ਭੁੱਖ ਨਾਲ 3 ਬੱਚੀਆਂ ਦੀ ਮੌਤ, ਮਾਂ ਬੇਸੁਧ, ਪਿਤਾ ਦੀ ਖ਼ਬਰ ਨਹੀਂ: ਗ੍ਰਾਊਂਡ ਰਿਪੋਰਟ

ਮੰਡਾਵਲੀ
ਫੋਟੋ ਕੈਪਸ਼ਨ ਪਿਤਾ ਮੰਗਲ ਸਿੰਘ ਦੇ ਨਾਲ ਸੁੱਕਾ, ਪਾਰੁਲ ਅਤੇ ਮਾਨਸੀ ਦੀ ਤਸਵੀਰ

ਪੂਰਬੀ ਦਿੱਲੀ ਦੇ ਮੰਡਾਵਲੀ ਵਿੱਚ ਭੁੱਖ ਨਾਲ ਤਿੰਨ ਬੱਚੀਆਂ ਦੀ ਮੌਤ ਹੋ ਗਈ। ਬੱਚੀਆਂ ਦੀ ਪੋਸਟਮਾਰਟਮ ਰਿਪੋਰਟ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਵਿੱਚ ਸੁੱਕਾ ਦੋ ਸਾਲ ਦੀ ਸੀ, ਪਾਰੁਲ 4 ਸਾਲ ਦੀ ਅਤੇ ਮਾਨਸੀ ਸਿਰਫ਼ 8 ਸਾਲ ਦੀ ਸੀ।

ਬੱਚੀਆਂ ਦੇ ਪਿਤਾ ਮੰਗਲ ਸਿੰਘ ਅਜੇ ਕਿੱਥੇ ਹਨ ਅਤੇ ਉਹ ਕਦੋਂ ਆਉਣਗੇ-ਇਹ ਕਿਸੇ ਨੂੰ ਨਹੀਂ ਪਤਾ। ਬੱਚੀਆਂ ਦੀ ਮਾਂ ਬੀਨਾ ਉੱਥੇ ਮੌਜੂਦ ਹੈ, ਪਰ ਉਹ ਕੁਝ ਨਹੀਂ ਬੋਲਦੀ। ਲੋਕਾਂ ਨੇ ਉਨ੍ਹਾਂ ਨੂੰ 'ਮਾਨਸਿਕ ਰੂਪ ਤੋਂ ਅਸਥਿਰ' ਐਲਾਨ ਦਿੱਤਾ ਹੈ।

ਇਹ ਵੀ ਪੜ੍ਹੋ:

ਆਮ ਘਰਾਂ ਦੇ ਬਾਥਰੂਮ ਤੋਂ ਵੀ ਛੋਟੇ ਇੱਕ ਕਮਰੇ ਵਿੱਚ ਬੀਨਾ ਨਾਰਾਇਣ ਯਾਦਵ ਨਾਮ ਦੇ ਇੱਕ ਸ਼ਖ਼ਸ ਦੇ ਨਾਲ ਬੈਠੀ ਸੀ। ਨਾਰਾਇਣ, ਉਨ੍ਹਾਂ ਦੇ ਪਤੀ ਮੰਗਲ ਦੇ ਦੋਸਤ ਹਨ।

ਪੇਸ਼ੇ ਤੋਂ ਰਸੋਈਏ ਨਾਰਾਇਣ ਆਪਣੇ ਦੋਸਤ ਮੰਗਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੀਤੇ ਸ਼ਨੀਵਾਰ ਨੂੰ ਆਪਣੇ ਨਾਲ ਮੰਡਾਵਾਲੀ ਦੀ ਇਸ ਝੁੱਗੀ ਵਿੱਚ ਲੈ ਕੇ ਆਇਆ ਸੀ।

ਨਾਰਾਇਣ ਦੱਸਦੇ ਹਨ , "ਮੰਗਲ ਦਾ ਰਿਕਸ਼ਾ ਚੋਰੀ ਹੋ ਗਿਆ ਸੀ। ਉਨ੍ਹਾਂ ਕੋਲ ਇੱਕ ਰੁਪਿਆ ਵੀ ਨਹੀਂ ਸੀ। ਉਸਦੇ ਮਕਾਨ ਮਾਲਿਕ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਉਸ ਦਿਨ ਬਾਰਿਸ਼ ਵੀ ਬਹੁਤ ਹੋ ਰਹੀ ਸੀ। ਤਿੰਨ ਬੱਚਿਆਂ ਨੂੰ ਲੈ ਕੇ ਕਿੱਥੇ ਜਾਂਦਾ ਇਸ ਲਈ ਮੈਂ ਉਸ ਨੂੰ ਆਪਣੇ ਨਾਲ ਲੈ ਆਇਆ। ਉਸ ਨੇ ਕਿਹਾ ਦੋ-ਚਾਰ ਦਿਨ ਰੱਖ ਲੈ ਫਿਰ ਜਦੋਂ ਮੈਂ ਪੈਸਾ ਕਮਾਵਾਂਗਾ ਤਾਂ ਦੇ ਦੇਵਾਂਗਾ।''

ਇਸ ਤੋਂ ਪਹਿਲਾਂ ਮੰਗਲ ਅਤੇ ਉਨ੍ਹਾਂ ਦਾ ਪਰਿਵਾਰ ਮੰਡਾਵਾਲੀ ਦੇ ਹੀ ਦੂਜੇ ਇਲਾਕੇ ਵਿੱਚ ਇੱਕ ਝੋਂਪੜੀ 'ਚ ਰਹਿੰਦਾ ਸੀ।

ਫੋਟੋ ਕੈਪਸ਼ਨ ਬੀਨਾ ਦੇ ਨਾਲ ਨਾਰਾਇਣ ਯਾਦਵ

ਨਾਰਾਇਣ ਦੱਸਦੇ ਹਨ,''ਉਹ ਇੱਕ ਗਰਾਜ ਦੇ ਨੇੜੇ ਰਹਿੰਦਾ ਸੀ। ਰਿਕਸ਼ਾ ਚਲਾ ਕੇ ਕੋਈ ਕਿੰਨਾ ਪੈਸਾ ਕਮਾ ਸਕਦਾ ਹੈ। ਕਦੇ ਮਕਾਨ ਮਾਲਿਕ ਨੂੰ ਪੈਸਾ ਦੇ ਦਿੰਦਾ ਸੀ ਤੇ ਕਦੇ ਨਹੀਂ ਦੇ ਪਾਉਂਦਾ ਸੀ। ਪਰ ਇਸ ਵਾਰ ਮਕਾਨ ਮਾਲਿਕ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਪਤਨੀ ਵੀ ਕੋਈ ਕੰਮ ਨਹੀਂ ਕਰਦੀ ਸੀ। "

ਨਾਰਾਇਣ ਦੱਸਦੇ ਹਨ ਕਿ ਮੰਗਲ ਉਨ੍ਹਾਂ ਦਾ ''ਦੋਸਤ ਨਹੀਂ ਭਰਾ ਸੀ'' ਪਰ ਫਿਲਹਾਲ ਉਹ ਕਿੱਥੇ ਹੈ ਉਨ੍ਹਾਂ ਨੂੰ ਨਹੀਂ ਪਤਾ।

ਬੱਚੀਆਂ ਬਿਮਾਰ ਸੀ

ਮੰਡਾਵਲੀ ਦੀ ਜਿਸ ਇਮਾਰਤ ਦੀ ਇੱਕ ਝੁੱਗੀ ਵਿੱਚ ਨਾਰਾਇਣ ਰਹਿੰਦੇ ਹਨ ਉਹ ਦੋ ਫਲੋਰ ਉੱਚੀ ਹੈ। ਇਸ ਵਿੱਚ ਕਰੀਬ 30 ਤੋਂ ਵੱਧ ਪਰਿਵਾਰ ਰਹਿੰਦੇ ਹਨ। ਸਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਬੱਚਿਆਂ ਨੂੰ ਮਰਦੇ ਹੋਏ ਨਹੀਂ ਦੇਖਿਆ।

ਨਾਰਾਇਣ ਦਾ ਕਮਰਾ ਇਮਾਰਤ ਦੇ ਗ੍ਰਾਊਂਡ ਫਲੋਰ 'ਤੇ ਹੈ। ਇੱਕ ਕਮਰਾ, ਦੂਜੇ ਕਮਰੇ ਤੋਂ ਸਿਰਫ਼ ਪੰਜ ਕਦਮ ਦੀ ਦੂਰੀ 'ਤੇ ਹੈ, ਪਰ ਕਿਸੇ ਨੇ ਬੱਚੀਆਂ ਨੂੰ ਮਰਦੇ ਹੋਏ ਨਹੀਂ ਦੇਖਿਆ।

ਦੋ ਕਮਰੇ ਅੱਗੇ ਰਹਿਣ ਵਾਲੀ ਇੱਕ ਔਰਤ ਨੇ ਦੱਸਿਆ , "ਉਹ ਲੋਕ ਆਏ ਸੀ ਇਹ ਤਾਂ ਪਤਾ ਲੱਗਿਆ। ਕਮਰਾ ਹਮੇਸ਼ਾ ਬੰਦ ਹੀ ਰਹਿੰਦਾ ਸੀ, ਇਸ ਲਈ ਨਹੀਂ ਪਤਾ ਕਦੋਂ ਕੀ ਹੋਇਆ।"

ਇੱਥੋਂ ਦੇ ਮਕਾਨ ਮਾਲਿਕ ਦੀ ਪਤਨੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ , "ਇਹ ਲੋਕ ਸ਼ਨੀਵਾਰ ਨੂੰ ਨਾਰਾਇਣ ਘਰ ਆਏ ਸਨ। ਬੱਚਿਆਂ ਨੂੰ ਉਦੋਂ ਤੋਂ ਉਲਟੀਆਂ ਹੋ ਰਹੀਆਂ ਸੀ। ਮੈਂ ਕਿਹਾ ਕਿ ਬੱਚਿਆਂ ਨੂੰ ਡਾਕਟਰ ਨੂੰ ਦਿਖਾ ਦਈਏ। ਪਰ ਉਸ ਤੋਂ ਬਾਅਦ ਹੀ ਇਹ ਸਭ ਹੋ ਗਿਆ।"

ਫੋਟੋ ਕੈਪਸ਼ਨ ਪੋਸਟਮਾਰਟਮ ਰਿਪੋਰਟ ਦਾ ਇੱਕ ਪੰਨਾ

ਇਸ ਮਾਮਲੇ ਵਿੱਚ ਬੱਚੀਆਂ ਦੀ ਪਹਿਲੀ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ ਜਿਸ ਵਿੱਚ ਮੌਤ ਦਾ ਕਾਰਨ ਭੁੱਖ ਅਤੇ ਕੁਪੋਸ਼ਣ ਦੱਸਿਆ ਜਾ ਰਿਹਾ ਹੈ।"

ਨਾਰਾਇਣ ਵੀ ਇਸ ਗੱਲ ਨੂੰ ਸਹੀ ਦੱਸਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਬਿਮਾਰ ਤਾਂ ਸੀ। ਕਦੇ ਖਾਣਾ ਮਿਲਦਾ ਸੀ, ਕਦੇ ਨਹੀਂ ਮਿਲਦਾ ਸੀ।"

ਪੁੱਛਣ 'ਤੇ ਉਨ੍ਹਾਂ ਨੇ ਦੱਸਿਆ, "ਮੈਨੂੰ ਯਾਦ ਹੈ ਕਿ ਅਸੀਂ ਲੋਕਾਂ ਨੇ ਸ਼ਨੀਵਾਰ ਸ਼ਾਮ ਨੂੰ ਮਿਲ ਕੇ ਦਾਲ-ਚਾਵਲ ਖਾਦੇ ਸੀ। ਪਰ ਸ਼ਾਇਦ ਭੁੱਖ ਬੱਚਿਆਂ ਦੀ ਜਾਨ ਵਿੱਚ ਲੱਗ ਗਈ ਸੀ। ਮੰਗਲਵਾਰ ਨੂੰ ਮੈਂ ਕੰਮ 'ਤੇ ਨਹੀਂ ਗਿਆ ਸੀ। ਮੈਂ ਦੁਪਹਿਰ ਨੂੰ ਮੰਗਲ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਤਿੰਨੇ ਬੱਚੀਆਂ ਡਿੱਗੀਆਂ ਹੋਈਆਂ ਸੀ। ਉਨ੍ਹਾਂ ਦੀਆਂ ਅੱਖਾਂ ਬੰਦ ਸੀ।"

ਮਕਾਨ ਮਾਲਿਕ ਦੇ ਮੁੰਡੇ ਪ੍ਰਦੀਪ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਨਾਰਾਇਣ ਭੱਜਿਆ-ਭੱਜਿਆ ਉਨ੍ਹਾਂ ਦੇ ਕੋਲ ਆਇਆ ਸੀ।

ਉਹ ਦੱਸਦੇ ਹਨ,"ਨਾਰਾਇਣ ਆਪਣੇ ਦੋਸਤ ਦੇ ਪਰਿਵਾਰ ਨਾਲ ਆਇਆ ਇਹ ਤਾਂ ਸਾਨੂੰ ਪਤਾ ਸੀ, ਪਰ ਅਸੀਂ ਕੁਝ ਕਿਹਾ ਨਹੀਂ। ਫਿਰ ਮੰਗਵਾਰ ਦੁਪਹਿਰ ਨੂੰ ਨਾਰਾਇਣ ਸਾਡੇ ਕੋਲ ਆਇਆ ਅਤੇ ਉਸ ਨੇ ਕਿਹਾ ਕਿ ਬੱਚੀਆਂ ਬੇਹੋਸ਼ ਹੋ ਗਈਆਂ ਹਨ। ਅਸੀਂ ਬੱਚੀਆਂ ਨੂੰ ਲੈ ਕੇ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਪਹੁੰਚੇ, ਜਿੱਥੇ ਦੱਸਿਆ ਗਿਆ ਕਿ ਬੱਚੀਆਂ ਵਿੱਚ ਜਾਨ ਨਹੀਂ ਰਹੀ।''

ਮੰਡਾਵਾਲੀ ਥਾਣੇ ਦੇ ਐਸਐਚਓ ਸੁਭਾਸ਼ ਚੰਦਰ ਮੀਣਾ ਮੁਤਾਬਕ ਉਨ੍ਹਾਂ ਕੋਲ ਕਰੀਬ ਡੇਢ ਵਜੇ ਹਸਪਤਾਲ ਤੋਂ ਫੋਨ ਆਇਆ ਕਿ ਤਿੰਨ ਬੱਚੀਆਂ ਦੀ ਮੌਤ ਹੋ ਗਈ ਹੈ।

ਬੱਚੀਆਂ ਦੀ ਮਾਂ ਕੁਝ ਬੋਲਦੀ ਨਹੀਂ ਹੈ

ਨਾਰਾਇਣ ਦੇ ਉਸ ਛੋਟੇ ਜਿਹੇ ਕਮਰੇ ਦੇ ਬਾਹਰ ਕਈ ਲੋਕ ਮੌਜੂਦ ਸਨ। ਜ਼ਿਆਦਾਤਰ ਲੋਕਾਂ ਨੇ ਸਾਨੂੰ ਦੱਸਿਆ ਕਿ ਬੀਨਾ 'ਪਾਗਲ' ਹੈ। ਉਹ ਕੁਝ ਬੋਲ ਨਹੀਂ ਸਕਦੀ।

ਫੋਟੋ ਕੈਪਸ਼ਨ ਕਈ ਵਾਰ ਪੁੱਛਣ 'ਤੇ ਉਨ੍ਹਾਂ ਨੇ ਸਿਰਫ਼ ਐਨਾ ਕਿਹਾ ''ਅੱਜ ਸਵੇਰ ਤੋਂ ਸਿਰਫ਼ ਚਾਹ ਪੀਤੀ ਹੈ"

ਇਸ ਵਿਚਾਲੇ ਕੋਈ ਬੋਲਿਆ ''ਅਰੇ, ਜਿਹੜੀ ਔਰਤ ਆਪਣੀ ਬੱਚੀਆਂ ਦੀ ਮੌਤ ਬਾਰੇ ਸੁਣ ਕੇ ਵੀ ਚੁੱਪ ਰਹੀ ਉਹ ਕੀ ਬੋਲੇਗੀ।''

ਸਾਨੂੰ ਲੱਗਿਆ ਕਿ ਉੱਥੇ ਖੜ੍ਹਾ ਹਰ ਸ਼ਖ਼ਸ ਉਸ ''ਪਾਗਲ'' ਦੇ ਮੂੰਹੋ ਕੁਝ ਸੁਣਨਾ ਚਾਹੁੰਦਾ ਸੀ।

ਕਮਰੇ ਵਿੱਚ 12 ਬਾਈ 12 ਇੰਚ ਦਾ ਰੋਸ਼ਨਦਾਨ ਸੀ, ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੀਡੀਆ ਦੇ ਕੈਮਰੇ ਲੱਗੇ ਹੋਏ ਸੀ। ਕਮਰਾ ਬੰਦ ਸੀ ਅਤੇ ਅੰਦਰ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ, ਲਿਹਾਜ਼ਾ ਕਮਰੇ ਵਿੱਚ ਦੇਖਣ ਦਾ ਇਕਲੌਤਾ ਰਸਤਾ ਰੋਸ਼ਨਦਾਨ ਹੀ ਸੀ।

ਇਹ ਵੀ ਪੜ੍ਹੋ:

ਕਮਰੇ ਵਿੱਚ ਬੀਨਾ ਅਤੇ ਨਾਰਾਇਣ ਅਤੇ ਇਲਾਵਾ ਇੱਕ ਪੁਲਿਸ ਮੁਲਾਜ਼ਮ ਵੀ ਸਨ ਅਤੇ ਬਾਹਰ ਬੈਠੇ ਪੁਲਿਸ ਵਾਲਿਆਂ ਦੇ ਨਾਲ ਘੱਟੋ-ਘੱਟ 50 ਲੋਕਾਂ ਦੀ ਭੀੜ ਸੀ। ਅੰਦਰ ਮੌਜੂਦ ਲੋਕਾਂ ਦਾ ਸਾਹ ਨਾ ਘੁੱਟੇ, ਇਸ ਲਈ ਪੁਲਿਸ ਥੋੜ੍ਹੀ-ਥੋੜ੍ਹੀ ਦੇਰ ਬਾਅਦ ਦਰਵਾਜ਼ਾ ਖੋਲਦੀ ਅਤੇ ਫਿਰ ਬੰਦ ਕਰ ਦਿੰਦੀ।

ਬੀਨਾ ਕੁਝ ਨਹੀਂ ਬੋਲ ਰਹੀ ਸੀ। ਕਈ ਵਾਰ ਪੁੱਛਣ 'ਤੇ ਉਨ੍ਹਾਂ ਨੇ ਸਿਰਫ਼ ਐਨਾ ਕਿਹਾ ''ਅੱਜ ਸਵੇਰ ਤੋਂ ਸਿਰਫ਼ ਚਾਹ ਪੀਤੀ ਹੈ।"

ਨਾਰਾਇਣ ਦੱਸਦੇ ਹਨ ਕਿ ਮੰਗਲ ਦਾ ਕੁਝ ਪਤਾ ਨਹੀਂ।

ਨਾਰਾਇਣ ਨੇ ਕਿਹਾ, ''ਪਤਾ ਨਹੀਂ ਉਹ ਆਵੇਗਾ ਕਿ ਨਹੀਂ। ਬੱਚੀਆਂ ਚਲੀਆਂ ਗਈਆਂ ਅਤੇ ਇਸ ਨੂੰ ਤਾਂ ਤੁਸੀਂ ਦੇਖ ਹੀ ਰਹੇ ਹੋ... ਜਦੋਂ ਤੱਕ ਕੋਈ ਨਹੀਂ ਆਉਂਦਾ ਮੈਂ ਹੀ ਇਸ ਨੂੰ ਰੱਖਾਂਗਾ। ਕੋਈ ਇਸ ਨੂੰ ਜਾਣਨ ਵਾਲਾ ਨਹੀਂ ਹੈ। ਮੈਂ ਵੀ ਛੱਡ ਦਿਆਂਗਾ ਤਾਂ ਕਿੱਥੇ ਜਾਵੇਗੀ।"

ਫੋਟੋ ਕੈਪਸ਼ਨ ਕਮਰੇ ਵਿੱਚ 12 ਬਾਈ 12 ਇੰਚ ਦਾ ਰੋਸ਼ਨਦਾਨ ਸੀ

ਮੂਲ ਰੂਪ ਤੋਂ ਪੱਛਮ ਬੰਗਾਲ ਦਾ ਰਹਿਣ ਵਾਲਾ ਇਹ ਪਰਿਵਾਰ ਕਈ ਸਾਲਾਂ ਪਹਿਲਾ ਦਿੱਲੀ ਆ ਕੇ ਵਸ ਗਿਆ ਸੀ।

ਰਾਸ਼ਨ ਕਾਰਡ ਨਹੀਂ ਸੀ

ਨਾਰਾਇਣ ਦੱਸਦੇ ਹਨ ਕਿ ਮੰਗਲ ਸਿੰਘ ਕੋਲ ਰਾਸ਼ਨ ਕਾਰਡ ਨਹੀਂ ਸੀ। ਉਹ ਕਹਿੰਦੇ ਹਨ, "ਰਾਸ਼ਨ ਕਾਰਡ ਬਣਵਾਉਣ ਵਿੱਚ ਵੀ ਤਾਂ ਪੈਸੇ ਲਗਦੇ ਹਨ। ਜਿਸਦੇ ਕੋਲ ਖਾਣਾ ਖਾਣ ਲਈ ਪੈਸੇ ਨਹੀਂ ਹਨ ਉਹ ਕਾਰਡ ਕਿੱਥੋਂ ਬਣਵਾਏਗਾ।"

ਪਰ ਇਹ ਸਮੱਸਿਆ ਸਿਰਫ਼ ਮੰਗਲ ਜਾਂ ਨਾਰਾਇਣ ਦੀ ਨਹੀਂ ਹੈ। ਮੰਡਾਵਲੀ ਦੀ ਇਸ ਇਮਾਰਤ ਵਿੱਚ ਰਹਿਣ ਵਾਲੇ ਕਰੀਬ 30 ਪਰਿਵਾਰਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਰਾਸ਼ਨ ਕਾਰਡ ਨਹੀਂ ਹੈ।

ਲੋਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਵਿੱਚੋਂ ਕਈਆਂ ਨੇ ਸਾਨੂੰ ਦੱਸਿਆ ਕਿ ਰਾਸ਼ਨ ਕਾਰਨ ਬਣਾਉਣਾ ਓਨਾ ਸੌਖਾ ਨਹੀਂ ਹੈ ਜਿੰਨਾ ਲਗਦਾ ਹੈ। ਕਦੇ ਮਕਾਨ ਮਾਲਿਕ ਆਪਣੀ ਆਈਡੀ ਤੇ ਫੋਟੋ ਨਹੀਂ ਦਿੰਦਾ ਤੇ ਕਦੇ ਅਧਿਕਾਰੀ ਪੈਸਾ ਮੰਗਦੇ ਹਨ।

ਫੋਟੋ ਕੈਪਸ਼ਨ ਬੀਨਾ ਅਤੇ ਨਾਰਾਇਣ ਕਮਰੇ ਵਿੱਚ ਬੰਦ ਸੀ, ਮੀਡੀਆ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ

ਬਿਲਡਿੰਗ ਦੇ ਮਕਾਨ ਮਾਲਿਕ ਦੇ ਮੁੰਡੇ ਪ੍ਰਦੀਪ ਦੀ ਆਪਣੀ ਵੱਖਰੀ ਪ੍ਰੇਸ਼ਾਨੀ ਹੈ। ਉਹ ਕਹਿੰਦੇ ਹਨ, "ਇੱਥੇ ਜਿਹੜੇ ਲੋਕ ਰਹਿੰਦੇ ਹਨ ਉਹ ਸਰਕਾਰੀ ਨੌਕਰੀ ਕਰਨ ਵਾਲੇ ਤਾਂ ਨਹੀਂ ਹਨ। ਕੋਈ ਮਜ਼ਦੂਰ ਹੈ, ਕੋਈ ਠੇਲਾ ਚਲਾਉਂਦਾ ਹੈ ਤਾਂ ਕੋਈ ਕੁਝ ਹੋਰ...''

"ਕੋਈ ਦੋ ਮਹੀਨੇ ਲਈ ਰਹਿਣ ਆਉਂਦਾ ਹੈ ਤਾਂ ਕੋਈ ਚਾਰ ਮਹੀਨੇ ਲਈ। ਕਈ ਵਾਰ ਤਾਂ ਕੁਝ ਲੋਕ ਇੱਕ ਜਾਂ ਦੋ ਹਫ਼ਤੇ ਲਈ ਹੀ ਰਹਿਣ ਆਉਂਦੇ ਹਨ। ਇੱਥੋਂ ਦਾ ਕਿਰਾਇਆ ਵੀ 1000-1500 ਹੈ। ਹੁਣ ਮੈਂ ਐਨੇ ਘੱਟ ਕਿਰਾਏ ਲਈ ਰੈਂਟ ਐਗਰੀਮੈਂਟ ਤਾਂ ਨਹੀਂ ਬਣਵਾ ਸਕਦਾ...ਅਤੇ ਆਪਣਾ ਆਈਡੀ ਵੀ ਦੇਣ ਵਿੱਚ ਡਰ ਹੈ।"

ਚਿੜੀਆ ਘਰ ਵਰਗੀ ਹਾਲਤ ਸੀ...

ਜਿਸ ਤਰ੍ਹਾਂ ਕਿਸੀ ਨਵੇਂ ਜਾਨਵਰ ਨੂੰ ਚਿੜੀਆ ਘਰ ਲਿਆਇਆ ਜਾਂਦਾ ਹੈ ਅਤੇ ਲੋਕ ਉਸ ਨੂੰ ਵਾਰ-ਵਾਰ ਦੇਖਣ ਜਾਂਦੇ ਹਨ, ਕੁਝ ਅਜਿਹਾ ਹੀ ਨਜ਼ਾਰਾ ਇਮਾਰਤ ਦੇ ਇਸ ਕਮਰੇ ਦਾ ਸੀ।

ਬੀਨਾ ਅਤੇ ਨਾਰਾਇਣ ਕਮਰੇ ਵਿੱਚ ਬੰਦ ਸਨ। ਮੀਡੀਆ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ। ਪਰ ਵੱਡੇ ਅਧਿਕਾਰੀਆਂ ਦੇ ਆਉਂਦੇ ਹੀ ਦਰਵਾਜ਼ਾ ਖੋਲ ਦਿੱਤਾ ਜਾਂਦਾ ਹੈ।

ਦਰਵਾਜ਼ਾ ਖੁੱਲਦਾ, ਨੇਤਾ ਅੰਦਰ ਜਾਂਦੇ ਅਤੇ ਮੁੜ ਦਰਵਾਜ਼ਾ ਬੰਦ ਹੋ ਜਾਂਦਾ। ਉਹ ਬਾਹਰ ਆਉਂਦੇ, ਬਾਈਟ ਦਿੰਦੇ ਕੁਝ ਦੇਰ ਲਈ ਸਭ ਸ਼ਾਂਤ ਹੋ ਜਾਂਦਾ।

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਨੇ ਬੀਨਾ ਅਤੇ ਨਾਰਾਇਣ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਇਸ ਮਾਮਲੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਇਹ ਸਿਸਟਮ ਦੀ ਅਣਦੇਖੀ ਜ਼ਰੂਰ ਹੈ।

ਉਨ੍ਹਾਂ ਨੇ ਦਿੱਲੀ ਸਰਕਾਰ 'ਤੇ ਰਾਸ਼ਨ ਕਾਰਡ ਵੰਡਣ ਵਿੱਚ ਢਿੱਲ ਵਰਤਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ,''ਮੈਂ ਅਰਵਿੰਦ ਕੇਜਰੀਵਾਲ ਨੂੰ ਕਹਾਂਗਾ ਕਿ ਉਹ ਖ਼ੁਦ ਆ ਕੇ ਹਾਲਾਤ ਦੇਖਣ। ਉਨ੍ਹਾਂ ਨੂੰ ਹੁਣ ਤੱਕ ਆ ਜਾਣਾ ਚਾਹੀਦਾ ਸੀ।"

ਇਹ ਵੀ ਪੜ੍ਹੋ:

ਉੱਥੇ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਨਾਰਾਇਣ ਅਤੇ ਬੀਨਾ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਮੁਆਵਜ਼ੇ ਦੇਣ ਦੀ ਗੱਲ ਆਖੀ ਅਤੇ ਮਾਮਲੇ ਦੀ ਜਾਂਚ ਦੇ ਵੀ ਹੁਕਮ ਦਿੱਤੇ। ਉਨ੍ਹਾਂ ਨੇ ਮੰਨਿਆ ਕਿ ਇਹ ਲਾਪਰਵਾਹੀ ਦਾ ਮਾਮਲਾ ਹੈ ਅਤੇ ਇਸਦੀ ਜਾਂਚ ਵਿੱਚ ਕੋਈ ਕਮੀ ਨਹੀਂ ਹੋਵੇਗੀ।''

ਮਨੀਸ਼ ਸਿਸੋਦੀਆ ਨੇ ਬੀਨਾ ਦਾ ਬਿਹਤਰ ਇਲਾਜ ਕਰਵਾਉਣ ਦਾ ਵੀ ਭਰੋਸਾ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ