚਾਹੁੰਦਾ ਹੈ। ਭਾਰਤ ਦੇ ਅਜਿਹੇ ਹਾਲਾਤ ਤੁਹਾਨੂੰ ਵੀ ਮਿਲਦੇ ਹਨ?

ਜੁਆਬ: ਮੈਂ ਵੀ ਭੱਜਣਾ ਚਾਹੁੰਦਾ ਹਾਂ।

Image copyright Courtesy: Punjab Lalit Kala Academy
ਫੋਟੋ ਕੈਪਸ਼ਨ ਜ਼ਾਕਿਰ ਹੁਸੈਨ ਤੋਂ ਸਾਹਿਤ ਅਕੈਡਮੀ ਅਵਾਰਡ ਹਾਸਲ ਕਰਦੇ ਹੋਏ ਸ਼ਿਵ ਕੁਮਾਰ ਬਟਾਲਵੀ

ਸੁਆਲ: ਕਿੱਥੇ ਭੱਜਣਾ ਚਾਹੁੰਦੇ ਹੋ?

ਜੁਆਬ: ਆਪਣੇ-ਆਪ ਤੋਂ ਦੂਰ।

ਸੁਆਲ: ਕਿਉਂ?

ਜੁਆਬ: ਜ਼ਿੰਦਗੀ ਵਿੱਚ ਅਸੀਂ ਨਾ ਹੌਲੀ-ਹੌਲੀ ਖ਼ੁਦਕੁਸ਼ੀ ਕਰ ਰਹੇ ਹਾਂ। ਅਸੀਂ ਆਰਾਮ ਨਾਲ ਮਰ ਰਹੇ ਹਾਂ। ਇਹ ਹਰ ਸੂਝਵਾਨ ਬੰਦੇ ਨਾਲ ਹੋਵੇਗਾ। ਜੋ ਬੌਧਿਕ ਹੈ ਉਸ ਦਾ ਇਹ ਦੁਖਾਂਤ ਹੈ। ਉਹ ਹਰ ਪਲ ਮਰ ਰਿਹਾ ਹੈ। ਮੇਰਾ ਖ਼ਿਆਲ ਕਿ ਮੇਰਾ ਜੁਆਬ ਪੂਰਾ ਹੋ ਗਿਆ ਜਾਂ ਨਹੀਂ।

ਸ਼ਿਵ ਕੁਮਾਰ ਦੀ ਇਹ ਗੱਲਬਾਤ ਉਸ ਦੀ ਸ਼ਖ਼ਸੀਅਤ ਅਤੇ ਕਵਿਤਾ ਨੂੰ ਸਮਝਣ ਦੀ ਅਹਿਮ ਕੂੰਜੀ ਹੈ। ਆਖ਼ਰੀ ਬੋਲ ਆਪਣੇ-ਆਪ ਵਿੱਚ ਪੈਗੰਬਰੀ ਜਾਪਦਾ ਹੈ ਕਿ 'ਮੇਰਾ ਜੁਆਬ ਪੂਰਾ ਹੋ ਗਿਆ ਜਾਂ ਨਹੀਂ'। ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਵਿੱਚ ਵੀ ਇਹ ਪੈਗੰਬਰੀ ਸੁਰ ਲੱਭ ਜਾਂਦਾ ਹੈ। ਸ਼ਿਵ ਨੇ ਲਿਖਿਆ ਹੈ:

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ

ਨਾਲੇ ਕਾਫ਼ਰ ਆਖ ਸੱਦੀਂਦੇ ਨੇ ...

ਸ਼ਿਵ ਆਪਣੇ-ਆਪ ਨੂੰ ਕੀਟਸ ਕਹੇ ਜਾਣ ਦੇ ਜੁਆਬ ਵਿੱਚ ਲਿਖਦਾ ਹੈ, "ਉਹਨਾਂ ਦੇ ਕਹਿਣ ਨਾਲ ਮੈਂ ਕੀਟਸ ਨਹੀਂ ਬਣ ਜਾਣਾ ਅਤੇ ਨਾ ਕਹਿਣ ਨਾਲ ਮੈਨੂੰ ਕਿਸੇ ਨੇ ਸ਼ਿਵ ਕੁਮਾਰ ਕਹਿਣੋ ਨਹੀਂ ਹੱਟ ਜਾਣਾ। ਮੈਂ ਕੀਟਸ ਜਾਂ ਸ਼ੈਲੇ ਜਾਂ ਸ਼ਾਹ ਹੁਸੈਨ ਨਹੀਂ ਬਨਣਾ ਚਾਹੁੰਦਾ। ਮੈਂ ਤਾਂ ਸ਼ਿਵ ਅਤੇ ਕੇਵਲ ਸ਼ਿਵ ਬਣਨਾ ਚਾਹੁੰਦਾ ਹਾਂ।"

Image copyright Courtesy: Punjab Lalit Kala Academy
ਫੋਟੋ ਕੈਪਸ਼ਨ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਵਿੱਚ ਵੀ ਇਹ ਪੈਗੰਬਰੀ ਸੁਰ ਲੱਭ ਜਾਂਦਾ ਹੈ

ਸ਼ਿਵ ਕੁਮਾਰ ਬਟਾਲਵੀ ਨੂੰ 'ਲੂਣਾ' ਦੇ ਛਪਣ ਤੋਂ ਬਾਅਦ 1967 ਵਿੱਚ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਤਕਰੀਬਨ ਅੱਧੀ ਸਦੀ ਬਾਅਦ ਵੀ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਨੇ ਨੌਜਵਾਨ ਪੀੜ੍ਹੀ ਦੀ ਪਸੰਦ ਵਿੱਚ ਆਪਣਾ ਮੁਕਾਮ ਕਾਇਮ ਰੱਖਿਆ ਹੈ।

ਉਸ ਦੀ ਸ਼ਾਇਰੀ ਫਿਲਮ ਦੇ ਪਰਦੇ, ਰੰਗਮੰਚ ਅਤੇ ਸੰਗੀਤ ਸਨਅਤ ਵਿੱਚ ਹਾਜ਼ਿਰ ਰਹਿੰਦੀ ਹੈ। ਸ਼ਾਇਰੀ ਦੇ ਸ਼ੈਦਾਈਆਂ ਦੀਆਂ ਯਾਦਾਂ ਅਤੇ ਪਾੜ੍ਹਿਆਂ ਦੀਆਂ ਪੜ੍ਹਾਈਆਂ ਵਿੱਚ ਸ਼ਿਵ ਕੁਮਾਰ ਦੀ ਸ਼ਿੱਦਤ ਜਿਉਂ ਦੀ ਤਿਉਂ ਬਣੀ ਹੋਈ ਹੈ।

Image copyright Krishan Adeeb
ਫੋਟੋ ਕੈਪਸ਼ਨ ਤਕਰੀਬਨ ਅੱਧੀ ਸਦੀ ਬਾਅਦ ਵੀ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਨੇ ਨੌਜਵਾਨ ਪੀੜ੍ਹੀ ਦੀ ਪਸੰਦ ਵਿੱਚ ਆਪਣਾ ਮੁਕਾਮ ਕਾਇਮ ਰੱਖਿਆ ਹੈ

ਸ਼ਿਵ ਕੁਮਾਰ ਦੀ ਕਿਤਾਬਾਂ

ਪੀੜਾਂ ਦਾ ਪਰਾਗਾ (1960)

ਲਾਜਵੰਤੀ (1961)

ਆਟੇ ਦੀਆਂ ਚਿੜੀਆਂ (1962)

ਮੈਨੂੰ ਵਿਦਾ ਕਰੋ (1963)

ਬਿਰਹਾ ਤੂੰ ਸੁਲਤਾਨ (1964)

ਲੂਣਾ (1965)

ਮੈਂ ਤੇ ਮੈਂ (1970)

ਆਰਤੀ (1971)

(ਤਸਵੀਰਾਂ ਲਈ ਸਹਿਯੋਗ: ਪੰਜਾਬ ਲਲਿਤ ਕਲਾ ਅਕਾਦਮੀ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)