'ਆਪ' ਸਮਰਥਕ ਪਰਵਾਸੀਆਂ ਨੇ ਪੁੱਛੇ ਖਹਿਰਾ ਤੇ ਸੰਧੂ ਨੂੰ ਸਵਾਲ, ਖਹਿਰਾ ਤੇ ਸੰਧੂ ਨੇ ਇਹ ਦਿੱਤਾ ਜਵਾਬ

APP Image copyright FB kanwr sandhu

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਦਾਅਵਾ ਕੀਤਾ ਹੈ ਕਿ ਪਰਵਾਸੀ ਭਾਈਚਾਰਾ ਪਾਰਟੀ ਨਾਲ ਖੜ੍ਹਾ ਹੈ ਅਤੇ ਬਠਿੰਡਾ ਦੀ ਸੁਖਪਾਲ ਖਹਿਰਾ ਦੀ ਰੈਲੀ ਨੂੰ ਆਰਐਸਐਸ-ਭਾਜਪਾ ਤੇ ਬੈਂਸ ਭਰਾਵਾਂ ਦੀ ਸਾਜ਼ਿਸ ਸਮਝਦਾ ਹੈ।

ਸੁਖਪਾਲ ਖਹਿਰਾ ਤੇ ਕੰਵਰ ਸੰਧੂ ਪਿਛਲੇ ਦੋ ਤਿੰਨ ਦਿਨਾਂ ਤੋਂ ਹਰ ਮੀਡੀਆ ਪਲੇਟਫਾਰਮ ਰਾਹੀਂ ਇਸ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦਾ ਇਕੱਠ ਦੱਸ ਚੁੱਕੇ ਹਨ।

ਉਨ੍ਹਾਂ ਵੱਲੋਂ ਜੋ ਰੈਲੀ ਦਾ ਪੋਸਟਰ ਲਗਾਇਆ ਗਿਆ ਹੈ ਉਸ ਵਿਚ ਵੀ ਕੇਜਰੀਵਾਲ ਤੇ ਸਾਰੇ ਵਿਧਾਇਕਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਇਕੱਠ ਦਾ ਮਕਸਦ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ ਪੰਜਾਬ ਦੇ ਮਸਲਿਆਂ ਉੱਤੇ ਵਿਚਾਰ ਕਰਨਾ ਹੈ।

ਇਹ ਵੀ ਪੜ੍ਹੋ:

150 ਪਰਵਾਸੀਆਂ ਦਾ ਬਿਆਨ

'ਆਪ' ਦੇ ਚੰਡੀਗੜ੍ਹ ਦਫ਼ਤਰ ਤੋਂ ਜਾਰੀ ਇਸ ਪ੍ਰੈਸ ਕਾਨਫਰੰਸ ਨਾਲ 150 ਦੇ ਕਰੀਬ ਪਰਵਾਸੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਲਿਖੇ ਗਏ ਬਹੁਤੇ ਨਾਂ ਅਮਰੀਕਾ ਤੇ ਕੈਨੇਡਾ ਨਾਲ ਸਬੰਧਤ ਹਨ।

ਪ੍ਰੈਸ ਬਿਆਨ ਮੁਤਾਬਕ ਪਰਵਾਸੀਆਂ ਨੇ ਕਿਹਾ ਹੈ, "ਪੰਜਾਬ ਨੂੰ ਦਰਪੇਸ਼ ਸੰਕਟ ਲਈ ਆਰ.ਐਸ.ਐਸ.-ਭਾਜਪਾ ਦੇ ਇਸ਼ਾਰਿਆਂ 'ਤੇ ਟੱਪ ਰਹੇ ਬੈਂਸ ਬ੍ਰਦਰਜ਼ ਅਤੇ ਮੈਂ-ਮੈਂ ਅਤੇ ਸਿਰਫ਼ ਮੈਂ ਦੀ ਰਾਜਨੀਤੀ ਕਰ ਰਹੇ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਦੀ ਮੌਕਾਪ੍ਰਸਤ ਜੋੜੀ ਨੂੰ ਜਿੰਮੇਵਾਰ ਠਹਿਰਾਉਦੇ ਹਾਂ।''

''ਸਾਫ ਨਜ਼ਰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਵਿਰੋਧੀ ਸਾਰੀਆਂ ਧਿਰਾਂ ਆਮ ਆਦਮੀ ਪਾਰਟੀ ਪੰਜਾਬ ਨੂੰ ਤੋੜਨ ਅਤੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਕਿਉਂਕਿ ਆਰ.ਐਸ.ਐਸ, ਬੀਜੇਪੀ, ਬਾਦਲ ਦਲ, ਕਾਂਗਰਸ ਅਤੇ ਬੈਂਸ ਬ੍ਰਦਰਜ਼ ਪਿਛਲੇ ਲੰਮੇਂ ਸਮੇਂ ਤੋਂ ਇਸ ਤਾਕ 'ਚ ਬੈਠੇ ਸਾਜਿਸ਼ਾਂ ਰਚਦੇ ਆ ਰਹੇ ਹਨ।''

''ਜਦੋਂ ਤੱਕ ਆਮ ਆਦਮੀ ਪਾਰਟੀ ਦਾ ਪੰਜਾਬ ਅਤੇ ਦੇਸ਼ 'ਚ ਵਜੂਦ ਹੈ, ਉਦੋਂ ਤੱਕ ਇਹਨਾਂ ਸਭ ਦੇ ਸਿਆਸੀ ਭਵਿੱਖ ਖਤਰੇ 'ਚ ਰਹਿਣਗੇ, ਇਸ ਲਈ ਕਿਉਂ ਨਾ ਆਮ ਆਦਮੀ ਪਾਰਟੀ ਦਾ ਵਜੂਦ ਖਤਮ ਕਰ ਦਿੱਤਾ ਜਾਵੇ।"

ਖਹਿਰਾ ਤੇ ਸੰਧੂ ਨੂੰ ਸਵਾਲ

ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਆਪਣੀਆਂ ਪੁਰਾਣੀਆਂ ਆਦਤਾਂ ਦਾ ਇਤਿਹਾਸ ਦੁਹਰਾਉਂਦੇ ਹੋਏ ਪਾਰਟੀ ਅਨੁਸ਼ਾਸਨ ਅਤੇ ਪ੍ਰੋਟੋਕੋਲ ਦੀਆਂ ਹੱਦਾਂ ਤੋੜਦੇ ਹੋਏ, ਆਪਣੀ ਪਾਰਟੀ ਦੇ ਪ੍ਰਧਾਨ ਨੂੰ ਹੀ ਪੈ ਨਿਕਲੇ। ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਤਾਂ ਦੂਰ ਕਦੇ ਆਮ ਆਦਮੀ ਪਾਰਟੀ ਦਾ ਵੀ ਨਾਂ ਨਹੀਂ ਲਿਆ। ਸਿਰਫ ਨਿੱਜ ਦੀ ਸਿਆਸਤ 'ਤੇ ਕੇਂਦਰਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਿਸ਼ਾਲ ਮੰਚ ਦਾ ਰੱਜ ਕੇ ਦੁਰਉਪਯੋਗ ਕੀਤਾ।

  • ਆਪਣੀ ਪਾਰਟੀ ਵਿਰੋਧੀ ਕਾਨਫੰਰਸ ਲਈ ਅਰਵਿੰਦ ਕੇਜਰੀਵਾਲ ਦੀ ਫੋਟੋ ਅਤੇ ਆਮ ਆਦਮੀ ਪਾਰਟੀ ਦਾ ਨਾਂ ਜਪਣ ਲੱਗੇ ਹੋ, ਪਹਿਲਾ ਕਦੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਕਿਉਂ ਯਾਦ ਨਹੀਂ ਰਹੇ?
  • ਅਸੀਂ ਕੰਵਰ ਸੰਧੂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਖਰੜ ਤੋਂ ਪਾਰਟੀ ਟਿਕਟ ਲੈਣ ਲਈ ਕੀ ਉਹਨਾਂ ਨੇ ਖੁਦ ਜਾਂ ਪਾਰਟੀ ਨੇ ਵਲੰਟੀਅਰਾਂ ਦੀ ਰਾਇ ਲਈ ਸੀ?

ਇਹ ਵੀ ਪੜ੍ਹੋ :

ਪਰਵਾਸੀਆਂ ਦੀ ਅਪੀਲ

ਬਿਆਨ ਦੇ ਆਖਰ ਵਿਚ ਪੰਜਾਬ ਦੇ ਪਾਰਟੀ ਕਾਡਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਦੀ ਨਿੱਜੀ ਹਓਮੈਂ ਦੀ ਲੜਾਈ ਅਤੇ ਵਿਰੋਧੀਆਂ ਦੀ ਪਾਰਟੀ ਸੰਕਟ ਉੱਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਨੂੰ ਨਾਕਾਮ ਕਰਨ।

ਖਹਿਰਾ ਤੇ ਸੰਧੂ ਦੇ ਜਵਾਬ

ਸੁਖਪਾਲ ਖਹਿਰਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਸਿਆਸੀ ਵਿਰੋਧੀਆਂ ਨੇ ਕਈ ਕੋਝੀਆਂ ਚਾਲਾਂ ਚੱਲੀਆਂ ਹਨ ਅਤੇ ਕਈ ਅਫ਼ਵਾਹਾਂ ਫੈਲਾਈਆਂ, ਉਨ੍ਹਾਂ ਉੱਪਰ ਕਈ ਇਲਜ਼ਾਮ ਲਗਾਏ ਹਨ। ਖਹਿਰਾ ਨੇ ਕਿਹਾ ਕਿ ਉਹ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਹਨ ਕਿ ਕੱਲ ਤੱਕ ਇਹ ਲੋਕ ਉਨ੍ਹਾਂ ਖਿਲਾਫ ਹੋਰ ਵੀ ਝੂਠਾ ਪ੍ਰਾਪੇਗੰਡਾ ਕਰ ਸਕਦੇ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਗੱਲਾਂ ਉੱਪਰ ਕੋਈ ਯਕੀਨ ਨਾ ਕਰਨ ਅਤੇ ਬਠਿੰਡਾ ਰੈਲੀ ਵਿਚ ਪਹੁੰਚਣ।

ਖਹਿਰਾ ਨੇ ਕਿਹਾ ਕਿ ਉਹ ਪਰਵਾਸੀਆਂ ਦਾ ਧੰਨਵਾਦ ਕਰਦੇ ਹਨ, ਉਨ੍ਹਾਂ ਨੂੰ ਵਿਦੇਸ਼ਾਂ ਤੋਂ ਬਹੁਤ ਸਾਰੇ ਫੋਨ ਆ ਰਹੇ ਹਨ ਅਤੇ ਉਹ ਆਪਣੇ ਪਿੰਡਾਂ ਤੋਂ ਲੋਕਾਂ ਨੂੰ ਬਠਿੰਡਾ ਭੇਜਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਸੇ ਦੌਰਾਨ ਕੰਵਰ ਸੰਧੂ ਨੇ ਕਿਹਾ ਕਿ ਇਹ ਇਕੱਠ ਅਸਲ ਲੋਕਤੰਤਰ ਦੀ ਤਸਵੀਰ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਜਿਹੜੇ ਪਰਵਾਸੀਆਂ ਨਾਲ ਉਹ ਸਮੇਂ ਦੀ ਘਾਟ ਕਾਰਨ ਸੰਪਰਕ ਨਹੀਂ ਬਣਾ ਸਕੇ ਉਨ੍ਹਾਂ ਤੋਂ ਉਹ ਮਾਫੀ ਮੰਗਦੇ ਹਨ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)