ਪੰਜਾਬ 'ਚ ਤੀਜੀ ਧਿਰ ਦਾ ਇਤਿਹਾਸ

  • ਆਰਿਸ਼ ਛਾਬੜਾ
  • ਬੀਬੀਸੀ ਪੱਤਰਕਾਰ
ਸੁਖਪਾਲ ਖਹਿਰਾ

ਤਸਵੀਰ ਸਰੋਤ, Getty Images

ਸੁਖਪਾਲ ਸਿੰਘ ਖਹਿਰਾ ਸਮੇਤ ਆਮ ਆਦਮੀ ਪਾਰਟੀ ਦੇ ਪੰਜਾਬ 'ਚ 20 ਵਿਚੋਂ ਸੱਤ ਵਿਧਾਇਕਾਂ ਨੇ ਸੂਬਾ ਇਕਾਈ ਨੂੰ 'ਭੰਗ ਕਰਨ' ਦਾ ਬਠਿੰਡਾ ਤੋਂ ਐਲਾਨ ਕਰ ਦਿੱਤਾ ਤਾਂ ਪੰਜਾਬ ਦੇ ਇਤਿਹਾਸ 'ਚ ਇੱਕ ਵਾਰ ਫੇਰ 'ਤੀਜੀ ਧਿਰ' ਦੇ ਤਜਰਬੇ ਉੱਤੇ ਸਵਾਲ ਉੱਠਣ ਲੱਗੇ।

ਵੀਰਵਾਰ ਸ਼ਾਮ ਨੂੰ ਸੁਖਪਾਲ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੇ 6 ਵਿਧਾਇਕਾਂ ਨਾਲ ਤਸਵੀਰ ਸਾਂਝੀ ਕੀਤੀ ਤੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੇ ਸੱਚ ਨਾਲ ਖੜ੍ਹੇ ਹੋ ਦੇ ਦਿਖਾਇਆ ਹੈ।

ਇਸ ਇਤਿਹਾਸਕ ਸੱਚਾਈ ਦਾ ਜ਼ਿਕਰ ਖਹਿਰਾ ਨੇ ਆਪਣੇ ਭਾਸ਼ਣ ਵਿਚ ਵੀ ਕੀਤਾ। ਖਹਿਰਾ ਨੇ ਖ਼ਾਸ ਤੌਰ 'ਤੇ ਆਮ ਆਦਮੀ ਪਾਰਟੀ ਦੇ 100 ਸੀਟਾਂ ਦੇ ਸੁਫ਼ਨੇ ਤੋਂ ਬਾਅਦ 20 ਹੀ ਸੀਟਾਂ ਜਿੱਤਣ ਦਾ ਜ਼ਿਕਰ ਵੀ ਕੀਤਾ।

ਇਸ ਲਈ ਉਨ੍ਹਾਂ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ "ਦੋ ਸੂਬੇਦਾਰਾਂ" - ਇਹ ਇਸ਼ਾਰਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲ ਸੀ, ਨੂੰ ਕਸੂਰਵਾਰ ਦੱਸਿਆ।

ਇਹ ਵੀ ਪੜ੍ਹੋ:

ਨਾਲ ਹੀ ਉਨ੍ਹਾਂ ਨੇ 2012 ਦੀਆਂ ਚੋਣਾਂ 'ਚ ਮਨਪ੍ਰੀਤ ਬਾਦਲ, ਜੋ ਕਿ ਹੁਣ ਪ੍ਰਦੇਸ਼ ਦੀ ਕਾਂਗਰਸ ਸਰਕਾਰ 'ਚ ਖ਼ਜ਼ਾਨਾ ਮੰਤਰੀ ਹਨ, ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦੀ ਨਾਕਾਮੀ ਨੂੰ ਯਾਦ ਕੀਤਾ।

ਮਨਪ੍ਰੀਤ ਜਦ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੀ ਤਾਂ ਸੁਫਨਾ 117 ਵਿਚੋਂ ਘੱਟੋ ਘੱਟ 100 ਸੀਟਾਂ ਜਿੱਤਣ ਦਾ ਹੀ ਸੀ, ਪਰ ਸਫਰ ਸਿਫ਼ਰ ਤੱਕ ਹੀ ਪੁੱਜਾ।

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਕਹਾਣੀ ਵੀ ਦਿਲਚਸਪ ਹੈ। ਕੇਂਦਰੀ ਸਰਕਾਰ 'ਚ ਮੰਤਰੀ ਰਹਿਣ ਤੋਂ ਬਾਅਦ ਰਾਮੂਵਾਲੀਆ ਨੇ ਟੋਹੜਾ ਦਾ ਸਾਥੀ ਬਣੇ ਰਹਿਣ ਜਾਂ ਬਾਦਲ ਨਾਲ ਰਲਣ ਦੀ ਬਜਾਏ ਆਪਣੀ ਇੱਕ 'ਲੋਕ ਭਲਾਈ ਪਾਰਟੀ' ਬਣਾਈ, ਜਿਸਨੂੰ 2007 ਦੀਆਂ ਚੋਣਾਂ ਵਿਚ ਕੋਈ ਕਾਮਯਾਬੀ ਨਹੀਂ ਮਿਲੀ।

ਚਾਰ ਸਾਲ ਬਾਅਦ ਪਾਰਟੀ ਬਾਦਲ ਦਲ 'ਚ ਰਲਾ ਦਿੱਤੀ ਪਰ ਪਿਛਲੇ ਸਾਲ ਵਿਧਾਨ ਸਭਾ ਪੁੱਜਣ 'ਚ ਨਾਕਾਮ ਰਹੇ। ਫਿਰ ਪੁਰਾਣੇ ਮਿੱਤਰ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਵੱਲੋਂ ਯੂ.ਪੀ. ਸਰਕਾਰ 'ਚ ਮੰਤਰੀ ਬਣ ਗਏ, ਪਰ ਹੁਣ ਬਿਆਨਾਂ ਮੁਤਾਬਕ 'ਲੋਕ ਭਲਾਈ ਪਾਰਟੀ' ਨੂੰ ਫਿਰ ਖੜੀ ਕਰਨ ਦਾ ਇਰਾਦਾ ਰੱਖਦੇ ਹਨ।

ਕਾਂਗਰਸ ਵਿੱਚ ਵੀ ਅਜਿਹਾ ਹੋ ਚੁੱਕਿਆ ਹੈ

ਪੰਜਾਬ ਕਾਂਗਰਸ 'ਚ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਇਕ ਉਦਾਹਰਣ ਪੇਸ਼ ਕੀਤੀ ਜਗਮੀਤ ਬਰਾੜ ਨੇ, ਜਿਨ੍ਹਾਂ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨਕਾਰ ਕੇ ਇੱਕ 'ਪੰਜਾਬ ਲਹਿਰ' ਬਣਾਈ, ਪਰ ਉਮੀਦਵਾਰ ਨਹੀਂ ਖੜੇ ਕੀਤੇ ਅਤੇ ਨਾ ਹੀ ਉਨ੍ਹਾਂ ਦੀ 'ਆਪ' ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਾਮਯਾਬ ਹੋਈ।

2017 ਦੀਆਂ ਚੋਣਾਂ ਵਿਚ ਹੀ 'ਆਪ' ਦੇ ਨਾਰਾਜ਼ ਐੱਮਪੀ ਧਰਮਵੀਰ ਗਾਂਧੀ ਨੇ ਵੀ ਇੱਕ 'ਪੰਜਾਬ ਫ਼ਰੰਟ' ਐਲਾਨਿਆ ਸੀ; 'ਆਪ' ਵਿਚੋਂ ਕੱਢੇ ਗਏ ਸੁੱਚਾ ਸਿੰਘ ਛੋਟੇਪੁਰ ਨੇ ਤਾਂ ਇੱਕ 'ਆਪਣਾ ਪੰਜਾਬ ਪਾਰਟੀ' ਬਣਾ ਕੇ ਕੁਝ ਉਮੀਦਵਾਰ ਵੀ ਖੜੇ ਕੀਤੇ ਸਨ।

ਇਥੇ ਇਹ ਵੀ ਯਾਦ ਆਉਂਦਾ ਹੈ ਕਿ ਹੁਣ ਕਾਂਗਰਸ ਮੰਤਰੀ ਨਵਜੋਤ ਸਿੰਘ ਸਿੱਧੂ ਭਾਜਪਾ ਛੱਡਣ ਤੋਂ ਬਾਅਦ 'ਆਪ' ਨਾਲ ਚੰਗੀ ਡੀਲ ਨਾ ਮਿਲਣ ਤੇ ਕੁਝ ਹਫਤਿਆਂ ਲਈ 'ਆਵਾਜ਼-ਏ-ਪੰਜਾਬ' ਦਾ ਝੰਡਾ ਵੀ ਚੁੱਕੀ ਫਿਰਦੇ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਰਗਾੜੀ 'ਚ ਗਰਮਦਲੀਏ ਅਕਾਲੀਆਂ ਵੱਲੋਂ ਰੱਖੇ ਪ੍ਰਦਰਸ਼ਨ ਦੇ ਮੰਚ 'ਤੇ ਬੈਠੇ ਖਹਿਰਾ ਅਤੇ ਸਿਮਰਨਜੀਤ ਸਿੰਘ ਮਾਨ

ਇਤਿਹਾਸ 'ਚ ਥੋੜ੍ਹੀ ਪਿੱਛੇ ਝਾਤ ਮਾਰੀਏ ਤਾਂ ਮਿਸਾਲ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਦੀ ਵੀ ਮਿਲਦੀ ਹੈ, ਜੋ ਕਿ ਹਿੰਸਕ ਦੌਰ 'ਚ ਕਾਮਯਾਬ ਵੀ ਹੋਇਆ ਪਰ ਫਿਰ ਬਾਦਲ ਦਲ ਤੋਂ ਮਾਤ ਖਾ ਗਿਆ।

1999 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ-ਬਾਦਲ ਨੂੰ ਵੱਡਾ ਝਟਕਾ ਲੱਗਿਆ ਜਦ ਪੰਥਕ ਨੇਤਾ ਗੁਰਚਰਨ ਸਿੰਘ ਟੌਹੜਾ ਨੇ ਵੱਖਰਾ ਦਲ ਬਣਾ ਕੇ ਚੋਣਾਂ ਲੜੀਆਂ।

ਵੋਟਾਂ ਦੀ ਵੰਡ ਨੇ ਬਾਦਲ ਦਲ ਨੂੰ 1999 'ਚ ਲੋਕ ਸਭਾ ਚੋਣਾਂ 'ਚ ਨੁਕਸਾਨ ਕੀਤਾ ਅਤੇ 2002 ਵਿਚ ਅਕਾਲੀ ਦਲ (ਬਾਦਲ) ਕਾਂਗਰਸ ਤੋਂ ਵਿਧਾਨ ਸਭਾ ਚੋਣਾਂ ਹਾਰ ਗਿਆ।

ਇਸ ਤੋਂ ਦੋ ਸਾਲ ਬਾਅਦ ਟੌਹੜਾ ਤੇ ਬਾਦਲ ਮੁੜ ਇੱਕ ਹੋ ਗਏ। ਅੱਜ ਵੀ ਅਕਾਲੀ ਦਲ ਦੇ ਕਈ ਰੂਪ ਅਤੇ ਧਿਰ ਸਮੇਂ ਸਮੇਂ 'ਤੇ ਵੱਡੇ ਇਕੱਠ ਤੇ ਐਲਾਨ ਕਰਦੇ ਰਹਿੰਦੇ ਹਨ, ਪਰ ਪ੍ਰਭਾਵੀ ਨਹੀਂ ਰਹਿੰਦੇ।

ਇਹ ਵੀ ਪੜ੍ਹੋ:

ਪਰ 1966 'ਚ ਬਣੇ ਪੰਜਾਬ ਦੇ ਇਤਿਹਾਸ ਵਿਚ ਤੀਜੇ ਧਿਰ ਦੀ ਵੱਖ-ਵੱਖ ਰੂਪਾਂ ਵਿਚ ਮੌਜੂਦਗੀ ਦਰਜ ਹੁੰਦੀ ਰਹੀ ਹੈ। ਸਿਆਸੀ ਮਾਹਿਰ ਡਾ. ਪ੍ਰਮੋਦ ਕੁਮਾਰ ਇਹ ਵੀ ਯਾਦ ਕਰਾਉਂਦੇ ਹਨ ਕਿ 1992 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੀ ਵੱਖਰੀ ਹੀ ਚੋਣਾਂ ਲੜਦੀ ਰਹੀ ਹੈ, ਹਾਲਾਂਕਿ ਉਸਦਾ ਅਕਾਲੀਆਂ ਨਾਲ ਤਾਲਮੇਲ ਰਿਹਾ।

ਡਾ. ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਵੀ ਖੱਬੇ ਪੱਖੀ ਪਾਰਟੀਆਂ ਤੀਜੇ ਧਿਰ ਵਜੋਂ ਆਪਣੀ ਮੌਜੂਦਗੀ ਦਰਜ ਕਰਾਉਂਦੀਆਂ ਰਹੀਆਂ ਅਤੇ ਫਿਰ ਕਾਂਸ਼ੀ ਰਾਮ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਵੀ ਕੁਝ ਸੀਟਾਂ ਜਿੱਤਣ ਵਿੱਚ ਕਾਮਯਾਬ ਹੋਈ।

ਪਰ ਫੇਰ ਵੀ ਪੰਜਾਬ ਦੀ ਸਿਆਸਤ 'ਚ ਦੋ ਹੀ ਧਿਰਾਂ ਕਿਉਂ ਸੱਤਾ ਉਤੇ ਕਾਬਜ਼ ਰਹੀਆਂ ਹਨ?

ਤਸਵੀਰ ਸਰੋਤ, NARINDER NANU

ਤਸਵੀਰ ਕੈਪਸ਼ਨ,

2017 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਪ੍ਰਚਾਰ ਕਰਦੇ ਹੋਏ

ਕੁਮਾਰ ਮੁਤਾਬਕ ਹੁਣ ਤਕ ਜ਼ਿਆਦਾਤਰ ਤੀਜੀ ਧਿਰ ਕਿਸੇ ਨਾ ਕਿਸੇ ਸੌੜੇਪਣ ਦੀ ਸ਼ਿਕਾਰ ਰਹੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਦੀਆਂ ਤੋਂ ਬਹੁਸੱਭਿਆਚਾਰਕ ਖਿੱਤਾ ਰਿਹਾ ਹੈ ਜੋ ਬਦਲਾਅ ਅਤੇ ਨਿਵੇਕਲੇਪਣ ਦਾ ਸਵਾਗਤ ਕਰਦਾ ਹੈ ਤਾਂ ਇੱਥੇ ਤੀਜੀ ਧਿਰ ਉਹੀ ਪਾਰਟੀ ਲੰਮਾ ਸਮਾਂ ਚਲਦੀ ਹੈ ਜੋ ਇਸ ਸੱਭਿਆਚਾਰ ਨੂੰ ਆਪਣੀ ਬਣਤਰ ਅਤੇ ਵਿਹਾਰ 'ਚ ਝਲਕਾਉਂਦੀ ਹੈ।

'ਆਪ' ਦੇ ਉਤਾਰ ਚੜ੍ਹਾਅ ਨੂੰ ਵੀ ਇਸੇ ਤਰ੍ਹਾਂ ਵੇਖਿਆ ਜਾ ਸਕਦਾ ਹੈ। ਇਸ ਦੀਆਂ 20 ਸੀਟਾਂ ਜਿੱਤਣ ਨੂੰ ਇੱਕ ਵੱਡੀ ਕਾਮਯਾਬੀ ਵਜੋਂ ਵੇਖਦਿਆਂ ਡਾ. ਪ੍ਰਮੋਦ ਕੁਮਾਰ ਕਹਿੰਦੇ ਹਨ ਕਿ ਇਸਦੀ "ਬਾਹਰੀ ਨਜ਼ਰ" ਨੇ ਹੀ ਇਸ ਨੂੰ ਪਸੰਦਯੋਗ ਬਣਾਇਆ ਸੀ, ਪਰ ਬਾਹਰੀ ਹੋਣ ਕਰਕੇ ਹੀ ਇਸਨੇ ਪੰਜਾਬ ਨੂੰ ਸਿਰਫ ਸਿੱਖਾਂ ਦਾ ਪ੍ਰਦੇਸ਼ ਸਮਝਣ ਦੀ ਗ਼ਲਤੀ ਵੀ ਕੀਤੀ।

ਇਹ ਵੀ ਪੜ੍ਹੋ:

ਹੁਣ ਕੀ 'ਖਹਿਰਾ ਦੀ ਆਪ' ਇਕ ਕਾਮਯਾਬ ਤੀਜੀ ਧਿਰ ਬਣ ਸਕੇਗੀ? ਕੁਮਾਰ ਮੁਤਾਬਕ ਖੇਤਰੀ ਮੁੱਦੇ ਇਸਦੀ ਖ਼ਾਸੀਅਤ ਬਣ ਸਕਦੇ ਹਨ, ਪਰ ਇਸਨੂੰ ਖ਼ਾਸ ਕਰਕੇ ਸ਼ਹਿਰੀ ਹਿੰਦੂ ਨੁਮਾਇੰਦਗੀ ਦਾ ਖਿਆਲ ਰੱਖਣਾ ਪਵੇਗਾ ਅਤੇ "ਖਹਿਰਾ ਨਾਲ ਕੇਜਰੀਵਾਲ ਦੀ ਨਾਇਨਸਾਫੀ" ਤੋਂ ਅਗਾਂਹ ਵਧਣਾ ਪਵੇਗਾ।

ਅਰਵਿੰਦ ਕੇਜਰੀਵਾਲ ਦੀ 'ਆਪ' ਦਾ ਪੰਜਾਬ 'ਚ ਭਵਿੱਖ ਇਸ ਸਵਾਲ 'ਤੇ ਨਿਰਭਰ ਹੈ ਕਿ, ਕੀ ਕੇਜਰੀਵਾਲ, ਮੋਦੀ ਖਿਲਾਫ ਬਣਾਏ ਜਾ ਰਹੇ 'ਮਹਾਗਠਬੰਧਨ' ਦਾ ਹਿੱਸਾ ਬਣਨਗੇ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)