ਸਕੌਸ਼ ਖਿਡਾਰਨ ਐਂਬਰੇ ਐਲੀਨਿਕਸ ਅਸਲ ਵਿੱਚ ਭਾਰਤ ਕਿਉਂ ਨਹੀਂ ਆਈ?

ਸਵਿਟਜ਼ਰਲੈਂਡ ਦੀ ਪਹਿਲੇ ਦਰਜੇ ਦੀ ਸਕੁਐਸ਼ ਖਿਡਾਰਣ ਐਂਬਰੇ ਐਲੀਨਿਕਸ

ਸਵਿਟਜ਼ਰਲੈਂਡ ਦੀ ਪਹਿਲੇ ਦਰਜੇ ਦੀ ਸਕੁਐਸ਼ ਖਿਡਾਰਨ ਨੇ ਭਾਰਤ ਵਿੱਚ ਹੋ ਰਹੀ ਵਰਲਡ ਜੂਨੀਅਰ ਸਕੌਸ਼ ਚੈਂਪੀਅਨਸ਼ਿਪ ਵਿੱਚ ਹਿੱਸਾ ਨਾ ਲੈਣ ਦਾ ਕਾਰਨ ਦੱਸਿਆ।

ਉਨ੍ਹਾਂ ਨੇ ਬੀਬੀਸੀ ਤਮਿਲ ਨਾਲ ਖ਼ਾਸ ਗੱਲਬਾਤ ਦੌਰਾਨ ਭਾਰਤੀ ਮੀਡੀਆ ਵਿੱਚ ਫੈਲੀਆਂ ਇਨ੍ਹਾਂ ਅਫਵਾਹਾਂ ਨੂੰ ਖਾਰਜ ਕੀਤਾ ਕਿ ਉਨ੍ਹਾਂ ਦੇ ਪਿਤਾ ਨੇ ਭਾਰਤ ਨੂੰ ਔਰਤਾਂ ਲਈ ਗੈਰ-ਸੁਰੱਖਿਅਤ ਸਮਝਦਿਆਂ ਇਜਾਜ਼ਤ ਨਹੀਂ ਦਿੱਤੀ।

ਸਵਿਟਜ਼ਰਲੈਂਡ ਦੀ ਪਹਿਲੇ ਦਰਜੇ ਦੀ ਸਕੌਸ਼ ਖਿਡਾਰਨ ਐਂਬਰੇ ਐਲੀਨਿਕਸ ਚੇਨਈ ਵਿੱਚ ਹੋ ਰਹੀ ਵਰਲਡ ਜੂਨੀਅਰ ਸਕੌਸ਼ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈ ਰਹੀ।

ਕੁਝ ਦਿਨ ਪਹਿਲਾਂ ਕਈ ਅਖ਼ਬਾਰਾਂ ਅਤੇ ਆਨਲਾਈਨ ਮੀਡੀਆ ਉੱਪਰ ਸਵਿਟਜ਼ਰਲੈਂਡ ਦੇ ਸਕੁਐਸ਼ ਕੋਚ ਪਾਸਕਲ ਬੁਰੀਨ ਦੇ ਹਵਾਲੇ ਨਾਲ ਖ਼ਬਰਾਂ ਨਸ਼ਰ ਹੋਈਆਂ ਸਨ ।

ਖ਼ਬਰਾਂ ਵਿੱਚ ਕਿਹਾ ਗਿਆ, "ਸਾਡੇ ਦੇਸ ਦੀ ਪਹਿਲੇ ਨੰਬਰ ਦੀ ਸਕੌਸ਼ ਖਿਡਾਰਨ ਐਂਬਰੇ ਐਲੀਨਿਕਸ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਤਸੁਕ ਹਨ ਪਰ ਉਹ ਨਹੀਂ ਆ ਸਕੇ ਕਿਉਂਕਿ ਉਨ੍ਹਾਂ ਦੀ ਮਾਂ ਭਾਰਤ ਨੂੰ ਔਰਤਾਂ ਲਈ ਅਸੁਰੱਖਿਅਤ ਸਮਝਦੀ ਹੈ ਇਸ ਲਈ ਇਹ ਖ਼ਤਰਾ ਨਹੀਂ ਚੁੱਕਣਾ ਚਾਹੁੰਦੇ।"

ਇਹ ਵੀ ਪੜ੍ਹੋ꞉

ਖ਼ਬਰ ਦੇ ਫੈਲ ਜਾਣ ਮਗਰੋਂ ਬੀਬੀਸੀ ਦੀ ਤਮਿਲ ਸੇਵਾ ਦੇ ਪੱਤਰਕਾਰ ਨੇ ਸਵਿਟਜ਼ਰਲੈਂਡ ਦੇ ਸਕੌਸ਼ ਕੋਚ ਪਾਸਕਲ ਬੁਰੀਨ ਨਾਲ ਚੇਨਈ ਵਿੱਚ ਮੁਲਾਕਾਤ ਕੀਤੀ।

ਉਨ੍ਹਾਂ ਨੇ ਰਿਪੋਰਟ ਕੀਤੀਆਂ ਜਾ ਰਹੀਆਂ ਸਾਰੀਆਂ ਗੱਲਾਂ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਇਸ ਗੱਲ ਦੀ ਇੰਨੀ ਵੱਡੀ ਖ਼ਬਰ ਬਣ ਜਾਵੇਗੀ। ਕੋਚ ਦੇ ਅਜਿਹਾ ਬਿਆਨ ਤੋਂ ਬਾਅਦ ਬੀਬੀਸੀ ਤਾਮਿਲ ਸੇਵਾ ਨੇ ਖਿਡਾਰਨ ਦੇ ਟੂਰਨਾਮੈਂਟ ਵਿੱਚ ਸ਼ਾਮਲ ਨਾ ਹੋਣ ਦੀ ਖ਼ਬਰ ਨਸ਼ਰ ਕੀਤੀ।

ਬੀਬੀਸੀ ਤਾਮਿਲ ਸੇਵਾ ਨੇ ਤਾਮਿਲਨਾਡੂ ਦੀ ਪਹਿਲੀ ਕੌਮਾਂਤਰੀ ਫੁੱਟਬਾਲ ਰੈਫਰੀ ਰੂਪਾ ਦੇਵੀ ਨਾਲ ਇਸ ਬਾਰੇ ਗੱਲਬਾਤ ਕੀਤੀ।

ਉਨ੍ਹਾਂ ਕਿਹਾ, "ਇਹ ਸਾਡੇ ਦੇਸ ਲਈ ਸ਼ਰਮਨਾਕ ਖ਼ਬਰ ਹੈ। ਭਾਰਤ ਵਿੱਚ ਅਜਿਹੇ ਕੌਮਾਂਤਰੀ ਟੂਰਨਾਮੈਂਟ ਕਰਵਾਉਣੇ ਹੋਰ ਮੁਸ਼ਕਿਲ ਹੋ ਜਾਣਗੇ। ਇਸ ਦੇ ਬਾਵਜੂਦ ਇੱਕ ਕੌਮਾਂਤਰੀ ਖਿਡਾਰੀ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ। ਇਹ ਸਪਸ਼ਟ ਤੌਰ 'ਤੇ ਦੁਨੀਆਂ ਦੀ ਭਾਰਤ ਬਾਰੇ ਸੋਚ ਦਰਸਾਉਂਦਾ ਹੈ।"

ਬੀਬੀਸੀ ਤਾਮਿਲ ਨੂੰ ਖ਼ਾਸ ਇੰਟਰਵਿਊ

ਇਸ ਦੇ ਨਾਲ ਹੀ ਬੀਬੀਸੀ ਤਮਿਲ ਸੇਵਾ ਨੇ ਇਸ ਦੌਰਾਨ ਸਵਿਟਜ਼ਰਲੈਂਡ ਦੀ ਸਕੌਸ਼ ਖਿਡਾਰਨ ਐਂਬਰੇ ਐਲੀਨਿਕਸ ਨਾਲ ਸਾਰੇ ਮਾਮਲੇ ਬਾਰੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ।

ਖਿਡਾਰਨ ਐਂਬਰੇ ਐਲੀਨਿਕਸ ਅਤੇ ਉਨ੍ਹਾਂ ਦੇ ਪਿਤਾ ਇਗੋਰ ਨੇ ਗੱਲਬਾਤ ਦੌਰਾਨ ਭਾਰਤੀ ਮੀਡੀਆ ਵਿੱਚ ਫੈਲੀਆਂ ਖ਼ਬਰਾਂ ਦਾ ਖੰਡਨ ਕੀਤਾ।

Image copyright ANDRESR

ਐਂਬਰੇ ਦੇ ਪਿਤਾ ਨੇ ਦੱਸਿਆ, "ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ ਉੱਪਰ ਐਂਬਰੇ ਐਲੀਨਿਕਸ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਮੇਰੀ ਧੀ ਦੇ ਭਵਿੱਖ ਲਈ ਨੁਕਸਾਨਦੇਹ ਹਨ ਅਤੇ ਅਸੀਂ ਇਸ ਬਾਰੇ ਫਿਕਰਮੰਦ ਹਾਂ।''

"ਮੀਡੀਆ ਨੇ ਇਹ ਅਫ਼ਵਾਹ ਫੈਲਾਈ ਕਿ ਐਂਬਰ ਚੇਨਈ ਵਿੱਚ ਹੋ ਰਹੀ ਵਰਲਡ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਸੁਰੱਖਿਆ ਕਾਰਨਾਂ ਕਰਕੇ ਹਿੱਸਾ ਨਹੀਂ ਲੈ ਰਹੀ। ਇਹ ਸੱਚ ਨਹੀਂ। ਮਾਪਿਆਂ ਵਜੋਂ ਐਂਬਰੇ ਨੂੰ ਸਤੰਬਰ ਵਿੱਚ ਚੇਨਈ ਨਾ ਭੇਜਣ ਦਾ ਫੈਸਲਾ ਦੋ ਕਾਰਨਾਂ ਕਰਕੇ ਲਿਆ।"

"ਪਹਿਲਾ ਕਾਰਨ ਇਹ ਹੈ ਕਿ ਐਂਬਰੇ ਮਾਰਚ ਵਿੱਚ 16 ਸਾਲਾਂ ਦੀ ਹੋਈ ਸੀ ਜੋ ਕਿ ਬਹੁਤ ਛੋਟੀ ਉਮਰ ਹੈ। ਉਸਨੇ ਇਸੇ ਸਾਲ ਯੂਰਪੀਅਨ ਅੰਡਰ-17 ਖੇਡਿਆ ਅਤੇ ਅਗਲੇ ਦੋ ਸਾਲ ਜੂਨੀਅਰ ਖੇਡੇਗੀ। ਪਿਛਲੇ ਸਾਲ ਸੀਜ਼ਨ ਦੇ ਜਦੋਂ ਸੀਜ਼ਨ ਖ਼ਤਮ ਹੋ ਰਿਹਾ ਸੀ ਉਹ ਬਹੁਤ ਥੱਕੀ ਹੋਈ ਸੀ,ਇਸ ਲਈ ਅਸੀਂ ਉਸ ਨੂੰ ਹੋਰ ਕਸ਼ਟ ਵਿੱਚ ਨਹੀਂ ਪਾਉਣਾ ਚਾਹੁੰਦੇ ਸੀ।"

ਇਹ ਵੀ ਪੜ੍ਹੋ꞉

"ਦੂਸਰਾ ਅਸੀਂ ਸੋਚਿਆ ਕਿ ਇਹ ਪਰਿਵਾਰਕ ਟਰਿਪ ਉੱਪਰ ਜਾਣ ਦਾ ਸਹੀ ਸਮਾਂ ਹੈ। ਇਸ ਸਮੇਂ ਅਸੀਂ ਮਿਸਰ ਵਿੱਚ ਹਾਂ। ਅਸੀਂ ਖੁਸ਼ ਹਾਂ ਕਿ ਐਂਬਰੇ ਸਾਡੇ ਨਾਲ ਹੈ।"

ਐਂਬਰੇ ਦੇ ਪਿਤਾ ਨੇ ਮਿੰਨਤ ਕੀਤੀ, "ਕਿਰਪਾ ਕਰਕੇ ਅਫਵਾਹਾਂ ਫੈਲਾਉਣੀਆਂ ਬੰਦ ਕਰ ਦਿਓ। ਸਾਨੂੰ ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ। ਸਾਨੂੰ ਭਵਿੱਖ ਵਿੱਚ ਕਿਸੇ ਟੂਰਨਾਮੈਂਟ ਲਈ ਜਾਂ ਕਿਸੇ ਹੋਰ ਕਾਰਨ ਭਾਰਤ ਆ ਕੇ ਖੁਸ਼ੀ ਹੋਵੇਗੀ।"

ਸਵਿਸ ਸਕੁਐਸ਼ ਦੀ ਪ੍ਰਤੀਕਿਰਿਆ

ਸਵਿਸ ਸਕੌਸ਼ ਨੇ ਇੱਕ ਬਿਆਨ ਵਿੱਚ ਕਿਹਾ, "ਕਈ ਮੀਡੀਆ ਅਤੇ ਸੋਸ਼ਲ ਮੀਡੀਆ ਨੇ ਚੇਨਈ ਵਿੱਚ ਹੋ ਰਹੀ ਵਰਲਡ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਐਂਬਰੇ ਐਲੀਨਿਕਸ ਜੋ ਕਿ ਸਵਿਟਜ਼ਰਲੈਂਡ ਦੀਆਂ ਕੁੜੀਆਂ ਵਿੱਚ ਪਹਿਲੇ ਦਰਜੇ ਦੀ ਖਿਡਾਰਨ ਹੈ ਦੇ ਹਿੱਸਾ ਨਾ ਲੈਣ ਬਾਰੇ ਅਫ਼ਵਾਹਾਂ ਫੈਲਾਈਆਂ।''

"ਅਜਿਹਾ ਕਿਹਾ ਜਾ ਰਿਹਾ ਹੈ ਕਿ ਐਂਬਰੇ ਨੂੰ ਭਾਰਤ ਇਸ ਲਈ ਨਹੀਂ ਆਉਣ ਦਿੱਤਾ ਗਿਆ ਕਿਉਂਕਿ ਉਸਦੇ ਮਾਂ-ਬਾਪ ਮੰਨਦੇ ਹਨ ਕਿ ਕੁਝ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤ ਇੱਕ ਮੁਟਿਆਰ ਲਈ ਖ਼ਤਰਨਾਕ ਹੈ।"

ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਖ਼ਬਰਾਂ ਝੂਠੀਆਂ ਹਨ ਅਤੇ ਐਂਬਰੇ, ਉਨ੍ਹਾਂ ਦੇ ਮਾਂ-ਬਾਪ ਅਤੇ ਸਵਿਸ ਸਕੌਸ਼ ਲਈ ਗਲਤ ਧਾਰਨਾ ਪੈਦਾ ਕਰਦੇ ਹਨ।

ਇਹ ਸਹੀ ਹੈ ਕਿ ਮਾਂ-ਬਾਪ ਐਂਬਰੇ ਨੂੰ ਵਰਲਡ ਜੂਨੀਅਰ ਸਕੌਸ਼ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੀ ਛੋਟੀ ਉਮਰ ਅਤੇ ਆਪਣੀਆਂ ਪਰਿਵਾਰਿਕ ਯੋਜਨਾਵਾਂ ਕਰਕੇ ਨਹੀਂ ਭੇਜਿਆ। ਇਸ ਫੈਸਲੇ ਦਾ ਮੇਜ਼ਬਾਨ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ।

Image copyright INSTAGRAM

"ਸਵਿਸ ਸਕੌਸ਼ ਹਮੇਸ਼ਾ ਹੀ ਸਾਰੇ ਹੀ ਮੇਜ਼ਬਾਨ ਦੇਸਾਂ ਦੀ ਸੁਰੱਖਿਆ ਅਤੇ ਸਿਆਸੀ ਖ਼ਤਰੇ ਪੱਖੋਂ ਜਾਂਚ ਕਰਦੀ ਹੈ। ਭਾਰਤ ਵਿੱਚ ਸਕੌਸ਼ ਐਸੋਸੀਏਸ਼ਨ ਨੇ ਹਿੱਸਾ ਲੈ ਰਹੇ ਡੈਲੀਗੇਟਸ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ ਅਤੇ ਅਸੀਂ ਭਾਰਤ ਇੱਕ ਡੈਲੀਗੇਸ਼ਨ ਭੇਜਣ ਦਾ ਫੈਸਲਾ ਲਿਆ ਹੈ।"

ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਖਿਡਾਰਨ ਨੂੰ ਨਾ ਭੇਜਣ ਦਾ ਫੈਸਲਾ ਨਾ ਸਿਰਫ ਉਸਦੀ ਰੁਚੀ ਕਰਕੇ ਸੀ ਸਗੋਂ ਉਸਦੇ ਪਰਿਵਾਰ ਦੇ ਫੈਸਲੇ ਅਤੇ ਹੋਰ ਕਾਰਨਾਂ ਕਰਕੇ ਲਿਆ ਗਿਆ ਸੀ।

ਉਨ੍ਹਾਂ ਨੇ ਭਾਰਤੀ ਮੀਡੀਆ ਨੂੰ ਅਪੀਲ ਕੀਤੀ ਕਿ ਝੂਠੇ ਬਿਆਨਾਂ ਵੱਲ ਧਿਆਨ ਨਾ ਦੇਣ ਅਤੇ ਐਂਬਰੇ ਉੱਪਰ ਨਾਜਾਇਜ਼ ਹਮਲੇ ਨਾ ਕਰਨ।

ਇਹ ਵੀ ਪੜ੍ਹੋ꞉

ਸਬੰਧਿਤ ਵਿਸ਼ੇ