ਮੈਟਰੋ ਸ਼ਹਿਰਾਂ ਵਿੱਚ ਬੱਚਾ ਪਾਲਣਾ ਕਿੰਨਾ ਮਹਿੰਗਾ?

ਅੰਮ੍ਰਿਤਾ ਸਿੰਘ Image copyright BBC/amrita
ਫੋਟੋ ਕੈਪਸ਼ਨ ਆਪਣੇ ਪੁੱਤਰ ਕੌਸਤੁਬ ਨਾਲ ਅੰਮ੍ਰਿਤਾ ਸਿੰਘ

''ਕੌਸਤੁਬ ਬਹੁਤ ਜ਼ਿੱਦੀ ਹੋ ਗਿਆ ਹੈ, ਆਪਣੀ ਚੀਜ਼ਾਂ ਕਿਸੇ ਨਾਲ ਸਾਂਝੀਆਂ ਨਹੀਂ ਕਰਦਾ। ਬਸ ਹਰ ਗੱਲ ਆਪਣੀ ਹੀ ਮਨਵਾਉਂਦਾ ਹੈ ਅਤੇ ਦਿਨ ਭਰ ਮੇਰੇ ਨਾਲ ਹੀ ਚਿਪਕਿਆ ਰਹਿੰਦਾ ਹੈ।''

35 ਸਾਲ ਦੀ ਅੰਮ੍ਰਿਤਾ ਦਿਨ ਵਿੱਚ ਕਈ ਵਾਰ ਇਹ ਸ਼ਿਕਾਇਤ ਆਪਣੀ ਮਾਂ ਨੂੰ ਫ਼ੋਨ ਉੱਤੇ ਜ਼ਰੂਰ ਕਰਦੀ ਹੈ।

ਹਰ ਵਾਰ ਮਾਂ ਦਾ ਜਵਾਬ ਵੀ ਇੱਕੋ ਜਿਹਾ ਹੀ ਹੁੰਦਾ ਹੈ, ''ਦੂਜਾ ਬੱਚਾ ਕਰ ਲਓ, ਸਭ ਠੀਕ ਹੋ ਜਾਵੇਗਾ।''

ਅੰਮ੍ਰਿਤਾ ਦਿੱਲੀ ਦੇ ਨਾਲ ਲਗਦੇ ਨੋਇਡਾ ਵਿੱਚ ਰਹਿੰਦੀ ਹੈ ਅਤੇ ਸਕੂਲ ਵਿੱਚ ਅਧਿਆਪਕ ਹੈ।

ਇਹ ਵੀ ਪੜ੍ਹੋ:

ਕੌਸਤੁਬ 10 ਸਾਲ ਦਾ ਹੈ, ਪਤੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਹਨ।

ਪਹਿਲਾਂ ਪੁੱਤਰ ਨੂੰ ਉਠਾਉਣਾ, ਫ਼ਿਰ ਉਸਨੂੰ ਤਿਆਰ ਕਰਨਾ ਤੇ ਫ਼ਿਰ ਨਾਸ਼ਤਾ ਅਤੇ ਟਿਫ਼ਨ ਵੀ ਤਿਆਰ ਕਰਨਾ।

ਸਵੇਰੇ ਝਾੜੂ, ਪੋਚਾ ਅਤੇ ਸਾਫ਼-ਸਫ਼ਾਈ ਦੇ ਬਾਰੇ ਸੋਚਦੀ ਤਕ ਨਹੀਂ।

Image copyright BBC/amrita
ਫੋਟੋ ਕੈਪਸ਼ਨ ਪੁੱਤਰ ਕੌਸਤੁਬ ਨਾਲ ਅੰਮ੍ਰਿਤਾ ਸਿੰਘ

ਐਸੋਚੈਮ ਦੀ ਰਿਪੋਰਟ

ਸੋਚੀਏ ਵੀ ਕਿਵੇਂ? ਇੰਨਾ ਕਰਨ ਵਿੱਚ ਹੀ ਸੱਤ ਕਦੋਂ ਵੱਜ ਜਾਂਦੇ ਹਨ ਇਸਦਾ ਪਤਾ ਹੀ ਨਹੀਂ ਚਲਦਾ।

ਪੁੱਤਰ ਦੇ ਨਾਲ-ਨਾਲ ਅੰਮ੍ਰਿਤਾ ਖ਼ੁਦ ਵੀ ਤਿਆਰ ਹੁੰਦੀ ਹੈ ਕਿਉਂਕਿ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ।

ਅੱਠ ਵਜੇ ਉਨ੍ਹਾਂ ਨੂੰ ਵੀ ਸਕੂਲ ਪਹੁੰਚਣਾ ਹੁੰਦਾ ਹੈ।

ਪਿਛਲੇ 7-8 ਸਾਲ ਤੋਂ ਅੰਮ੍ਰਿਤਾ ਦੀ ਜ਼ਿੰਦਗੀ ਇਸ ਤਰ੍ਹਾਂ ਹੀ ਚੱਲ ਰਹੀ ਹੈ। ਪੁੱਤਰ ਦੀ ਸਿਹਤ ਖ਼ਰਾਬ ਹੋਵੇ ਜਾਂ ਫ਼ਿਰ ਉਸ ਦੇ ਸਕੂਲ ਵਿੱਚ ਕੋਈ ਪ੍ਰੋਗਰਾਮ ਹੋਵੇ, ਬਹੁਤੀ ਵਾਰ ਛੁੱਟੀ ਅੰਮ੍ਰਿਤਾ ਨੂੰ ਹੀ ਲੈਣੀ ਪੈਂਦੀ ਹੈ।

ਇਸ ਲਈ ਅਮ੍ਰਿਤਾ ਹੁਣ ਦੂਜਾ ਬੱਚਾ ਕਰਨਾ ਨਹੀਂ ਚਾਹੁੰਦੀ ਅਤੇ ਆਪਣੀ ਤਕਲੀਫ਼ ਮਾਂ ਨੂੰ ਉਹ ਸਮਝਾ ਨਹੀਂ ਸਕਦੀ।

ਉਦਯੋਗ ਮੰਡਲ ਐਸੋਚੈਮ ਨੇ ਹਾਲ ਹੀ ਵਿੱਚ ਦੇਸ ਦੇ 10 ਮੈਟਰੋ ਸ਼ਹਿਰਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦੇ ਨਾਲ ਇੱਕ ਸਰਵੇਖਣ ਕੀਤਾ।

ਇਸ ਸਰਵੇਖਣ ਵਿੱਚ ਨਤੀਜਾ ਇਹ ਨਿਕਲਿਆ ਕਿ 35 ਫ਼ੀਸਦੀ ਮਹਿਲਾਵਾਂ ਇੱਕ ਬੱਚੇ ਤੋਂ ਬਾਅਦ ਦੂਜਾ ਬੱਚਾ ਨਹੀਂ ਕਰਨਾ ਚਾਹੁੰਦੀਆਂ। ਉਨ੍ਹਾਂ ਦਾ ਨਾਅਰਾ ਹੈ - 'ਹਮ ਦੋ, ਹਮਾਰਾ ਏਕ।'

ਅੰਮ੍ਰਿਤਾ ਵੀ ਇਸ ਨਕਸ਼-ਏ-ਕਦਮ ਉੱਤੇ ਚੱਲ ਰਹੇ ਹਨ। ਸਵਾਲ ਉੱਠਦਾ ਹੈ ਕਿ ਆਖ਼ਿਰ ਅੰਮ੍ਰਿਤਾ ਦੂਜਾ ਬੱਚਾ ਕਿਉਂ ਨਹੀਂ ਚਾਹੁੰਦੀ?

ਬੱਚਾ ਪਾਲਣ ਦਾ ਖ਼ਰਚ

ਅੰਮ੍ਰਿਤਾ ਹੱਸ ਕੇ ਜਵਾਬ ਦਿੰਦੀ ਹੈ, ''ਇੱਕ ਸਮੱਸਿਆ ਦੇ ਹੱਲ ਲਈ ਦੂਜੀ ਸਮੱਸਿਆ ਪਾਲ ਲਵਾਂ ਅਜਿਹੀ ਨਸੀਹਤ ਤਾਂ ਨਾ ਦਿਓ।''

ਆਪਣੀ ਇਸ ਲਾਈਨ ਨੂੰ ਉਹ ਫ਼ਿਰ ਤਫ਼ਸੀਲ ਵਿੱਚ ਸਮਝਾਉਣਾ ਸ਼ੁਰੂ ਕਰਦੀ ਹੈ।

''ਜਦੋਂ ਕੌਸਤੁਬ ਛੋਟਾ ਸੀ ਤਾਂ ਉਸਨੂੰ ਪਾਲਣ ਦੇ ਲਈ ਦੋ-ਦੋ ਮੇਡ ਰੱਖੇ, ਫ਼ਿਰ ਪਲੇ-ਸਕੂਲ 'ਚ ਪੜ੍ਹਨ ਲਈ ਇੰਨੀ ਫ਼ੀਸ ਦਿੱਤੀ ਜਿੰਨੇ 'ਚ ਮੇਰੀ ਪੀਐਚਡੀ ਤੱਕ ਦੀ ਪੜ੍ਹਾਈ ਪੂਰੀ ਹੋ ਗਈ ਸੀ।''

''ਉਸ ਤੋਂ ਬਾਅਦ ਸਕੂਲ ਵਿੱਚ ਦਾਖਲੇ ਲਈ ਫ਼ੀਸ, ਹਰ ਸਾਲ ਅਪ੍ਰੈਲ ਮਹੀਨਾ ਆਉਣ ਤੋਂ ਪਹਿਲਾਂ ਮਾਰਚ ਵਿੱਚ ਜੋ ਹਾਲਤ ਹੁੰਦੀ ਹੈ ਉਹ ਤਾਂ ਬਸ ਪੁੱਛੋ ਹੀ ਨਾ।''

''ਸਕੂਲ ਦੀ ਫ਼ੀਸ, ਟਿਊਸ਼ਨ ਦੀ ਫ਼ੀਸ, ਫੁੱਟਬਾਲ ਕੋਚਿੰਗ, ਸਕੂਲ ਟ੍ਰਿਪ ਅਤੇ ਹੋਰ ਦੂਜੀਆਂ ਡਿਮਾਂਡ, ਦੋ ਸਾਲ ਬਾਅਦ ਦੇ ਲਈ ਕੋਚਿੰਗ ਦਾ ਫ਼ਿਕਰ ਹੁਣੇ ਤੋਂ ਹੀ ਹੋਣ ਲੱਗਿਆ ਹੈ...ਕੀ ਇੰਨੇ ਪੈਸਿਆਂ ਵਿੱਚ ਦੂਜੇ ਬੱਚੇ ਲਈ ਗੁੰਜਾਇਸ਼ ਬਚਦੀ ਹੈ।''

ਇਹ ਵੀ ਪੜ੍ਹੋ:

ਅੰਮ੍ਰਿਤਾ ਦੀ ਇਸ ਗੱਲ ਨੂੰ ਮੁੰਬਈ ਰਹਿਣ ਵਾਲੀ ਪੂਰਣੀਮਾ ਝਾ ਦੂਜੇ ਤਰੀਕੇ ਨਾਲ ਕਹਿੰਦੀ ਹੈ।

''ਮੈਂ ਨੌਕਰੀ ਇਸ ਲਈ ਕਰ ਰਹੀ ਹਾਂ ਕਿਉਂਕਿ ਇੱਕ ਵਿਅਕਤੀ ਦੀ ਕਮਾਈ ਨਾਲ ਮੈਟਰੋ ਸ਼ਹਿਰ ਵਿੱਚ ਘਰ ਨਹੀਂ ਚਲ ਸਕਦਾ।''

"ਇੱਕ ਬੇਟਾ ਹੈ ਤਾਂ ਉਸਨੂੰ ਸੱਸ ਪਾਲ ਰਹੀ ਹੈ, ਦੂਜੇ ਨੂੰ ਕੌਣ ਪਾਲੇਗਾ। ਇੱਕ ਹੋਰ ਬੱਚੇ ਦਾ ਮਤਲਬ ਹੈ ਕਿ ਤੁਹਾਨੂੰ ਇੱਕ ਮੇਡ ਉਸਦੀ ਸਾਂਭ-ਸੰਭਾਲ ਲਈ ਰੱਖਣੀ ਪਵੇਗੀ। ਕਈ ਵਾਰ ਤਾਂ ਦੋ ਮੇਡ ਰੱਖਣ 'ਤੇ ਵੀ ਕੰਮ ਨਹੀਂ ਚਲਦਾ ਅਤੇ ਮੇਡ ਨਾ ਰੱਖੋ ਤਾਂ ਕ੍ਰੈਚ ਵਿੱਚ ਬੱਚੇ ਨੂੰ ਛੱਡੋ। ਇਹ ਸਭ ਮਿਲਾ ਕੇ ਦੇਖ ਲਓ ਤਾਂ ਮੈਂ ਇੱਕ ਨਹੀਂ ਦੋ ਬੱਚੇ ਤਾਂ ਪਾਲ ਹੀ ਰਹੀ ਹਾਂ। ਤੀਜੇ ਦੀ ਗੁੰਜਾਇਸ਼ ਕਿੱਥੇ ਹੈ?''

Image copyright BBC/purnima
ਫੋਟੋ ਕੈਪਸ਼ਨ ਪੂਰਣੀਮਾ ਝਾ

ਇੱਕ ਬੱਚੇ 'ਤੇ ਮੁੰਬਈ ਵਿੱਚ ਕਿੰਨਾ ਖ਼ਰਚ ਹੁੰਦਾ ਹੈ?

ਇੱਸ ਗੱਲ 'ਤੇ ਉਹ ਤੁਰੰਤ ਫ਼ੋਨ ਦੇ ਕੈਲਕੁਲੇਟਰ ਉੱਤੇ ਖ਼ਰਚਾ ਜੋੜਨਾ ਸ਼ੁਰੂ ਕਰਦੇ ਹਨ।

ਮਹੀਨੇ 'ਚ ਡੇਅ ਕੇਅਰ ਦਾ 10 ਤੋਂ 15 ਹਜ਼ਾਰ, ਸਕੂਲ ਦਾ ਵੀ ਉਨਾਂ ਹੀ ਲਗਦਾ ਹੈ, ਸਕੂਲ ਵੈਨ, ਹੌਬੀ ਕਲਾਸ, ਸਕੂਲ ਟ੍ਰਿਪ, ਜਨਮਦਿਨ ਦਾ ਜਸ਼ਨ (ਦੋਸਤਾਂ ਦਾ) ਇੰਨਾ ਸਭ ਦਾ ਖ਼ਰਚਾ ਮਿਲਾ ਕੇ 30 ਹਜ਼ਾਰ ਰੁਪਏ ਮਹੀਨਾ ਕਿਤੇ ਨਹੀਂ ਗਿਆ।

"ਮੁੰਬਈ ਵਿੱਚ ਮਕਾਨ ਵੀ ਬਹੁਤ ਮਹਿੰਗੇ ਹੁੰਦੇ ਹਨ ਅਸੀਂ ਦਫ਼ਤਰ ਆਉਣ-ਜਾਣ ਵਿੱਚ ਰੋਜ਼ਾਨਾ 4 ਘੰਟੇ ਖ਼ਰਚ ਕਰਦੇ ਹਾਂ, ਫ਼ਿਰ ਦੋ ਬੱਚੇ ਕਿਵੇਂ ਕਰ ਲਈਏ। ਨਾ ਤਾਂ ਪੈਸਾ ਹੈ ਅਤੇ ਨਾ ਹੀ ਸਮਾਂ। ਮੇਰੇ ਲਈ ਦੋਵੇਂ ਉੰਨੇਂ ਹੀ ਵੱਡੇ ਕਾਰਨ ਹਨ।"

ਐਸੋਚੈਮ ਸੋਸ਼ਲ ਡਿਵਲਪਮੈਂਟ ਫਾਊਂਡੇਸ਼ਨ ਦੀ ਰਿਪੋਰਟ ਅਹਿਮਦਾਬਾਦ, ਬੈਂਗਲੂਰੂ, ਚੇਨਈ, ਦਿੱਲੀ-ਐਨਸੀਆਰ, ਹੈਦਰਾਬਾਦ, ਇੰਦੌਰ, ਜੈਪੂਰ, ਕੋਲਕਾਤਾ, ਲਖਨਊ ਅਤੇ ਮੁੰਬਈ ਵਰਗੇ 10 ਮੈਟਰੋ ਸ਼ਹਿਰਾਂ ਉੱਤੇ ਆਧਾਰਤ ਹੈ। ਇਨ੍ਹਾਂ ਸ਼ਹਿਰਾਂ ਦੀ 1500 ਕੰਮ ਕਾਜੀ ਮਹਿਲਾਵਾਂ ਨਾਲ ਗੱਲਬਾਤ ਦੇ ਆਧਾਰ ਉੱਤੇ ਇਹ ਰਿਪੋਰਟ ਤਿਆਰ ਕੀਤੀ ਗਈ ਸੀ।

ਰਿਪੋਰਟ ਵਿੱਚ ਕੁਝ ਹੋਰ ਕਾਰਨ ਵੀ ਗਿਨਵਾਏ ਗਏ ਹਨ। ਕੰਮ ਕਾਜੀ ਮਹਿਲਾਵਾਂ 'ਤੇ ਘਰ ਅਤੇ ਆਫ਼ਿਸ ਦੋਵਾਂ 'ਚ ਚੰਗੇ ਪ੍ਰਦਰਸ਼ਨ ਦਾ ਦਬਾਅ ਹੁੰਦਾ ਹੈ, ਇਸ ਕਾਰਨ ਕਰਕੇ ਵੀ ਉਹ ਇੱਕ ਹੀ ਬੱਚਾ ਚਾਹੁੰਦੀਆਂ ਹਨ।

ਕੁਝ ਮਹਿਲਾਵਾਂ ਨੇ ਇਹ ਵੀ ਕਿਹਾ ਕਿ ਇੱਕ ਬੱਚਾ ਕਰਨ ਨਾਲ ਕਈ ਫ਼ਾਇਦੇ ਵੀ ਹਨ। ਕੰਮ ਕਾਜ ਤੋਂ ਇਲਾਵਾ ਮਾਂ ਸਿਰਫ਼ ਬੱਚੇ 'ਤੇ ਹੀ ਆਪਣਾ ਧਿਆਨ ਦਿੰਦੀ ਹੈ। ਦੋ ਬੱਚਿਆਂ ਦੇ ਹੋਣ ਨਾਲ ਧਿਆਨ ਵੰਡਿਆ ਜਾਂਦਾ ਹੈ।

Image copyright rebeccahendin

ਫ਼ਿਰ ਇੱਕ ਹੀ ਬੱਚਾ ਕਿਉਂ ਨਾ ਕਰੀਏ!

ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਥਥਾ ਐਨਸੀਪੀਸੀਆਰ ਦੀ ਪ੍ਰਧਾਨ ਸਤੁਤੀ ਕੱਕੜ ਇਸ ਰੁਝਾਨ ਨੂੰ ਦੇਸ ਦੇ ਲਈ ਖ਼ਤਰਨਾਕ ਮੰਨਦੀ ਹੈ।

ਉਨ੍ਹਾਂ ਮੁਤਾਬਕ, ''ਹਮ ਦੋ ਹਮਾਰੇ ਦੋ ਦਾ ਨਾਅਰਾ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਓਨਲੀ ਚਾਈਲਡ ਇਜ਼ ਲੋਨਲੀ ਚਾਈਲਡ ਹੁੰਦਾ ਹੈ। ਦੇਸ ਦੀ ਆਬਾਦੀ 'ਚ ਨੌਜਵਾਨਾਂ ਦੀ ਗਿਣਤੀ 'ਤੇ ਇਸਦਾ ਸਿੱਧਾ ਅਸਰ ਪੈਂਦਾ ਹੈ, ਚੀਨ ਨੂੰ ਲੈ ਲਵੋ, ਉਹ ਵੀ ਆਪਣੇ ਦੇਸ ਵਿੱਚ ਇਸ ਕਾਰਨ ਕਾਫ਼ੀ ਬਦਲਾਅ ਲਿਆ ਰਹੇ ਹਨ।''

ਪਰ ਇੱਕ ਬੱਚਾ ਪੈਦਾ ਕਰਨ ਦੇ ਕੰਮ ਕਾਜੀ ਮਹਿਲਾਵਾਂ ਦੇ ਫ਼ੈਸਲੇ ਨੂੰ ਸਤੁਤੀ ਮੁਤਾਬਕ ਬੱਚਿਆਂ ਉੱਤੇ ਹੋਣ ਵਾਲੇ ਖ਼ਰਚੇ ਨਾਲ ਜੋੜ ਕੇ ਦੇਖਣਾ ਸਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗੇ ਸਕੂਲ ਵਿੱਚ ਪੜ੍ਹਾਉਣ ਦੀ ਲੋੜ ਕੀ ਹੈ? ਕੰਮ ਕਾਜੀ ਮਹਿਲਾਵਾਂ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪੜ੍ਹਾਉਣ।

ਇਹ ਵੀ ਪੜ੍ਹੋ:

ਤਸਮੀਨ ਖਜਾਂਚੀ ਖ਼ੁਦ ਇੱਕ ਮਾਂ ਹਨ ਅਤੇ ਇੱਕ ਪੇਰੇਂਟਿੰਗ ਐਕਸਪਰਟ ਵੀ। ਉਨ੍ਹਾਂ ਦੀ ਛੇ ਸਾਲ ਦੀ ਧੀ ਹੈ।

ਉਹ ਕਹਿੰਦੇ ਹਨ, ''ਦੋ ਬੱਚੇ ਹੋਣਾ ਬਹੁਤ ਜ਼ਰੂਰੀ ਹੈ। ਮਾਪਿਆਂ ਲਈ ਨਹੀਂ ਸਗੋਂ ਬੱਚਿਆਂ ਦੇ ਲਈ ਬੱਚਿਆਂ ਨੂੰ 8-10 ਸਾਲ ਤੱਕ ਦੂਜੇ ਭਰਾ-ਭੈਣ ਦੀ ਲੋੜ ਨਹੀਂ ਹੁੰਦੀ। ਪਰ ਵੱਡੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਮੀ ਮਹਿਸੂਸ ਹੁੰਦੀ ਹੈ। ਉਦੋਂ ਉਨ੍ਹਾਂ ਨੂੰ ਸਾਂਝ ਅਤੇ ਖ਼ਿਆਲ ਦੋਵਾਂ ਦੇ ਲਈ ਇੱਕ ਸਾਥੀ ਭਰਾ-ਭੈਣ ਦੀ ਲੋੜ ਪੈਂਦੀ ਹੈ। ਬੱਚੇ ਵੱਡੇ ਭਰਾ-ਭੈਣ ਤੋਂ ਬਹੁਤ ਕੁਝ ਸਿੱਖਦੇ ਹਨ।''

Image copyright iStock

''ਅਕਸਰ ਮਹਿਲਾਵਾਂ ਨਿਊਕਲਿਅਰ ਫ਼ੈਮਿਲੀ ਦੇ ਚੱਕਰ ਵਿੱਚ ਆਪਣੇ ਫ਼ੈਸਲੇ ਨੂੰ ਸਹੀ ਦੱਸਦੀਆਂ ਹਨ। ਪਰ ਇਹ ਗ਼ਲਤ ਹੈ, ਬੱਚਾ ਪਲ ਹੀ ਜਾਂਦਾ ਹੈ। ਆਪਣੀ ਪਰੇਸ਼ਾਨੀ ਦੇ ਲਈ ਵੱਡੇ ਬੱਚੇ ਦਾ ਬਚਪਨ ਨਹੀਂ ਖੋਹਣਾ ਚਾਹੀਦਾ। ਇਹ ਰਿਸਰਚ ਦੇ ਆਧਾਰ ਉੱਤੇ ਨਹੀਂ ਸਗੋਂ ਲੋਕਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੇ ਤਜਰਬੇ ਦੇ ਆਧਾਰ ਉੱਤੇ ਕਹਿ ਰਹੀ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)