ਇੰਜਨੀਅਰਿੰਗ ਦੀ ਪੜ੍ਹਾਈ ਵਿਚ ਛੱਡਣ ਵਾਲੇ ਮੁੰਡੇ ਨੇ ਕੁਝ ਮਿੰਟਾਂ 'ਚ ਚੋਰੀ ਕੀਤਾ ਟ੍ਰਾਈ ਮੁਖੀ ਦਾ ਡਾਟਾ

ਹੈਕਰ Image copyright VAIBHAV MANWANI
ਫੋਟੋ ਕੈਪਸ਼ਨ ਅਹਿਮਦਾਬਾਦ ਦੇ ਕਨਿਸ਼ਕ ਸੱਜਨ ਪ੍ਰੋਫੈਸ਼ਨਲ ਹੈਕਰ ਹਨ

ਟੈਲੀਕੌਮ ਰੈਗਿਊਲੇਟਰੀ ਅਥਾਰਟੀ ਆਫ ਇੰਡੀਆ ਦੇ ਮੁਖੀ ਆਰ ਐਸ ਸ਼ਰਮਾ ਦੀ ਕਥਿਤ ਨਿਜੀ ਜਾਣਕਾਰੀ ਲੀਕ ਹੋ ਚੁੱਕੀ ਹੈ।

ਸ਼ਰਮਾ ਨੇ ਟਵਿੱਟਰ 'ਤੇ ਆਪਣਾ ਆਧਾਰ ਕਾਰਡ ਦਾ ਨੰਬਰ ਪਾਇਆ ਸੀ ਅਤੇ ਉਨ੍ਹਾਂ ਦੀ ਨਿਜੀ ਜਾਣਕਾਰੀ ਚੁਰਾਉਣ ਦੀ ਖੁਲ੍ਹੀ ਚੁਣੌਤੀ ਦਿੱਤੀ ਸੀ।

ਇੱਕ ਹੈਕਰ ਨੇ ਇਹ ਚੁਣੌਤੀ ਲਈ ਅਤੇ ਕੁਝ ਹੀ ਮਿੰਟਾਂ ਵਿੱਚ ਟ੍ਰਾਈ ਮੁਖੀ ਦੀ ਨਿਜੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਲੀਕ ਕਰ ਦਿੱਤੀ।

ਇਹ ਵੀ ਪੜ੍ਹੋ:

ਉਨ੍ਹਾਂ ਲਿਖਿਆ, ''ਇਹ ਹੈ ਮੇਰਾ ਆਧਾਰ ਨੰਬਰ, ਹੁਣ ਮੈਨੂੰ ਨੁਕਸਾਨ ਪਹੁੰਚਾ ਕੇ ਦਿਖਾ ਸਕਦੇ ਹੋ?''

Image copyright Twitter

ਅਹਿਮਦਾਬਾਦ ਦੇ ਕਨਿਸ਼ਕ ਸਜਨਾਨੀ ਨੇ ਟਵੀਟ ਕਰਕੇ ਉਨ੍ਹਾਂ ਦਾ ਸਾਰੀ ਜਾਣਕਾਰੀ ਦੱਸ ਦਿੱਤੀ। ਕਨਿਸ਼ਕ ਉਹੀ ਹਨ ਜਿਨ੍ਹਾਂ ਨੇ ਨਵੀਂ ਦਿੱਲੀ ਤੋਂ ਸੈਨ ਫਰਾਂਸਿਸਕੋ ਦੀ ਏਅਰ ਇੰਡੀਆ ਦੀ ਬਿਜ਼ਨਸ ਕਲਾਸ ਟਿਕਟ ਸਿਰਫ ਇੱਕ ਰੁਪਏ ਵਿੱਚ ਬੁੱਕ ਕਰ ਦਿੱਤੀ ਸੀ।

ਡਾਟਾ ਚੋਰੀ ਕਰਨ ਵਾਲਿਆਂ ਨੇ ਸ਼ਰਮਾ ਦਾ ਪਰਸਨਲ ਅਤੇ ਆਫੀਸ਼ਿਅਲ ਮੋਬਾਈਲ ਨੰਬਰ, ਨਵੇਂ ਤੇ ਪੁਰਾਣੇ ਘਰ ਦਾ ਪਤਾ, ਜਨਮ ਦਿਨ ਦੀ ਤਾਰੀਕ, ਪੈਨ ਕਾਰਡ ਨੰਬਰ, ਵੋਟਰ ਕਾਰਡ ਨੰਬਰ, ਮੋਬਾਈਲ ਦਾ ਮਾਡਲ ਅਤੇ ਸਿਮ ਕਾਰਡ ਦੀ ਕੰਪਨੀ ਦਾ ਪਤਾ ਲੀਕ ਕਰ ਦਿੱਤਾ।

ਇਸ ਤੋਂ ਇਲਾਵਾ ਉਨ੍ਹਾਂ ਸ਼ਰਮਾ ਦੀ ਹਵਾਈ ਸਫਰ ਵਾਲਾ ਫਲਾਇਰ ਨੰਬਰ ਵੀ ਦੱਸ ਦਿੱਤਾ।

ਕੀ ਆਧਾਰ ਰਾਹੀਂ ਚੋਰੀ ਕੀਤੀ ਗਈ ਜਾਣਕਾਰੀ?

ਇਕੌਨਮਿਕ ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਇੱਕ ਸੀਨੀਅਰ ਸਰਕਾਰੀ ਅਫਸਰ ਨੇ ਕਿਹਾ, ''ਇਹ ਡਾਟਾ ਆਧਾਰ ਕਾਰਡ ਰਾਹੀਂ ਨਹੀਂ ਬਲਕੀ ਗੂਗਲ ਤੋਂ ਇਕੱਠਾ ਕੀਤਾ ਗਿਆ ਹੈ। ਆਧਾਰ ਦੇ ਵਿਰੋਧੀਆਂ ਵੱਲੋਂ ਇਹ ਇੱਕ ਸਾਜ਼ਿਸ਼ ਹੈ।''

ਪ੍ਰੋਫੈਸ਼ਨਲ ਹੈਕਰ ਕਨਿਕਸ਼ਕ ਨੇ ਬੀਬੀਸੀ ਨੂੰ ਦੱਸਿਆ, ''ਇੱਕ ਟਵਿੱਟਰ ਯੂਜ਼ਰ ਨੇ ਉਨ੍ਹਾਂ ਦਾ ਇੱਕ ਮੋਬਾਈਲ ਨੰਬਰ ਚੋਰੀ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਦਿੱਤਾ।''

''ਇੱਕ ਨੰਬਰ ਮਿਲਣ 'ਤੇ ਮੈਂ ਦੂਜਾ ਨੰਬਰ ਪਤਾ ਕਰ ਲਿਆ ਅਤੇ ਬਾਕੀ ਦੀ ਜਾਣਕਾਰੀ ਵੀ। ਪਤਾ ਅਤੇ ਜਨਮ ਦਿਨ ਦੀ ਜਾਣਕਾਰੀ ਤੋਂ ਮੈਂ ਹੈਕਿੰਗ ਰਾਹੀਂ ਵੋਟਰ ਆਈਡੀ ਨੰਬਰ ਵੀ ਪਤਾ ਕਰ ਲਿਆ।''

''ਫੇਰ ਮੈਂ ਪੈਨ ਕਾਰਡ ਨੰਬਰ ਪਤਾ ਕੀਤਾ ਅਤੇ ਫੇਰ ਹਵਾਈ ਸਫਰ ਵਾਲਾ ਫਲਾਇਰ ਨੰਬਰ। ਮੈਂ ਉਨ੍ਹਾਂ ਦੀ ਦੋ ਈਮੇਲ ਆਈਡੀਜ਼ ਰਾਹੀਂ ਇਹ ਜਾਣਕਾਰੀ ਇਕੱਠੀ ਕੀਤੀ।''

ਕਨਿਸ਼ਕ ਨੇ ਅੱਗੇ ਦੱਸਿਆ, ''ਸਰਕਾਰੀ ਵੈੱਬਸਾਈਟਸ ਵਿੱਚ ਕਾਫੀ ਕਮੀਆਂ ਹਨ ਜਿਸ ਕਾਰਨ ਇਹ ਜਾਣਕਾਰੀ ਆਸਾਨੀ ਨਾਲ ਮਿਲ ਸਕਦੀ ਹੈ। ਜਨਮਦਿਨ ਦੀ ਤਾਰੀਕ, ਈਮੇਲ ਦਾ ਪਤਾ ਅਤੇ ਮੋਬਾਈਲ ਨੰਬਰ ਦਾ ਪਤਾ ਲਗਾਉਣਾ ਬੇਹੱਦ ਸੌਖਾ ਹੈ।''

''ਹੋ ਸਕਦਾ ਹੈ ਕਿ ਸ਼ਰਮਾ ਦੀ ਹੋਰ ਵੀ ਨਿਜੀ ਜਾਣਕਾਰੀ ਕੋਈ ਚੋਰੀ ਕਰ ਰਿਹਾ ਹੋਵੇ ਪਰ ਅਜੇ ਤੱਕ ਉਹ ਸਾਹਮਣੇ ਨਹੀਂ ਆਇਆ।''

ਇਹ ਵੀ ਪੜ੍ਹੋ:

ਕਨਿਸ਼ਕ ਨੇ ਕਿਹਾ, ''ਆਧਾਰ ਡਾਟਾਬੇਸ ਵਿੱਚ ਕੁਝ ਕਮੀਆਂ ਹਨ, ਨਿੱਜੀ ਜਾਣਕਾਰੀ ਲੀਕ ਹੋਣ ਤੋਂ ਬਾਅਦ ਕੋਈ ਉਸਦਾ ਗਲਤ ਇਸਤੇਮਾਲ ਆਸਾਨੀ ਨਾਲ ਕਰ ਸਕਦਾ ਹੈ।''

''ਤੁਹਾਡੀ ਝੂਠੀ ਪ੍ਰੋਫਾਈਲ ਲਈ ਇਸ ਦਾ ਇਸਤੇਮਾਲ ਹੋ ਸਕਦਾ ਹੈ ਜੋ ਆਰਥਿਕ ਅਤੇ ਹੋਰ ਚੋਰੀਆਂ ਵਿੱਚ ਕੰਮ ਆ ਸਕਦਾ ਹੈ।''

''ਜੇ ਕੋਈ ਅੱਤਵਾਦੀ ਸੰਸਥਾ ਵੱਡੀ ਗਿਣਤੀ ਵਿੱਚ ਡਾਟਾ ਚੋਰੀ ਕਰਦੀ ਹੈ ਤਾਂ ਇਹ ਦੇਸ ਲਈ ਸੁਰੱਖਿਆ ਦਾ ਮੁੱਦਾ ਵੀ ਬਣ ਸਕਦਾ ਹੈ।''

''ਡਾਟਾ ਚੋਰੀ ਨਹੀਂ ਹੋਇਆ''

ਕਨਿਸ਼ਕ ਤਾਂ ਹੈਕਿੰਗ ਦਾ ਦਾਅਵਾ ਕਰਦੇ ਹਨ ਪਰ ਸ਼ਰਮਾ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਪਹਿਲਾਂ ਹੀ ਜਨਤਕ ਤੌਰ 'ਤੇ ਉਪਲੱਬਧ ਸੀ।

ਨਾਲ ਹੀ ਸ਼ਰਮਾ ਨੇ ਹਾਲੇ ਤੱਕ ਇਹ ਵੀ ਨਹੀਂ ਦੱਸਿਆ ਹੈ ਕਿ ਲੀਕ ਹੋਈ ਜਾਣਕਾਰੀ ਸਹੀ ਹੈ ਜਾਂ ਗਲਤ?

ਕਈ ਯੂਜ਼ਰਜ਼ ਨੇ ਇਸ ਲਈ ਸ਼ਰਮਾ ਨੂੰ ਟ੍ਰੋਲ ਵੀ ਕੀਤਾ। ਵਿਜੇ ਮੂਰਥੀ ਨੇ ਲਿਖਿਆ, ''ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵਿਖਾਉਣਾ ਚਾਹੁੰਦੇ ਹੋ ਕਿ ਤੁਹਾਡਾ ਡਾਟਾ ਚੋਰੀ ਨਹੀਂ ਹੋ ਸਕਦਾ?''

ਸ਼ਰਮਾ ਨੇ ਜਵਾਬ ਦਿੱਤਾ, ''ਮੈਂ ਕੁਝ ਵੀ ਸਾਬਤ ਨਹੀਂ ਕਰਨਾ ਚਾਹੁੰਦਾ, ਬਸ ਇਹੀ ਦੱਸਣਾ ਚਾਹੁੰਦਾ ਕਿ ਮੇਰੇ ਆਧਾਰ ਨੰਬਰ ਰਾਹੀਂ ਤੁਸੀਂ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ।''

ਆਧਾਰ ਵਿੱਚ ਕੀ ਕਮੀਆਂ?

ਕਨਿਸ਼ਕ ਮੁਤਾਬਕ ਆਧਾਰ ਡਾਟਾਬੇਸ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ, ''ਭਾਰਤੀ ਸਰਕਾਰ ਨੂੰ ਬੱਗ(ਵਾਇਰਸ) ਨੂੰ ਲੱਭਣ ਵਾਲਾ ਪ੍ਰੋਗਰਾਮ ਸ਼ੁਰੂ ਕਰਨਾ ਚਾਹੀਦਾ ਹੈ।''

''ਡਾਟਾ ਦੀ ਸੁਰੱਖਿਆ ਹੋਰ ਕੜੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੀਦਾ।''

ਕਨਿਸ਼ਕ ਨੇ ਇਨਜੀਨਿਅਰਿੰਗ ਦੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ। ਹੈਕਿੰਗ ਦੀ ਪੜ੍ਹਾਈ ਉਨ੍ਹਾਂ ਆਨਲਾਈਨ ਕੀਤੀ ਅਤੇ ਹੌਲੀ ਹੌਲੀ ਕੰਪਨੀਆਂ ਦੀਆਂ ਵੈੱਬਸਾਈਟਸ ਵਿੱਚ ਕਮੀਆਂ ਕੱਢਣ ਲੱਗੇ।

Image copyright Getty Images

ਉਨ੍ਹਾਂ ਭਾਰਤੀ ਰੇਲਵੇ ਸਿਸਟਮ ਦੀ ਕੇਟਰਿੰਗ ਵਿੱਚ ਗਲਤੀ ਕੱਢੀ, ਸਿਰਫ਼ ਤਿੰਨ ਰੁਪਏ ਦਾ ਕੜ੍ਹਾਈ ਚਿਕਨ ਆਰਡਰ ਕੀਤਾ।

ਕਨਿਸ਼ਕ ਮੁਤਾਬਕ ਉਹ ਕੰਪਨੀਆਂ ਨੂੰ ਕਮੀਆਂ ਵਿਖਾਉਣ ਲਈ ਅਜਿਹੇ ਕੰਮ ਕਰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਗੂਗਲ ਵੱਲੋਂ ਆਨਲਾਈਨ ਕੋਰਸ ਲਈ ਸਕੌਲਰਸ਼ਿੱਪ ਵੀ ਮਿਲੀ। ਉਨ੍ਹਾਂ ਮੁਤਾਬਕ ਇਹ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ।

ਉਨ੍ਹਾਂ ਕਿਹਾ, ''ਭਾਰਤ ਵਿੱਚ ਹਾਲੇ ਇਸ ਬਾਰੇ ਜਾਗਰੂਕਤਾ ਨਹੀਂ ਹੈ। ਜੇ ਤੁਸੀਂ ਰੂਸ ਅਤੇ ਅਮਰੀਕਾ ਵਿੱਚ ਹੋਣ ਵਾਲੇ ਘਟਨਾਵਾਂ ਬਾਰੇ ਪੜ੍ਹੋਗੇ ਤਾਂ ਇਸ ਮੁੱਦੇ ਦੀ ਗੰਭੀਰਤਾ ਦਾ ਪਤਾ ਲੱਗੇਗਾ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ