ਭਾਰਤੀ ਇਤਿਹਾਸ ਲੇਖਣੀ ਦੀ ਰਵਾਇਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਡੀਡੀ ਕੋਸੰਬੀ

ਦਾਮੋਦਰ ਧਰਮਾਨੰਦ ਕੋਸੰਬੀ
ਫੋਟੋ ਕੈਪਸ਼ਨ ਹਾਰਵਰਡ ਵਿੱਚ ਪੜ੍ਹਾਈ ਦੌਰਾਨ ਹੀ ਡੀਡੀ ਕੋਸੰਬੀ ਨੇ ਗਣਿਤ, ਇਤਿਹਾਸ ਅਤੇ ਗ੍ਰੀਕ, ਲੈਟਿਨ, ਜਰਮਨ ਅਤੇ ਫਰੈਂਚ ਭਾਸ਼ਾਵਾਂ ਵਿੱਚ ਮਹਾਰਤ ਹਾਸਲ ਕੀਤੀ

ਭਾਰਤ ਦੇ ਮਸ਼ਹੂਰ ਗਣਿਤ-ਸ਼ਾਸਤਰੀ, ਇਤਿਹਾਸਕਾਰ ਅਤੇ ਸਿਆਸੀ ਵਿਚਾਰਕ ਦਾਮੋਦਰ ਧਰਮਾਨੰਦ ਕੋਸੰਬੀ ਦਾ ਜਨਮ 31 ਜੁਲਾਈ 1907 ਨੂੰ ਗੋਆ ਦੇ ਕੋਸਬੇਨ ਵਿੱਚ ਹੋਇਆ ਸੀ। ਡੀਡੀ ਕੋਸੰਬੀ ਨੂੰ ਉਨ੍ਹਾਂ ਦੇ ਦੋਸਤ ਪਿਆਰ ਨਾਲ ਬਾਬਾ ਕਹਿ ਕੇ ਬੁਲਾਉਂਦੇ ਸੀ।

ਉਨ੍ਹਾਂ ਦੇ ਪਿਤਾ ਧਰਮਾਨੰਦ ਕੋਸੰਬੀ ਆਪਣੇ ਵੇਲੇ ਦੇ ਮਸ਼ਹੂਰ ਬੋਧ ਵਿਦਵਾਨ ਸਨ। ਧਰਮਾਨੰਦ ਕੋਸੰਬੀ ਨੇ ਕਈ ਸਾਲ ਤੱਕ ਅਮਰੀਕਾ ਦੀ ਹਾਰਵਰਡ ਯੂਨੀਵਰਸਟੀ ਵਿੱਚ ਪੜ੍ਹਾਇਆ।

ਡੀਡੀ ਕੋਸੰਬੀ ਨੂੰ ਸਿੱਖਣ ਦਾ ਜਨੂੰਨ, ਤੇਜ਼ ਬੁੱਧੀ ਅਤੇ ਇਨਸਾਨੀਅਤ ਪ੍ਰਤੀ ਹਮਦਰਦੀ ਦੇ ਗੁਣ ਆਪਣੇ ਪਿਤਾ ਤੋਂ ਹੀ ਵਿਰਾਸਤ ਵਿੱਚ ਮਿਲੇ ਸਨ।

ਸ਼ੁਰੂਆਤੀ ਦਿਨਾਂ ਦੀ ਪੜ੍ਹਾਈ ਪੁਣੇ ਵਿੱਚ ਕਰਨ ਤੋਂ ਬਾਅਦ ਡੀਡੀ ਕੋਸੰਬੀ ਆਪਣੇ ਪਿਤਾ ਦੇ ਨਾਲ ਅਮਰੀਕਾ ਚਲੇ ਗਏ। ਉੱਥੇ ਉਨ੍ਹਾਂ ਨੇ 1925 ਤੱਕ ਕੈਂਬਰਿਜ ਲੈਟਿਨ ਸਕੂਲ ਵਿੱਚ ਤਾਲੀਮ ਹਾਸਲ ਕੀਤੀ। ਇਸ ਤੋਂ ਬਾਅਦ 1929 ਵਿੱਚ ਕੋਸੰਬੀ ਨੇ ਹਾਰਵਰਡ ਯੂਨੀਵਰਸਟੀ ਤੋਂ ਗ੍ਰੈਜੂਏਸ਼ਨ ਕੀਤੀ।

ਇਹ ਵੀ ਪੜ੍ਹੋ:

ਵਿਰਾਸਤ ਵਿੱਚ ਮਿਲਿਆ ਸਿੱਖਣ ਦਾ ਜਨੂੰਨ

ਇਸ ਵਿੱਚ ਉਨ੍ਹਾਂ ਨੇ ਬਹੁਤ ਉੱਚਾ ਗ੍ਰੇਡ ਹਾਸਲ ਕੀਤਾ। ਹਾਰਵਰਡ ਵਿੱਚ ਪੜ੍ਹਾਈ ਦੌਰਾਨ ਹੀ ਡੀਡੀ ਕੋਸੰਬੀ ਨੇ ਗਣਿਤ, ਇਤਿਹਾਸ ਅਤੇ ਗ੍ਰੀਕ, ਲੈਟਿਨ, ਜਰਮਨ ਅਤੇ ਫਰੈਂਚ ਭਾਸ਼ਾਵਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਇਨ੍ਹਾਂ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕੀਤੀ।

ਹਾਰਵਰਡ ਵਿੱਚ ਪੜ੍ਹਾਈ ਦੌਰਾਨ ਹੀ ਕੋਸੰਬੀ , ਜਾਰਜ ਬਿਰਕਹੌਫ਼ ਅਤੇ ਨੋਰਬਰਟ ਵੀਨਰ ਵਰਗੇ ਮਸ਼ਹੂਰ ਗਣਿਤ-ਸ਼ਾਸਤਰੀਆਂ ਦੇ ਸੰਪਰਕ ਵਿੱਚ ਆਏ।

Image copyright iStock
ਫੋਟੋ ਕੈਪਸ਼ਨ ਅਧਿਆਪਨ ਦੇ ਆਪਣੇ ਲੰਬੇ ਕਰੀਅਰ ਦਾ ਜ਼ਿਆਦਾਤਰ ਹਿੱਸਾ ਡੀਡੀ ਕੋਸੰਬੀ ਨੇ ਗਣਿਤ ਪੜ੍ਹਾਉਣ ਅਤੇ ਇਸ ਵਿੱਚ ਮੁਹਾਰਤ ਹਾਸਲ ਕਰਨ 'ਚ ਬਤੀਤ ਕੀਤਾ

1929 ਵਿੱਚ ਭਾਰਤ ਪਰਤਣ 'ਤੇ ਕੋਸੰਬੀ ਨੇ ਬਨਾਰਸ ਹਿੰਦੂ ਯੂਨੀਵਰਸਟੀ ਵਿੱਚ ਗਣਿਤ ਪੜ੍ਹਾਉਣਾ ਸ਼ੁਰੂ ਕੀਤਾ। ਜਲਦੀ ਹੀ ਗਣਿਤ-ਸ਼ਾਸਤਰੀ ਦੇ ਤੌਰ 'ਤੇ ਉਹ ਪ੍ਰਸਿੱਧ ਹੋ ਗਏ। ਜਿਸ ਤੋਂ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਨੇ ਕੋਸੰਬੀ ਨੂੰ ਇੱਥੇ ਪੜ੍ਹਾਉਣ ਦਾ ਸੱਦਾ ਦਿੱਤਾ।

ਡੀਡੀ ਕੋਸੰਬੀ ਨੇ ਇੱਕ ਸਾਲ ਤੱਕ ਏਐਮਯੂ ਵਿੱਚ ਪੜ੍ਹਾਇਆ। 1932 ਵਿੱਚ ਕੋਸਾਂਬੀ ਨੇ ਗਣਿਤ-ਸ਼ਾਸਤਰੀ ਦੇ ਤੌਰ 'ਤੇ ਪੂਣੇ ਦੇ ਫਰਗੂਸਨ ਕਾਲਜ ਵਿੱਚ ਪੜ੍ਹਾਉਣ ਦਾ ਫ਼ੈਸਲਾ ਕੀਤਾ।

ਅਮਰੀਕਾ ਜਾਣ ਤੋਂ ਪਹਿਲਾਂ ਤੱਕ ਉਨ੍ਹਾਂ ਦੇ ਪਿਤਾ ਧਰਮਾਨੰਦ ਕੋਸੰਬੀ ਵੀ ਕਈ ਸਾਲ ਤੱਕ ਇਸੇ ਕਾਲਜ ਵਿੱਚ ਪਾਲੀ ਭਾਸ਼ਾ ਪੜ੍ਹਾਉਂਦੇ ਸਨ।

ਡੀਡੀ ਕੋਸਾਂਬੀ ਨੇ ਕਰੀਬ 14 ਸਾਲ ਤੱਕ ਪੂਣੇ ਦੇ ਫਰਗੂਸਨ ਕਾਲਜ ਵਿੱਚ ਪੜ੍ਹਾਇਆ। ਇਸ ਦੌਰਾਨ ਉਹ ਲਗਾਤਾਰ ਕਈ ਵਿਸ਼ਿਆਂ ਵਿੱਚ ਮਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੇ।

ਇਹ ਵੀ ਪੜ੍ਹੋ:

ਆਪਣੀਆਂ ਇਨ੍ਹਾਂ ਕੋਸ਼ਿਸ਼ਾਂ ਸਦਕਾ ਕੋਸੰਬੀ ਨੇ ਖ਼ੁਦ ਨੂੰ ਆਧੁਨਿਕ ਭਾਰਤ ਦੇ ਮਹਾਨ ਵਿਦਵਾਨਾਂ ਅਤੇ ਵਿਚਾਰਕਾਂ ਦੀ ਲਾਈਨ ਵਿੱਚ ਖੜ੍ਹਾ ਕਰ ਲਿਆ।

1946 ਵਿੱਚ ਡੀਡੀ ਕੋਸੰਬੀ ਨੇ ਮੁੰਬਈ ਦੇ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਵਿੱਚ ਗਣਿਤ ਵਿਭਾਗ ਦੇ ਮੁਖੀ ਬਣਨ ਦਾ ਪ੍ਰਸਤਾਵ ਮਨਜ਼ੂਰ ਕਰ ਲਿਆ।

ਉਹ ਇਸ ਅਹੁਦੇ 'ਤੇ 1962 ਤੱਕ ਰਹੇ। ਇਸ ਰੋਲ ਵਿੱਚ ਡੀਡੀ ਕੋਸੰਬੀ ਨੂੰ ਦੁਨੀਆਂ ਭਰ ਦੇ ਮੰਨੇ-ਪ੍ਰਮੰਨੇ ਵਿਦਵਾਨਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਿਆ।

ਦੁਨੀਆਂ ਭਰ ਵਿੱਚ ਕਮਾਇਆ ਨਾਮ

ਅਧਿਆਪਨ ਦੇ ਆਪਣੇ ਲੰਬੇ ਕਰੀਅਰ ਦਾ ਜ਼ਿਆਦਾਤਰ ਹਿੱਸਾ ਡੀਡੀ ਕੋਸੰਬੀ ਨੇ ਗਣਿਤ ਪੜ੍ਹਾਉਣ ਅਤੇ ਇਸ ਵਿੱਚ ਮਹਾਰਤ ਹਾਸਲ ਕਰਨ 'ਚ ਬਤੀਤ ਕੀਤਾ।

ਗਣਿਤ ਦੇ ਖੇਤਰ ਵਿੱਚ ਡੀਡੀ ਕੋਸੰਬੀ ਦੇ ਯੋਗਦਾਨ ਦੀ ਤਾਰੀਫ਼ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਵਿਦਵਾਨਾਂ ਜਿਵੇਂ ਬ੍ਰਿਟਿਸ਼ ਵਿਗਿਆਨੀ ਜੇਡੀ ਬਰਨਲ ਨੇ ਕੀਤੀ। ਬਰਨਲ ਨੇ ਕੋਸੰਬੀ ਦੀ ਵਿਗਿਆਨਕ ਉਲਬਧੀ ਦੇ ਨਾਲ-ਨਾਲ ਵਿਸ਼ਵ ਸ਼ਾਂਤੀ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਵੀ ਤਾਰੀਫ਼ ਕੀਤੀ।

Image copyright iStock
ਫੋਟੋ ਕੈਪਸ਼ਨ ਗਣਿਤ-ਸ਼ਾਸਤਰੀ ਦੇ ਤੌਰ 'ਤੇ ਪ੍ਰਸਿੱਧ ਹੋਏ ਡੀਡੀ ਕੋਸੰਬੀ

ਇੱਕ ਲੇਖਕ ਦੇ ਤੌਰ 'ਤੇ ਮੈਂ ਖ਼ੁਦ ਨੂੰ ਉਸ ਹੈਸੀਅਤ ਵਿੱਚ ਨਹੀਂ ਦੇਖਦਾ, ਜਿਹੜਾ ਵਿਗਿਆਨ ਦੇ ਖੇਤਰ ਵਿੱਚ ਡੀਡੀ ਕੋਸਾਂਬੀ ਦੇ ਯੋਗਦਾਨ ਦੀ ਅਹਿਮੀਅਤ ਦੀ ਸਮੀਖਿਆ ਕਰੇ। ਪਰ ਇੱਕ ਗੱਲ ਤੈਅ ਹੈ ਕਿ ਡੀਡੀ ਕੋਸੰਬੀ ਨੇ ਤਮਾਮ ਵਿਸ਼ਿਆਂ ਦਾ ਪਾਰੰਪਰਿਕ ਹੱਦਾਂ ਤੋਂ ਹਟ ਕੇ ਅਧਿਐਨ ਕੀਤਾ।

ਉਨ੍ਹਾਂ ਨੇ ਜੈਨੇਟਿਕ ਅਤੇ ਸਟੈਟਿਸਟਿਕਸ ਸਮੇਤ ਕਈ ਅਜਿਹੇ ਵਿਸ਼ਿਆਂ ਵਿੱਚ ਬੇਸ਼ਕੀਮਤੀ ਯੋਗਦਾਨ ਦਿੱਤੇ, ਜਿਹੜੇ ਸਮਾਜ ਲਈ ਬਹੁਤ ਉਪਯੋਗੀ ਸਾਬਿਤ ਹੋਏ।

ਡੀਡੀ ਕੋਸੰਬੀ ਨੇ ਭਾਰਤ ਵਿੱਚ ਬਿਨਾਂ ਸੋਚ-ਵਿਚਾਰ ਦੇ ਕਿਤੇ ਵੀ ਬੰਨ੍ਹ ਬਨਾਉਣ ਦੇ ਇੱਕਤਰਫ਼ਾ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਇਸਦੀ ਥਾਂ ਅੰਕੜਿਆਂ ਦੀ ਬੁਨਿਆਦ 'ਤੇ ਬੰਨ੍ਹ ਬਨਾਉਣ ਦੀ ਵਕਾਲਤ ਕੀਤੀ।

ਇਸੇ ਤਰ੍ਹਾਂ ਮੁੰਬਈ ਵਿੱਚ ਮਾਨਸੂਨ ਆਉਣ ਤੋਂ ਪਹਿਲਾਂ ਮੌਸਮੀ ਬਿਮਾਰੀਆਂ ਜਿਵੇਂ ਟਾਈਫਾਈਡ 'ਤੇ ਉਨ੍ਹਾਂ ਦੀ ਰਿਸਰਚ ਬਹੁਤ ਹੀ ਕਾਰਗਰ ਸਾਬਿਤ ਹੋਈ। ਇਸਦੇ ਕਾਰਨ ਹਰ ਸਾਲ ਮਾਨਸੂਨ ਆਉਣ ਤੋਂ ਪਹਿਲਾਂ ਕਰੀਬ 500 ਲੋਕਾਂ ਦੀ ਜਾਨ ਬਚਾਈ ਜਾ ਸਕੀ।

ਉਨ੍ਹਾਂ ਉਸ ਵੇਲੇ ਦੀ ਮੁੰਬਈ ਦੀ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਨਾਨੇਘਾਟ ਤੋਂ ਹਰ ਮੌਸਮ ਵਿੱਚ ਖੁੱਲ੍ਹੀ ਰਹਿਣ ਵਾਲੀ ਸਿੱਧੀ ਸੜਕ, ਬਿਜਲੀ ਦੀਆਂ ਤਾਰਾਂ 'ਤੇ ਚਲਣ ਵਾਲੀ ਰੇਲ ਤੋਂ ਬਿਹਤਰ ਹੋਵੇਗੀ।

ਕਿਤਾਬ ਰਿਸਰਚ ਵਿੱਚ ਯਕੀਨ ਨਹੀਂ

ਡੀਡੀ ਕੋਸੰਬੀ ਅਜਿਹੇ ਵਿਦਵਾਨ ਸਨ, ਜਿਹੜੇ ਕਿਤਾਬੀ ਰਿਸਰਚ ਵਿੱਚ ਭਰੋਸਾ ਨਹੀਂ ਰੱਖਦੇ ਸਨ। ਉਨ੍ਹਾਂ ਦਾ ਮਕਸਦ ਇਹੀ ਹੁੰਦਾ ਸੀ ਕਿ ਉਨ੍ਹਾਂ ਦੀ ਜਾਣਕਾਰੀ ਨਾਲ ਜਨਤਾ ਦਾ ਭਲਾ ਹੋਵੇ।

Image copyright iStock
ਫੋਟੋ ਕੈਪਸ਼ਨ ਕਰੀਬ ਅੱਧੀ ਸਦੀ ਪਹਿਲਾਂ ਹੀ ਡੀਡੀ ਕੋਸੰਬੀ ਨੇ ਪਰਮਾਣੂ ਊਰਜਾ ਵਿੱਚ ਨਿਵੇਸ਼ ਦਾ ਵਿਰੋਧ ਕੀਤਾ

ਗਿਆਨ ਦੀ ਦੁਨੀਆਂ ਵਿੱਚ ਆਪਣਾ ਦਾਇਰਾ ਵਧਾਉਣ ਦੀ ਹਰ ਕੋਸ਼ਿਸ਼ ਪਿੱਛੇ ਡੀਡੀ ਕੋਸੰਬੀ ਦਾ ਮਕਸਦ ਇਹੀ ਹੁੰਦਾ ਸੀ ਕਿ ਕਿਵੇਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀਆਂ ਲੋੜਾਂ ਦਾ ਹੱਲ ਕੱਢਿਆ ਜਾਵੇ। ਇਸੇ ਕਾਰਨ ਉਹ ਰਾਸ਼ਟਰੀ-ਅੰਤਰਰਾਸ਼ਟਰੀ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਸਨ।

ਭਾਰਤ ਸਰਕਾਰ ਨੇ 2008 ਵਿੱਚ ਅਮਰੀਕਾ ਦੇ ਨਾਲ ਐਟਮੀ ਸਮਝੌਤਾ ਕੀਤਾ। ਇਸ ਤੋਂ ਕਰੀਬ ਅੱਧੀ ਸਦੀ ਪਹਿਲਾਂ ਹੀ ਡੀਡੀ ਕੋਸੰਬੀ ਨੇ ਪਰਮਾਣੂ ਊਰਜਾ ਵਿੱਚ ਨਿਵੇਸ਼ ਦਾ ਵਿਰੋਧ ਕੀਤਾ।

ਕੋਸੰਬੀ ਦਾ ਮੰਨਣਾ ਸੀ ਕਿ ਭਾਰਤ ਗ਼ਰੀਬ ਦੇਸ ਹੈ। ਅਜਿਹੇ ਵਿੱਚ ਉਸ ਨੂੰ ਸਿਰਫ਼ ਆਧੁਨਿਕ ਦਿਖਾਉਣ ਦੀ ਚਾਹਤ ਵਿੱਚ ਪਰਮਾਣੂ ਬਿਜਲੀ ਵਰਗੇ ਊਰਜਾ ਦੇ ਮਹਿੰਗੇ ਸਰੋਤ ਵਿੱਚ ਪੈਸੇ ਖ਼ਰਚ ਨਹੀਂ ਕਰਨੇ ਚਾਹੀਦੇ। ਉਹ ਉਸ ਸਮੇਂ ਵੀ ਸੂਰਜ ਦੀਆਂ ਕਿਰਨਾਂ ਤੋਂ ਬਿਜਲੀ ਬਣਾਉਣ ਦਾ ਬਦਲ ਆਪਨਾਉਣ ਦੀ ਜ਼ੋਰ-ਸ਼ੋਰ ਨਾਲ ਵਕਾਲਤ ਕਰਦੇ ਸਨ।

ਡੀਡੀ ਕੋਸੰਬੀ ਬਾਰੇ ਅਕਸਰ ਕਿਹਾ ਜਾਂਦਾ ਸੀ ਕਿ ਉਹ ਨਵੇਂ ਪ੍ਰਯੋਗ ਕਰਨ ਵਿੱਚ ਮਾਹਿਰ ਸਨ। ਉਹ ਗਣਿਤ ਦੇ ਸਿਧਾਂਤਾ ਜ਼ਰੀਏ ਅਕਸਰ ਸਮਾਜਿਕ ਵਿਗਿਆਨ ਦੀਆਂ ਪਹੇਲੀਆਂ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸਨ।

ਇਹ ਵੀ ਪੜ੍ਹੋ:

ਇਹੀ ਕਾਰਨ ਹੈ ਕਿ ਕੋਸੰਬੀ ਨੇ ਸਟੈਟਿਸਟਿਕਸ ਦੇ ਸਿਧਾਂਤਾਂ ਦੀ ਮਦਦ ਨਾਲ ਮੁਹਰ ਵਾਲੇ ਸਿੱਕਿਆਂ 'ਤੇ ਰਿਸਰਚ ਕੀਤੀ। ਕੋਸਾਂਬੀ ਨੇ ਕਰੀਬ 12 ਹਜ਼ਾਰ ਸਿੱਕਿਆਂ ਨੂੰ ਤੋਲ ਕੇ ਭਾਰਤ ਵਿੱਚ ਸਿੱਕਿਆਂ ਦੀ ਵਿਗਿਆਨਕ ਰਿਸਰਚ ਦੀ ਬੁਨਿਆਦ ਰੱਖੀ।

ਡੀਡੀ ਕੋਸੰਬੀ ਨੇ ਸਿੱਕਿਆਂ ਦੇ ਵਿਗਿਆਨ ਨੂੰ ਸਿੱਕੇ ਜਮ੍ਹਾਂ ਕਰਨ ਵਾਲਿਆਂ ਦੇ ਚੰਗੂਲ ਵਿੱਚੋਂ ਆਜ਼ਾਦ ਕਰਵਾਇਆ। ਕੋਸੰਬੀ ਦੀਆਂ ਕੋਸ਼ਿਸ਼ਾਂ ਦੀ ਹੀ ਨਤੀਜਾ ਸੀ ਕਿ ਦੇਸ ਨੇ ਸਿੱਕਿਆਂ ਨੂੰ ਪੁਰਾਤਨ ਪ੍ਰਤੀਕਾਂ ਦੇ ਨਾਲ-ਨਾਲ ਇਨ੍ਹਾਂ ਨੂੰ ਭਾਰਤ ਦੇ ਸਮਾਜਿਕ-ਆਰਥਿਕ ਇਤਿਹਾਸ ਨੂੰ ਸਮਝਣ ਦਾ ਜ਼ਰੀਆ ਵੀ ਮੰਨਿਆ।

Image copyright iStock
ਫੋਟੋ ਕੈਪਸ਼ਨ ਕੋਸੰਬੀ ਨੇ ਕਰੀਬ 12 ਹਜ਼ਾਰ ਸਿੱਕਿਆਂ ਨੂੰ ਤੋਲ ਕੇ ਭਾਰਤ ਵਿੱਚ ਸਿੱਕਿਆਂ ਦੀ ਵਿਗਿਆਨਕ ਰਿਸਰਚ ਦੀ ਬੁਨਿਆਦ ਰੱਖੀ

ਸਿੱਕਿਆਂ ਨੂੰ ਲੈ ਕੇ ਇਸ ਨਵੇਂ ਨਜ਼ਰੀਏ ਦੀ ਮਦਦ ਨਾਲ ਹੀ ਡੀਡੀ ਕੋਸੰਬੀ ਨੇ ਪ੍ਰਾਚੀਨ ਭਾਰਤ ਨੂੰ ਲੈ ਕੇ ਸਾਡੀ ਸਮਝ ਨੂੰ ਬਿਹਤਰ ਕੀਤਾ। ਕੋਸਾਂਬੀ ਨੇ ਗੁਪਤ ਵੰਸ਼ ਤੋਂ ਬਾਅਦ ਦੇ ਦੌਰ ਦੇ ਸਿੱਕਿਆਂ ਦੀ ਕਮੀ ਦੇ ਆਧਾਰ 'ਤੇ ਦੱਸਿਆ ਕਿ ਉਸ ਦੌਰ ਵਿੱਚ ਕਾਰੋਬਾਰ ਠੰਡਾ ਪੈ ਗਿਆ ਸੀ। ਸਿੱਕਿਆ ਦੀ ਕਮੀ ਦਾ ਮਤਲਬ ਸੀ ਕਿ ਉਸ ਦੌਰ ਵਿੱਚ ਪਿੰਡ ਆਰਥਿਕ ਰੂਪ ਤੋਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਰਹੇ ਸਨ।

ਗਣਿਤ ਤੋਂ ਸਮਾਜਿਕ ਗੁੱਥੀਆਂ ਤੱਕ

ਪ੍ਰਾਚੀਨ ਕਾਲ ਦੇ ਸਿੱਕਿਆਂ ਦੀ ਪੜਤਾਲ ਤੋਂ ਬਾਅਦ ਡੀਡੀ ਕੋਸੰਬੀ ਨੇ ਸਵਾਲ ਚੁੱਕਿਆ ਕਿ ਆਖ਼ਰ ਉਹ ਸਿੱਕੇ ਜਾਰੀ ਕਿਸ ਨੇ ਕੀਤੇ ਸੀ? ਇਸ ਸਵਾਲ ਦਾ ਜਵਾਬ ਲੱਭਣ ਲਈ ਜਦੋਂ ਉਨ੍ਹਾਂ ਨੇ ਤਮਾਮ ਸਰੋਤਾਂ ਜਿਵੇਂ ਪੁਰਾਣਾਂ, ਬੋਧ ਅਤੇ ਜੈਨ ਧਰਮ ਦੇ ਗ੍ਰੰਥਾਂ ਨੂੰ ਖੰਗਾਲਿਆਂ ਤਾਂ ਉਨ੍ਹਾਂ ਵਿੱਚ ਵੱਖ-ਵੱਖ ਜਾਣਕਾਰੀਆਂ ਮਿਲੀਆਂ।

ਹਰ ਗ੍ਰੰਥ ਵਿੱਚ ਇੱਕ ਹੀ ਰਾਜਾ ਦਾ ਵੱਖਰਾ ਨਾਮ ਮਿਲਿਆ। ਇਸ ਤੋਂ ਬਾਅਦ ਕੋਸੰਬੀ ਨੇ ਤੈਅ ਕੀਤਾ ਕਿ ਉਹ ਖ਼ੁਦ ਹੀ ਇਨ੍ਹਾਂ ਪ੍ਰਾਚੀਨ ਗ੍ਰੰਥਾਂ ਨੂੰ ਉਨ੍ਹਾਂ ਦੇ ਅਸਲੀ ਰੂਪ ਵਿੱਚ ਪੜ੍ਹਨਗੇ। ਇਸਦੇ ਲਈ ਜ਼ਰੂਰੀ ਸੀ ਕਿ ਉਹ ਸੰਸਕ੍ਰਿਤ ਭਾਸ਼ਾ ਨੂੰ ਸਿੱਖੇ।

Image copyright iStock
ਫੋਟੋ ਕੈਪਸ਼ਨ ਪੁਰਾਣਾਂ, ਬੋਧ ਅਤੇ ਜੈਨ ਧਰਮ ਦੇ ਗ੍ਰੰਥਾਂ ਨੂੰ ਖੰਗਾਲਣ 'ਤੇ ਕੋਸੰਬੀ ਨੂੰ ਵੱਖ-ਵੱਖ ਜਾਣਕਾਰੀਆਂ ਮਿਲੀਆਂ

ਹਾਲਾਂਕਿ ਖ਼ੁਦ ਕੋਸੰਬੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਂ ਸਿਰਫ਼ ਕੰਮ ਚਲਾਊ ਸੰਸਕ੍ਰਿਤ ਆਉਂਦੀ ਹੈ। ਸੰਸਕ੍ਰਿਤ ਦੀ ਸਮਝ ਤਾਂ ਉਨ੍ਹਾਂ ਨੂੰ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸੀ। ਪਰ ਆਪਣੇ ਪਿਤਾ ਤੋਂ ਇਲਾਵਾ ਵੀ.ਐਸ.ਸੁਥਾਂਕਰ ਦੇ ਨਾਲ ਮਿਲ ਕੇ ਕੋਸਾਂਬੀ ਨੇ ਸੰਸਕ੍ਰਿਤ ਤੋਂ ਇਲਾਵਾ ਪਾਲੀ ਅਤੇ ਪਰਾਕ੍ਰਿਤ ਭਾਸ਼ਾਵਾਂ ਵਿੱਚ ਵੀ ਮੁਹਾਰਤ ਹਾਸਲ ਕੀਤੀ।

ਸੰਸਕ੍ਰਿਤ ਸਾਹਿਤ 'ਤੇ ਕੋਸੰਬੀ ਦੀ ਪਕੜ ਅਤੇ ਪੜਤਾਲ ਦੀ ਬੁਨਿਆਦ ਉਨ੍ਹਾਂ ਦੀ ਮਾਰਕਸਵਾਦੀ ਸਮਾਜਿਕ ਅਤੇ ਸਿਆਸੀ ਵਿਚਾਰਧਾਰਾ ਸੀ। ਕੋਸੰਬੀ ਦਾ ਮੰਨਣਾ ਸੀ ਕਿ ਵਿਗਿਆਨ ਦੀ ਤਰ੍ਹਾਂ ਹੀ ਸਾਹਿਤ ਨੂੰ ਉਸਦੇ ਯੁਗ ਦੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਡੀਡੀ ਕੋਸੰਬੀ ਨੇ ਕਿਹਾ ਸੀ ਕਿ, 'ਵਰਗਾਂ ਵਿੱਚ ਵੰਡੇ ਸਮਾਜ ਦੇ ਕਵੀ ਨੂੰ ਸਿਰਫ਼ ਉੱਚੇ ਦਰਜੇ ਦੇ ਲੋਕਾਂ ਦੀ ਹੈਸੀਅਤ ਅਤੇ ਉਮੀਦਾਂ ਨੂੰ ਹੀ ਨਹੀਂ ਬਿਆਨ ਕਰਨਾ ਚਾਹੀਦਾ ਸਗੋਂ ਉਸ ਨੂੰ ਉਸ ਸਮਾਜ ਦੇ ਤਮਾਮ ਦਰਜਿਆਂ ਦੇ ਖਾਂਚੇ ਤੋਂ ਉੱਤੇ ਉੱਠ ਕੇ ਆਪਣੀ ਗੱਲ ਕਹਿਣੀ ਚਾਹੀਦੀ ਹੈ। ਭਾਵੇਂ ਹੀ ਉਹ ਗੱਲ ਨੂੰ ਖੁੱਲ੍ਹ ਕੇ ਕਹੇ ਜਾਂ ਘੁੰਮਾ ਫਿਰਾ ਕੇ।'

ਗ੍ਰੰਥਾਂ ਨੂੰ ਪੜ੍ਹਨ ਲਈ ਸਿੱਖੀ ਸੰਸਕ੍ਰਿਤ ਭਾਸ਼ਾ

ਡੀਡੀ ਕੋਸੰਬੀ ਨੇ ਸਿੱਕਿਆਂ ਦੇ ਵਿਗਿਆਨਕ ਅਧਿਐਨ 'ਤੇ ਜ਼ੋਰ ਦਿੱਤਾ ਤਾਂ ਸਾਹਿਤ ਵਿੱਚ ਸਮਾਜਿਕ ਭੇਦਭਾਵ ਦੀ ਪੜਤਾਲ ਦੀ ਗੱਲ ਵੀ ਕਹੀ। ਇਸੇ ਤਰ੍ਹਾਂ ਉਹ ਭਾਰਤ ਦੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਸਮਝਣ ਵਿੱਚ ਪੁਰਾਤਤਵ ਵਿਗਿਆਨ ਦੀ ਅਹਿਮੀਅਤ ਨੂੰ ਵੀ ਸਮਝਦੇ ਸਨ। ਇਸ ਲਈ ਉਨ੍ਹਾਂ ਨੇ ਪੁਰਾਤੱਤਵ ਵਿਗਿਆਨ ਦੇ ਖੇਤਰ ਵਿੱਚ ਵੀ ਬੇਸ਼ਕੀਮਤੀ ਯੋਗਦਾਨ ਦੇਣ ਦਾ ਕੰਮ ਕੀਤਾ।

Image copyright iStock
ਫੋਟੋ ਕੈਪਸ਼ਨ ਕੋਸੰਬੀ ਨੇ ਕਈ ਪ੍ਰਾਚੀਨ ਸ਼ਿਲਾਲੇਖਾਂ ਨੂੰ ਆਪਣੀ ਟਿੱਪਣੀ ਦੇ ਨਾਲ ਛਪਵਾਇਆ

ਪੂਣੇ ਵਿੱਚ ਡੀਡੀ ਕੋਸੰਬੀ ਨੇ ਇੱਕ ਵਿਸ਼ਾਲ ਪ੍ਰੀਹਿਸਟੋਰੀਕਲ ਪੱਥਰ ਅਤੇ ਛੋਟੇ-ਛੋਟੇ ਕਈ ਪੱਥਰਾਂ ਨੂੰ ਤਲਾਸ਼ ਕੇ ਇਕੱਠਾ ਕੀਤਾ। ਆਪਣੀ ਇਸ ਖੋਜ ਦੀ ਬੁਨਿਆਦ 'ਤੇ ਕੋਸਾਂਬੀ ਨੇ ਪ੍ਰਾਚੀਨ ਕਾਲ ਵਿੱਚ ਲੋਕਾਂ ਦੀ ਆਵਾਜਾਈ 'ਤੇ ਨਵੇਂ ਸਿਰ ਤੋਂ ਰੌਸ਼ਨੀ ਪਾਈ। ਕੋਸੰਬੀ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਅਸੀਂ ਮੱਧ ਭਾਰਤ ਅਤੇ ਦੱਖਣ ਵਿਚਾਲੇ ਪ੍ਰੀਹਿਸਟੋਰੀਕਲ ਕਾਲ ਦੇ ਸਬੰਧ ਨੂੰ ਜਾਣ ਸਕੇ।

ਕੋਸੰਬੀ ਨੇ ਜ਼ਮੀਨੀ ਰਿਸਰਚ ਤੋਂ ਪ੍ਰਾਚੀਨ ਕਾਲ ਦੇ ਕਾਰੋਬਾਰੀ ਰਸਤਿਆਂ ਦਾ ਪਤਾ ਲਗਾਇਆ। ਕੁਦਾ ਵਿੱਚ ਬੋਧ ਗੁਫਾਵਾਂ ਦੀ ਖੋਜ ਵੀ ਉਨ੍ਹਾਂ ਨੇ ਕੀਤੀ ਸੀ। ਇਸ ਤੋਂ ਇਲਾਵਾ ਕੋਸੰਬੀ ਨੇ ਕਈ ਪ੍ਰਾਚੀਨ ਸ਼ਿਲਾਲੇਖਾਂ ਨੂੰ ਆਪਣੀ ਟਿੱਪਣੀ ਦੇ ਨਾਲ ਛਪਵਾਇਆ।

ਇਹ ਵੀ ਪੜ੍ਹੋ:

ਪੁਰਾਤੱਤਵ ਵਿਗਿਆਨ ਦੇ ਖੇਤਰ ਵਿੱਚ ਬੇਸ਼ਕੀਮਤੀ ਯੋਗਦਾਨ

ਕੋਸੰਬੀ ਨੇ ਇਹ ਪੁਰਾਤੱਤਵ ਖੋਜਾਂ ਅੱਜ ਤੋਂ ਅੱਧੀ ਸਦੀ ਪਹਿਲਾਂ ਕੀਤੀਆਂ ਸੀ। ਇਸ ਵਿੱਚ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ ਅੱਜ ਉਨ੍ਹਾਂ ਦੀਆਂ ਬਹੁਤ ਸਾਰੀਆਂ ਖੋਜਾਂ ਅਤੇ ਉਨ੍ਹਾਂ ਦੇ ਸਿੱਟੇ ਪੁਰਾਣੇ ਹੋ ਚੁੱਕੇ ਹਨ। ਇਨ੍ਹਾਂ ਵਿੱਚ ਕਮੀਆਂ ਦੱਸ ਇਸ ਨੂੰ ਖਾਰਜ ਕੀਤਾ ਜਾਂਦਾ ਹੈ।

ਤਮਾਮ ਵਿਸ਼ਿਆਂ ਦੇ ਨਾਲ ਇਤਿਹਾਸਕ ਭੌਤਿਕਵਾਦ ਦੇ ਮੇਲ ਤੋਂ ਕੋਸੰਬੀ ਨੇ ਭਾਰਤੀ ਇਤਿਹਾਸ ਅਤੇ ਸੰਸਕ੍ਰਿਤ 'ਤੇ ਵਿਆਪਕ ਰੂਪ ਤੋਂ ਰਿਸਰਚ ਕੀਤੀ ਸੀ। ਉਨ੍ਹਾਂ ਦੀ ਇਸ ਮਿਹਨਤ ਦਾ ਸਬੂਤ ਹਨ ਉਹ ਸੈਂਕੜੇ ਲੇਖ, ਜਿਹੜੇ 1940 ਤੋਂ ਬਾਅਦ ਛਪੇ ਸਨ।

Image copyright iStock
ਫੋਟੋ ਕੈਪਸ਼ਨ ਕੋਸੰਬੀ ਨੇ ਆਪਣੀਆਂ ਕਿਤਾਬਾਂ ਜ਼ਰੀਏ ਆਧੁਨਿਕ ਭਾਰਤ ਵਿੱਚ ਇਤਿਹਾਸਕ ਲੇਖਣ ਦੀ ਠਹਿਰੀ ਹੋਈ ਅਤੇ ਦਿਖਾਉਣ ਵਾਲੀ ਪਰੰਪਰਾ ਨੂੰ ਜੜ੍ਹੋਂ ਹਿਲਾਉਣ ਦਾ ਕੰਮ ਕੀਤਾ ਹੈ

ਕੋਸੰਬੀ ਨੇ ਬਾਅਦ ਵਿੱਚ ਆਪਣੀ ਤਮਾਮ ਰਿਸਰਚ ਨੂੰ ਇਕੱਠਾ ਕਰਕੇ ਇਨ੍ਹਾਂ ਨੂੰ ਤਿੰਨ ਕਿਤਾਬਾਂ ਦੀ ਸ਼ਕਲ ਵਿੱਚ ਪ੍ਰਕਾਸ਼ਿਤ ਕੀਤਾ। ਇਨ੍ਹਾਂ ਦੇ ਨਾਮ ਹਨ ਸਟਡੀ ਆਫ਼ ਇੰਡੀਅਨ ਹਿਸਟਰੀ (1956), ਮਿਥ ਐਂਡ ਰਿਐਲਟੀ (1962) ਅਤੇ ਕਲਚਰ ਐਂਡ ਸਿਵੀਲਾਈਜ਼ੇਸ਼ਨ ਆਫ਼ ਐਨਸ਼ੀਏਂਟ ਇੰਡੀਆ ਇਨ ਹਿਸਟੋਰੀਕਲ ਆਊਟਲਾਈਨ (1965)। ਬਹੁਤ ਪ੍ਰਭਾਵੀ ਤਰੀਕੇ ਨਾਲ ਲਿਖੀਆਂ ਗਈਆਂ ਇਨ੍ਹਾਂ ਕਿਤਾਬਾਂ ਵਿੱਚ ਅਕਸਰ ਸਾਨੂੰ ਤੁਰਸ਼ ਜ਼ੁਬਾਨ ਦੀ ਵਰਤੋਂ ਦਿਖਦੀ ਹੈ।

ਪਰਵਾਸੀ ਕਾਲ ਵਿੱਚ ਭਾਰਤੀ ਇਤਿਹਾਸ ਨੂੰ ਧਾਰਮਿਕ ਨਜ਼ਰੀਏ ਨਾਲ ਪੇਸ਼ ਕੀਤਾ ਗਿਆ ਹੈ। ਬਾਅਦ ਵਿੱਚ ਰਾਸ਼ਟਰਵਾਦੀਆਂ ਨੇ ਪ੍ਰਾਚੀਨ ਭਾਰਤ ਦਾ ਹੋਰ ਵੀ ਮਹਿਮਾਮੰਡਨ ਕੀਤਾ।

ਕੋਸੰਬੀ ਨੇ ਆਪਣੀਆਂ ਕਿਤਾਬਾਂ ਜ਼ਰੀਏ ਆਧੁਨਿਕ ਭਾਰਤ ਵਿੱਚ ਇਤਿਹਾਸਕ ਲੇਖਣ ਦੀ ਠਹਿਰੀ ਹੋਈ ਅਤੇ ਦਿਖਾਉਣ ਵਾਲੀ ਪਰੰਪਰਾ ਨੂੰ ਜੜ੍ਹੋਂ ਹਿਲਾਉਣ ਦਾ ਕੰਮ ਕੀਤਾ ਹੈ।

(ਇਹ ਸੰਪਾਦਿਤ ਅੰਸ਼ ਪ੍ਰੋਫੈਸਰ ਡੀ ਐਨ ਝਾਅ ਵੱਲੋਂ ਲਿਖੀ ਗਈ ਕਿਤਾਬ 'ਗੇਂਸਟ ਦਿ ਗ੍ਰੇਨ' ਵਿੱਚੋਂ ਲਏ ਗਏ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)