ਬਿਹਾਰ 'ਚ ਮੁਜ਼ੱਫਰਪੁਰ ਦੇ ‘ਬਾਲਿਕਾ ਗ੍ਰਹਿ’ ਦੀਆਂ 29 ਕੁੜੀਆਂ ਦਾ ਟੈਸਟ ਪੌਜ਼ੇਟਿਵ

  • ਸੀਟੂ ਤਿਵਾਰੀ
  • ਬੀਬੀਸੀ ਲਈ
ਖੁਦਾਈ

ਤਸਵੀਰ ਸਰੋਤ, Seetu Tiwari/bbc

ਤਸਵੀਰ ਕੈਪਸ਼ਨ,

ਬਾਲ ਗ੍ਰਹਿ ਵਿੱਚ ਇੱਕ ਕੁੜੀ ਨੂੰ ਮਾਰ ਕੇ ਦੱਬੇ ਜਾਣ ਦਾ ਸ਼ੱਕ

ਬਿਹਾਰ ਦੇ ਮੁਜ਼ੱਫ਼ਪੁਰ ਦੇ ਬਾਲਿਕਾ ਗ੍ਰਹਿ 'ਚ ਰਹਿ ਰਹੀਆਂ ਕੁੜੀਆਂ ਵਿੱਚੋਂ 42 ਕੁੜੀਆਂ ਦੇ ਕਰਵਾਏ ਮੈਡੀਕਲ ਟੈਸਟ ਵਿੱਚ 29 ਕੁੜੀਆਂ ਦੇ ਟੈਸਟ ਦੇ ਨਤੀਜੇ ਪੌਜ਼ੇਟਿਵ ਆਏ ਹਨ।

ਡੀਜੀਪੀ ਕੇ ਐੱਸ ਤ੍ਰਿਵੇਦੀ ਨੇ ਦੱਸਿਆ, "29 ਵਿੱਚੋਂ 13 ਕੁੜੀਆਂ ਦੀ ਟੈਸਟ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਨਾਲ ਸਰੀਰਕ ਸੰਬੰਧ ਬਣਾਏ ਹੋ ਸਕਦੇ ਹਨ ਅਤੇ 16 ਕੁੜੀਆਂ ਨਾਲ ਵੀ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।''

ਉੱਧਰ ਇਸ ਮਾਮਲੇ ਵਿੱਚ ਪਟਨਾ ਹਾਈ ਕੋਰਟ ਨੇ ਨੋਟਿਸ ਲਿਆ ਹੈ ਅਤੇ 2 ਪਟੀਸ਼ਨਾਂ ਵੀ ਇਸ ਮਾਮਲੇ ਵਿੱਚ ਦਾਇਰ ਕੀਤੀਆਂ ਗਈਆਂ ਹਨ ਜਿਨ੍ਹਾਂ ਬਾਰੇ ਵੀਰਵਾਰ ਨੂੰ ਸੁਣਵਾਈ ਹੈ।

ਇਹ ਵੀ ਪੜ੍ਹੋ:

ਮੁੰਬਈ ਦੇ ਟਾਟਾ ਇੰਸਟੀਟਿਊਟ ਆਫ ਸਾਇੰਸਜ਼ ਨੇ ਆਪਣੀ ਇੱਕ ਰਿਪੋਰਟ ਵਿੱਚ ਬਾਲਿਕਾ ਗ੍ਰਹਿ ਵਿੱਚ ਰਹਿ ਰਹੀਆਂ ਕੁੜੀਆਂ ਦੇ ਜਿਣਸੀ ਸ਼ੋਸ਼ਣ ਦਾ ਮੁੱਦਾ ਚੁੱਕਿਆ।

ਇਸ ਰਿਪੋਰਟ ਦੇ ਸੁਰਖ਼ੀਆਂ 'ਚ ਆਉਣ ਤੋਂ ਬਾਅਦ ਸ਼ੁਰੂ ਹੋਈ ਪੁਲਿਸ ਜਾਂਚ ਵਿੱਚ ਨਵੀਆਂ-ਨਵੀਆਂ ਜਾਣਕਾਰੀਆਂ ਸਾਹਮਣੇ ਆਈਆਂ।

ਮੁਜ਼ੱਫ਼ਰਪੁਰ ਦਾ ਬਾਲਿਕਾ ਗ੍ਰਹਿ ਇਸ ਜਾਂਚ ਦਾ ਕੇਂਦਰ ਬਣ ਗਿਆ ਹੈ। ਇੱਥੋਂ ਦੇ ਸਾਹੂ ਰੋਡ 'ਤੇ ਸਥਿਤ ਇੱਕ ਮਕਾਨ 'ਚ ਖੁਦਾਈ ਚੱਲ ਰਹੀ ਹੈ। ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉੱਥੇ ਇੱਕ ਕੁੜੀ ਦੀ ਲਾਸ਼ ਦੱਬੀ ਹੋ ਸਕਦੀ ਹੈ।

ਸੇਵਾ ਸੰਕਲਪ ਨਾਲ ਦੀ ਇੱਕ ਗੈ਼ਰ-ਸਰਕਾਰੀ ਸੰਸਥਾ ਇਸੇ ਮਕਾਨ ਵਿੱਚ ਸਰਕਾਰੀ ਬਾਲਿਕਾ ਗ੍ਰਹਿ ਦਾ ਸੰਚਾਲਨ ਕਰਦੀ ਸੀ।

ਪੁਲਿਸ ਮੁਤਾਬਕ ਇਸ ਗ੍ਰਹਿ ਵਿੱਚ ਰਹਿਣ ਵਾਲੀ ਇੱਕ ਕੁੜੀ ਨੇ ਪੁੱਛਗਿੱਛ ਦੌਰਾਨ ਆਪਣੇ ਨਾਲ ਰਹਿਣ ਵਾਲੀ ਇੱਕ ਕੁੜੀ ਨੂੰ ਮਾਰ ਕੇ ਦੱਬਣ ਦਾ ਸ਼ੱਕ ਜ਼ਾਹਿਰ ਕੀਤਾ ਸੀ ਜਿਸ ਤੋਂ ਬਾਅਦ ਇੱਥੇ ਖੁਦਾਈ ਕੀਤੀ ਜਾ ਰਹੀ ਹੈ।

ਸੋਮਵਾਰ ਨੂੰ ਤਕਰੀਬਨ 7 ਫੁੱਟ ਦੀ ਖੁਦਾਈ ਤੋਂ ਬਾਅਦ ਉੱਥੇ ਕੁਝ ਨਹੀਂ ਮਿਲਿਆ। ਜਿਵੇਂ ਜਿਵੇਂ ਖੁਦਾਈ ਹੁੰਦੀ ਜਾ ਰਹੀ ਸੀ, ਆਂਢ-ਗੁਆਂਢ 'ਚ ਰਹਿਣ ਵਾਲਿਆਂ ਦਾ ਗੁੱਸਾ ਵਧਦਾ ਜਾ ਰਿਹਾ ਸੀ।

ਲੋਕ ਸਵਾਲ ਕਰ ਰਹੇ ਸਨ, "ਕੋਈ ਲਾਸ਼ ਨੂੰ ਆਪਣੇ ਘਰ 'ਚ ਕਿਉਂ ਦਫ਼ਨਾਵੇਗਾ, ਉਸ ਨੂੰ ਡਰ ਨਹੀਂ ਲੱਗੇਗਾ?"

ਖੁਦਾਈ ਦਾ ਕੰਮ ਲੋਕ ਭਲਾਈ ਵਿਭਾਗ ਦੀ ਦੇਖ-ਰੇਖ 'ਚ ਚੱਲ ਰਿਹਾ ਹੈ ਬਾਲਿਕਾ ਗ੍ਰਹਿ ਬੀਤੇ ਦੋ ਮਹੀਨਿਆਂ ਤੋਂ ਸੁਰਖ਼ੀਆਂ 'ਚ ਹੈ।

ਸੋਸ਼ਲ ਆਡਿਟ ਤੋਂ ਲੱਗਾ ਪਤਾ

ਬੀਤੇ ਸਾਲ ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸਜ਼ ਨੇ ਬਿਹਾਰ ਦੇ ਅਜਿਹੇ ਹੋਮਜ਼ ਦਾ ਸੋਸ਼ਲ ਆਡਿਟ ਕੀਤਾ ਸੀ ਜਿਸ ਵਿੱਚ ਜਿਣਸੀ ਸ਼ੋਸ਼ਣ ਦੀ ਗੱਲ ਸਾਹਮਣੇ ਆਈ ਸੀ।

ਬੀਤੀ 28 ਮਈ ਨੂੰ ਮੁਜ਼ੱਫਰਪੁਰ ਥਾਣੇ ਵਿੱਚ ਇਸ ਬਾਰੇ ਲੋਕ ਭਲਾਈ ਵਿਭਾਗ ਦੇ ਹੁਕਮਾਂ 'ਤੇ ਰਿਪੋਰਟ ਦਰਜ ਕਰਾਈ ਗਈ ਸੀ।

ਤਸਵੀਰ ਸਰੋਤ, Seetu Tiwari

ਤਸਵੀਰ ਕੈਪਸ਼ਨ,

ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਦੀ ਬੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਫਸਾਇਆ ਜਾ ਰਿਹਾ ਹੈ

ਮੁਜ਼ੱਫਰਪੁਰ ਦੀ ਸੀਨੀਅਰ ਪੁਲਿਸ ਸੁਪਰਡੈਂਟ ਹਰਪ੍ਰੀਤ ਕੌਰ ਦੱਸਦੇ ਹਨ, "ਮੈਡੀਕਲ ਰਿਪੋਰਟ ਵਿੱਚ 29 ਕੁੜੀਆਂ ਦੇ ਨਾਲ ਜ਼ਬਰ ਜਨਾਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ।

ਉਥੇ ਹੀ ਇਸ ਮਾਮਲੇ ਵਿੱਚ ਬਾਲਿਕਾ ਗ੍ਰਹਿ ਦੇ ਸੰਚਾਲਕ ਬ੍ਰਜੇਸ਼ ਠਾਕੁਰ ਸਣੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਵਿੱਚ 7 ਔਰਤਾਂ ਵੀ ਸ਼ਾਮਿਲ ਹਨ।

ਇਨ੍ਹਾਂ 'ਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿੱਚ ਇੱਕ ਮਹਿਲਾ 'ਤੇ ਵੀ ਇੱਕ ਬੱਚੀ ਨੇ ਜਿਣਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਇਸ ਮਾਮਲੇ ਵਿੱਚ ਜ਼ਿਲ੍ਹਾ ਬਾਲ ਸਮਿਤੀ ਦੇ ਪ੍ਰਧਾਨ ਦਿਨੇਸ਼ ਵਰਮਾ ਫਰਾਰ ਹਨ।

ਸਰਕਾਰ ਦੀ ਦੇਖ-ਰੇਖ 'ਚ ਚੱਲ ਰਹੇ ਬਾਲਿਕਾ ਗ੍ਰਹਿ ਵਿੱਚ 6 ਤੋਂ 34 ਸਾਲ ਉਮਰ ਤੱਕ ਦੀਆਂ ਕੁੜੀਆਂ ਰਹਿੰਦੀਆਂ ਹਨ ਜੋ ਅਨਾਥ, ਭੁੱਲੀਆਂ-ਭਟਕੀਆਂ, ਮਾਨਸਿਕ ਤੌਰ 'ਤੇ ਬਿਮਾਰ ਜਾਂ ਕਿਸੇ ਹੋਰ ਕਾਰਨ ਪਰਿਵਾਰ ਤੋਂ ਵੱਖ ਹੋ ਗਈਆਂ ਹੋਣ।

ਇਹ ਵੀ ਪੜ੍ਹੋ:

ਮੁਲਜ਼ਮਾਂ ਵਿੱਚ ਵਧੇਰੇ ਗਿਣਤੀ ਔਰਤਾਂ ਦੀ ਹੈ, ਅਜਿਹੇ ਵਿੱਚ ਸਵਾਲ ਇਹ ਅਹਿਮ ਵੀ ਹੈ ਕਿ ਆਖ਼ਿਰ ਜ਼ਬਰ ਜਨਾਹ ਹੋਇਆਂ ਤਾਂ ਉਨ੍ਹਾਂ ਵਿੱਚ ਕੌਣ ਲੋਕ ਸ਼ਾਮਿਲ ਸਨ।

ਇਸ ਮਾਮਲੇ ਬਾਰੇ ਸਥਾਨਕ ਪੱਤਰਕਾਰ ਸੰਤੋਸ਼ ਸਿੰਘ ਕਹਿੰਦੇ ਹਨ, "ਸਰੀਰਕ ਸ਼ੋਸਣ ਕਰਨ ਵਾਲੇ ਲੋਕ ਕੌਣ ਸਨ, ਪੁਲਿਸ ਇਸ ਸਵਾਲ ਦਾ ਕੋਈ ਠੋਸ ਜਵਾਬ ਨਹੀਂ ਦੇ ਰਹੀ ਹੈ। ਪੁਲਿਸ ਸਿਰਫ਼ ਬੱਚੀਆਂ ਦੇ ਬਿਆਨ ਦੇ ਆਧਾਰ 'ਤੇ ਹੀ ਜਾਂਚ ਕਰ ਰਹੀ ਹੈ ਜਦਕਿ ਜੇਕਰ ਉਹ ਜਾਂਚ ਦਾ ਦਾਇਰਾ ਵਧਾਏ ਤਾਂ ਮਾਮਲਾ ਸਾਫ਼ ਹੋਵੇਗਾ ਅਤੇ ਕਈ ਬੇਕਨਾਬ ਹੋਣਗੇ।"

ਹਾਲਾਂਕਿ ਇਸ ਸਵਾਲ 'ਤੇ ਪੁਲਿਸ ਵੱਲੋਂ ਕਿਹਾ, "ਜਿਸ ਦੇ ਖ਼ਿਲਾਫ਼ ਸਬੂਤ ਹੋਵੇਗਾ ਕਾਰਵਾਈ ਕੀਤੀ ਜਾਵੇਗੀ ਫੇਰ ਭਾਵੇਂ ਉਹ ਕਿੰਨਾ ਵੀ ਰਸੂਖ਼ ਵਾਲਾ ਵਿਅਕਤੀ ਕਿਉਂ ਨਾ ਹੋਵੇ।"

ਪਿਤਾ ਨੂੰ ਫਸਾਉਣ ਦਾ ਸ਼ੱਕ

ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਦੀ ਬੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਫਸਾਇਆ ਜਾ ਰਿਹਾ ਹੈ।

ਉਹ ਕਹਿੰਦੀ ਹੈ, "ਬੀਤੇ 5 ਸਾਲ ਤੋਂ ਇਸ ਬਾਲਿਕਾ ਗ੍ਰਹਿ ਵਿੱਚ ਚਾਈਲਡ ਵੈਲਫੇਅਰ ਸਮਿਤੀ, ਜੱਜ, ਕਮਿਸ਼ਨ ਦੇ ਮੈਂਬਰ ਲਗਾਤਾਰ ਆ ਰਹੇ ਹਨ, ਕਿਸੇ ਨੂੰ ਕੁਝ ਕਿਉਂ ਨਹੀਂ ਨਜ਼ਰ ਨਹੀਂ ਆਇਆ? ਮੇਰੇ ਪਿਤਾ ਜੀ ਨੂੰ ਫਸਾਇਆ ਜਾ ਰਿਹਾ ਹੈ।"

ਮੁੱਖ ਦੋਸ਼ੀ ਅਤੇ ਬਾਲਿਕਾ ਗ੍ਰਹਿ ਦੇ ਸੰਚਾਲਕ ਬ੍ਰਜੇਸ਼ ਠਾਕੁਰ ਦਾ ਪਰਿਵਾਰ ਸਾਲ 1982 ਤੋਂ ਹੀ 'ਪ੍ਰਾਤ ਕਮਲ' ਨਾਮ ਦਾ ਰੋਜ਼ਾਨਾ ਹਿੰਦੀ ਅਖ਼ਬਾਰ ਵੀ ਪ੍ਰਕਾਸ਼ਿਤ ਕਰ ਰਿਹਾ ਹੈ। ਉਨ੍ਹਾਂ ਦੇ ਪਿਤਾ ਰਾਧਾ ਮੋਹਨ ਠਾਕੁਰ ਨੇ ਇਹ ਅਖ਼ਬਾਰ ਸ਼ੁਰੂ ਕੀਤਾ ਸੀ।

ਤਸਵੀਰ ਸਰੋਤ, Seetu Tiwari/bbc

ਤਸਵੀਰ ਕੈਪਸ਼ਨ,

ਸਥਾਨਕ ਪੱਤਰਕਾਰਾਂ 'ਤੇ ਇਸ ਪਰਿਵਾਰ ਦਾ ਪ੍ਰਭਾਵ ਨਜ਼ਰ ਆਉਂਦਾ ਹੈ ਅਤੇ ਉਹ ਇਸ ਮਾਮਲੇ 'ਤੇ ਖੁੱਲ ਕੇ ਗੱਲ ਕਰਨ ਤੋਂ ਬਚ ਰਹੇ ਸਨ

ਸਥਾਨਕ ਪੱਤਰਕਾਰਾਂ 'ਤੇ ਇਸ ਪਰਿਵਾਰ ਦਾ ਪ੍ਰਭਾਵ ਨਜ਼ਰ ਆਉਂਦਾ ਹੈ ਅਤੇ ਉਹ ਇਸ ਮਾਮਲੇ 'ਤੇ ਖੁੱਲ੍ਹ ਕੇ ਗੱਲ ਕਰਨ ਤੋਂ ਬਚ ਰਹੇ ਸਨ।

ਸ਼ਿਕਾਇਤਾਂ ਦਾ ਸਿਲਸਿਲਾ

ਇਸ ਬਾਲਿਕਾ ਗ੍ਰਹਿ ਤੋਂ ਸਾਲ 2013 ਤੋਂ 2018 ਵਿਚਕਾਰ 6 ਬੱਚੀਆਂ ਦੇ ਗਾਇਬ ਹੋਣ ਅਤੇ ਮਧੁਬਨੀ ਭੇਜੀ ਇੱਕ ਗਈ ਬੱਚੀ ਦੇ ਗਾਇਬ ਹੋਣ ਦੀ ਵੀ ਖ਼ਬਰ ਹੈ ਜਿਸ ਦੀ ਪੁਲਿਸ ਜਾਂਚ ਚੱਲ ਰਹੀ ਹੈ।

ਮੁਜ਼ੱਫ਼਼ਰਪੁਰ ਤੋਂ ਇਲਾਵਾ ਮੋਤੀਹਾਰੀ ਬਾਲ ਗ੍ਰਹਿ ਅਤੇ ਕੈਮੂਰ ਅਲਪਾਵਾਸ ਗ੍ਰਹਿ ਵਿੱਚ ਵੀ ਜਿਣਸੀ ਸ਼ੋਸ਼ਣ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਰਿਪੋਰਟਾਂ ਦਰਜ ਕਰਵਾਈਆਂ ਹਨ।

ਮੁਜ਼ੱਫ਼ਰਪੁਰ ਬਾਲਿਕਾ ਗ੍ਰਹਿ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਛਪਰਾ ਅਤੇ ਹਾਜੀਪੁਰ ਅਲਪਾਵਾਸ ਗ੍ਰਹਿ ਤੋਂ ਵੀ ਜਿਣਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਆਈਆਂ ਹਨ।

ਬਾਲਿਕਾ ਗ੍ਰਹਿ ਦੇ ਹਾਲਾਤ ਦੇ ਮੁੱਦੇ ਨੂੰ ਸੰਸਦ ਮੈਂਬਰ ਪੱਪੂ ਯਾਦਵ ਨੇ ਲੋਕ ਸਭਾ ਵਿੱਚ ਚੁੱਕਿਆ ਹੈ।

ਬਿਹਾਰ ਦੇ ਸਾਬਕਾ ਉੱਪ-ਮੁੱਖ ਮੰਤਰੀ ਤੇਜਸਵੀ ਯਾਦਵ ਨੇ ਬਿਆਨ ਜਾਰੀ ਕਰਕੇ ਕਿਹਾ ਹੈ, "ਜ਼ਬਰ ਜਨਾਹ ਦਾ ਮੁੱਖ ਮੁਲਜ਼ਮ ਸੱਤਾ ਦੇ ਰਸੂਖ਼ਦਾਰਾਂ ਦੇ ਬੇਹੱਦ ਕਰੀਬੀ ਹੈ। ਉਹ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦਾ ਕਰੀਬੀ ਹੈ।"

ਇਹ ਵੀ ਪੜ੍ਹੋ:

ਉਥੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵਿੱਚ ਪਹਿਲਾਂ ਕਹਿ ਚੁੱਕੇ ਹਨ, "ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਸਿਸਟਮ ਨੂੰ ਪੁਖ਼ਤਾ ਕੀਤਾ ਜਾਵੇਗਾ ਤਾਂ ਕਿ ਅਜਿਹੀ ਘਟਨਾ ਮੁੜ ਨਾ ਵਾਪਰੇ।"

ਪਟਨਾ ਹਾਈ ਕੋਰਟ ਵਿੱਚ ਇਸ ਮਾਮਲੇ 'ਚ ਦੋ ਜਨਹਿਤ ਪਟੀਸ਼ਨਾਂ ਵੀ ਦਾਇਰ ਕੀਤੀਆਂ ਗਈਆਂ ਹਨ। ਪਟੀਸ਼ਨਾਂ ਦਾਇਰ ਕਰਨ ਵਾਲੀ ਅਲਕਾ ਵਰਮਾ ਕਹਿੰਦੀ ਹੈ, "ਪੂਰੇ ਮਾਮਲੇ ਦੀ ਸੀਬੀਆਈ ਜਾਂਚ ਅਤੇ ਸ਼ੈਲਟਰ ਹੋਮਜ਼ ਲਈ ਸਰਕਾਰ ਨਿਗਰਾਨੀ ਟੀਮ ਬਣਾਏ ਤਾਂ ਜੋ ਸਮੇਂ-ਸਮੇਂ 'ਤੇ ਇਨ੍ਹਾਂ ਦੀ ਜਾਂਚ ਕੀਤੀ ਜਾ ਸਕੇ।"

ਬਿਹਾਰ ਦੇ ਸਾਰੇ ਮਹਿਲਾ ਸੰਗਠਨਾਂ ਨੇ ਵੀ ਸੂਬੇ ਦੇ ਸਾਰੇ ਸ਼ੈਲਟਰ ਹੋਮਜ਼ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।

ਬਿਹਾਰ ਲਈ ਇਹ ਸਵਾਲ ਬੇਹੱਦ ਮਹੱਤਵਪੂਰਨ ਹੈ ਖ਼ਾਸ ਤੌਰ 'ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲਈ, ਜਿਨ੍ਹਾਂ ਦਾ ਇੱਕ ਵੱਡਾ ਵੋਟ ਬੈਂਕ ਔਰਤਾਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)