ਲੋਕਾਂ ਨੂੰ ਨੂੰਹ ਜਾਂ ਵਹੁਟੀ ਚਾਹੀਦੀ ਹੈ ਜਾਂ ਬਿਊਟੀ ਕੁਈਨ : ਬਲਾਗ

  • ਵੰਦਨਾ
  • ਬੀਬੀਸੀ ਟੀਵੀ ਐਡੀਟਰ (ਭਾਰਤੀ ਭਾਸ਼ਾਵਾਂ)
ਵਹੁਟੀ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਮੈਟਰੀਮੋਨੀਅਲ ਇਸ਼ਤਿਹਾਰਾਂ ਦੀ ਭਾਸ਼ਾ ਅੱਜ ਵੀ ਉਸੇ ਤਰ੍ਹਾਂ ਦੀ ਹੈ ਜਿਵੇਂ 20-25 ਸਾਲ ਪਹਿਲਾਂ ਹੁੰਦੀ ਸੀ

ਇਹ ਉਸ ਦੌਰ ਦੀ ਗੱਲ ਹੈ ਜਦੋਂ ਸਕੂਲ ਜਾਂ ਕਾਲਜ ਵਿੱਚ ਕੰਪਿਊਟਰ ਮੁਸ਼ਕਿਲ ਨਾਲ ਹੀ ਮਿਲਦੇ ਸਨ। ਇੱਕ ਵਾਰ ਮਿਲਿਆ ਤਾਂ ਮੈਂ ਬੀਬੀਸੀ ਦੀ ਵੈੱਬਸਾਈਟ ਦੇ ਉਸ ਪੇਜ 'ਤੇ ਜਾ ਪੁੱਜੀ ਜਿੱਥੇ 1998 ਵਿੱਚ ਭਾਰਤ 'ਚ ਬੀਬੀਸੀ ਪੱਤਰਕਾਰ ਮਾਰਕ ਵੁਲਰਿਜ ਨੇ ਭਾਰਤ ਵਿੱਚ ਮੈਟਰੀਮੋਨੀਅਲ ਇਸ਼ਤਿਹਾਰਾਂ 'ਤੇ ਕੁਝ ਲਿਖਿਆ ਸੀ।

ਇਸ ਲੇਖ ਮੁਤਾਬਕ ਮੁੰਡੇ ਨੇ ਵਿਆਹ ਦੇ ਇਸ਼ਤਿਹਾਰ ਵਿੱਚ ਆਪਣੀ ਤਾਰੀਫ਼ ਕੁਝ ਇਸ ਤਰ੍ਹਾਂ ਕੀਤੀ ਸੀ, ''ਕੁਆਰਾ ਅਤੇ ਵਰਜਨ ਮੁੰਡਾ, ਉਮਰ 39 ਸਾਲ ਪਰ ਦੇਖਣ ਵਿੱਚ ਸੱਚੀ 30 ਦਾ ਲਗਦਾ ਹਾਂ, 180 ਸੈਂਟੀਮੀਟਰ ਕੱਦ, ਰੰਗ ਗੋਰਾ, ਬੇਹੱਦ ਖ਼ੂਬਸੂਰਤ, ਸ਼ਾਕਾਹਾਰੀ, ਸ਼ਰਾਬ ਅਤੇ ਸਿਗਰਟ ਨਾ ਪੀਣ ਵਾਲਾ, ਅਮਰੀਕਾ ਜਾ ਚੁੱਕਿਆ ਹਾਂ, ਆਸਾਰ ਹੈ ਕਿ ਜਲਦੀ ਹੀ ਮਸ਼ਹੂਰ ਹੋ ਜਾਵਾਂਗਾ, ਸਾਊਥ ਦਿੱਲੀ ਵਿੱਚ ਇੱਕ ਵੱਡੀ ਕੋਠੀ ਵੀ ਹੈ।"

ਅਤੇ ਹੋਣ ਵਾਲੀ ਲਾੜੀ ਤੋਂ ਸਿਰਫ਼ ਐਨੀ ਹੀ ਉਮੀਦ ਸੀ- ਸਲਿੱਮ, ਬਹੁਤ ਹੀ ਸੋਹਣੀ ਕੁੜੀ ਅਤੇ ਉਮਰ 30 ਸਾਲ ਤੋਂ ਘੱਟ।

ਇਹ 20 ਸਾਲ ਪੁਰਾਣਾ ਇਸ਼ਤਿਹਾਰ ਹੈ ਪਰ ਮੈਟਰੀਮੋਨੀਅਲ ਇਸ਼ਤਿਹਾਰਾਂ ਦੀ ਭਾਸ਼ਾ ਅੱਜ ਵੀ ਉਸੇ ਤਰ੍ਹਾਂ ਦੀ ਹੈ ਜਿਵੇਂ 20-25 ਸਾਲ ਪਹਿਲਾਂ ਹੁੰਦੀ ਸੀ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Facebook

ਤਸਵੀਰ ਕੈਪਸ਼ਨ,

ਵੈੱਬਸਾਈਟ 'ਤੇ ਵਹੁਟੀਆਂ ਦੀ ਕੈਟੇਗਰੀ ਵੀ ਹੈ-ਘਰੇਲੂ, ਆਗਿਆਕਾਰੀ, ਬਚਤ-ਫੋਕਸਡ ਆਦਿ

ਪਿਛਲੇ ਹਫ਼ਤੇ ਅਜਿਹਾ ਹੀ ਇਸ਼ਤਿਹਾਰ ਬੈਂਗਲੁਰੂ ਵਿੱਚ ਵਿਆਹ ਕਰਵਾਉਣ ਵਾਲੀ ਇੱਕ ਸੰਸਥਾ ਨੇ ਛਾਪਿਆ। ਇਸ ਵਿੱਚ ਵਿਆਹ ਕਰਨ ਦੀ ਇੱਛਾ ਰੱਖਣ ਵਾਲੇ ਅਜਿਹੇ ਮੁੰਡੇ-ਕੁੜੀਆਂ ਨੂੰ ਬੁਲਾਇਆ ਗਿਆ ਜਿਹੜੇ ਜ਼ਿੰਦਗੀ ਵਿੱਚ ਬਹੁਤ 'ਸਫ਼ਲ' ਹਨ- ਅਤੇ ਕੁੜੀਆਂ ਲਈ ਸਫ਼ਲ ਹੋਣ ਦਾ ਪੈਮਾਨਾ ਸੀ ਸੋਹਣਾ ਹੋਣਾ। ਵਿਰੋਧ ਤੋਂ ਬਾਅਦ ਇਸਦੇ ਲਈ ਮਾਫ਼ੀ ਮੰਗੀ ਗਈ।

ਸੁੰਦਰ-ਸੁਸ਼ੀਲ-ਸਲਿੱਮ-ਘਰੇਲੂ-ਕਮਾਊ

ਇਸ ਤੋਂ ਪਹਿਲਾਂ ਕਿ ਗੱਲਾਂ ਦਾ ਸਿਲਸਿਲਾ ਸ਼ੁਰੂ ਹੋਵੇ, ਇੱਕ ਕਨਫ਼ੈਸ਼ਨ-ਮੈਨੂੰ ਮੈਟਰੀਮੋਨੀਅਲ ਐਡ ਯਾਨਿ ਵਿਆਹ ਲਈ ਅਖ਼ਬਾਰਾਂ ਵਿੱਚ ਆਉਣ ਵਾਲੇ ਇਸ਼ਤਿਹਾਰਾਂ 'ਤੇ ਗੁੱਸਾ ਆਉਂਦਾ ਰਿਹਾ ਹੈ।

ਸਹੀ ਕਹਾਂ ਤਾਂ ਵਿਆਹ ਦੇ ਇਸ਼ਤਿਹਾਰਾਂ 'ਤੇ ਗੁੱਸਾ ਨਹੀਂ ਆਉਂਦਾ। ਗੁੱਸਾ ਉਨ੍ਹਾਂ ਲਾਈਨਾਂ 'ਤੇ ਆਉਂਦਾ ਹੈ ਜਿਸ ਵਿੱਚ ਵਿਆਹ ਯੋਗ ਕੁੜੀਆਂ ਵਿੱਚ ਪਾਏ ਜਾਣ ਵਾਲੇ ਗੁਣਾਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਯਾਨਿ ਕੁੜੀ ਸੁੰਦਰ-ਸੁਸ਼ੀਲ-ਸਲਿੱਮ-ਘਰੇਲੂ-ਕਮਾਊ (ਹੋਰ ਵੀ ਪਤਾ ਨਹੀਂ ਕੀ-ਕੀ) ਹੋਣੀ ਚਾਹੀਦੀ ਹੈ।

ਪਿਛਲੇ 20 ਸਾਲਾਂ ਤੋਂ ਵਿਆਹ ਦੇ ਇਸ਼ਤਿਹਾਰਾਂ ਵਿੱਚ ਬਦਲਾਅ ਤਾਂ ਜ਼ਰੂਰ ਆਇਆ ਹੈ-ਜਦੋਂ ਅਖ਼ਬਾਰ ਹੀ ਨਹੀਂ, ਮਾਂ-ਬਾਪ ਵੀ ਵੈੱਬਸਾਈਟਾਂ 'ਤੇ ਇਸ਼ਤਿਹਾਰ ਦੇਣ ਲੱਗ ਗਏ ਹਨ। ਇਸ ਵਿੱਚ ਮੁੰਡੇ-ਕੁੜੀ ਦੋਵਾਂ ਦੀ ਫੋਟੋ ਦਿੱਤੀ ਹੁੰਦੀ ਹੈ।

ਤਸਵੀਰ ਸਰੋਤ, MySonikudi.com

ਤਸਵੀਰ ਕੈਪਸ਼ਨ,

ਇੱਕ ਮੈਟਰੀਮੋਨੀਅਲ ਵੈੱਬਸਾਈਟ ਦਾ ਇਸ਼ਤਿਹਾਰ

ਕੁੜੀ ਦੀ ਫੋਟੋ ਸੂਟ-ਸਾੜੀ ਅਤੇ ਜੀਂਸ-ਸਕਰਟ ਵਾਲੀ ਹੁੰਦੀ ਹੈ। ਪਰ ਕੁੜੀਆਂ ਨੂੰ ਸੁੰਦਰ, ਸੁਸ਼ੀਲ ਅਤੇ ਸਲਿੱਮ ਤੋਂ ਛੁਟਕਾਰਾ ਹੁਣ ਤੱਕ ਨਹੀਂ ਮਿਲਿਆ ਹੈ। ਜਦਕਿ ਪਹਿਲਾਂ ਤੋਂ ਉਲਟ ਅੱਜ-ਕੱਲ੍ਹ ਦੇ ਜ਼ਮਾਨੇ ਵਿੱਚ ਮੁੰਡੇ ਅਤੇ ਕੁੜੀ ਦੋਵਾਂ ਤੋਂ ਕਮਾਊ ਹੋਣ ਦੀ ਉਮੀਦ ਰੱਖੀ ਜਾਂਦੀ ਹੈ।

ਇੱਕ ਮੈਟਰੀਮੋਨੀਅਲ ਵੈੱਬਸਾਈਟ ਦੀ ਤਾਂ ਟੈਗਲਾਈਨ ਹੀ ਇਹੀ ਹੈ-'ਪਰਫ਼ੈਕਟ ਮੇਡ ਟੂ ਆਰਡਰ ਦੁਲਹਨ' ਦੀ ਤੁਹਾਡੀ ਖੋਜ ਹੁਣ ਖ਼ਤਮ ਹੋਈ ਅਤੇ 'ਦੁਲਹਨ ਜੋ ਆਪਕੀ ਹਰ ਕਸੌਟੀ ਪਰ ਖਰੀ ਉਤਰੇਗੀ'।

ਇਹ ਵੀ ਪੜ੍ਹੋ:

ਮੰਨੋ ਲਾੜੀ ਨਾ ਹੋਵੇ ਕੋਈ ਫੈਸ਼ਨੇਬਲ ਡਿਜ਼ਾਈਨਰ ਗੁੱਡੀ ਹੋਵੇ ਜਿਸ ਨੂੰ ਗਾਹਕ ਦੀ ਲੋੜ ਦੇ ਹਿਸਾਬ ਨਾਲ ਤਿਆਰ ਕੀਤਾ ਜਾਂਦਾ ਹੋਵੇ।

ਐਨਾ ਹੀ ਨਹੀਂ ਵੈੱਬਸਾਈਟ 'ਤੇ ਵਹੁਟੀਆਂ ਦੀ ਕੈਟੇਗਰੀ ਵੀ ਹੈ-ਘਰੇਲੂ, ਆਗਿਆਕਾਰੀ, ਬਚਤ-ਫੋਕਸਡ, ਲੋਅ-ਮੇਨਟੇਨਸ, ਐਨਆਰਆਈ ਰੇਡੀ, 5 ਸਟਾਰ ਦੇ ਤੌਰ ਤਰੀਕਿਆਂ ਵਾਲੀ ਆਦਿ।

ਇਹ ਇਸ਼ਤਿਹਾਰ ਦੇਣ ਵਾਲੇ ਕੋਈ ਹੋਰ ਨਹੀਂ। ਸਾਡੇ-ਤੁਹਾਡੇ ਜਾਣ-ਪਛਾਣ ਵਾਲੇ ਲੋਕ, ਦੋਸਤ ਅਤੇ ਰਿਸ਼ਤੇਦਾਰ ਹੁੰਦੇ ਹਨ।

ਤਸਵੀਰ ਸਰੋਤ, MySonikudi.com

ਤਸਵੀਰ ਕੈਪਸ਼ਨ,

ਮੈਟਰੀਮੋਨੀਅਲ ਵੈੱਬਸਾਈਟਾਂ ਕਈ ਤਰ੍ਹਾਂ ਦੀਆਂ ਟੈਗਲਾਈਨਾਂ ਦਿੰਦੀਆਂ ਹਨ।

ਮੈਟਰੀਮੋਨੀਅਲ ਇਸ਼ਤਿਹਾਰਾਂ ਦੀ ਭਾਸ਼ਾ

ਆਕਸਫੋਰਡ ਡਿਕਸ਼ਨਰੀ ਮੁਤਾਬਕ ਮੈਰਿਜ ਯਾਨਿ ਵਿਆਹ ਦੀ ਪਰਿਭਾਸ਼ਾ ਹੈ- ਪਾਰਟਨਰ ਦੇ ਰੂਪ ਵਿੱਚ ਦੋ ਅਜਿਹੇ ਲੋਕਾਂ ਦਾ ਮਿਲਣ ਜੋ ਕਾਨੂੰਨੀ ਜਾਂ ਅਧਿਕਾਰਤ ਰੂਪ ਤੋਂ ਮਾਨਤਾ ਪ੍ਰਾਪਤ ਹੋਵੇ।

ਪਰ ਇਨ੍ਹਾਂ ਮੈਟਰੀਮੋਨੀਅਲ ਇਸ਼ਤਿਹਾਰਾਂ ਦੀ ਭਾਸ਼ਾ ਵੇਖੀਏ ਤਾਂ ਇਨ੍ਹਾਂ ਦੇ ਆਧਾਰ 'ਤੇ ਹੋਏ ਇਹ ਵਿਆਹ ਮਾਨਤਾ ਪ੍ਰਾਪਤ ਤਾਂ ਹੋ ਜਾਂਦੇ ਹਨ ਪਰ ਕੀ ਇਨ੍ਹਾਂ ਲੋਕਾਂ ਨੂੰ ਇੱਕ ਬਰਾਬਰ ਪਾਰਟਨਰ ਦਾ ਦਰਜਾ ਮਿਲਦਾ ਹੋਇਆ ਦਿਖਾਈ ਦਿੰਦਾ ਹੈ?

ਜਿੱਥੇ ਵਿਆਹ ਤੋਂ ਪਹਿਲਾਂ ਹੀ ਰਿਸ਼ਤੇ ਦੀ ਸ਼ੁਰੂਆਤ ਗ਼ੈਰ-ਬਰਾਬਰੀ ਤੋਂ ਹੁੰਦੀ ਵਿਖਾਈ ਦਿੰਦੀ ਹੈ ਕਿਉਂਕਿ ਮੁੰਡੇ ਅਤੇ ਕੁੜੀ ਨੂੰ ਵਿਆਹ ਤੋਂ ਪਹਿਲਾਂ ਹੀ ਇਸ਼ਤਿਹਾਰਾਂ ਵਿੱਚ ਬਿਲਕੁਲ ਵੱਖ-ਵੱਖ ਤੱਕੜੀਆਂ 'ਚ ਤੋਲਿਆਂ ਜਾਂਦਾ ਹੈ।

ਤਸਵੀਰ ਸਰੋਤ, MySonikudi.com

ਸ਼ਾਇਦ ਇਸੇ ਤਰ੍ਹਾਂ ਦੇ ਇਸ਼ਤਿਹਾਰਾਂ 'ਤੇ ਆਪਣਾ ਵਿਰੋਧ ਜਤਾਉਣ ਲਈ 2015 ਵਿੱਚ 24 ਸਾਲਾ ਇੰਦੂਜਾ ਪਿਲੱਈ ਨੇ ਆਪਣੇ ਮਾਤਾ-ਪਿਤਾ ਵੱਲੋਂ ਛਪਵਾਏ ਇਸ਼ਤਿਹਾਰ ਖ਼ਿਲਾਫ਼ ਆਪਣਾ ਵੱਖਰਾ ਇਸ਼ਤਿਹਾਰ ਛਪਵਾ ਦਿੱਤਾ ਸੀ।

ਇੰਦੂਜਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਲਈ ਮੈਟਰੀਮੋਨੀਅਲ ਇਸ਼ਤਿਹਾਰ ਛਪਵਾ ਰਹੇ ਸਨ। ਪਰ ਉਨ੍ਹਾਂ ਨੂੰ ਇਸ ਗੱਲ 'ਤੇ ਇਤਰਾਜ਼ ਸੀ ਕਿ ਇਸ ਇਸ਼ਤਿਹਾਰ ਵਿੱਚ ਜਿਹੜੀ ਇੰਦੂਜਾ ਸੀ ਉਹ ਅਸਲ ਵਿੱਚ ਅਜਿਹੀ ਨਹੀਂ ਸੀ।

ਨੌਜਵਾਨਾਂ ਨੂੰ ਇਸ਼ਤਿਹਾਰਾਂ 'ਤੇ ਇਤਰਾਜ਼

ਆਪਣੇ ਖ਼ੁਦ ਦੇ ਲਿਖੇ ਇਸ਼ਤਿਹਾਰ ਵਿੱਚ ਇੰਦੂਜਾ ਨੇ ਲਿਖਿਆ ਸੀ-"ਮੈਂ ਕੋਈ ਸਾਫਟਵੇਅਰ ਇੰਜੀਨੀਅਰ ਨਹੀਂ ਹਾਂ, ਮੈਂ ਚਸ਼ਮਾ ਲਗਾਉਂਦੀ ਹਾਂ ਅਤੇ ਇਸ ਨੂੰ ਲਗਾ ਕੇ ਥੋੜ੍ਹੀ ਅਨਫੈਸ਼ਨੇਬਲ ਲਗਦੀ ਹਾਂ, ਮੈਨੂੰ ਟੀਵੀ ਦੇਖਣਾ ਪਸੰਦ ਨਹੀਂ ਹੈ, ਮੈਂ ਕਦੇ ਆਪਣੇ ਵਾਲ ਲੰਬੇ ਨਹੀਂ ਕਰਾਂਗੀ, ਮੈਂ ਹਮੇਸ਼ਾ ਲਈ ਸਾਥ ਦੇਣ ਵਾਲਿਆਂ ਵਿੱਚੋਂ ਹਾਂ।"

ਤਸਵੀਰ ਸਰੋਤ, INDHUJA PILLAI

ਤਸਵੀਰ ਕੈਪਸ਼ਨ,

ਇੰਦੂਜਾ ਨੂੰ ਇਸ ਗੱਲ 'ਤੇ ਇਤਰਾਜ਼ ਸੀ ਕਿ ਇਸ ਇਸ਼ਤਿਹਾਰ ਵਿੱਚ ਜਿਹੜੀ ਇੰਦੂਜਾ ਸੀ ਉਹ ਅਸਲ ਵਿੱਚ ਅਜਿਹੀ ਨਹੀਂ ਸੀ

ਸ਼ਾਇਦ ਇਸੇ ਜਾਲ ਤੋਂ ਬਚਣ ਲਈ 28 ਸਾਲਾ ਜਿਯੋਤੀ ਨੇ ਵੀ ਕੁਝ ਮਹੀਨੇ ਪਹਿਲਾਂ ਸਿੱਧਾ ਫੇਸਬੁੱਕ 'ਤੇ ਆਪਣਾ ਸੰਦੇਸ਼ ਲਿਖਿਆ- "ਮੈਂ ਕੁਆਰੀ ਹਾਂ। ਮੇਰੇ ਦੋਸਤ, ਕਿਸੇ ਨੂੰ ਜਾਣਦੇ ਹੋ ਤਾਂ ਦੱਸੋ। ਮੇਰੀ ਕੋਈ ਮੰਗ ਨਹੀਂ ਹੈ। ਜਾਤ ਅਤੇ ਕੁੰਡਲੀ ਮੇਰੇ ਲਈ ਮਾਅਨੇ ਨਹੀਂ ਰੱਖਦੀ। ਮੇਰੇ ਮਾਤਾ-ਪਿਤਾ ਇਸ ਦੁਨੀਆਂ ਵਿੱਚ ਨਹੀਂ ਹਨ। ਮੈਂ ਫੈਸ਼ਨ ਡਿਜ਼ਾਈਨਿੰਗ ਵਿੱਚ ਬੀਐਸਸੀ ਕੀਤੀ ਹੈ। ਮੇਰੀ ਉਮਰ 28 ਸਾਲ ਹੈ।"

ਅਪ੍ਰੈਲ ਵਿੱਤ ਜਿਯੋਤੀ ਦੀ ਇਹ ਪੋਸਟ ਇੰਟਰਨੈੱਟ 'ਤੇ ਵਾਇਰਲ ਹੋ ਗਈ ਜਿਸ ਨੂੰ 6100 ਲੋਕਾਂ ਨੇ ਸ਼ੇਅਰ ਕੀਤਾ ਅਤੇ ਕਰੀਬ 5000 ਲੋਕਾਂ ਨੇ ਉਨ੍ਹਾਂ ਦੀ ਪੋਸਟ 'ਤੇ ਕੁਮੈਂਟ ਕੀਤਾ।

ਜਦੋਂ ਮੈਂ ਜਿਯੋਤੀ ਨੂੰ ਸਰਚ ਕਰਦੀ ਹੋਈ ਫੇਸਬੁੱਕ 'ਤੇ ਪਹੁੰਚੀ ਤਾਂ ਦੇਖਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਨ੍ਹਾਂ ਨੇ ਆਪਣੇ ਵਿਆਹ ਦੀ ਫ਼ੋਟੋ ਪੋਸਟ ਕੀਤੀ ਹੋਈ ਸੀ।

ਤਸਵੀਰ ਸਰੋਤ, FACEBOOK/jyothi.fashiondesigner

ਕੁਝ ਅਜਿਹਾ ਹੀ 34 ਸਾਲਾ ਰਜਨੀਸ਼ ਮੰਜੇਰੀ ਨੇ ਵੀ ਪਿਛਲੇ ਸਾਲ ਕੀਤਾ ਸੀ।

ਉਂਝ ਡੂੰਘਾਈ ਨਾਲ ਦੇਖਿਆ ਜਾਵੇ ਤਾਂ ਅਖ਼ਬਾਰਾਂ ਅਤੇ ਵੈੱਬਸਾਈਟ 'ਤੇ ਛਪਣ ਵਾਲੇ ਵਿਆਹ ਦੇ ਇਨ੍ਹਾਂ ਇਸ਼ਤਿਹਾਰਾਂ ਦੀ ਭਾਸ਼ਾ ਸਮਾਜ ਦੀ ਉਸ ਮਾਨਸਿਕਤਾ ਦਾ ਹੀ ਤਾਂ ਅਕਸ ਹੈ, ਜਿਹੜਾ ਅੱਜ ਵੀ ਪੂਰੀ ਤਰ੍ਹਾਂ ਰੂੜੀਵਾਦ ਦੇ ਜਕੜ ਤੋਂ ਆਜ਼ਾਦ ਨਹੀਂ ਹੋ ਸਕਿਆ ਹੈ।

ਤਸਵੀਰ ਸਰੋਤ, FACEBOOK/jyothi.fashiondesigner

ਤਸਵੀਰ ਕੈਪਸ਼ਨ,

ਜਿਯੋਤੀ ਵੱਲੋਂ ਫੇਸਬੁੱਕ 'ਤੇ ਪਾਈ ਘੀ ਪੋਸਟ ਕਾਫ਼ੀ ਵਾਇਰਲ ਹੋਈ ਸੀ

ਮੈਨੂੰ ਯਾਦ ਹੈ ਕਿ ਐਤਵਾਰ ਨੂੰ ਜਦੋਂ ਸਕੂਲ ਦੀ ਛੁੱਟੀ ਹੁੰਦੀ ਸੀ ਅਤੇ ਘਰ ਵਿੱਚ ਅਖ਼ਬਾਰਾਂ ਦਾ ਢੇਰ ਹੁੰਦਾ ਸੀ, ਤਾਂ ਅਗਲੇ-ਪਿਛਲੇ ਪੰਨੇ ਪੜ੍ਹਨ ਤੋਂ ਬਾਅਦ ਨਜ਼ਰ ਮੈਟਰੀਮੋਨੀਅਲ ਵਾਲੇ ਪੇਜ 'ਤੇ ਜਾਂਦੀ ਸੀ।

ਪੜ੍ਹ ਕੇ ਬਹੁਤ ਅਜੀਬ ਲਗਦਾ ਸੀ ਕਿ ਇਨ੍ਹਾਂ ਲੋਕਾਂ ਨੂੰ ਨੂੰਹ ਜਾਂ ਵਹੁਟੀ ਚਾਹੀਦੀ ਹੈ ਜਾਂ ਫਿਰ ਬਿਊਟੀ ਕੁਈਨ ਅਤੇ ਕੁੱਕ ਕਿਉਂਕਿ ਇਨ੍ਹਾਂ ਇਸ਼ਤਿਹਾਰਾਂ ਵਿੱਚ ਅਕਸਰ ਲਿਖਿਆ ਹੁੰਦਾ ਸੀ-ਇੱਕ ਅਜਿਹੀ ਕੁੜੀ ਦੀ ਤਲਾਸ਼ ਹੈ ਜਿਹੜੀ ਘਰੇਲੂ ਹੋਵੇ, ਜਿਸ ਨੂੰ ਖਾਣਾ ਬਣਾਉਣਾ ਆਉਂਦਾ ਹੋਵੇ ਅਤੇ ਦਿਖਣ ਵਿੱਚ ਸੋਹਣੀ ਹੋਵੇ।

ਮੁੰਡਿਆਂ ਬਾਰੇ ਸਿਰਫ਼ ਐਨਾ ਹੀ ਹੁੰਦਾ ਸੀ ਕਿ ਉਹ ਕਿਸ ਜਾਤ ਦਾ ਹੈ ਅਤੇ ਸਰਕਾਰੀ ਨੌਕਰੀ ਕਰਦਾ ਹੈ। ਕਈ ਇਸ਼ਤਿਹਾਰਾਂ ਵਿੱਚ ਇਹ ਵੀ ਲਿਖਿਆ ਜਾਂਦਾ ਸੀ ਕਿ ਮੁੰਡਾ ਨਾ ਸ਼ਰਾਬ ਪੀਂਦਾ ਹੈ ਅਤੇ ਨਾ ਮਾਸ-ਮੱਛੀ ਖਾਂਦਾ ਹੈ।

ਤਸਵੀਰ ਕੈਪਸ਼ਨ,

ਮੈਟਰੀਮੋਨੀਅਲ ਇਸ਼ਤਿਹਾਰਾਂ ਦੀ ਭਾਸ਼ਾ ਵੇਖੀਏ ਤਾਂ ਇਨ੍ਹਾਂ ਦੇ ਆਧਾਰ 'ਤੇ ਹੋਏ ਇਹ ਵਿਆਹ ਮਾਨਤਾ ਪ੍ਰਾਪਤ ਤਾਂ ਹੋ ਜਾਂਦੇ ਹਨ ਪਰ ਕੀ ਇਨ੍ਹਾਂ ਲੋਕਾਂ ਨੂੰ ਇੱਕ ਬਰਾਬਰ ਪਾਰਟਨਰ ਦਾ ਦਰਜਾ ਮਿਲਦਾ ਹੋਇਆ ਦਿਖਾਈ ਦਿੰਦਾ ਹੈ?

ਮੈਂ ਇਨ੍ਹਾਂ ਇਸ਼ਤਿਹਾਰਾਂ ਦੀ ਕਟਿੰਗ ਆਪਣੀ ਕਾਲੀ ਸਕਰੈਪਬੁੱਕ ਵਿੱਚ ਸੰਭਾਲ ਕੇ ਰੱਖਣ ਲੱਗੀ ਕਿ ਕਦੇ ਦੇਖਾਂਗੀ ਕਿ ਇਨ੍ਹਾਂ ਵਿੱਚ ਕਿੰਨਾ ਬਦਲਾਅ ਆਉਂਦਾ ਹੈ।

ਅੱਜ ਵੀ ਉਹ ਕਟਿੰਗ ਮੇਰੇ ਘਰ ਵਿੱਚ ਕਿਸੇ ਅਲਮਾਰੀ ਦੀ ਸ਼ੈਲਫ 'ਤੇ ਪੁਰਾਣੀਆਂ ਕਿਤਾਬਾਂ ਦੇ ਭਾਰ ਹੇਠਾਂ ਦੱਬੀਆਂ ਪਈਆਂ ਹੋਣਗੀਆਂ।

ਉਨ੍ਹਾਂ ਕਟਿੰਗਜ਼ 'ਤੇ ਧੂੜ ਦੀ ਪਰਤ ਜੰਮ ਗਈ ਹੋਵੇਗੀ। ਪਰ ਉਨ੍ਹਾਂ ਕਟਿੰਗਜ਼ ਦਾ ਘੱਟਾ ਸਾਫ਼ ਕਰਕੇ ਅੱਜ ਵੀ ਜੇਕਰ ਕਿਸੇ ਅਖ਼ਬਾਰ ਵਿੱਚ ਚਿਪਕਾ ਦੇਵਾਂ ਜਾਂ ਛਪਵਾ ਦੇਵਾਂ ਤਾਂ ਯਕੀਨ ਮੰਨੋ ਜ਼ਿਆਦਾ ਫ਼ਰਕ ਨਹੀਂ ਹੋਵੇਗਾ।

ਇਹ ਵੀ ਪੜ੍ਹੋ:

ਹਾਂ, ਮੁੰਡਿਆਂ ਲਈ ਸਰਕਾਰੀ ਨੌਕਰੀ ਦੀ ਥਾਂ ਜ਼ਿਆਦਾਤਰ ਐਮਐਨਸੀ ਦੀ ਨੌਕਰੀ ਲਿਖਣੀ ਪਵੇਗੀ ਅਤੇ ਮਹੀਨੇ ਦੀ ਤਨਖ਼ਾਹ 4 ਦੀ ਥਾਂ 5 ਅੰਕਾਂ ਵਿੱਚ ਹੋਣ ਲੱਗੀ ਹੈ।

ਕੁੜੀਆਂ ਦਾ ਤਾਂ ਉਹੀ-ਸੁੰਦਰ, ਸੁਸ਼ੀਲ ਅਤੇ ਘਰੇਲੂ ਜਾਰੀ ਹੈ। ਵਿਸ਼ਵਾਸ ਨਾ ਹੋਵੇ ਤਾਂ ਇਸੇ ਐਤਵਾਰ ਮੈਟਰੀਮੋਨੀਅਲ ਵਾਲਾ ਪੇਜ ਕੱਢ ਕੇ ਦੇਖ ਲਵੋ।

ਹਾਂ, ਅੱਜ-ਕੱਲ੍ਹ ਦੇ ਨੌਜਵਾਨਾਂ ਲਈ ਉਂਝ ਟਿੰਡਰ ਅਤੇ ਬੰਬਲ ਵਰਗੇ ਐਪਸ ਹਨ ਜਿਨ੍ਹਾਂ 'ਤੇ ਬਹਿਸ ਕਦੇ ਹੋਰ ਸਹੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)