ਮੋਦੀ, ਰਾਹੁਲ ਗਾਂਧੀ ਦੇ 'ਮੋਹ ਜਾਲ' 'ਚ ਪਏ ਤਾਂ ਬੁਰੇ ਫਸਣਗੇ: ਬਲਾਗ

ਨਰਿੰਦਰ ਮੋਦੀ Image copyright Pti
ਫੋਟੋ ਕੈਪਸ਼ਨ ਲੋਕ ਸਭਾ ਵਿੱਚ ਬੇ-ਭਰੋਸਗੀ ਮਤੇ ਉੱਤੇ ਬਹਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਿਆਰ ਤੇ ਨਫ਼ਰਤ ਦੀ ਸਿਆਸਤ ਖੇਡ ਰਹੇ ਹਨ। ਇੰਜ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸਦੀ ਖ਼ਬਰ ਤਕ ਨਹੀਂ ਹੈ। ਉਹ ਰਾਜਨੀਤੀ ਦੇ ਬਾਰੀਕਬੀਨੀ ਵਾਲੇ ਇਸ ਜਾਲ ਵੱਲ ਇਸ ਤਰ੍ਹਾਂ ਵਧ ਰਹੇ ਹਨ ਜਿਵੇਂ ਨੀਂਦ ਵਿੱਚ ਤੁਰ ਰਹੇ ਹੋਣ।

ਲੋਕ ਸਭਾ 'ਚ ਪ੍ਰਧਾਨ ਮੰਤਰੀ ਨੂੰ ਜੱਫ਼ੀ ਪਾ ਕੇ ਰਾਹੁਲ ਗਾਂਧੀ ਨੇ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪਿਆਰ ਅਤੇ ਸਹਿਣਸ਼ੀਲਤਾ ਦੀ ਰਾਜਨੀਤੀ 'ਚ ਯਕੀਨ ਰੱਖਦੇ ਹਨ ਜਦੋਂ ਕਿ ਮੋਦੀ ਨਫ਼ਰਤ ਅਤੇ ਵੰਡਣ ਦੀ ਰਾਜਨੀਤੀ ਕਰਦੇ ਹਨ।

ਉਨ੍ਹਾਂ ਨੇ ਠੀਕ ਪ੍ਰਧਾਨ ਮੰਤਰੀ ਦੇ ਸਾਹਮਣੇ ਖੜੇ ਹੋ ਕੇ ਕਿਹਾ - ਤੁਹਾਡੇ ਅੰਦਰ ਮੇਰੇ ਲਈ ਨਫ਼ਰਤ ਹੈ, ਗੁੱਸਾ ਹੈ, ਤੁਹਾਡੇ ਲਈ ਮੈਂ ਪੱਪੂ ਹਾਂ...ਤੁਸੀਂ ਮੈਨੂੰ ਵੱਖ-ਵੱਖ ਗਾਲ੍ਹਾਂ ਦੇ ਸਕਦੇ ਹੋ, ਪਰ ਮੇਰੇ ਅੰਦਰ ਜ਼ਰਾ ਜਿੰਨਾ ਵੀ ਗੁੱਸਾ, ਜ਼ਰਾ ਵੀ ਕ੍ਰੋਧ ਅਤੇ ਬਿਲਕੁਲ ਨਫ਼ਰਤ ਨਹੀਂ ਹੈ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਰਾਹੁਲ ਗਾਂਧੀ ਚਾਹੁਣਗੇ ਕਿ ਨਰਿੰਦਰ ਮੋਦੀ ਉਨ੍ਹਾਂ ਦੇ ਸਾਰੇ ਇਲਜ਼ਾਮਾਂ ਨੂੰ ਸਹੀ ਸਾਬਿਤ ਕਰਨ।

ਮਤਲਬ ਇਹ ਕਿ ਉਹ ਹੁਣ ਚਾਹੁਣਗੇ ਕਿ ਮੋਦੀ ਉਨ੍ਹਾਂ ਦਾ ਮਜ਼ਾਕ ਉਡਾਉਣ, ਉਨ੍ਹਾਂ ਨੂੰ ਯੁਵਰਾਜ ਅਤੇ ਨਾਮਦਾਰ ਵਰਗੇ ਨਾਵਾਂ ਨਾਲ ਬੁਲਾਉਣ ਤਾਂ ਜੋ ਇਹ ਸਾਬਿਤ ਹੋ ਜਾਵੇ ਕਿ ਮੋਦੀ ਸੱਚ-ਮੁੱਚ ਨਫ਼ਰਤ ਦੀ ਰਾਜਨੀਤੀ ਕਰਦੇ ਹਨ।

ਆਗਾਮੀ ਲੋਕ ਸਭਾ ਚੋਣਾਂ ਤੱਕ ਰਾਹੁਲ ਗਾਂਧੀ ਹਰ ਵਾਰ ਮੋਦੀ ਨੂੰ ਸਖ਼ਤ ਸਵਾਲ ਕਰਨਗੇ ਪਰ ਉਨ੍ਹਾਂ ਪ੍ਰਤੀ ਕੋਈ ਸਖ਼ਤ ਸ਼ਬਦ ਨਹੀਂ ਵਰਤਣਗੇ। ਵਾਰ-ਵਾਰ ਕਹਿਣਗੇ ਕਿ ਮੈਂ ਮੋਦੀ ਦੇ ਅੰਦਰ ਦੱਬੀ ਮਨੁੱਖਤਾ ਨੂੰ ਆਪਣੇ ਪਿਆਰ ਦੀ ਤਾਕਤ ਨਾਲ ਬਾਹਰ ਲਿਆਵਾਂਗਾ।

ਮੋਦੀ ਜਿਸ ਸਿਆਸੀ ਮਿੱਟੀ ਦੇ ਬਣੇ ਹੋਏ ਹਨ ਉਸ ਨਾਲ ਉਨ੍ਹਾਂ ਨੂੰ ਪਿਆਰ ਅਤੇ ਨਫ਼ਰਤ ਦਾ ਇਹ ਗਣਿਤ ਤੁਰੰਤ ਨਜ਼ਰ ਆਉਣਾ ਚਾਹੀਦਾ ਸੀ ਅਤੇ ਅੰਦਾਜ਼ਾ ਹੋ ਜਾਣਾ ਚਾਹੀਦਾ ਸੀ ਕਿ ਖ਼ੁਦ ਨੂੰ ਪਿਆਰ ਦਾ ਪ੍ਰਤੀਕ ਬਣਾ ਕੇ ਰਾਹੁਲ ਉਨ੍ਹਾਂ ਨੂੰ ਨਫ਼ਰਤ ਦੇ ਤਖ਼ਤ 'ਤੇ ਬਿਠਾ ਰਹੇ ਹਨ।

ਪਰ ਜੇ ਮੋਦੀ ਨੂੰ ਇਹ ਨਜ਼ਰ ਆ ਜਾਂਦਾ ਤਾਂ ਉਹ ਰਾਹੁਲ ਦੀ ਜੱਫ਼ੀ ਨੂੰ ''ਗਲ ਪੈਣਾ'' ਨਾ ਕਹਿੰਦੇ। ਸ਼ਨਿਚਰਵਾਰ ਨੂੰ ਸ਼ਾਹਜਹਾਂਪੁਰ ਦੀ ਰੈਲੀ 'ਚ ਉਨ੍ਹਾਂ ਨੇ ਆਪਣੇ ਹਮਲਾਵਰ ਤੇਵਰ ਬਰਕਰਾਰ ਰੱਖਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਜਦੋਂ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਤਾਂ ''ਗਲ ਪੈ ਗਏ''।

ਪਰ ਇੱਕ ਫ਼ਰਕ ਸੀ। ਮੋਦੀ ਨੇ ਇਹ ਕਹਿੰਦੇ ਹੋਏ ਨਾ ਤਾਂ ਰਾਹੁਲ ਗਾਂਧੀ ਦਾ ਨਾਂ ਲਿਆ ਅਤੇ ਨਾ ਹੀ ਯੁਵਰਾਜ ਜਾਂ ਨਾਮਦਾਰ ਕਹਿ ਕੇ ਨਿਸ਼ਾਨਾ ਸਾਧਿਆ।

Image copyright lstv
ਫੋਟੋ ਕੈਪਸ਼ਨ ਉਹ ਪਲ ਜਦੋਂ ਆਪਣੇ ਭਾਸ਼ਣ ਤੋਂ ਬਾਅਦ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਗਲ ਲਗਾਇਆ

ਰਾਹੁਲ ਦੇ ਪਿਆਰ ਦੀ ਰਾਜਨੀਤੀ

ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਮੋਦੀ ਦੇ ਆਲੇ-ਦੁਆਲੇ ਜਿਹੜਾ ਪਿਆਰ ਦਾ ਜਾਲ ਸੁੱਟਿਆ, ਉਸਦੇ ਨਿਸ਼ਾਨ ਮਿਟਾਉਣ ਦੇ ਲਈ ਮੋਦੀ ਨੂੰ ਹੁਣ 2019 ਦੀਆਂ ਚੋਣਾਂ ਤੱਕ ਕਾਫ਼ੀ ਜ਼ੋਰ ਲਗਾਉਣਾ ਪਵੇਗਾ।

ਉਨ੍ਹਾਂ ਨੂੰ ਵਾਰ-ਵਾਰ ਕਹਿਣਾ ਪਵੇਗਾ ਕਿ ਰਾਹੁਲ ਗਾਂਧੀ ਨੂੰ ਨਾ ਰਾਜਨੀਤੀ ਦੀ ਸਮਝ ਹੈ ਅਤੇ ਨਾ ਹੀ ਸੰਸਦ ਦੀ ਮਰਿਆਦਾ ਦੀ।

ਇਸ ਲਈ ਉਹ ਭਰੀ ਹੋਈ ਸੰਸਦ ਵਿੱਚ ਪ੍ਰਧਾਨ ਮੰਤਰੀ ਨੂੰ ਗਲੇ ਲਗਾਉਣ ਵਰਗਾ ਬਚਕਾਨਾਪਣ ਕਰਦੇ ਹਨ ਅਤੇ ਉਸ ਤੋਂ ਬਾਅਦ ਅੱਖ ਵੀ ਮਾਰਦੇ ਹਨ।

ਇਹ ਕਹਿਣਾ ਗਲਤ ਹੋਵੇਗਾ ਕਿ ਮੋਦੀ ਨੂੰ ਗਾਂਧੀ ਦੇ ਇਸ ਅਪ੍ਰਤੱਖ ਪਿਆਰ ਪ੍ਰਦਰਸ਼ਨ ਦੇ ਪਿੱਛੇ ਦੀ ਡੂੰਘਾਈ ਨਜ਼ਰ ਨਹੀਂ ਆਈ।

ਪਰ ਇਹ ਸੱਚ ਹੈ ਕਿ ਰਾਹੁਲ ਦੇ ਪਿਆਰ ਦੀ ਰਾਜਨੀਤੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰ ਨਹੀਂ ਆਈ।

ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਰਾਜਨੀਤੀ 'ਚ ਜ਼ਬਰਦਸਤੀ ਧਕੇਲਿਆ ਗਿਆ ਇੱਕ ਕੱਚਾ ਖਿਡਾਰੀ ਵਾਧੂ ਉਤਸ਼ਾਹ ਵਿੱਚ 'ਬਚਕਾਨਾਪਣ' ਕਰ ਗਿਆ, ਜਿਸ ਨਾਲ ਟੀਵੀ ਰੇਟਿੰਗ ਤਾਂ ਮਿਲ ਗਈ, ਪਰ ਚੋਣਾਂ ਦੇ ਅਖਾੜੇ ਵਿੱਚ ਪੱਪੂ ਨੂੰ ਉਹ ਆਖ਼ਿਰਕਾਰ ਪੱਪੂ ਸਾਬਿਤ ਕਰਕੇ ਹੀ ਰਹਿਣਗੇ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਛਾਲਾਂ ਮਾਰਦਾ ਆਤਮ ਵਿਸ਼ਵਾਸ ਅਤੇ ਵਿਰੋਧੀਆਂ ਨੂੰ ਹਰਾਉਣ ਦਾ ਟ੍ਰੈਕ ਰਿਕਾਰਡ ਹੁਣ ਉਨ੍ਹਾਂ ਨੂੰ ਕੁਝ ਹੋਰ ਦੇਖਣ ਤੋਂ ਰੋਕਦਾ ਲੱਗ ਰਿਹਾ ਹੈ।

ਜੇ ਉਹ ਰਾਹੁਲ ਗਾਂਧੀ ਦੇ ਪ੍ਰੇਮ ਜਾਲ ਦੀ ਰਾਜਨੀਤੀ ਦੇਖ ਸਕਦੇ ਤਾਂ ਉਨ੍ਹਾਂ ਦੇ 'ਜਾਲ' 'ਚ ਆਉਣ ਤੋਂ ਬਚਦੇ ਅਤੇ ਸ਼ਾਹਜਹਾਂਪੁਰ ਦੀ ਰੈਲੀ 'ਚ ਇਹ ਨਾ ਕਹਿੰਦੇ ਕਿ ਰਾਹੁਲ ਗਾਂਧੀ 'ਗਲ ਪੈ ਗਏ'।

ਬੀਤੇ ਕਈ ਸਾਲਾਂ 'ਚ ਰਾਹੁਲ ਗਾਂਧੀ ਨੂੰ ਭਾਜਪਾ ਸਮਰਥਕਾਂ ਦੇ ਸੋਸ਼ਲ ਮੀਡੀਆ ਟ੍ਰੋਲ ਨੇ ਚੁਟਕੁਲਿਆਂ ਦਾ ਕੇਂਦਰੀ ਪਾਤਰ ਬਣਾ ਕੇ ਰੱਖ ਦਿੱਤਾ ਹੈ।

ਖ਼ੁਦ ਪ੍ਰਧਾਨ ਮੰਤਰੀ ਮੋਦੀ ਦੇ ਬਿਆਨਾਂ ਤੋਂ ਟ੍ਰੋਲਜ਼ ਦੀ ਇਸ ਫੌਜ ਨੂੰ ਹੌਸਲਾ ਮਿਲਦਾ ਰਿਹਾ ਹੈ। ਜਦੋਂ ਪ੍ਰਧਾਨ ਮੰਤਰੀ ਸੰਸਦ ਵਿੱਚ ਕਹਿੰਦੇ ਹਨ - 'ਕੁਝ ਲੋਕਾਂ ਦੀ ਉਮਰ ਤਾਂ ਵਧ ਜਾਂਦੀ ਹੈ ਪਰ ਦਿਮਾਗ ਦਾ ਵਿਕਾਸ ਨਹੀਂ ਹੋ ਪਾਉਂਦਾ', ਤਾਂ ਇਹ ਪੁੱਛਣ ਦੀ ਲੋੜ ਨਹੀਂ ਰਹਿ ਜਾਂਦੀ ਕਿ ਮੋਦੀ ਇਹ ਗੱਲ ਕਿਸ ਬਾਰੇ ਕਹਿ ਰਹੇ ਸਨ।

ਹੁਣ ਉਹੀ 'ਪੱਪੂ' ਖਚਾਖਚ ਭਰੀ ਸੰਸਦ 'ਚ ਪ੍ਰਧਾਨ ਮੰਤਰੀ ਦੇ ਠੀਕ ਸਾਹਮਣੇ ਖੜੇ ਹੋ ਕੇ ਕਹਿਣ ਦੀ ਹਿੰਮਤ ਜੁਟਾ ਰਿਹਾ ਹੈ ਕਿ 'ਤੁਸੀਂ ਭਾਵੇਂ ਮੈਨੂੰ ਪੱਪੂ ਕਹੋ ਪਰ ਮੇਰੇ ਦਿਲ 'ਚ ਤੁਹਾਡੇ ਪ੍ਰਤੀ ਬਿਲਕੁਲ ਨਫ਼ਰਤ ਨਹੀਂ ਹੈ'।

ਉਨ੍ਹਾਂ ਦੇ ਇਸ ਬਿਆਨ 'ਤੇ ਪ੍ਰਧਾਨ ਮੰਤਰੀ ਮੋਦੀ ਜਿਸ ਤਰ੍ਹਾਂ ਆਪਣੇ ਪੂਰੇ ਸਰੀਰ ਨੂੰ ਹਿਲਾ ਕੇ ਲਗਾਤਾਰ ਹੱਸੇ ਉਸ ਨਾਲ ਲੱਗਿਆ ਜਿਵੇਂ ਕੋਈ ਉਨ੍ਹਾਂ ਦੇ ਕੁਤਕੁਤਾਰੀਆਂ ਕੱਢ ਰਿਹਾ ਹੋਵੇ ਅਤੇ ਉਨ੍ਹਾਂ ਨੂੰ ਇਸ ਨਾਲ ਮਜ਼ਾ ਆ ਰਿਹਾ ਹੋਵੇ।

Image copyright Getty Images

ਚਿੜ ਅਤੇ ਦਰਦ ਕੈਮਰੇ 'ਤੇ

ਪਰ ਇਨ੍ਹਾਂ ਕੁਤਕੁਤਾਰੀਆਂ ਨੂੰ ਮਹਿਸੂਸ ਕਰਦੇ ਸਮੇਂ ਉਨ੍ਹਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਰਾਹੁਲ ਗਾਂਧੀ ਕੁਝ ਹੀ ਪਲਾਂ 'ਚ ਪਿਆਰ ਦੀ ਸਰਜੀਕਲ ਸਟ੍ਰਾਈਕ ਕਰਨ ਵਾਲੇ ਹਨ।

ਮੋਦੀ ਹੈਰਾਨ ਸਨ ਕਿ ਰਾਹੁਲ ਗਾਂਧੀ ਨੇ ਇੰਨੀ ਹਿੰਮਤ ਕਿਵੇਂ ਕੀਤੀ ਕਿ ਆਪਣੀ ਸੀਟ ਤੋਂ ਚੱਲ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਅਤੇ ਫ਼ਿਰ ਝੁਕ ਕੇ ਉਨ੍ਹਾਂ ਨੂੰ ਜੱਫ਼ੀ ਪਾ ਲਈ।

ਉਨ੍ਹਾਂ ਦਾ ਚਿਹਰਾ ਪਹਿਲਾਂ ਤਾਂ ਭਖਿਆ ਪਰ ਤੁਰੰਤ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਟੀਵੀ ਕੈਮਰੇ ਉਨ੍ਹਾਂ ਦੇ ਹਰ ਭਾਵ ਨੂੰ ਰਿਕਾਰਡ ਕਰ ਰਹੇ ਹਨ।

ਮੁੜਦੇ ਹੋਇਆਂ ਰਾਹੁਲ ਗਾਂਧੀ ਨੂੰ ਉਨ੍ਹਾਂ ਨੇ ਫ਼ਿਰ ਬੁਲਾਇਆ ਅਤੇ ਪਿੱਠ ਥਾਪੜ ਕੇ ਮੁਸਕੁਰਾਉਂਦੇ ਹੋਏ ਕੁਝ ਕਿਹਾ, ਤਾਂ ਜੋ ਉਨ੍ਹਾਂ ਦੀ ਚਿੜ ਅਤੇ ਦਰਦ ਕੈਮਰੇ ਰਿਕਾਰਡ ਨਾ ਕਰ ਸਕਣ।

ਰਾਹੁਲ ਗਾਂਧੀ ਦੇ ਕੋਲ ਦਰਅਸਲ ਪਿਆਰ ਦੀ ਇਸ ਸਰਜੀਕਲ ਸਟ੍ਰਾਈਕ ਕਰਨ ਤੋਂ ਇਲਾਵਾ ਹੁਣ ਕਮਾਨ ਵਿੱਚ ਕੋਈ ਕਾਰਗਰ ਤੀਰ ਬਚਿਆ ਨਹੀਂ ਹੈ। ਉਨ੍ਹਾਂ ਨੇ ਸਭ ਕੁਝ ਕਰਕੇ ਦੇਖ ਲਿਆ ਹੈ ਪਰ ਮੋਦੀ 'ਤੇ ਕੋਈ ਅਸਰ ਨਹੀਂ ਪਿਆ।

ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਨੇ ਗੁਜਰਾਤ ਦੰਗਿਆਂ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ 'ਚ 'ਮੌਤ ਦੇ ਸੌਦਾਗਰ' ਕਹਿ ਕੇ ਉਲਟੀ ਮੁਸੀਬਤ ਗਲ ਪਾ ਲਈ ਸੀ।

ਉਦੋਂ ਮੋਦੀ ਇੱਕ ਸੂਬੇ ਦੇ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਦੀ ਕੋਈ ਅੰਤਰ ਰਾਸ਼ਟਰੀ ਅਪੀਲ ਨਹੀਂ ਸੀ, ਇਸ ਲਈ ਅੰਤਰ ਰਾਸ਼ਟਰੀ ਛਬੀ ਦੀ ਵੀ ਬਹੁਤੀ ਚਿੰਤਾ ਨਹੀਂ ਸੀ।

ਇਹ ਵੀ ਪੜ੍ਹੋ:

ਇਸ ਲਈ ਉਹ ਤੁਰੰਤ ਰਾਜਨੀਤਕ ਵਿਮਰਸ਼ ਨੂੰ ਗਲੀ-ਮੁਹੱਲੇ ਤੱਕ ਲੈ ਆਏ ਅਤੇ ਆਪਣੀਆਂ ਰੈਲੀਆਂ 'ਚ ਜਰਸੀ ਗਾਂ ਅਤੇ ਉਸਦੇ ਵੱਛੇ ਦੀ ਉਦਾਹਰਣ ਦੇਣ ਲੱਗੇ।

ਇਸ ਤੋਂ ਬਾਅਦ ਕਾਂਗਰਸ ਨੇ ਭੁੱਲ ਕੇ ਵੀ ਕਦੇ ਗੁਜਰਾਤ ਦੰਗਿਆਂ ਅਤੇ ਮੁਸਲਮਾਨਾਂ ਦੇ ਪੱਖ ਵਿੱਚ ਬੋਲਣ ਦੀ ਹਿੰਮਤ ਨਹੀਂ ਕੀਤੀ।

Image copyright Getty Images

ਪਿਆਰ ਦੀ ਸਰਜੀਕਲ ਸਟ੍ਰਾਈਕ

ਖ਼ੁਦ ਨੂੰ ਮੁਸਲਮਾਨਾਂ ਦੀ ਖ਼ੈਰਖਾਹ ਦਿਖਾਉਣ ਦੀ ਗ਼ਲਤੀ ਕਾਂਗਰਸ ਹੁਣ ਹੋਰ ਨਹੀਂ ਕਰ ਸਕਦੀ। ਜਦੋਂ-ਜਦੋਂ ਕਾਂਗਰਸ ਨੇਤਾਵਾਂ ਨੇ ਬੀਜੇਪੀ ਅਤੇ ਆਰਐਸਐਸ ਨੂੰ ਬੈਕਫ਼ੁੱਟ 'ਤੇ ਲਿਆਉਣ ਲਈ ਹਿੰਦੂ ਟੈਰਰ, ਭਗਵਾ ਟੈਰਰ, ਹਿੰਦੂ ਤਾਲਿਬਾਨ, ਹਿੰਦੂ-ਪਾਕਿਸਤਾਨ ਵਰਗੇ ਵਿਸ਼ਲੇਸ਼ਣਾਂ ਦਾ ਇਸਤੇਮਾਲ ਕੀਤਾ, ਉਹ ਸਾਰੇ ਕਾਂਗਰਸ 'ਤੇ ਹੀ ਉਲਟੇ ਪੈ ਗਏ।

ਮੋਦੀ ਪਿਛਲੇ 18 ਸਾਲਾਂ ਤੋਂ ਆਪਣੇ ਸਾਰੇ ਅੰਦਰੂਨੀ ਅਤੇ ਬਾਹਰੀ ਵਿਰੋਧੀਆਂ ਨੂੰ ਹਰਾਉਂਦੇ ਆਏ ਹਨ। ਗੁਜਰਾਤ 'ਚ ਮੁਸਲਮਾਨ ਵਿਰੋਧੀ ਦੰਗਿਆਂ ਦੇ ਦੌਰਾਨ ਮੁੱਖ ਮੰਤਰੀ ਦੇ ਤੌਰ 'ਤੇ ਉਨ੍ਹਾਂ ਨੇ ਪੁਲਿਸ ਨੂੰ ਹੁਕਮ ਦਿੱਤੇ, ਦੰਗਿਆਂ ਨੂੰ ਹਵਾ ਦੇਣ ਦੇ ਦੋਸ਼ 'ਚ ਜਾਂਚ ਕਮੇਟੀਆਂ ਦੇ ਸਾਹਮਣੇ ਪੇਸ਼ ਹੋਏ ਅਤੇ ਫ਼ਿਰ ਬਰੀ ਵੀ ਹੋਏ।

ਅਮਰੀਕਾ ਨੇ ਉਨ੍ਹਾਂ ਨੂੰ ਕਈ ਸਾਲਾਂ ਤੱਕ ਵੀਜ਼ਾ ਨਹੀਂ ਦਿੱਤਾ, ਵਿਦੇਸ਼ਾਂ 'ਚ ਉਨ੍ਹਾਂ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਹੋਏ। ਫ਼ਿਰ ਵੀ ਮੋਦੀ ਨੇ ਦੇਸ ਦੇ ਪ੍ਰਧਾਨ ਮੰਤਰੀ ਬਣਨ ਦਾ ਦਾਅਵਾ ਪੇਸ਼ ਨਹੀਂ ਕੀਤਾ ਸਗੋਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਪਾਰਟੀ ਦੇ ਪੁਰਾਣੇ ਆਗੂਆਂ ਨੂੰ ਪਾਸੇ ਕਰਕੇ ਭਾਰੀ ਬਹੁਮਤ ਨਾਲ ਪ੍ਰਧਾਨ ਮੰਤਰੀ ਬਣ ਗਏ।

ਰਾਜਨੀਤੀ ਦੇ ਅਜਿਹੇ ਕੁਸ਼ਲ ਧਰੰਧਰ ਨਾਲ ਲੜਨ ਲਈ ਰਾਹੁਲ ਗਾਂਧੀ ਦੇ ਕੋਲ ਪਿਆਰ ਦੀ ਸਰਜੀਕਲ ਸਟ੍ਰਾਈਕ ਦਾ ਰਾਹ ਹੀ ਬਚਿਆ ਹੈ।

ਉਨ੍ਹਾਂ ਨੂੰ ਪਤਾ ਹੈ ਕਿ ਮੋਦੀ ਅਤੇ ਆਰ ਐਸ ਐਸ ਨੇ ਰਾਜਨੀਤੀ ਦੀ ਅਜਿਹੀ ਬਿਸਾਤ ਵਿਛਾਈ ਹੈ ਜਿਸ 'ਚ ਕਾਂਗਰਸ ਲਈ ਹਿੰਦੂ-ਮੁਸਲਮਾਨ, ਗਊ ਰੱਖਿਆ, ਫੌਜ, ਧਰਮ ਨਿਰਪੱਖਤਾ, ਰਾਮ ਮੰਦਿਰ, ਹਿੰਦੂ ਅਸਮਿਤਾ ਵਰਗੇ ਮੁੱਦਿਆਂ 'ਤੇ ਮੋਦੀ ਤੋਂ ਪਾਰ ਨਹੀਂ ਜਾਇਆ ਜਾ ਸਕਦਾ।

ਇਹ ਵੀ ਪੜ੍ਹੋ:

ਇਸ ਲਈ ਉਹ ਅਗਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਦੇਸ 'ਚ ਅਜਿਹਾ ਵਿਮਰਸ਼ ਖੜ੍ਹਾ ਕਰਨਾ ਚਾਹੁੰਦੇ ਹਨ ਜਿੱਥੇ ਉਹ ਆਪ ਪਿਆਰ ਅਤੇ ਸਹਿਣਸ਼ੀਲਤਾ ਦੇ ਮਸੀਹਾ ਦਿਖਣ ਅਤੇ ਮੋਦੀ ਨਫ਼ਰਤ ਦੇ ਉਪਾਸਕ।

ਮੋਦੀ ਦੇ ਇਮੇਜ ਇੰਜੀਨੀਅਰਾਂ ਨੂੰ ਤੈਅ ਕਰਨਾ ਹੈ ਕਿ ਰਾਹੁਲ ਗਾਂਧੀ ਨੂੰ ਮੋਦੀ ਤੋਂ ਵੱਡਾ ਇਨਸਾਨ ਦਿਖਣ ਤੋਂ ਕਿਵੇਂ ਰੋਕਿਆ ਜਾਵੇ, ਪਹਿਲੀ ਟੱਕਰ ਤਾਂ ਰਾਹੁਲ ਗਾਂਧੀ ਦੇ ਨਾਂ ਹੋ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)