ਸ਼ਿਵ ਕੁਮਾਰ ਬਟਾਲਵੀ ਨੇ ਅੰਮ੍ਰਿਤਾ ਪ੍ਰੀਤਮ ਤੋਂ ਪਹਿਲਾਂ ਔਰਤ ਦੇ ਮਨ ਦੀ ਵੇਦਨਾ ਨੂੰ ਪੇਸ਼ ਕੀਤਾ - ਵਨੀਤਾ

ਸ਼ਿਵ ਕੁਮਾਰ ਬਟਾਲਵੀ

"ਸ਼ਿਵ ਕੁਮਾਰ ਬਟਾਲਵੀ ਨੇ ਅੰਮ੍ਰਿਤਾ ਪ੍ਰੀਤਮ ਤੋਂ ਵੀ ਪਹਿਲਾਂ ਔਰਤ ਦੇ ਮਨ ਦੀ ਵੇਦਨਾ ਨੂੰ ਸ਼ਿੱਦਤ ਨਾਲ ਪੇਸ਼ ਕੀਤਾ।" ਵਨੀਤਾ ਨੇ ਇਹ ਗੱਲ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਮੌਕੇ ਬੀਬੀਸੀ ਨਾਲ ਫੇਸਬੁੱਕ ਲਾਈਵ ਵਿੱਚ ਕੀਤੀ ਸੀ।

ਵਨੀਤਾ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਨੂੰ ਕਵੀ ਵਜੋਂ ਸਾਹਿਤ ਅਕਾਡਮੀ ਐਵਾਰਡ ਮਿਲ ਚੁੱਕਿਆ ਹੈ। ਵਨੀਤਾ ਨੇ ਆਪਣੇ ਕਾਲਜ ਜੀਵਨ ਦੌਰਾਨ ਸ਼ਿਵ ਕੁਮਾਰ ਬਟਾਲਵੀ ਨੂੰ ਮੰਚ ਉੱਤੇ ਗਾਉਂਦੇ ਸੁਣਿਆ ਸੀ।

ਉਨ੍ਹਾਂ ਨੂੰ ਯਾਦ ਹੈ ਕਿ ਜਦੋਂ ਸ਼ਿਵ ਕੁਮਾਰ ਬਟਾਲਵੀ ਮੰਚ ਉੱਤੇ ਚੜ੍ਹਿਆ ਸੀ ਤਾਂ ਕੁੜੀਆਂ ਦੇ ਕਾਲਜ ਵਿੱਚ ਤਾੜੀਆਂ ਦਾ ਹੜ੍ਹ ਆ ਗਿਆ ਸੀ। ਵਨੀਤਾ ਨੇ ਦੱਸਿਆ ਜਦੋਂ ਸ਼ਿਵ ਕੁਮਾਰ ਬਟਾਲਵੀ ਆਪਣਾ ਗੀਤ 'ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ …' ਗਾ ਰਿਹਾ ਸੀ ਤਾਂ ਕਿਸੇ ਕੁੜੀ ਨੇ ਤਨਜ਼ ਕਸਿਆ ਸੀ ਕਿ 'ਤੇਰੇ ਗੀਤ ਲੰਮੇ …'।

ਇਹ ਵੀ ਪੜ੍ਹੋ:

ਵਨੀਤਾ ਨੂੰ ਝੋਰਾ ਹੈ ਕਿ ਪੰਜਾਬੀ ਬੰਦੇ ਨੇ ਸ਼ਿਵ ਕੁਮਾਰ ਦੀ ਕਵਿਤਾ ਨੂੰ ਉੱਚਾ ਕਰਨ ਦੀ ਥਾਂ ਮਹਿਦੂਦ ਕੀਤਾ ਹੈ। ਉਸ ਦੀ ਕਵਿਤਾ ਨੂੰ ਕਿਸੇ ਕੁੜੀ ਦੇ ਗ਼ਮ ਜਾਂ ਸ਼ਰਾਬ ਦੀ ਆਦਤ ਨਾਲ ਜੋੜ ਕੇ ਇਸ ਦੀਆਂ ਰਮਜ਼ਾਂ ਦੀ ਥਾਹ ਨਹੀਂ ਪਾਈ ਜਾ ਸਕਦੀ।

Image copyright MOnaa rana
ਫੋਟੋ ਕੈਪਸ਼ਨ ਸ਼ਿਵ ਕੁਮਾਰ ਬਟਾਲਵੀ ਦੇ ਚੋਣਵੇਂ ਕਲਾਮ ਨੂੰ 1992 ਵਿੱਚ 'ਸ਼ਰੀਂਹ ਦੇ ਫੁੱਲ' ਨਾਮ ਦੀ ਕਿਤਾਬ ਵਿੱਚ ਛਾਪਿਆ ਗਿਆ

ਵਨੀਤਾ ਨਾਲ ਹੋਏ ਫੇਸਬੁੱਕ ਲਾਈਵ ਵਿੱਚ ਹੋਈਆਂ ਗੱਲਾਂ ਦਾ ਸਾਰ ਕੁਝ ਇਸ ਤਰ੍ਹਾਂ ਹੈ।

'ਕਵਿਤਾ ਦਾ ਕਾਰਖਾਨਾ ਜਾਪਿਆ'

ਸ਼ਿਵ ਨੇ 1960 ਤੋਂ 1965 ਤੱਕ ਹਰ ਸਾਲ ਕਿਤਾਬ ਲਿਖੀ ਅਤੇ ਇੰਝ ਲੱਗ ਰਿਹਾ ਸੀ ਕਿ ਉਸ ਨੇ ਕੋਈ ਕਵਿਤਾ ਦਾ ਕਾਰਖ਼ਾਨਾ ਖੋਲ੍ਹ ਲਿਆ ਹੈ।

ਵਨੀਤਾ ਕਹਿੰਦੇ ਹਨ ਕਿ ਅੰਮ੍ਰਿਤਾ ਤੋਂ ਵੀ ਪਹਿਲਾਂ ਔਰਤ ਦੀ ਵੇਦਨਾ ਅਤੇ ਸੰਵੇਦਨਾ ਨੂੰ ਸ਼ਿਵ ਨੇ ਪੇਸ਼ ਕੀਤਾ ਹੈ। ਦੂਜੇ ਪਾਸੇ ਸ਼ਿਵ ਕੁਮਾਰ ਲਿਖਦਾ ਹੈ ਕਿ ਜਦੋਂ ਉਹ ਨਜ਼ਮ ਸੁਣਾਉਂਦਾ ਹੈ ਤਾਂ ਅੰਮ੍ਰਿਤਾ ਰੋਂਦੀ ਹੈ।

'ਅੱਜ ਆਖਾਂ ਵਾਰਿਸ ਨੂੰ …' ਵਰਗੀ ਸ਼ਾਹਕਾਰ ਕਵਿਤਾ ਲਿਖਣ ਵਾਲੀ ਅੰਮ੍ਰਿਤਾ ਪ੍ਰੀਤਮ ਜਦੋਂ 'ਇੱਕ ਕੁੜੀ ਜਿਸ ਦਾ ਨਾਮ ਮੁਹੱਬਤ ਗੁੰਮ ਹੈ …' ਲਿਖਣ ਵਾਲੇ ਸ਼ਾਇਰ ਸ਼ਿਵ ਕੁਮਾਰ ਦੀ ਸ਼ਾਇਰੀ ਸੁਣ ਕੇ ਰੋਂਦੀ ਹੈ ਤਾਂ ਉਨ੍ਹਾਂ ਦੀ ਸ਼ਾਇਰੀ ਦੀਆਂ ਤੰਦਾਂ ਵਾਰਿਸ ਸ਼ਾਹ ਦੀ ਹੀਰ ਨਾਲ ਜੁੜ ਜਾਂਦੀਆਂ ਹਨ।

Image copyright MOnaa rana/bbc

ਇਸ ਤਰ੍ਹਾਂ ਹੀਰ ਪੰਜਾਬੀ ਔਰਤ ਦੀ ਨੁਮਾਇੰਦਗੀ ਕਰਦੀ ਹੈ ਅਤੇ ਉਸ ਦੇ ਪਿੰਡੇ ਉੱਤੇ ਵਾਪਰਿਆ ਸਦੀਆਂ ਦਾ ਜਬਰ ਸ਼ਿਵ ਦੀ ਸ਼ਾਇਰੀ ਵਿੱਚ ਲਰਜ਼ਦਾ ਹੈ। ਅੰਮ੍ਰਿਤਾ ਦੀ ਸ਼ਿਵ ਕੁਮਾਰ ਦੀਆਂ ਸ਼ਾਇਰੀ ਨੂੰ ਅੱਥਰੂਆਂ ਰਾਹੀਂ ਦਾਦ ਤਸਦੀਕ ਕਰਦੀ ਹੈ ਕਿ ਮਰਦ ਸ਼ਾਇਰ ਪੂਰੀ ਸ਼ਿੱਦਤ ਨਾਲ ਔਰਤ ਦੀ ਸੰਵੇਦਨਾ ਨੂੰ ਪੇਸ਼ ਕਰ ਸਕਦਾ ਹੈ।

ਵਨੀਤਾ ਨੇ ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਜੀਵਨ ਦਾ ਵੇਰਵਾ ਦਿੰਦਿਆ ਕਿਹਾ ਕਿ 'ਪੀੜਾਂ ਦਾ ਪਰਾਗ਼ਾ' ਤੋਂ ਲੈ ਕੇ 'ਲੂਣਾ' ਤੱਕ—ਲੂਣਾ ਨਾਲ ਤਾਂ ਉਹ ਬਿਲਕੁਲ ਹੇਠਲੀ ਉੱਤੇ ਕਰ ਦਿੱਤੀ।

ਸਦੀਆਂ ਤੋਂ ਪੰਜਾਬੀ ਬੰਦਿਆਂ ਵਿੱਚ ਪੂਰਨ ਭਗਤ ਦਾ ਕਿੱਸਾ ਮਕਬੂਲ ਸੀ ਅਤੇ ਵਿਦਵਾਨ ਉਸ ਦੀਆਂ ਸਿਫ਼ਤਾਂ ਕਰ ਰਹੇ ਸਨ। ਸ਼ਿਵ ਕੁਮਾਰ ਦੀ ਜੁਰਅਤ ਸੀ ਕਿ ਉਸ ਨੇ ਲੂਣਾ ਅਤੇ ਇੱਛਰਾਂ ਵਰਗੇ ਕਿਰਦਾਰ ਪਲਟਾ ਕੇ ਰੱਖ ਦਿੱਤੇ।

ਬਿਰਹਾ ਦਾ ਸੁਲਤਾਨ

ਸ਼ਿਵ ਦੇ ਲਿਖਣ ਨਾਲ ਪੂਰਨ ਭਗਤ ਦਾ ਕਿੱਸਾ ਲੂਣਾ ਦਾ ਕਿੱਸਾ ਬਣ ਜਾਂਦਾ ਹੈ ਅਤੇ ਉਸ ਨੇ ਨਾਇਕਾ ਨੂੰ ਪ੍ਰਧਾਨ ਬਣਾ ਦਿੱਤਾ। ਜੇ ਸ਼ਿਵ ਦਾ ਮਾਮਲਾ ਮੁਟਿਆਰਾਂ ਦੇ ਦਰਦ ਤੱਕ ਮਹਿਦੂਦ ਹੁੰਦਾ ਤਾਂ ਉਸ ਦੇ ਕਿੱਸੇ ਵਿੱਚੋਂ ਇੱਛਰਾਂ ਦਾ ਦਰਦ ਇਸ ਤਰ੍ਹਾਂ ਪੁੰਗਰ ਕੇ ਬਾਹਰ ਨਹੀਂ ਆਉਣਾ ਸੀ।

ਇਹ ਵੀ ਪੜ੍ਹੋ:

ਵਨੀਤਾ ਮੁਤਾਬਕ ਸ਼ਿਵ ਆਪਣੀ ਸ਼ਾਇਰੀ ਵਿੱਚ ਪਿੰਡ ਦੇ ਨਜ਼ਾਰਿਆਂ ਅਤੇ ਚਿੜੀਆਂ ਰਾਹੀਂ ਔਰਤਾਂ ਦੀ ਵੇਦਨਾ ਨੂੰ ਪੇਸ਼ ਕਰਦਾ ਹੈ ਅਤੇ ਉਸ ਦੀ ਸ਼ਾਇਰੀ ਵਿੱਚੋਂ ਕਿਤੇ ਨਹੀਂ ਜਾਪਦਾ ਕਿ ਉਸ ਦਾ ਮਾਮਲਾ ਕਿਸੇ ਕੁੜੀ ਤੱਕ ਮਹਿਦੂਦ ਸੀ।

ਸ਼ਿਵ ਕੁਮਾਰ ਦਾ ਦੂਜਾ ਨਾਮ 'ਬਿਰਹਾ ਦਾ ਸੁਲਤਾਨ' ਹੋ ਗਿਆ ਹੈ। ਪੰਜਾਬੀ ਕਵਿਤਾ ਵਿੱਚ ਬਾਬਾ ਫ਼ਰੀਦ ਤੋਂ ਲੈ ਕੇ ਸ਼ਿਵ ਕੁਮਾਰ ਰਾਹੀਂ ਹੁਣ ਤੱਕ ਬਿਰਹਾਂ ਦੀ ਬਾਤ ਪੈਂਦੀ ਰਹੀ ਹੈ।

ਬੀਬੀਸੀ ਪੰਜਾਬੀ ਨੇ ਵਨੀਤਾ ਨੂੰ ਪੁੱਛਿਆ ਕਿ ਜੇ ਬਿਰਹਾ ਰਾਹੀਂ ਪੰਜਾਬੀ ਕਵਿਤਾ ਦਾ ਇਤਿਹਾਸ ਵੇਖਣਾ ਹੋਵੇ ਤਾਂ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਕਿੱਥੇ ਆਉਂਦਾ ਹੈ?

ਵਨੀਤਾ ਦਾ ਜੁਆਬ ਸੀ ਕਿ ਜੇ ਬਿਰਹਾ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਪਾਠਕ ਤੁਰੰਤ ਬਾਬਾ ਫ਼ਰੀਦ ਕੋਲ ਬਾਰਵੀਂ ਸਦੀ ਵਿੱਚ ਪਹੁੰਚ ਜਾਂਦਾ ਹੈ—ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ …— ਸ਼ਿਵ ਕੁਮਾਰ ਵੀ ਬਿਰਹਾ ਦੀ ਬਾਤ ਪਾ ਰਿਹਾ ਹੈ—ਮਾਏ ਨੀਂ ਮਾਏ ਮੇਰੇ ਗੀਤਾਂ ਵਿੱਚ ਵਿਰਹਾ ਦੀ ਰੜਕ ਪਵੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੀ ਪੁਛਦੇ ਓ ਹਾਲ ਫਕੀਰਾਂ ਦਾ-ਸ਼ਿਵ ਦੀ ਆਵਾਜ਼ ਵਿੱਚ

ਸ਼ਿਵ ਦੀ ਬਿਰਹਾ ਬਹੁਤ ਬਲਵਾਨ ਹੈ, ਉਹ ਲਿਖਦਾ ਹੈ, "ਇਹ ਮੇਰਾ ਗੀਤ ਕਿਸੇ ਨਾ ਗਾਉਣਾ … ਇਹ ਮੇਰਾ ਗੀਤ ਮੈਂ ਆਪੇ ਗਾ ਕੇ ਆਪੇ ਹੀ ਮਰ ਜਾਣਾ।" ਸ਼ਿਵ ਆਪਣੀ ਬਿਰਹਾ ਵਿੱਚ ਫਨਾਹ ਹੋ ਰਿਹਾ ਹੈ।

ਸ਼ਿਵ ਦੀ ਸ਼ਾਇਰੀ 'ਚ ਦਰਜ ਘੱਲੂਘਾਰੇ ਦਾ ਨਜ਼ਾਰਾ

ਵਨੀਤਾ ਨੇ ਸ਼ਿਵ ਕੁਮਾਰ ਦੀ ਸ਼ਾਇਰੀ ਵਿੱਚ ਦਰਜ ਉਸ ਦੇ ਦੌਰ ਬਾਬਤ ਕਿਹਾ ਕਿ ਸ਼ਾਇਰ ਆਪਣੇ ਦੌਰ ਨੂੰ ਸ਼ਾਇਰੀ ਵਿੱਚ ਦਰਜ ਕਰਦਾ ਹੈ। ਉਸ ਦੇ ਦਰਜ ਕਰਨ ਦਾ ਸਲੀਕਾ ਖਿਆਲੀ ਜਾਂ ਦਸਤਾਵੇਜੀ ਵਾਲਾ ਹੋ ਸਕਦਾ ਹੈ।

ਪੰਜਾਬ ਵਿੱਚ ਵਾਪਰੇ 1947 ਦੇ ਘੱਲੂਘਾਰੇ ਦਾ ਨਜ਼ਾਰਾ ਸ਼ਿਵ ਦੀ ਸ਼ਾਇਰੀ ਵਿੱਚ ਦਰਜ ਹੈ। ਧਰਤੀ ਦੀ ਉਸ ਵੰਡ ਨੂੰ ਉਹ ਵੱਖ-ਵੱਖ ਬਿੰਬਾਂ ਰਾਹੀਂ ਦਰਜ ਕਰਦਾ ਹੈ। 'ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ …' ਜਾਂ ਉਸ ਦੀ 'ਭੱਠੀ ਵਾਲੀ' ਉਸੇ ਦੌਰ ਦੀਆਂ ਗੱਲਾਂ ਹਨ।

ਸ਼ਿਵ ਗੁਆਚ ਗਿਆ ਹੈ, ਉਹ ਸਿਆਲਕੋਟ ਤੋਂ ਬਟਾਲੇ ਆ ਕੇ ਵਸਦਾ ਹੈ ਅਤੇ ਉਸ ਦੀ ਬਿਰਹਾ ਵਿੱਚੋਂ ਵੰਡ ਦੀ ਬਿਰਹਾ ਨਜ਼ਰ ਆਉਂਦੀ ਹੈ। ਮਾਮਲਾ ਇਹ ਹੈ ਕਿ ਸਰੋਤਾ ਜਾਂ ਪਾਠਕ ਉਸ ਦੀਆਂ ਸੈਨਤਾਂ ਨੂੰ ਕਿਵੇਂ ਫੜਦਾ ਹੈ।

Image copyright Courtesy: Punjab Lalit Kala Academy
ਫੋਟੋ ਕੈਪਸ਼ਨ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਵਿੱਚ ਵੀ ਇਹ ਪੈਗੰਬਰੀ ਸੁਰ ਲੱਭ ਜਾਂਦਾ ਹੈ

ਹਰ ਮਾਮਲਾ ਨਾਮ ਲੈ ਕੇ ਸ਼ਾਇਰੀ ਵਿੱਚ ਦਰਜ ਨਹੀਂ ਹੁੰਦਾ, ਸ਼ਾਇਰੀ ਵਿੱਚ ਬਹੁਤ ਸਾਰੀਆਂ ਗੱਲਾਂ ਸੂਖਮ ਤਰੀਕੇ ਨਾਲ ਜਾਂ ਰਮਜ਼ ਨਾਲ ਜਾਂ ਖਿਆਲ ਵਜੋਂ ਦਰਜ ਹੁੰਦੀਆਂ ਹਨ। ਜ਼ਰੂਰੀ ਨਹੀਂ ਹੁੰਦਾ ਕਿ ਹਰ ਮਾਮਲਾ ਬਿਆਨ ਜਾਂ ਨਾਅਰੇ ਵਜੋਂ ਹੀ ਦਰਜ ਹੋਵੇ।

ਉਹ ਸਾਰੇ ਦੁਖਾਂਤ ਨੂੰ ਧਰਤੀ—ਧਰਤੀ ਔਰਤ ਦੀ ਨੁਮਾਇੰਦਗੀ ਕਰਦੀ ਹੈ—ਦੇ ਦੁਖਾਂਤ ਵਜੋਂ ਪੇਸ਼ ਕਰਦਾ ਹੈ, ਔਰਤ ਦੇ ਦੁਖਾਂਤ ਦੀ ਗੱਲ ਕਰਦਾ ਹੈ ਤਾਂ ਇਸ ਵਿੱਚ ਵੰਡ ਦਾ ਦੁਖਾਂਤ ਸਮੋਇਆ ਹੋਇਆ ਹੈ। ਉਹ ਇਸ ਦੁਖਾਂਤ ਦੀ ਕਹਾਣੀ ਪਾਉਂਦਾ ਹੈ ਜੋ ਕੱਲ੍ਹ ਸੀ, ਜੋ ਅੱਜ ਹੈ ਅਤੇ ਹੁਣ ਵੀ ਹੈ।

ਉਹ ਦੁਖਾਂਤ ਦੇ ਸਫ਼ਰ ਦੀ ਬਾਤ ਪਾਉਂਦਾ ਹੈ। ਸਾਡਾ ਦੁਖਾਂਤ ਇਹ ਹੈ ਕਿ ਸ਼ਿਵ ਦੇ ਪਾਠਕ, ਦਰਸ਼ਕ ਜਾਂ ਵਿਦਵਾਨ ਉਸ ਬਾਰੇ ਜੁਮਲਿਆਂ ਤੱਕ ਮਹਿਦੂਦ ਰਹਿੰਦੇ ਹਨ। ਉਸ ਦੇ ਇਸ਼ਕ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਉਸ ਦੇ ਇਸ਼ਕ ਦੀ ਵੇਦਨਾ ਮਨਫ਼ੀ ਰਹਿ ਜਾਂਦੀ ਹੈ।

ਉਹ ਇਸੇ ਦਰਦ ਵਿੱਚ ਅੰਦਰੋਂ-ਅੰਦਰ ਖ਼ੁਰ ਰਿਹਾ ਸੀ—ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸੀਂ ਭਰੇ ਭਰਾਏ। ਉਸ ਦੇ ਅੱਖਰਾਂ ਦੀਆਂ ਤੈਹਾਂ ਵਿੱਚ ਬਹੁਤ ਡੂੰਘੇ ਅਤੇ ਗੁੱਝੇ ਅਰਥ ਲੁਕੇ ਹੋਏ ਹਨ।

ਸ਼ਾਇਰੀ ਵਿੱਚੋਂ ਝਲਕਦੇ ਦੁਖਾਂਤ

ਸ਼ਿਵ ਦੀਆਂ ਦੋ ਸਤਾਰਾਂ ਹਨ—ਮਰ ਕੇ ਕਰੀਏ ਇੱਕ-ਦੂਜੇ ਦੀ ਮਿੱਟੀ ਦੀ ਪਰਿਕਰਮਾ, ਪਰ ਜੇ ਮਿੱਟੀ ਹੀ ਮਰ ਜਾਏ ਤਾਂ ਜਿਉਂ ਕੇ ਕੀ ਕਰਨਾ। ਬੀਬੀਸੀ ਨੇ ਵਨੀਤਾ ਨੂੰ ਸੁਆਲ ਕੀਤਾ ਕਿ ਇਸ ਥਾਂ ਉੱਤੇ ਮਿੱਟੀ ਦੇ ਕੀ ਮਾਅਨੇ ਹਨ?

Image copyright Gurpreet chawla/bbc
ਫੋਟੋ ਕੈਪਸ਼ਨ ਵਨੀਤਾ ਮੁਤਾਬਕ ਸ਼ਿਵ ਕੁਮਾਰ ਪੰਜਾਬ ਦਾ ਅਹਿਮ ਸ਼ਾਇਰ ਹੈ ਕਿਉਂਕਿ ਵੀਹਵੀਂ ਸਦੀ ਦੀ ਪਹਿਲੀ ਨਾਰੀਵਾਦੀ ਸੌਗਾਤ ਸ਼ਿਵ ਕੁਮਾਰ ਬਟਾਲਵੀ ਨੇ 'ਲੂਣਾ' ਦੇ ਰੂਪ ਵਿੱਚ ਪੰਜਾਬੀ ਨੂੰ ਦਿੱਤੀ ਹੈ

ਵਨੀਤਾ ਨੇ ਇਸ ਦੀਆਂ ਰਮਜ਼ਾਂ ਬਾਬਤ ਦੱਸਿਆ ਕਿ ਮਿੱਟੀ ਦੇ ਕਈ ਮਾਅਨੇ ਹਨ—ਮਿੱਟੀ ਦਾ ਪੁਤਲਾ ਮਨੁੱਖ ਹੈ—ਧਰਤੀ ਮਿੱਟੀ ਹੈ—ਜਿਸ ਥਾਂ ਬੰਦਾ ਜਿਉਂਦਾ ਹੈ ਅਤੇ ਜਿਸ ਸੱਭਿਆਚਾਰ ਨਾਲ ਉਸ ਦਾ ਨਾਦੀ-ਬਿੰਦੀ ਰਿਸ਼ਤਾ ਹੈ, ਉਹ ਵੀ ਮਿੱਟੀ ਹੈ।

ਦਰਅਸਲ ਮਿੱਟੀ ਵਿੱਚ ਬੜੇ ਵੱਡੇ ਦੁਖਾਂਤ ਸਮੋਏ ਹੋਏ ਹਨ ਅਤੇ ਜੇ ਮਿੱਟੀ ਵੀ ਮਰ ਜਾਂਦੀ ਹੈ ਤਾਂ ਇਹ ਦੁਖਾਂਤ ਕਿੰਨਾ ਵੱਡਾ ਹੈ। ਉਸ ਦਾ ਇੱਕ ਮਿੱਟੀ ਤੋਂ ਹਿਜਰਤ ਕਰਨਾ ਅਤੇ ਦੂਜੀ ਵਿੱਚ ਰਲਣ ਦਾ ਤਰੱਦਦ ਉਸ ਦੀ ਸ਼ਾਇਰੀ ਵਿੱਚੋਂ ਝਲਕਦਾ ਹੈ। ਆਪਣੀ ਜਾਣੀ-ਪਛਾਣੀ ਮਿੱਟੀ ਤੋਂ ਟੁੱਟ ਕੇ ਨਵੀਂ ਮਿੱਟੀ ਵਿੱਚ ਆਉਣਾ ਹੀ ਉਸ ਦਾ ਦੁਖਾਂਤ ਹੈ।

ਮਿੱਟੀ ਦੀਆਂ ਬੜੀਆਂ ਰਮਜ਼ਾਂ ਹਨ। ਇਹੋ ਮਿੱਟੀ ਔਰਤ ਵੀ ਹੈ। ਸ਼ਾਇਰ ਪੈਗੰਬਰ ਹੁੰਦਾ ਅਤੇ ਉਸ ਦੇ ਅਵਚੇਤਨ ਵਿੱਚ ਪਈਆਂ ਗੱਲਾਂ ਕਿਸੇ ਨਾ ਕਿਸੇ ਤਰ੍ਹਾਂ ਸ਼ਾਇਰੀ ਵਿੱਚ ਦਰਜ ਹੁੰਦੀਆਂ ਹਨ।

ਇਹ ਵੀ ਪੜ੍ਹੋ:

ਵਨੀਤਾ ਮੁਤਾਬਕ ਸ਼ਿਵ ਕੁਮਾਰ ਪੰਜਾਬ ਦਾ ਅਹਿਮ ਸ਼ਾਇਰ ਹੈ ਕਿਉਂਕਿ ਵੀਹਵੀਂ ਸਦੀ ਦੀ ਪਹਿਲੀ ਨਾਰੀਵਾਦੀ ਸੌਗਾਤ ਸ਼ਿਵ ਕੁਮਾਰ ਬਟਾਲਵੀ ਨੇ 'ਲੂਣਾ' ਦੇ ਰੂਪ ਵਿੱਚ ਪੰਜਾਬੀ ਨੂੰ ਦਿੱਤੀ ਹੈ।

ਸ਼ਿਵ ਦਾ 'ਜੋਬਨ ਰੁੱਤੇ ਮਰਨਾ …' ਅਤੇ ਜੋਬਨ ਨੂੰ ਮਾਨਣ ਦਾ ਸੁਫ਼ਨਾ ਦੋਵੇਂ ਆਪਸ ਵਿੱਚ ਜੁੜੇ ਹੋਏ ਹਨ। ਇਹ ਬਹੁਤ ਪੇਚੀਦਾ ਮਾਮਲਾ ਹੈ ਜਿਸ ਦੀਆਂ ਰਮਜ਼ਾਂ ਡੂੰਘੀਆਂ ਹਨ। ਉਸ ਦੇ ਜੁੱਸੇ ਦੀ ਮਿੱਟੀ ਮਰ ਗਈ ਪਰ ਉਸ ਦੇ ਗੁੰਨ੍ਹੇ ਸ਼ਬਦਾਂ ਦੀ ਮਿੱਟੀ ਤਾਂ ਉਮਰਾਂ ਤੱਕ ਚੱਲਣੀ ਹੈ।

ਵਨੀਤਾ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਨੂੰ ਮੌਜੂਦਾ ਦੌਰ ਨਾਲੋਂ ਬਿਹਤਰ ਢੰਗ ਨਾਲ ਸਮਝ ਸਕਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ