NRC : 'ਸੋਚਿਆ ਨਹੀਂ ਸੀ ਨਾਗਰਿਕਤਾ ਕਾਰਨ ਪਤੀ ਗੁਆਉਣ ਦੀ ਨੌਬਤ ਆਵੇਗੀ'

ਆਸਾਮ, ਜੁਤਿਕਾ
ਫੋਟੋ ਕੈਪਸ਼ਨ ਆਸਾਮ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਐਨਆਰਸੀ ਦੀ ਪ੍ਰਕਿਰਿਆ ਹੁੰਦੀ ਹੈ।

ਅਸਾਮ ਵਿੱਚ ਐਨਆਰਸੀ ਯਾਨਿ ਕੌਮੀ ਨਾਗਰਿਕ ਰਜਿਸਟਰ ਦੇ ਦੂਜੇ ਅਤੇ ਅੰਤਿਮ ਖਰਰੇ ਨੂੰ ਅੱਜ ਕਰੜੀ ਸੁਰੱਖਿਆ ਵਿੱਚ ਜਾਰੀ ਕਰ ਦਿੱਤਾ ਗਿਆ।

ਰਜਿਸਟਰ ਮੁਤਾਬਕ 2 ਕਰੋੜ 89 ਲੱਖ ਲੋਕ ਅਸਾਮ ਦੇ ਨਾਗਰਿਕ ਹਨ ਜਦਕਿ ਇੱਥੇ ਰਹਿ ਰਹੇ 40 ਲੱਖ ਲੋਕਾਂ ਦੇ ਨਾਮ ਇਸ ਲਿਸਟ ਵਿੱਚ ਨਹੀਂ ਹਨ।

ਮਤਲਬ ਇਹ ਕਿ 40 ਲੱਖ ਲੋਕਾਂ ਨੂੰ ਭਾਰਤੀ ਨਾਗਰਿਕ ਨਹੀਂ ਮੰਨਿਆ ਗਿਆ ਹੈ। ਹੁਣ ਇਨ੍ਹਾਂ ਲੋਕਾਂ ਕੋਲ ਆਪਣੇ ਦਾਅਵੇ ਪੇਸ਼ ਕਰਨ ਦਾ ਮੌਕਾ ਹੋਵੇਗਾ।

ਮਾਰਚ 1971 ਤੋਂ ਪਹਿਲਾਂ ਅਸਾਮ ਵਿੱਚ ਰਹਿ ਰਹੇ ਲੋਕਾਂ ਨੂੰ ਰਜਿਸਟਰ ਵਿੱਚ ਥਾਂ ਮਿਲੀ ਹੈ। ਜਦਕਿ 1971 ਤੋਂ ਬਾਅਦ ਆਏ ਲੋਕਾਂ ਦੀ ਨਾਗਰਿਕਤਾ ਨੂੰ ਸ਼ੱਕੀ ਮੰਨਿਆ ਗਿਆ ਹੈ।

ਰਿਜਸਟਰ ਨੂੰ ਸੂਬੇ ਦੇ ਸਾਰੇ ਐਨਆਰਸੀ ਕੇਂਦਰਾਂ ਉੱਤੇ ਅਰਜੀ ਦੇਣ ਵਾਲਿਆਂ ਦੇ ਨਾਮ, ਪਤਾ ਅਤੇ ਤਸਵੀਰ ਦੇ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ। ਐਪਲੀਕੇਸ਼ਨ ਦੇਣ ਵਾਲੇ ਆਪਣਾ ਨਾਂ ਇਸ ਸੂਚੀ ਦੇ ਨਾਲ ਨਾਲ ਐਨਆਰਸੀ ਦੀ ਵੈੱਬਸਾਈਟ ਉੱਤੇ ਵੀ ਦੇਖ ਸਕਦੇ ਹਨ।

Image copyright Pti

ਨਾਗਰਿਕਤਾ ਦੀ ਜੰਗ ਵਿੱਚ ਪੂਜਾ ਦੀ ਕਹਾਣੀ

ਸਵੇਰ ਦੇ 9 ਵੱਜ ਰਹੇ ਹਨ ਅਤੇ ਆਮਰਘਾਟ ਪਿੰਡ ਵਿੱਚ ਇੱਕ ਛੋਟੇ ਜਿਹੇ ਘਰ ਤੋਂ ਘੰਟੀਆਂ ਵੱਜਣ ਦੀਆਂ ਆਵਾਜ਼ਾਂ ਆ ਰਹੀਆਂ ਹਨ।

ਘਰ ਦੇ ਵਿਹੜੇ ਵਿੱਚ ਇੱਕ ਮੰਦਿਰ ਹੈ, ਜਿਥੇ ਇੱਕ ਔਰਤ ਘੰਟੀ ਵਜਾ ਰਹੀ ਹੈ ਅਤੇ ਸੱਜੇ ਹੱਥ ਨਾਲ ਆਰਤੀ ਵੀ ਕਰ ਰਹੀ ਹੈ।

ਉੱਥੇ ਨੇੜੇ ਛੋਟੇ ਬੱਚੇ ਬੈਠੇ ਹਨ, ਜਿਸ ਵਿਚੋਂ ਇੱਕ ਚਾਰ ਸਾਲ ਦੀ ਬੇਟੀ ਸਰੀਰਕ ਤੌਰ 'ਤੇ ਅਪਾਹਜ ਹੈ।

ਪੂਜਾ ਦੌਰਾਨ 30 ਸਾਲ ਦੀ ਇਸ ਔਰਤ ਦੇ ਹੰਝੂ ਵੀ ਲਗਾਤਾਰ ਵਗ ਰਹੇ ਹਨ।

ਬੜੀ ਮੁਸ਼ਕਲ ਨਾਲ ਹੰਝੂਆਂ ਨੂੰ ਕਾਬੂ ਕਰਕੇ ਜੁਤਿਕਾ ਦਾਸ ਨੇ ਕਿਹਾ, "ਅੱਜ ਫੇਰ ਜੇਲ੍ਹ ਜਾ ਰਹੇ ਹਾਂ, ਉਨ੍ਹਾਂ ਦਾ ਹਾਲ ਪੁੱਛਣ ਲਈ ਗਿਆਰਾਂ ਵਾਰ ਜਾ ਚੁੱਕੇ ਹਨ ਅਤੇ ਹਰ ਮੁਲਾਕਾਤ ਵਿੱਚ ਉਹ ਵਧੇਰੇ ਪਤਲੇ ਅਤੇ ਬਿਮਾਰ ਦਿਖ ਰਹੇ ਹਨ।"

ਇਹ ਵੀ ਪੜ੍ਹੋ:

ਆਸਾਮ ਦੇ ਸਿਲਚਰ ਜ਼ਿਲ੍ਹੇ ਦੇ ਇਸ ਖ਼ੂਬਸੂਰਤ ਪਿੰਡ ਵਿੱਚ ਢਾਈ ਮਹੀਨੇ ਪਹਿਲਾਂ ਤੱਕ ਜੁਤਿਕਾ ਆਪਣੇ ਪਰਿਵਾਰ ਦਾ ਨਾਲ ਖੁਸ਼ਹਾਲ ਜ਼ਿੰਦਗੀ ਬਿਤਾ ਰਹੀ ਸੀ।

ਇੱਕ ਸ਼ਾਮ ਨੇ ਸਭ ਕੁਝ ਬਦਲ ਦਿੱਤਾ

ਪਤੀ ਅਜੀਤ ਦਾਸ ਦੀ ਆਮਦਨੀ ਰਾਸ਼ਨ ਦੀ ਦੁਕਾਨ ਤੋਂ ਹੁੰਦੀ ਸੀ ਅਤੇ ਬੇਟੀ ਦਾ ਇਲਾਜ ਵੀ ਚੱਲ ਰਿਹਾ ਸੀ। ਛੋਟੇ ਬੇਟੇ ਨੂੰ ਸਕੂਲ ਭੇਜਣ ਦੀ ਵੀ ਤਿਆਰੀ ਚੱਲ ਰਹੀ ਸੀ ਪਰ ਇੱਕ ਸ਼ਾਮ ਸਭ ਕੁਝ ਬਦਲ ਗਿਆ।

ਅਜੀਤ ਦਾਸ ਦੁਕਾਨ ਵਿੱਚ ਬੈਠੇ ਸਨ ਅਤੇ ਇਲਾਕੇ ਦੀ ਪੁਲਿਸ ਉਥੋਂ ਹੀ ਉਨ੍ਹਾਂ ਨੂੰ ਪੁੱਛਗਿੱਛ ਲਈ ਲੈ ਗਈ। ਅਗਲੇ ਦਿਨ ਤੱਕ ਘਰ ਨਹੀਂ ਵਾਪਸ ਆਏ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਸਿਲਚਰ ਸੈਂਟਰਲ ਜੇਲ੍ਹ ਵਿੱਚ ਬਣਾਏ ਗਏ, ਅਸਥਾਈ ਹਿਰਾਸਤੀ ਕੈਂਪ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਉੱਤੇ ਰਜਿਸਟਰਾਰ ਜਨਰਲ ਆਫ ਇੰਡੀਆ ਦੇ ਕੋਲ ਆਪਣੇ ਦਸਤਾਵੇਜ਼ਾਂ ਨੂੰ ਜਮ੍ਹਾਂ ਨਾ ਕਰਵਾਉਣ ਦਾ ਇਲਜ਼ਾਮ ਸੀ, ਜਿਸ ਤੋਂ ਪ੍ਰਮਾਣਿਤ ਹੋ ਸਕੇ ਕਿ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪੁਰਖ਼ਿਆਂ ਦਾ ਨਾਮ 1951 ਦੇ ਐਨਆਰਸੀ ਵਿੱਚ ਜਾਂ 24 ਮਾਰਚ ਤੱਕ ਕਿਸੇ ਵੋਟਰ ਸੂਚੀ ਵਿੱਚ ਮੌਜੂਦ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਆਸਾਮ ਵਿੱਚ ਲੱਖਾਂ ਲੋਕਾਂ 'ਤੇ ਦੇਸ ਤੋਂ ਕੱਢੇ ਜਾਣ ਦਾ ਖ਼ਤਰਾ

ਦਰਅਸਲ ਅਜੀਤ ਦਾ ਪਰਿਵਾਰ 1960 ਦੇ ਦਹਾਕਿਆਂ ਵਿੱਚ ਬੰਗਲਾਦੇਸ਼ ਤੋਂ ਭਾਰਤ ਆਇਆ ਸੀ। ਇਸ ਕਾਰਨ ਉਨ੍ਹਾਂ ਦੀ ਭਾਰਤੀ ਨਾਗਰਿਕਤਾ 'ਤੇ ਸਵਾਲ ਹੈ ਅਤੇ ਮਾਮਲਾ ਹੁਣ ਵਿਦੇਸ਼ੀ ਟ੍ਰਿਬਿਊਨਲ ਵਿੱਚ ਹੈ।

ਲੱਖਾਂ ਲੋਕਾਂ ਦਾ ਭਵਿੱਖ ਦਾਅ ਉੱਤੇ

ਅਜੀਤ ਦੇ ਦੋ ਵੱਡੇ ਭਰਾਵਾਂ ਨੇ ਖ਼ਿਲਾਫ਼ ਵੀ ਵਾਰੰਟ ਨਿਕਲਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਵੀ ਪੁਲਿਸ ਹਵਾਲੇ ਕਰਨ ਲਈ ਨੋਟਿਸ ਜਾਰੀ ਹੋ ਚੁੱਕਿਆ ਹੈ।

ਆਸਾਮ ਦੇ ਲੱਖਾਂ ਲੋਕਾਂ ਦੇ ਨਾਲ-ਨਾਲ ਅਜੀਤ ਦਾਸ ਦੀ ਨਾਗਰਿਕਤਾ ਵੀ ਖ਼ਤਰੇ ਵਿੱਚ ਹੈ ਅਤੇ ਉਨ੍ਹਾਂ ਦੇ ਪਰਿਵਾਰ ਦਾ ਭਵਿੱਖ ਵੀ ਦਾਅ 'ਤੇ ਲੱਗਿਆ ਹੋਇਆ ਹੈ।

ਸੂਬੇ ਵਿੱਚ ਲੱਖਾਂ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਇਸ ਦੌਰ ਵਿਚੋਂ ਨਿਕਲਣਾ ਪੈ ਰਿਹਾ ਹੈ ਕਿਉਂਕਿ ਆਸਾਮ ਭਾਰਤ ਦਾ ਇਕੱਲਾ ਸੂਬਾ ਹੈ, ਜਿੱਥੇ ਇਸ ਤਰ੍ਹਾਂ ਦੀ ਪ੍ਰਕਿਰਿਆ ਜਾਰੀ ਹੈ।

ਫੋਟੋ ਕੈਪਸ਼ਨ ਜੁਤਿਕਾ ਦਾਸ ਵਰਗਿਆਂ ਦੀਆਂ ਜ਼ਿੰਦਗੀ ਅੱਧ ਵਿਚਾਲੇ ਲਟਕੀ ਹੋਈ ਹੈ।

ਇਸ ਕਸ਼ਮਕਸ਼ ਦੇ ਵਿਚਕਾਰ ਜੁਤਿਕਾ ਦਾਸ ਵਰਗਿਆਂ ਦੀ ਜ਼ਿੰਦਗੀ ਅੱਧ ਵਿਚਾਲੇ ਲਟਕੀ ਹੋਈ ਹੈ। ਜੁਤਿਕਾ ਨੇ ਦੱਸਿਆ, "ਘਰ ਨਦੀ ਦੇ ਨੇੜੇ ਹੈ ਇਸ ਲਈ ਆਏ ਦਿਨ ਸੱਪ ਆ ਜਾਂਦੇ ਹੈ। ਬੱਚੇ ਨੂੰ ਦੇਖਿਆ ਖਾਣਾ ਬਣਾਂਵਾ ਜਾਂ ਦੁਕਾਨ ਸੰਭਾਲਾ? ਵਕੀਲ ਦੀ ਫ਼ੀਸ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ।"

ਰਜਿਸਟ੍ਰਾਰ ਜਨਰਲ ਆਫ ਇੰਡੀਆ ਨੇ 1 ਜਨਵਰੀ 2018 ਨੂੰ 1.9 ਕਰੋੜ ਆਸਾਮੀ ਲੋਕਾਂ ਦੀ ਸੂਚੀ ਜਾਰੀ ਕੀਤੀ ਸੀ। ਇਹ ਆਸਾਮ ਦੇ ਕੁੱਲ 3.29 ਕਰੋੜ ਲੋਕਾਂ ਵਿੱਚੋਂ ਹਨ।

ਪੀੜ੍ਹਤਾਂ ਹਿੰਦੂ- ਮਸਲਮਾਨ ਦੋਵੇਂ ਸ਼ਾਮਲ

ਜਿਨ੍ਹਾਂ ਲੋਕਾਂ ਦਾ ਨਾਮ ਉਸ ਸੂਚੀ ਵਿੱਚ ਨਹੀਂ ਆਇਆ ਹੈ, ਉਨ੍ਹਾਂ ਨੂੰ ਖ਼ਾਸ ਤੌਰ 'ਤੇ 30 ਜੁਲਾਈ ਨੂੰ ਜਾਰੀ ਹੋਣ ਵਾਲੀ ਸੂਚੀ ਦਾ ਇੰਤਜ਼ਾਰ ਹੈ। ਜਿਨ੍ਹਾਂ ਨੂੰ ਇੰਤਜ਼ਾਰ ਹੈ ਉਸ ਵਿੱਚ ਪ੍ਰਦੇਸ਼ ਦੇ ਮੁਸਲਮਾਨ-ਹਿੰਦੂ ਸਾਰੇ ਸ਼ਾਮਿਲ ਹਨ।

ਪਰ ਹਕੀਕਤ ਇਹੀ ਹੈ ਕਿ ਐਨਆਰਸੀ ਦੀ ਇਸ ਵੱਡੀ ਪ੍ਰਕਿਰਿਆ ਦੇ ਵਿਚਕਾਰ ਦਾਸ ਵਰਗੇ ਕਈ ਹੋਰ ਵੀ ਫਸ ਕੇ ਰਹਿ ਗਏ ਹਨ। ਜੁਤਿਕਾ ਤੋਂ ਘਰ ਮਹਿਜ਼ ਇੱਕ ਕਿਲੋਮੀਟਰ ਦੂਰੀ 'ਤੇ 48 ਸਾਲਾਂ ਦੀ ਕਾਮਾਖਿਆ ਦਾਸ ਵੀ ਰਹਿੰਦੀ ਹੈ।

ਫੋਟੋ ਕੈਪਸ਼ਨ ਅਜੀਤ ਦਾ ਪਰਿਵਾਰ 1960 ਦੇ ਦਹਾਕਿਆਂ ਵਿੱਚ ਬੰਗਲਾਦੇਸ਼ ਤੋਂ ਭਾਰਤ ਆਇਆ ਸੀ।

ਉਨ੍ਹਾਂ ਦੇ ਪਤੀ ਪਿਛਲੇ 11 ਮਹੀਨੇ ਤੋਂ ਹਿਰਾਸਤੀ ਕੈਂਪ ਵਿੱਚ ਹਨ ਅਤੇ ਵਿਆਹੁਤਾ ਬੇਟੀ ਅਤੇ ਜਵਾਈ ਹੀ ਕਮਾਖਿਆ ਦੀ ਦੇਖਭਾਲ ਕਰਦੇ ਹਨ। ਜੁਤਿਕਾ ਦਾਸ ਇੱਕ ਸ਼ਾਮ ਸਾਡੇ ਨਾਲ ਇਨ੍ਹਾਂ ਦਾ ਹਾਲ ਚਾਲ ਪੁੱਛਣ ਗਈ।

ਕਾਮਾਖਿਆ ਦਾ ਕਹਿਣਾ ਹੈ, "ਪਤਾ ਨਹੀਂ ਪਤੀ ਨੂੰ ਕਦੇ ਦੇਖ ਵੀ ਸਕਾਂਗੀ ਜਾਂ ਨਹੀਂ। ਪਤਾ ਨਹੀਂ, ਕਿੱਥੋਂ ਇਹ ਮੁਸੀਬਤ ਸਾਡੇ ਉੱਤੇ ਆ ਡਿੱਗੀ।"

ਜੁਤਿਕਾ ਦਾਸ ਤੇ ਉਨ੍ਹਾਂ ਦੇ ਦੋ ਬੱਚਿਆਂ ਨਾਲ ਅਸੀਂ ਸਿਲਚਰ ਦੀ ਸੈਂਟ੍ਰਲ ਜੇਲ੍ਹ ਪਹੁੰਚੇ।

ਫੋਟੋ ਕੈਪਸ਼ਨ ਕਮਾਖਿਆ ਦੇ ਪਤੀ ਪਿਛਲੇ 11 ਮਹੀਨਿਆਂ ਤੋਂ ਡਿਟੈਂਸ਼ਨ ਕੈਂਪ ਵਿੱਚ ਹਨ

ਜੇਲ੍ਹ ਦੇ ਬਾਹਰ ਮੇਲੇ ਵਰਗਾ ਹਾਲ ਸੀ ਕਿਉਂਕਿ ਦਰਜਨਾਂ ਲੋਕ ਹਿਰਾਸਤੀ ਕੈਂਪ ਵਿੱਚ ਬੰਦ ਆਪਣੇ ਮਾਪਿਆ, ਪਤੀ ਜਾਂ ਪਤਨੀ ਅਤੇ ਭੈਣ-ਭਰਾਵਾਂ ਨੂੰ ਮਿਲਣ ਆਏ ਸਨ।

ਗੇਟ ਦੇ ਬਾਹਰ ਬੈਂਚ 'ਤੇ ਬੱਚਿਆਂ ਨੂੰ ਬਿਠਾ ਕੇ ਜੁਤਿਕਾ ਨੇ ਰਜਿਟਰ 'ਤੇ ਹਸਤਾਖ਼ਰ ਕੀਤੇ ਅਤੇ ਇੱਕ ਘੰਟੇ ਦਾ ਇੰਤਜ਼ਾਰ ਸ਼ੁਰੂ।

ਪਤੀ ਅਜੀਤ ਦਾਸ ਜਿਵੇਂ ਹੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੋਂ ਉਸ ਨੂੰ ਮਿਲਣ ਆਏ, ਬੱਚਿਆਂ ਨੇ ਜਾਲੀ 'ਤੇ ਹੱਥ ਮਾਰਨਾ ਸ਼ੁਰੂ ਕਰ ਦਿੱਤਾ।ਬੱਚਿਆਂ ਤੱਕ ਆਪਣਾ ਹੱਥ ਨਹੀਂ ਪਹੁੰਚਣ ਕਾਰਨ ਅਜੀਤ ਨੇ ਹੌਕੇ ਭਰਨੇ ਸ਼ੁਰੂ ਕਰ ਦਿੱਤੇ। ਜੁਤਿਕਾ ਨੇ ਬਾਹਰ ਆ ਕੇ ਮੁਲਾਕਾਤ ਬਾਰੇ ਵਿਸਥਾਰ ਨਾਲ ਦੱਸਿਆ।

ਉਨ੍ਹਾਂ ਨੇ ਕਿਹਾ, ''ਫ਼ਲ ਦਿੰਦੀ ਹਾਂ ਤਾਂ ਰੋਣ ਲੱਗਦੇ ਹਨ ਅਤੇ ਸਲਾਖਾਂ ਵਿਚੋਂ ਬੱਚਿਆਂ ਨੂੰ ਖਿਡਾਉਣ ਦੀ ਕੋਸ਼ਿਸ਼ ਕਰਦੇ ਹਨ। ਮੈਂ 100 ਰੁਪਏ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਜੇਲ੍ਹ ਵਿੱਚ ਇਸ ਦੇ ਵੀ ਗਾਇਬ ਹੋਣ ਦਾ ਖ਼ਤਰਾ ਰਹਿੰਦਾ ਹੈ। ਉਹ ਇੰਨਾ ਡਰੇ ਹੋਏ ਸਨ ਕਿ ਪੁੱਛ ਵੀ ਨਹੀਂ ਸਕੇ ਕਿ ਕੀ ਮੈਂ ਖ਼ੁਦ ਐਨਆਰਸੀ ਸੂਚੀ ਵਿੱਚ ਪਰਿਵਾਰ ਦਾ ਨਾਮ ਦੇਖਣ ਜਾਵਾਂਗੀ।"

ਫੋਟੋ ਕੈਪਸ਼ਨ 30 ਜੁਲਾਈ ਨੂੰ ਪੂਰੇ ਆਸਾਮ ਸੂਬੇ ਵਿੱਚ 'ਨੈਸ਼ਨਲ ਰਜਿਸਟਰ ਆਫ ਸਿਟੀਜ਼ਸ਼ਿਪ' ਦੀ ਦੂਜੇ ਗੇੜ ਦੀ ਸੂਚੀ ਜਾਰੀ ਹੋਈ

ਹਾਲਾਂਕਿ ਵਧਦੇ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਇਹ ਕਹਿ ਚੁੱਕੀ ਹੈ ਕਿ ਜਿਸ ਨੂੰ ਰਜਿਸਟਰ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਹੋਵੇਗੀ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਪ੍ਰਕਿਰਿਆ ਫਾਈਨਲ ਨਾਗਰਿਕਤਾ ਦੇਣੀ ਜਾਂ ਨਹੀਂ ਦੇਣ ਦੀ ਪ੍ਰਕਿਰਿਆ ਨਹੀਂ ਹੋਵੇਗੀ।

ਪਰ ਜੁਤਿਕਾ ਦਾਸ ਦੇ ਹਾਲਾਤ ਇਨ੍ਹਾਂ ਗੱਲਾਂ ਨਾਲ ਖ਼ਾਸ ਨਹੀਂ ਬਦਲਦੇ ਉਹ ਡਰ ਤੇ ਭੈਅ ਦੀ ਜ਼ਿੰਦਗੀ ਜਿਉਂਦੇ ਹਨ।

ਸ਼ਾਮ ਨੂੰ ਜੇਲ੍ਹ ਕੋਂ ਆਮਰਾਘਾਟ ਵਾਪਸ ਆਉਂਦੇ ਸਮੇਂ ਉਨ੍ਹਾਂ ਨੇ ਕਿਹਾ, "ਸੋਚਿਆਂ ਨਹੀਂ ਸੀ ਕਿ ਨਾਗਰਿਕਤਾ ਕਾਰਨ ਪਤੀ ਗੁਆਉਣ ਦੀ ਨੌਬਤ ਵੀ ਆ ਸਕਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)