ਪ੍ਰੈੱਸ ਰਿਵੀਊ꞉ ਭਗਵੰਤ ਮਾਨ ਸੰਭਾਲਣਗੇ 'ਆਪ' ਪੰਜਾਬ ਦੀ ਕਮਾਨ

ਭਗਵੰਤ ਮਾਨ Image copyright Getty Images

ਪੰਜਾਬੀ ਟ੍ਰਿਬਿਊਨ ਮੁਤਾਬਕ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਕਮਾਨ ਮੁੜ ਸੌਂਪੀ ਜਾ ਰਹੀ ਹੈ।

ਖ਼ਬਰ ਮੁਤਾਬਕ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਮਾਨ ਨੇ ਪਾਰਟੀ ਉੱਤੇ ਪੈਦਾ ਹੋਏ ਸੰਕਟ ਦੇ ਚੱਲਦਿਆਂ ਪੰਜਾਬ ਇਕਾਈ ਦੀ ਕਮਾਨ ਸੰਭਾਲਣ ਦਾ ਮਨ ਬਣਾ ਲਿਆ ਹੈ।

ਚੰਡੀਗੜ੍ਹ ਵਿੱਚ ਹੋਈ ਜ਼ਿਲ੍ਹਾ ਅਤੇ ਜ਼ੋਨਲ ਪ੍ਰਧਾਨਾਂ ਦੀ ਬੈਠਕ ਵਿੱਚ ਸਰਬਸੰਮਤੀ ਨਾਲ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੇ ਕ੍ਰਮਵਾਰ ਸੂਬਾ ਪ੍ਰਧਾਨ ਅਤੇ ਉਪ-ਪ੍ਰਧਾਨ ਦੇ ਅਹੁਦਿਆਂ ਤੋਂ ਅਸਤੀਫਿਆਂ ਨੂੰ ਨਾਮਨਜ਼ੂਰ ਕਰਕੇ ਹਾਈ ਕਮਾਂਡ ਨੂੰ ਸਿਫਾਰਿਸ਼ ਕੀਤੀ ਕਿ ਇਨ੍ਹਾਂ ਦੋਹਾਂ ਆਗੂਆਂ ਨੂੰ ਆਪੋ-ਆਪਣੇ ਅਹੁਦੇ ਸੰਭਾਲੀ ਰੱਖਣ ਲਈ ਕਿਹਾ ਜਾਵੇ।

ਇਹ ਵੀ ਪੜ੍ਹੋ꞉

ਇਨ੍ਹਾਂ ਦੋਹਾਂ ਨੇ ਇਹ ਅਸਤੀਫੇ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਆਗੂ ਬਿਕਰਮ ਮਜੀਠੀਏ ਤੋਂ ਮਾਫ਼ੀ ਮੰਗੇ ਜਾਣ ਮਗਰੋਂ ਦਿੱਤੇ ਸਨ।

Image copyright Getty Images

ਇੱਕ 26 ਸਾਲਾ ਕਸ਼ਮੀਰੀ ਨੌਜਵਾਨ ਮੁਰਫ਼ਾਦ ਸ਼ਾਹ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦੇ ਘਰ ਵਿੱਚ ਧੱਕੇ ਨਾਲ ਦਾਖਲ ਹੋਣ ਕਰਕੇ ਮਾਰ ਦਿੱਤਾ ਗਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਸ ਸਮੇਂ ਪਿਉ-ਪੁੱਤਰ ਘਰੇ ਨਹੀਂ ਸਨ ਅਤੇ ਨੌਜਵਾਨ ਆਪਣੀ ਮਹਿੰਦਰਾ ਐਸਯੂਵੀ ਸਣੇ ਦਾਖਲ ਹੋ ਗਿਆ।

ਉਸ ਨੇ ਘਰ ਦੇ ਅੰਦਰ ਜਾ ਕੇ ਲੌਬੀ ਵਿੱਚ ਤੋੜ-ਭੰਨ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਸੁਰੱਖਿਆ ਦਸਤੇ ਦੇ ਜਵਾਨਾਂ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਖ਼ਬਰ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਸਵੇਰੇ ਸਾਢੇ ਨੌਂ ਵਜੇ ਤੋਂ ਪੌਣੇ ਦਸ ਵਜੇ ਦੌਰਾਨ ਵਾਪਰੀ। ਜ਼ਿਕਰਯੋਗ ਹੈ ਕਿ ਪਿਉ-ਪੁੱਤਰ ਦੋਹਾਂ ਨੂੰ ਜ਼ੈਡ ਪਲੱਸ ਸੁਰੱਖਿਆ ਮਿਲੀ ਹੋਈ ਹੈ।

Image copyright Getty Images

ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (52) ਅਗਲੇ ਸਾਲ ਇੱਕ ਵਾਰ ਫੇਰ ਪੁਲਾੜ ਯਾਤਰਾ 'ਤੇ ਜਾਣਗੇ

ਹਿੰਦੁਸਾਤਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਵਾਰ ਸੁਨੀਤਾ ਨਾਸਾ ਦੇ ਪਹਿਲੇ ਵਪਾਰਕ ਪੁਲਾੜ ਅਭਿਆਨ ਦਾ ਹਿੱਸਾ ਹੋਣਗੇ।

ਇਹ ਯਾਤਰੀ ਸਾਲ 2019 ਵਿੱਚ ਬੋਇੰਗ ਸੀਐਸਟੀ-100 ਅਤੇ ਸਪੇਸ-ਐਕਸ ਡਰੈਗਨ ਕੈਪਸੂਲ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਵੱਲ ਉਡਾਣ ਭਰਨਗੇ ਅਤੇ ਇਨ੍ਹਾਂ ਨੂੰ ਵਾਪਸ ਵੀ ਲਿਆਉਣਗੇ।

ਸਾਲ 2011 ਵਿੱਚ ਅਮਰੀਕਾ ਦਾ ਸਪੇਸ ਪ੍ਰੋਗਰਾਮ ਬੰਦ ਹੋ ਜਾਣ ਮਗਰੋਂ ਅਮਰੀਕੀ ਧਰਤੀ ਤੋਂ ਇਹ ਪਹਿਲੀ ਉਡਾਣ ਹੋਵੇਗੀ।

ਉੱਤਰਾਖੰਡ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਹੁਕਮ ਕੀਤੇ ਹਨ ਕਿ ਕਿਸੇ ਮਹਿਲਾ ਕਰਮਚਾਰੀ ਨੂੰ ਤੀਸਰੇ ਬੱਚੇ ਲਈ ਪ੍ਰਸੂਤੀ ਛੁੱਟੀ ਦੇਣ ਤੋਂ ਇਨਕਾਰ ਕਰਨਾ ਗੈਰ ਸੰਵਿਧਾਨਕ ਹੈ।

ਦਿ ਨਿਊ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਹੁਕਮ ਜਸਟਿਸ ਰਾਜੀਵ ਸ਼ਰਮਾ ਦੇ ਸਿੰਗਲ ਜੱਜ ਬੈਂਚ ਨੇ ਹਲਦਵਾਨੀ ਜ਼ਿਲ੍ਹੇ ਦੀ ਨਿਵਾਸੀ ਉਰਮਿਲਾ ਮਾਨੀਸ਼ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤੇ।

ਅਦਾਲਤ ਨੇ ਕਿਹਾ ਕਿ ਇਹ ਨਿਯਮ ਸੰਵਿਧਾਨ ਦੀ ਧਾਰਾ 42 ਅਤੇ ਪ੍ਰਸੂਤੀ ਲਾਭ ਐਕਟ 1961 ਦੀ ਉਲੰਘਣਾ ਹੈ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)