ਭਾਰਤ-ਪਾਕਿਸਤਾਨ: ਜਿੱਥੇ ਗੋਲੀਆਂ ਨਹੀਂ, ਪੈਸਾ ਵਰ੍ਹਦਾ ਹੈ

ਭਾਰਤ-ਪਾਕਿਸਤਾਨ, ਵਪਾਰ Image copyright Majid Jahangir/bbc
ਫੋਟੋ ਕੈਪਸ਼ਨ ਜੰਮੂ ਅਤੇ ਕਸ਼ਮੀਰ ਦੇ ਕਰੀਬ 240 ਟਰੇਡਰਜ਼ ਇੱਥੇ ਵਪਾਰ ਕਰ ਰਹੇ ਹਨ

ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਉੜੀ, ਸਲਾਮਾਬਾਦ ਟਰੇਡ ਸੈਂਟਰ ਵਿੱਚ ਇਮਤਿਆਜ਼ ਕਈ ਦੂਜੇ ਮਜ਼ਦੂਰਾਂ ਨਾਲ ਪਾਕਿਸਤਾਨ ਪ੍ਰਸ਼ਾਸਿਤ ਕਸ਼ੀਮਰ ਤੋਂ ਆਉਣ ਵਾਲੇ ਟਰੱਕਾਂ ਦੀ ਉਡੀਕ ਕਰ ਰਹੇ ਹਨ।

ਭਾਰਤ-ਪਾਕਿਸਤਾਨ ਵੱਲੋਂ ਸ਼ੁਰੂ ਕੀਤੇ ਗਏ ਇਸ ਟਰੇਡ ਸੈਂਟਰ 'ਤੇ 35 ਸਾਲਾ ਇਮਤਿਆਜ਼ ਪਿਛਲੇ 6 ਸਾਲ ਤੋਂ ਮਜ਼ਦੂਰੀ ਕਰ ਰਹੇ ਹਨ।

ਉਹ ਉਨ੍ਹਾਂ ਦਿਨਾਂ 'ਚ ਸਕੂਲ ਪੜ੍ਹਦੇ ਸਨ ਜਦੋਂ ਭਾਰਤ-ਪਾਕਿਸਤਾਨ ਨੇ ਐਲਓਸੀ ਟਰੇਡ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਘਰ ਦਾ ਖਰਚਾ ਇਸੇ ਤੋਂ ਚਲਦਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨਾਲ ਗੱਲਬਾਤ ਹੋ ਹੀ ਰਹੀ ਸੀ ਕਿ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਤੋਂ ਇੱਕ ਰੰਗੀਲਾ ਅਤੇ ਖ਼ੂਬਸੁਰਤ ਟਰੱਕ ਸਲਾਮਾਬਾਦ ਦੇ ਟਰੇਡ ਸੈਂਟਰ 'ਤੇ ਆ ਪੁੱਜਾ ਜਿਹੜਾ ਬਦਾਮਾਂ ਨਾਲ ਲੱਦਿਆ ਹੋਇਆ ਸੀ।

ਭਾਰਤ-ਪਾਕਿਸਤਾਨ ਵਪਾਰ

ਇਮਤਿਆਜ਼ ਕਹਿੰਦੇ ਹਨ, "ਦਸ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਐਲਓਸੀ ਟਰੇਡ ਨੇ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਥੋੜ੍ਹਾ-ਬਹੁਤ ਜ਼ਰੂਰ ਬਦਲ ਦਿੱਤਾ ਹੈ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਇਸ ਕਾਰੋਬਾਰ ਤੋਂ ਕਾਫ਼ੀ ਫਾਇਦਾ ਮਿਲਿਆ ਹੈ। ਇੱਥੇ ਜੋ ਬੇਰੁਜ਼ਗਾਰ ਸਨ, ਘੱਟੋ-ਘੱਟ ਉਨ੍ਹਾਂ ਨੂੰ ਤਾਂ ਰੁਜ਼ਗਾਰ ਮਿਲਿਆ ਹੈ।"

ਉਨ੍ਹਾਂ ਨੇ ਕਿਹਾ, ''ਪਹਿਲਾਂ ਇੱਥੇ ਘੱਟ ਕੰਮ ਮਿਲਦਾ ਸੀ ਪਰ ਵਪਾਰ ਸ਼ੁਰੂ ਹੋਣ ਨਾਲ ਚੀਜ਼ਾਂ ਕਾਫ਼ੀ ਬਦਲ ਗਈਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕਾਰੋਬਾਰ ਨੂੰ ਵਧਾਵਾ ਦਿੱਤਾ ਜਾਵੇ। ਜੇਕਰ ਅਜਿਹਾ ਹੋਵੇਗਾ ਤਾਂ ਕਾਫ਼ੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ।"

Image copyright Majid Jahangir/bbc
ਫੋਟੋ ਕੈਪਸ਼ਨ ਸਰਹੱਦ ਦੇ ਆਰ-ਪਾਰ ਇਸ ਟਰੇਡ ਵਿੱਚ ਕੁੱਲ 21 ਚੀਜ਼ਾਂ ਦਾ ਵਪਾਰ ਹੁੰਦਾ ਹੈ

ਭਾਰਤ-ਪਾਕਿਸਤਾਨ ਨੇ ਸਾਲ 2008 ਵਿੱਚ ਸੀਬੀਐਮ (ਕਾਨਫੀਡੈਂਸ ਬਿਲਡਿੰਗ ਮੇਜਰਸ ਯਾਨਿ ਭਰੋਸਾ ਬਹਾਲ ਕਰਨ ਲਈ ਚੁੱਕੇ ਜਾਣ ਵਾਲੇ ਕਦਮ) ਦੇ ਤਹਿਤ ਸਰਹੱਦ ਦੇ ਆਰ-ਪਾਰ ਤੋਂ ਇੱਥੇ ਟਰੇਡ ਸ਼ੁਰੂ ਕੀਤਾ ਸੀ।

ਕਾਰੋਬਾਰ ਦੀਆਂ ਚੀਜ਼ਾਂ

ਜੰਮੂ ਅਤੇ ਕਸ਼ਮੀਰ ਦੇ ਕਰੀਬ 240 ਟਰੇਡਰਜ਼ ਇੱਥੇ ਵਪਾਰ ਕਰ ਰਹੇ ਹਨ। ਸਰਹੱਦ ਦੇ ਆਰ-ਪਾਰ ਇਸ ਟਰੇਡ ਵਿੱਚ ਕੁੱਲ 21 ਚੀਜ਼ਾਂ ਦਾ ਵਪਾਰ ਹੁੰਦਾ ਹੈ।

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਤੋਂ ਇਸ ਪਾਰ ਆਉਣ ਵਾਲੀਆਂ ਚੀਜ਼ਾਂ ਵਿੱਚ ਬਾਦਾਮ, ਕੀਨੂ, ਹਰਬਲ ਪ੍ਰੋਡਕਟ, ਕੱਪੜਾ, ਅੰਬ, ਸੇਬ, ਸੁੱਕੇ ਮੇਵੇ, ਖੁਰਮਾਨੀ, ਕਾਲੀਨ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਇਸੇ ਤਰ੍ਹਾਂ ਭਾਰਤ ਪ੍ਰਸ਼ਾਸਿਤ ਕਸ਼ਮੀਰ ਤੋਂ ਕੇਲੇ, ਅਨਾਰ, ਅੰਗੂਰ, ਮਸਾਲੇ, ਕਢਾਈ ਵਾਲੀਆਂ ਚੀਜ਼ਾਂ, ਸ਼ਾਲ, ਕਸ਼ਮੀਰੀ ਕਲਾ ਦੀਆਂ ਦੂਜੀਆਂ ਚੀਜ਼ਾਂ ਅਤੇ ਮੈਡੀਸਨ ਹਰਬਲ ਸ਼ਾਮਲ ਹੈ।

ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਉੜੀ, ਸਲਾਮਾਬਾਦ ਤੋਂ ਮੁਜ਼ੱਫਰਨਗਰ ਜਾਣ ਵਾਲੇ ਰਸਤੇ 'ਤੇ ਹਫ਼ਤੇ ਵਿੱਚ ਚਾਰ ਦਿਨ ਪਾਕਿਸਤਾਨ ਤੋਂ ਮਾਲ ਨਾਲ ਲੱਦੇ ਟਰੱਕ ਰਵਾਨਾ ਹੁੰਦੇ ਹਨ।

Image copyright Majid Jahangir
ਫੋਟੋ ਕੈਪਸ਼ਨ ਦਸ ਸਾਲ ਦੇ ਇਸ ਟਰੇਡ ਵਿੱਚ ਹੁਣ ਤੱਕ 5200 ਕਰੋੜ ਰੁਪਏ ਦਾ ਕਾਰੋਬਾਰ ਹੋ ਚੁੱਕਿਆ ਹੈ

ਇਸੇ ਤਰ੍ਹਾਂ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਚਕੋਟੀ ਤੋਂ ਵੀ ਟਰੱਕ ਇਸ ਪਾਸੇ ਆਉਂਦੇ ਹਨ। ਸਲੇਮਾਬਾਦ ਤੋਂ ਚਕੋਟੀ ਦੀ ਦੂਰੀ 16 ਕਿੱਲੋਮੀਟਰ ਹੈ।

5200 ਕਰੋੜ ਦਾ ਕਾਰੋਬਾਰ

ਇਲੇਮ ਨਦੀ ਦੇ ਖੱਬੇ ਪਾਸੇ ਆਬਾਦ ਉੜੀ, ਬਾਰਾਮੁੱਲਾ ਜ਼ਿਲ੍ਹੇ ਦੀ ਇੱਕ ਤਸਵੀਰ ਹੈ। ਇਸੇ ਤਰ੍ਹਾਂ ਜੰਮੂ ਦੇ ਪੁੰਛ ਦੇ ਚਕਾ ਦੀ ਬਾਗ ਤੋਂ ਰਾਵਲਾਕੋਟ ਦੇ ਲਈ ਵੀ ਹਰ ਹਫ਼ਤੇ ਟਰੇਡ ਹੁੰਦਾ ਹੈ।

ਦਸ ਸਾਲ ਦੇ ਇਸ ਟਰੇਡ ਵਿੱਚ ਹੁਣ ਤੱਕ 5200 ਕਰੋੜ ਰੁਪਏ ਦਾ ਕਾਰੋਬਾਰ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ:

ਉੜੀ ਦੇ ਸਬ-ਡਿਸਟ੍ਰਿਕਟ ਮੈਜਿਸਟ੍ਰੇਟ ਬਸ਼ੀਰ-ਉਲ ਹਕ ਚੌਧਰੀ ਕਹਿੰਦੇ ਹਨ, "ਹੁਣ ਤੱਕ ਅਸੀਂ 5200 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਵਿੱਚ 2800 ਕਰੋੜ ਰੁਪਏ ਦਾ ਐਕਸਪੋਰਟ ਹੈ ਅਤੇ 2400 ਕਰੋੜ ਰੁਪਏ ਦਾ ਇਮਪੋਰਟ।"

Image copyright Majid Jahangir/bbc

ਸਰਹੱਦ ਪਾਰ ਤੋਂ ਹੋਣ ਵਾਲੇ ਇਸ ਵਪਾਰ ਨਾਲ ਜੁੜੇ ਕਾਰੋਬਾਰੀ ਕਾਫ਼ੀ ਖੁਸ਼ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ ਅਜੇ ਵੀ ਕੁਝ ਕਮੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ।

ਸ਼ਰਤਾਂ ਦੇ ਨਾਲ ਕਾਰੋਬਾਰ

ਹਿਲਾਲ ਤੁਰਕੀ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਐਲਓਸੀ ਟਰੇਡ ਐਸੋਸੀਏਸ਼ਨ ਦੇ ਪ੍ਰਧਾਨ ਹਨ।

ਉਹ ਕਹਿੰਦੇ ਹਨ, "ਦੋਵਾਂ ਦੇਸਾਂ ਦੇ ਰਿਸ਼ਤੇ ਨਾਜ਼ੁਕ ਹਨ ਪਰ ਇਸਦੇ ਬਾਵਜੂਦ ਦੋਵੇਂ ਪਾਸਿਓਂ ਇਹ ਵਪਾਰ ਚੱਲ ਰਿਹਾ ਹੈ। ਇਸਦੇ ਨਾਲ-ਨਾਲ ਹੋਰ ਕਈ ਮੁਸ਼ਕਿਲਾਂ ਹਨ ਜਿਸ ਨਾਲ ਇਸ ਕਾਰੋਬਾਰ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ। ਸਭ ਤੋਂ ਪਹਿਲਾਂ ਤਾਂ ਇਸ ਵਿੱਚ ਸਿਰਫ਼ 21 ਚੀਜ਼ਾਂ ਦਾ ਹੀ ਵਪਾਰ ਕੀਤਾ ਜਾ ਸਕਦਾ ਹੈ। ਸਮਾਨ ਦੀ ਆਵਾਜਾਈ ਤਾਂ ਹੁੰਦੀ ਹੈ ਪਰ ਬੈਂਕਿੰਗ ਦੀ ਸਹੂਲਤ ਨਹੀਂ ਹੈ।"

Image copyright Getty Images
ਫੋਟੋ ਕੈਪਸ਼ਨ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਤੋਂ ਇਸ ਪਾਰ ਆਉਣ ਵਾਲੀਆਂ ਚੀਜ਼ਾਂ ਵਿੱਚ ਬਾਦਾਮ, ਕੀਨੂ, ਹਰਬਲ ਪ੍ਰੋਡਕਟ, ਕੱਪੜਾ, ਅੰਬ, ਸੇਬ, ਸੁੱਕੇ ਮੇਵੇ, ਖੁਰਮਾਨੀ, ਕਾਲੀਨ ਵਰਗੀਆਂ ਚੀਜ਼ਾਂ ਸ਼ਾਮਲ ਹਨ

ਉਨ੍ਹਾਂ ਨੇ ਦੱਸਿਆ, "ਇੱਥੋਂ ਦੇ ਹਾਲਾਤ ਥੋੜ੍ਹੇ ਵੱਖਰੇ ਹਨ। ਜੇਕਰ ਤੁਸੀਂ ਇੱਥੋਂ ਕੋਈ ਸਮਾਨ ਭੇਜਿਆ ਤਾਂ ਉੱਥੋਂ ਤੁਹਾਨੂੰ ਕੋਈ ਚੀਜ਼ ਮੰਗਵਾਉਣੀ ਪਵੇਗੀ। ਕਦੇ-ਕਦੇ ਤਾਂ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਅਸੀਂ ਉਸੇ ਪਾਸੇ ਤੋਂ ਕੋਈ ਚੀਜ਼ ਲਿਆਉਂਦੇ ਹਾਂ, ਇੱਥੇ ਉਸਦੀ ਮਾਰਕਿਟ ਵੈਲਿਊ ਉਸਦੀ ਖ਼ਰੀਦ ਕੀਮਤ ਤੋਂ ਘੱਟ ਹੁੰਦੀ ਹੈ, ਅਜਿਹੇ ਵਿੱਚ ਇਹ ਧੰਦਾ ਨੁਕਸਾਨ ਵਾਲਾ ਹੋ ਜਾਂਦਾ ਹੈ ਅਤੇ ਕਈ ਕਾਰੋਬਾਰੀ ਇਸ ਕਾਰਨ ਵਪਾਰ ਤੋਂ ਵੱਖ ਹੋ ਗਏ।"

ਕਾਰੋਬਾਰੀਆਂ ਦੀਆਂ ਮੰਗਾਂ

ਤੁਰਕੀ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਸੁਰੱਖਿਆ ਅਤੇ ਰਜਿਸਟ੍ਰੇਸ਼ਨ ਦੀ ਸਮੱਸਿਆ ਵੀ ਹੈ।

ਉਹ ਕਹਿੰਦੇ ਹਨ, ''ਮੈਂ ਪਿਛਲੇ 8 ਸਾਲਾਂ ਤੋਂ ਮੰਗ ਕਰ ਰਿਹਾ ਹਾਂ ਕਿ ਟਰੇਡ ਸੈਂਟਰ ਨੂੰ ਡਿਜੀਟਲ ਕੀਤਾ ਜਾਵੇ, ਪਰ ਹਾਲੇ ਤੱਕ ਅਜਿਹਾ ਨਹੀਂ ਕੀਤਾ ਗਿਆ। ਦੂਜਾ ਮੁੱਦਾ ਫੁੱਲ ਬਾਡੀ ਸਕੈਨਰ ਦਾ ਹੈ। ਤੀਜੀ ਗੱਲ ਰਜਿਸਟ੍ਰੇਸ਼ਨ ਦੀ ਹੈ। ਅਸੀਂ ਚਾਹੁੰਦੇ ਹਾਂ ਕਿਸ ਇਸ ਟਰੇਡ ਨਾਲ ਵੱਧ ਤੋਂ ਵੱਧ ਲੋਕ ਜੁੜਨ। ਰਜਿਸਟ੍ਰੇਸ਼ਨ 'ਤੇ ਲੱਗੀ ਰੋਕ ਹਟਾਈ ਜਾਵੇ।"

Image copyright Majid Jahangir/bbc
ਫੋਟੋ ਕੈਪਸ਼ਨ ਕੁਝ ਇਸ ਤਰ੍ਹਾਂ ਹੁੰਦੀ ਹੈ ਸਮਾਨ ਦੀ ਚੈਕਿੰਗ

ਉਹ ਕਹਿੰਦੇ ਹਨ, ''ਸਰਹੱਦ ਪਾਰ ਦੇ ਟਰੇਡ ਨਾਲ ਜੁੜੇ ਸਾਡੇ ਵਰਗੇ ਲੋਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਵੇਖਿਆ ਜਾਵੇ। ਅਸੀਂ ਤਾਂ ਇਸ ਕਾਰੋਬਾਰ ਵਿੱਚ ਦੋਵਾਂ ਦੇਸਾਂ ਦੇ ਰਾਜਦੂਤ ਹਾਂ। ਸਾਨੂੰ ਹਰ ਥਾਂ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਣਾ ਚਾਹੀਦਾ ਹੈ। ਸਾਡੇ 'ਤੇ ਹਮੇਸ਼ਾ ਸ਼ੱਕ ਦੀ ਤਲਵਾਰ ਕਦੇ ਇੱਧਰੋਂ, ਕਦੇ ਉੱਧਰੋਂ ਲਟਕਦੀ ਰਹਿੰਦੀ ਹੈ।"

ਚੰਗੀਆਂ ਗੱਲਾਂ ਹੋਰ ਵੀ

ਬਸ਼ੀਰ-ਅਲ ਹਕ ਚੌਧਰੀ ਕਹਿੰਦੇ ਹਨ, "ਇਸ ਟਰੇਡ ਨੂੰ ਬਿਹਤਰ ਬਨਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਛੋਟੀਆਂ-ਛੋਟੀਆਂ ਕਮੀਆਂ ਨੂੰ ਪੂਰਾ ਕਰਨ ਜਾ ਰਹੇ ਹਾਂ।"

ਇਹ ਕਾਰੋਬਾਰ ਚਲਦਾ ਰਹੇ, ਅਜਿਹਾ ਚਾਹੁਣ ਵਾਲੇ ਕਈ ਲੋਕ ਹਨ।

ਇਹ ਵੀ ਪੜ੍ਹੋ:

ਰੁਜ਼ਗਾਰ, ਮੁਨਾਫ਼ਾ ਅਤੇ ਦੋਵੇਂ ਪਾਸੇ ਕਸ਼ਮੀਰ ਦੇ ਲੋਕਾਂ ਦੀਆਂ ਮੁਲਾਕਾਤਾਂ ਨੂੰ ਛੱਡ ਵੀ ਦੇਈਏ ਤਾਂ ਸਲਾਮਾਬਾਦ ਸੈਂਟਰ 'ਤੇ ਮਜ਼ਦੂਰੀ ਕਰਨ ਵਾਲੇ ਮੁਹੰਮਦ ਯੂਨੁਸ ਦੀ ਇਹ ਗੱਲ ਦਿਲ ਨੂੰ ਛੂਹ ਲੈਂਦੀ ਹੈ।

ਉਹ ਕਹਿੰਦੇ ਹਨ, "ਪਹਿਲਾਂ ਇੱਥੇ ਕਾਫ਼ੀ ਗੋਲਾਬਾਰੀ ਹੁੰਦੀ ਸੀ ਪਰ ਹੁਣ ਇੱਥੇ ਅਮਨ ਹੈ। ਸਭ ਤੋਂ ਵੱਡਾ ਫਾਇਦਾ ਤਾਂ ਸਾਡੇ ਲਈ ਇਹੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)