ਪ੍ਰੈੱਸ ਰਿਵੀਊ꞉ ਕੁੜੀ ਜੰਮੀ ਤਾਂ 21,000 ਸ਼ਗਨ ਅਤੇ 51 ਬੂਟੇ ਲਾਵੇਗਾ ਇਹ ਪਿੰਡ

ਬੱਚੀ Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਮੈਟਲਾਂ ਦੀ ਪੰਚਾਇਤ ਨੇ ਪਿੰਡ ਵਿੱਚ ਪੈਦਾ ਹੋਣ ਵਾਲੀ ਕੁੜੀ ਨੂੰ ਫਿਕਸਡ ਡਿਪਾਜ਼ਿਟ ਦੇ ਰੂਪ ਵਿੱਚ 21000 ਰੁਪਏ ਦੇਣ ਦਾ ਫੈਸਲਾ ਲਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਲਈ ਰਾਸ਼ੀ ਪਿੰਡ ਵਾਸੀਆਂ ਕੋਲੋਂ ਇਕੱਠੀ ਕੀਤੀ ਜਾਵੇਗੀ ਜਿਸ ਨਾਲ ਪੰਚਾਇਤ ਉੱਪਰ ਇਸ ਦਾ ਬੋਝ ਨਹੀਂ ਪਵੇਗਾ।

ਇਸ ਤੋਂ ਇਲਾਵਾ ਪੰਚਾਇਤ ਵੱਲੋਂ ਲੜਕੀ ਦਾ ਜਨਮ ਹੋਣ 'ਤੇ 51 ਬੂਟੇ ਲਾਉਣ ਦੀ ਵੀ ਯੋਜਨਾ ਹੈ।

ਖ਼ਬਰ ਮੁਤਾਬਕ ਪਿੰਡ ਦੀ ਸਰਪੰਚ ਨਿਸ਼ਾ ਦੇਵੀ ਨੇ ਦੱਸਿਆ ਕਿ ਪਿੰਡ ਵਿੱਚ ਲਿੰਗ ਨਿਰਧਾਰਨ ਟੈਸਟ ਦੀ ਸੂਹ ਦੇਣ ਵਾਲੇ ਨੂੰ ਵੀ 11000 ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ꞉

ਆਸ਼ਰਮ ਵਿੱਚ ਲੜਕੀਆਂ ਦਾ ਜਿਣਸੀ ਸ਼ੋਸ਼ਣ

ਬਿਹਾਰ ਦੇ ਮੁਜ਼ੱਫ਼ਰਪੁਰ ਵਿੱਚ ਇੱਕ ਗੈਰ-ਸਰਕਾਰੀ ਆਸ਼ਰਮ ਵਿੱਚ ਰਹਿਣ ਵਾਲੀਆਂ ਲੜਕੀਆਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ 11 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅਦਾਲਤ ਦੇ ਹੁਕਮਾਂ ਤੋਂ ਬਾਅਦ ਇਸ ਆਸ਼ਰਮ ਵਿੱਚ ਕਥਿਤ ਤੌਰ 'ਤੇ ਜਿਣਸੀ ਸ਼ੋਸ਼ਣ ਮਗਰੋਂ ਮਾਰ ਕੇ ਦੱਬੀ ਲੜਕੀ ਦੀ ਲਾਸ਼ ਬਰਾਮਦ ਕਰਨ ਲਈ ਆਸ਼ਰਮ ਦੇ ਵਿਹੜੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਪੁਟਾਈ ਕੀਤੀ ਗਈ।

ਇਸ ਆਸ਼ਰਮ ਦੇ ਸਟਾਫ ਵੱਲੋਂ ਅਤੇ ਸਰਕਾਰੀ ਅਫਸਰਾਂ ਵੱਲੋਂ ਲੜਕੀਆਂ ਦਾ ਕਥਿਤ ਤੌਰ 'ਤੇ ਕਈ ਮਹੀਨਿਆਂ ਤੱਕ ਜਿਣਸੀ ਸ਼ੋਸ਼ਣ ਕੀਤਾ ਗਿਆ।

ਖ਼ਬਰ ਮੁਤਾਬਕ ਆਸ਼ਰਮ ਵਿੱਚ ਚੱਲ ਰਹੇ ਕਾਰਿਆਂ ਦਾ ਪਰਦਾਫਾਸ਼ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਦੇ ਇੱਕ ਸੋਸ਼ਲ ਆਡਿਟ ਵਿੱਚ ਹੋਇਆ।

Image copyright PA
ਫੋਟੋ ਕੈਪਸ਼ਨ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ।

ਇੰਗਲੈਂਡ ਦੀ 2021 ਦੀ ਮਰਦਮਸ਼ੁਮਾਰੀ ਨੂੰ ਸਿੱਖੀ ਨੂੰ ਵੱਖਰੇ ਨਸਲੀ ਸਮੂਹ ਵਜੋਂ ਮਾਨਤਾ ਦਿੱਤੀ ਜਾਵੇਗੀ

ਦਿ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਕਦਮ ਨਾਲ ਦੇਸ ਵਿੱਚ ਸਿੱਖਾਂ ਨੂੰ ਸਰਕਾਰੀ ਸੇਵਾਵਾਂ ਹਾਸਲ ਕਰਨ ਵਿੱਚ ਮਦਦ ਮਿਲੇਗੀ ਜਦਕਿ ਹਾਲੇ ਸਿੱਖੀ ਨੂੰ ਸਿਰਫ ਇੱਕ ਵੱਖਰਾ ਧਰਮ ਅਤੇ ਸਿੱਖਾਂ ਨੂੰ ਭਾਰਤੀ ਜਾਂ ਬਰਤਾਨਵੀ ਭਾਰਤੀ ਹੀ ਮੰਨਿਆ ਜਾਂਦਾ ਹੈ।

ਖ਼ਬਰ ਮੁਤਾਬਕ ਪਿਛਲੇ ਸਾਲ 2011 ਦੀ ਮਰਦਮਸ਼ੁਮਾਰੀ ਵਿੱਚ 83000 ਸਿੱਖਾਂ ਨੇ ਨਸਲੀ ਸਮੂਹ ਵਿੱਚ ਟਿੱਕ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਉਸ ਵਿੱਚ ਸਿੱਖਾਂ ਨੂੰ ਭਾਰਤੀ ਦਰਸਾਇਆ ਗਿਆ ਸੀ।

ਇਸ ਦੀ ਥਾਂ ਉਨ੍ਹਾਂ ਨੇ ਕੋਈ ਹੋਰ ਨਸਲੀ ਸਮੂਹ ਵਾਲੇ ਕਾਲਮ ਵਿੱਚ ਸਿੱਖ ਲਿਖਿਆ ਸੀ। ਇੰਗਲੈਂਡ ਵਿੱਚ 430,000 ਸਿੱਖ ਵਸਦੇ ਹਨ ਅਤੇ ਨੈਸ਼ਨਲ ਸਟੈਟਿਕਸ ਦੇ ਦਫ਼ਤਰ ਨੂੰ ਹਾਲੇ ਇਸ ਬਾਰੇ ਯਕੀਨ ਨਹੀਂ ਹੈ ਕਿ ਉੱਥੇ ਦੇ ਸਾਰੇ ਸਿੱਖ ਇਸ ਨੂੰ ਅਪਨਾਉਣਗੇ।

Image copyright Reuters

ਮੱਧ ਪ੍ਰਦੇਸ਼ ਵਿੱਚ ਅਫਵਾਹ ਨੇ ਲਈ ਇੱਕ ਹੋਰ ਜਾਨ

ਮੱਧ ਪ੍ਰਦੇਸ਼ ਵਿੱਚ ਇੱਕ ਬੱਚਾ ਚੋਰ ਹੋਣ ਦੇ ਸ਼ੱਕ ਵਿੱਚ ਭੀੜ ਵੱਲੋਂ ਇੱਕ 30 ਸਾਲਾ ਮਾਨਸਿਕ ਰੋਗੀ ਔਰਤ ਦਾ ਕਤਲ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਵਟਸਐਪ ਉੱਪਰ ਫੈਲੀ ਅਫਵਾਹ ਕਰਕੇ ਲੋਕਾਂ ਨੂੰ ਔਰਤ ਉੱਪਰ ਸ਼ੱਕ ਹੋ ਗਿਆ ਅਤੇ ਪੁੱਛੇ ਸਵਾਲਾਂ ਦਾ ਜਵਾਬ ਨਾ ਦੇ ਸਕੀ।

ਇਸ ਮਗਰੋਂ ਉਸ ਨੂੰ ਉਦੋਂ ਤੱਕ ਕੁੱਟਿਆ ਗਿਆ ਜਦ ਤੱਕ ਉਸ ਦਾ ਸਾਹ ਬੰਦ ਨਹੀਂ ਹੋ ਗਿਆ। ਸਿੰਗਰੌਲੀ ਜ਼ਿਲ੍ਹੇ ਵਿੱਚ ਕੁਝ ਦਿਨ ਪਹਿਲਾਂ ਵੀ ਜੰਗਲਾਤ ਅਫਸਰ ਉੱਪਰ ਵੀ ਹਮਲਾ ਕੀਤਾ ਗਿਆ ਸੀ।

ਸੋਸ਼ਲ ਮੀਡੀਆ ਉੱਪਰ ਅਫਵਾਹਾਂ ਫੈਲਣ ਮਗਰੋਂ ਖ਼ਬਰ ਮੁਤਾਬਕ ਸੂਬਾ ਪੁਲਿਸ ਨੇ ਪਿਛਲੇ ਮਹੀਨੇ ਦੌਰਾਨ ਵੱਖ-ਵੱਖ ਮੌਕਿਆਂ ਉੱਪਰ ਭੀੜ ਤੋਂ ਚਾਰ ਜਾਨਾਂ ਬਚਾਈਆਂ ਹਨ

Image copyright Reuters

ਸੁਪਰੀਮ ਕੋਰਟ ਤੋਂ ਸਿੱਧਾ ਪ੍ਰਸਾਰਣ

ਅਦਾਲਤ ਵਿੱਚ ਸੁਣੇ ਜਾਂਦੇ ਕੇਸਾਂ ਦਾ ਸਿੱਧਾ ਪ੍ਰਸਾਰਣ ਤਜ਼ਰਬੇ ਦੇ ਤੌਰ 'ਤੇ ਸ਼ੁਰੂ ਹੋ ਸਕਦਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਹ ਜਾਣਕਾਰੀ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਦਿੱਤੀ ਹੈ।

ਸਰਕਾਰ ਨੇ ਇਹ ਜਾਣਕਾਰੀ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੂੰ ਦਿੱਤੀ।

ਭਾਰਤ ਸਰਕਾਰ ਦੇ ਅਟਾਰਨੀ ਜਰਨਲ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਦੇ ਮੁਲਾਂਕਣ ਮਗਰੋਂ ਇਸ ਨੂੰ ਹੋਰ ਵੀ ਕਾਰਗਰ ਬਣਾਇਆ ਜਾ ਸਕੇਗਾ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)