ਪੰਜਾਬ ਦੀ ਡਰੱਗ ਸਮੱਸਿਆ-2: 'ਚਿੱਟਾ' ਪੰਜਾਬ ਵਿੱਚ ਆਖ਼ਿਰ ਪਹੁੰਚਦਾ ਕਿਵੇਂ ਹੈ

ਨਸ਼ੇ ਦੀ ਖੇਪ Image copyright Getty Images
ਫੋਟੋ ਕੈਪਸ਼ਨ ਨਸ਼ੇ ਫੜੇ ਜਾਣ ਦੀ ਫਾਈਲ ਫ਼ੋਟੋ

ਅਟਾਰੀ ਸਰਹੱਦ ਨੇੜੇ ਧਨੋਆ ਕਲਾਂ ਭਾਰਤ -ਪਾਕਿਸਤਾਨ ਸਰਹੱਦ ਉੱਤੇ ਵਸਿਆ ਆਖ਼ਰੀ ਪਿੰਡ ਹੈ।ਇਸ ਪਿੰਡ ਦੇ ਘਰਾਂ ਦੀਆਂ ਛੱਤਾਂ ਤੋਂ ਕੁਝ ਹੀ ਕਿਲੋਮੀਟਰ ਦੂਰੀ 'ਤੇ ਲੱਗੀ ਕੰਡਿਆਲੀ ਤਾਰ ਸਾਫ਼ ਨਜ਼ਰ ਆਉਂਦੀ ਹੈ।

ਸਰਹੱਦ ਉੱਤੇ ਸੀਮਾ ਸੁਰੱਖਿਆ ਬਲ ਹਮੇਸ਼ਾ ਚੌਕਸੀ ਨਾਲ ਨਿਗਰਾਨੀ ਕਰਦੀ ਹੈ ਪਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਕਾਰਨ ਇਹ ਸੁਰੱਖਿਆ ਕਈ ਗੁਣਾ ਪੁਖਤਾ ਕਰ ਦਿੱਤੀ ਗਈ ਹੈ। ਬੀਐਸਐਫ਼ ਤੇ ਪੰਜਾਬ ਪੁਲਿਸ ਦੇ ਜਵਾਨ ਵਰਦੀ ਤੇ ਸਿਵਲ ਕੱਪੜਿਆ ਵਿਚ ਪਿੰਡ ਦੇ ਆਲੇ-ਦੁਆਲੇ ਤੇ ਗਲ਼ੀਆਂ ਵਿਚ ਘੁੰਮਦੇ ਆਮ ਹੀ ਦਿਖ ਜਾਂਦੇ ਹਨ।

ਇਸ ਪਿੰਡ ਵਿਚ 1400 ਦੇ ਕਰੀਬ ਬਾਲਗ ਰਹਿੰਦੇ ਹਨ ਅਤੇ 150 ਬੰਦੇ ਆਪਣੀ ਸਰਹੱਦ ਉੱਤੇ ਜ਼ਮੀਨ ਵਿਚ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾਂਦੇ ਹਨ।ਭਾਰਤ -ਪਾਕਿਸਤਾਨ ਦੀ ਸਰਹੱਦ ਦਾ 553 ਕਿਲੋਮੀਟਰ ਹਿੱਸਾ ਪੰਜਾਬ ਵਿਚ ਪੈਂਦਾ ਹੈ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਸੁਖਦੇਵ ਸਿੰਘ ਪਿੰਡ ਧਨੋਆ ਦੇ ਸਰਪੰਚ ਹਨ ਜੋ ਅਟਾੜੀ ਸਰਹੱਦ ਦੇ ਨੇੜੇ ਪੈਂਦਾ ਹੈ

ਭਾਰਤੀ ਕਿਸਾਨਾਂ ਦੀ ਜ਼ਮੀਨ ਨੂੰ ਪਾਰ ਛੱਡ ਤੇ ਭਾਰਤੀ ਸਰਹੱਦ ਉੱਤੇ ਕੰਡਿਆਲੀ ਤਾਰ ਲਗਾਈ ਗਈ ਹੈ। ਇਸ ਜ਼ਮੀਨ ਉੱਤੇ ਖੇਤੀ ਕਰਨ ਲਈ ਪੰਜਾਬੀ ਕਿਸਾਨਾਂ ਨੂੰ ਬੀਐਸਐਫ਼ ਦੀ ਨਿਗਰਾਨੀ ਹੇਠ ਕੰਡਿਆਲੀ ਤਾਰ ਦੇ ਪਾਰ ਜਾਣਾ ਪੈਂਦਾ ਹੈ। ਗੇਟਾਂ ਉੱਤੇ ਚੈਂਕਿੰਗ ਜਾਣ ਤੇ ਆਉਣ ਦੋਵੇਂ ਵੇਲੇ ਹੁੰਦੀ ਹੈ।

ਧਨੋਆ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ, 'ਪਿਛਲੇ ਸਾਲ ਇੱਕ ਦਿਨ ਜਦੋਂ ਇੱਕ ਕਿਸਾਨ ਕੰਡਿਆਲੀ ਤਾਰ ਤੋਂ ਪਾਰ ਆਪਣੀ ਜ਼ਮੀਨ ਨੂੰ ਪਾਣੀ ਦੇਣ ਗਿਆ ਤਾਂ ਉਸ ਨੂੰ ਜ਼ਮੀਨ ਵਿੱਚ ਦੱਬਿਆ ਹੋਇਆ ਨਸ਼ਾ ਮਿਲਿਆ, ਜਿਸ ਦੀ ਸੂਚਨਾ ਉਸ ਨੇ ਤੁਰੰਤ ਬੀਐਸਐਫ ਨੂੰ ਦਿੱਤੀ ਗਈ।'

''ਬੀਐਸਐਫ਼ ਨੂੰ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਜਵਾਨ ਹੈਰੋਇਨ ਦੇ ਉਹ ਪੈਕਟ ਲੈ ਆਏ ਪਰ ਨਾਲ ਹੀ ਕਿਸਾਨ ਨੂੰ ਹਿਰਾਸਤ ਵਿਚ ਲੈ ਲਿਆ। ਜਦੋਂ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕਿਸਾਨ ਦੇ ਨਿਰਦੋਸ਼ ਹੋਣ ਦੀ ਅਵਾਜ਼ ਉਠਾਈ ਤਾਂ ਜਾ ਕੇ ਕਿਤੇ ਕਿਸਾਨ ਨੂੰ ਛੱਡਿਆ ਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬਾਰਡਰ ਪਾਰ ਤੋਂ ਚਿੱਟਾ ਕਿਵੇਂ ਪਹੁੰਚਦਾ ਹੈ ਪੰਜਾਬ?

ਸੁਖਦੇਵ ਦਾ ਦਾਅਵਾ ਹੈ ਕਿ ਕੰਡਿਆਲੀ ਤਾਰ ਪਾਰਲੇ ਖੇਤਾਂ ਵਿਚ ਨਸ਼ੇ ਦੇ ਦੱਬੇ ਹੋਏ ਪੈਕੇਟ ਕਈ ਵਾਰ ਮਿਲਦੇ ਹਨ।ਉਹ ਕਹਿੰਦੇ ਹਨ, 'ਅਸੀਂ ਨਹੀਂ ਜਾਣਦੇ ਕਿ ਇਹ ਕੌਣ ਦਬਾ ਜਾਂਦਾ ਹੈ।

ਬੀਐਸਐਫ਼ ਤੇ ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਰੋਇਨ ਦੇ ਪੈਕੇਟ ਤਾਰ ਦੇ ਉੱਤੋ ਸੁੱਟ ਕੇ ਸਰਹੱਦ ਪਾਰੋਂ ਤਸਕਰੀ ਕਿਸਾਨਾਂ ਦੀ ਮਦਦ ਅਤੇ ਬਗ਼ੈਰ ਜਾਰੀ ਰਹਿੰਦੀ ਹੈ।

ਕੀ ਹੈ ਢੰਗ ਤਰੀਕੇ

ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਕਿਸਾਨਾਂ ਦਾ ਦਾਅਵਾ ਹੈ ਕਿ ਉਕਤ ਘਟਨਾਵਾਂ ਆਮ ਵਰਤਾਰਾ ਹੈ। ਤਰਨ ਤਾਰਨ ਦੇ ਕਿਸਾਨ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ, "ਇਹ ਬਹੁਤ ਹੀ ਤਾਲਮੇਲ ਨਾਲ ਕੀਤੀ ਜਾਂਦਾ ਹੈ। ਇੱਧਰਲੇ ਪਾਸੇ ਜਿਹੜੇ ਨਸ਼ਾ ਤਸਕਰੀ ਨਾਲ ਜੁੜੇ ਹੋਏ ਹਨ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਨਸ਼ੀਲੇ ਪਦਾਰਥਾਂ ਦਾ ਪੈਕਟ ਕਦੋਂ ਅਤੇ ਕਿੱਥੇ ਸੁੱਟਿਆ ਜਾਣਾ ਹੈ।"

ਭਾਰਤੀ ਖ਼ੁਫੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਦਾਅਵਾ ਹੈ, "ਇਹ ਪੈਕਟ ਕਿਸਾਨ ਜਾਂ ਮਜ਼ਦੂਰ ਆਪਣੇ ਘਰੀਂ ਲੈ ਆਉਂਦੇ ਹਨ। ਜਦੋਂ ਇਹ ਭਾਰਤੀ ਹੱਦ ਵਿੱਚ ਆ ਜਾਂਦੇ ਹਨ ਤਾਂ ਇਹ ਖ਼ਾਸ ਕਿਸਾਨ ਦੇ ਘਰੋਂ ਕੁਰੀਅਰ, ਜਿਸ ਨੂੰ ਭਾਰਤੀ ਭਾਸ਼ਾ ਵਿਚ 'ਪਾਂਧੀ' ਕਿਹਾ ਜਾਂਦਾ ਹੈ, ਰਾਹੀਂ ਚੁਕਵਾ ਲਿਆ ਜਾਂਦਾ ਹੈ।"

ਇਹ ਵੀ ਪੜ੍ਹੋ:

'ਪਾਂਧੀ' ਦਾ ਕੰਮ ਪੈਕੇਟ ਨੂੰ ਨਸ਼ੇ ਦੇ ਸੌਦਾਗਰ ਤੱਕ ਪਹੁੰਚਾਉਣਾ ਹੁੰਦਾ ਹੈ ਕਿਉਂਕਿ ਆਮ ਤੌਰ 'ਤੇ ਤਸਕਰ ਸਰਹੱਦ ਉੱਤੇ ਨਹੀਂ ਜਾਂਦੇ। ਕਿਸੇ ਨੂੰ ਇੱਕ ਦੂਜੇ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ ਹੈ। ਇਸ ਦਾ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਇੱਕ ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ।

ਉਹ ਦੱਸਦੇ ਹਨ ਕਿ ਅੱਗੇ ਇਹ ਪੈਕੇਟ 'ਪਾਂਧੀ' ਨੇੜਲ਼ੇ ਸ਼ਹਿਰ ਤੱਕ ਪਹੁੰਚਾਉਂਦੇ ਹਨ, ਜਿੱਥੋਂ ਇਸ ਨੂੰ ਅੱਗੇ ਹੋਰ ਕੁਰੀਅਰ ਰਿਟੇਲਰ ਤੱਕ ਪਹੁੰਚਾ ਦਿੰਦਾ ਹੈ ਅਤੇ ਇਹ ਨਸ਼ੇੜੀਆਂ ਨੂੰ ਵੇਚਦਾ ਹੈ।

ਸਰਹੱਦ ਉੱਤੇ ਤਾਇਨਾਤ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਦੇ ਕਾਰੋਬਾਰ ਵਿਚ ਜਿਨ੍ਹਾਂ ਲੋਕਾਂ ਨੂੰ ਵਰਤਿਆ ਜਾਂਦਾ ਹੈ, ਉਹ ਇੱਕ ਦੂਜੇ ਨੂੰ ਜਾਣਦੇ ਨਹੀਂ ਹੁੰਦੇ ਤੇ ਨਾ ਹੀ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਹੋਰ ਕਿਹੜਾ ਦਲਾਲ ਜਾਂ ਵਿਅਕਤੀ ਇਸ ਕਾਰੋਬਾਰ ਵਿਚ ਸ਼ਾਮਲ ਹੈ।ਇਹੀ ਕਾਰਨ ਹੈ ਕਿ ਮੁੱਖ ਨਸ਼ਾ ਤਸਕਰ ਆਮ ਤੌਰ ਉੱਤੇ ਏਜੰਸੀਆਂ ਦੇ ਕਾਬੂ ਨਹੀਂ ਆਉਂਦੇ।

ਫੋਟੋ ਕੈਪਸ਼ਨ ਕੰਡਿਆਲੀ ਤਾਰ ਦੇ ਪਾਰ ਜਾਣ ਲਈ ਬੀਐਸਐਫ ਵੱਲੋਂ ਖੇਤੀ ਕਰਨ ਲਈ ਪਾਸ ਹੁੰਦੇ ਹਨ

ਲੋਕ ਸਭਾ ਵਿੱਚ 2016 ਵਿੱਚ ਨਸ਼ੇ ਦੇ ਮੁੱਦੇ ਉੱਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਹਰੀਭਾਈ ਪਠਾਰੀਭਾਈ ਚੌਧਰੀ ਨੇ ਕਿਹਾ ਸੀ ਕਿ ਤਸਕਰ ਵੱਖ ਵੱਖ ਤਰੀਕੇ ਨਾਲ ਪੰਜਾਬ ਵਿਚ ਸਮੱਗਲਿੰਗ ਕਰਦੇ ਹਨ।

ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਤਸਕਰ ਸਰਹੱਦ ਉੱਤੇ ਸੁਰੰਗਾਂ ਰਾਹੀਂ, ਕੰਡਿਆਲੀ ਤਾਰ ਵਿੱਚ ਪਲਾਸਟਿਕ ਦੀ ਪਾਈਪ ਰਾਹੀਂ , ਕੰਡਿਆਲੀ ਤਾਰ ਤੋਂ ਉੱਪਰ ਦੀ ਭਾਰਤ ਵੱਲ ਨਸ਼ਾ ਸੁੱਟ ਕੇ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ।

ਸਰਹੱਦ ਉੱਤੇ ਰਸਤੇ

ਅਧਿਕਾਰੀ ਮੁਤਾਬਕ ਪੰਜਾਬ ਵਿਚ ਭਾਰਤ -ਪਾਕ 553 ਕਿਲੋਮੀਟਰ ਸਰਹੱਦ ਉੱਤੇ ਬੀਐਸਐਫ ਦੀਆਂ 20 ਬਟਾਲੀਅਨਾਂ ਤਾਇਨਾਤ ਹਨ। ਇਨ੍ਹਾਂ ਕੋਲ ਰਾਤ ਨੂੰ ਦੇਖ ਸਕਣ ਵਾਲੇ ਯੰਤਰ ਅਤੇ ਦੂਜੇ ਅਤਿ-ਆਧੁਨਿਕ ਉਪਕਰਨ ਉਪਲੱਬਧ ਹਨ।

ਬੀਐਸਐਫ ਦੇ ਅਧਿਕਾਰੀ ਮੁਤਾਬਕ, "ਸਰਹੱਦ ਉੱਤੇ ਭਾਵੇ ਕੰਡਿਆਲੀ ਪੂਰੀ ਤਰ੍ਹਾਂ ਲੱਗੀ ਹੋਈ ਹੈ ਪਰ ਦਰਿਆ, ਹੜ੍ਹ , ਧੁੰਦ, ਹਨ੍ਹੇਰਾ ਅਤੇ ਮੌਸਮੀ ਬਦਲਾਅ ਨਸ਼ਾਂ ਤਸਕਰਾਂ ਲਈ ਸੁਖਾਲਾ ਰਾਹ ਤਿਆਰ ਕਰਦੇ ਹਨ।"

ਇਸ ਬੀਬੀਸੀ ਪੱਤਰਕਾਰ ਨੇ ਬੀਐਸਐਫ ਦਾ ਇੱਕ ਪ੍ਰੇਜਨਟੇਸ਼ ਦੇਖਿਆ ਜਿਸ ਨਾਲ ਪਤਾ ਲੱਗਾ ਕਿਸਾਨ ਕਿਸ ਤਰ੍ਹਾਂ ਡਰੱਗਜ਼ ਨੂੰ ਲੁਕਾਉਣ ਲਈ ਟੋਇਆ ਬਣਾਉਂਦੇ ਹਨ। ਬੀਐਸਐਫ ਦੇ ਇੱਕ ਅਧਿਕਾਰੀ ਦੱਸਦੇ ਹਨ, "ਇਹ ਸੁੱਕੇ ਘਾਹ ਵਿੱਚ ਸੂਈ ਲੱਭਣ ਵਰਗਾ ਹੈ ਕਿਉਂਕਿ ਇਹ ਲੁਕਾਉਣ ਦੇ ਤਰੀਕੇ ਬਦਲਦੇ ਰਹਿੰਦੇ ਹਨ।"

ਇਹ ਅਧਿਕਾਰੀ ਕਹਿੰਦੇ, "ਪੰਜਾਬ ਦੀ ਸੀਮਾ 'ਤੇ ਤਸਕਰੀ ਦੀ ਗੱਲ ਕਰੀਏ ਤਾਂ ਇਸ ਵਿੱਚ 95 ਫੀਸਦੀ ਹੈਰੋਈਨ ਅਤੇ ਹੋਰ ਡਰੱਗਜ਼ ਹੈ, ਜਦਕਿ ਪੰਜ ਫੀਸਦੀ ਹਥਿਆਰ ਹੈ।"

ਹਾਲ ਦੇ ਸਾਲਾਂ ਵਿੱਚ ਸੀਮਾ 'ਤੇ ਡਰੱਗਜ਼ ਫੜੇ ਜਾਣ ਦੀ ਘਟਨਾਵਾਂ ਵਿੱਚ ਇਜ਼ਾਫ਼ਾ ਹੋਇਆ ਹੈ। ਸਾਲ 2016 ਵਿੱਚ 30 ਕਿਲੋ ਹੈਰੋਈਨ ਜ਼ਬਤ ਕੀਤੀ ਗਈ ਜਦਕਿ 2017 ਵਿੱਚ ਇਹ ਮਾਤਰਾ 279 ਕਿਲੋ ਤੱਕ ਪਹੁੰਚ ਗਈ। ਉੱਥੇ ਹੀ ਇਸ ਸਾਲ ਪਹਿਲੇ 7 ਮਹੀਨਿਆਂ ਦਾ ਅੰਕੜਾ ਕਰੀਬ 164 ਕਿਲੋ ਹੈ।

ਅਧਿਕਾਰੀ ਮੁਤਾਬਕ ਹਾਲ ਹੀ ਵਿੱਚ ਵੱਡੀਆਂ ਬਰਾਮਦਗੀਆਂ ਡਰੱਗਜ਼ ਦੇ ਨਮੂਨਿਆਂ ਨੂੰ ਸਪਲਾਈ ਚੈਨ ਵਜੋਂ ਵੀ ਦਰਸਾਉਂਦੀਆਂ ਹਨ।

ਪਿਛਲੇ ਸਾਲ ਮਈ ਵਿੱਚ ਲੁਧਿਆਣਾ ਪੁਲਿਸ ਨੇ 5 ਕਿਲੋ ਹੈਰੋਇਨ ਜ਼ਬਤ ਕਰਨ ਤੋਂ ਇੱਕ ਮਾਮਲਾ ਦਰਜ ਕੀਤਾ। ਜਿਸ ਵਿੱਚ ਖੁਲਾਸਾ ਹੋਇਆ ਕਿ ਫਿਰੋਜ਼ਪੁਰ ਦੇ ਜ਼ਿਲ੍ਹੇ ਇੱਕ ਪਿੰਡ ਦੇ ਸਰਪੰਚ ਦੇ ਮੁੰਡੇ ਗੁਰਮੇਲ ਸਿੰਘ ਅਤੇ 4 ਹੋਰ ਪਿੰਡ ਵਾਸੀਆਂ ਕੋਲ ਕਥਿਤ ਤੌਰ 'ਤੇ "ਸਰਹੱਦ ਪਾਰੋਂ ਤਸਕਰੀ ਕਰਨ ਲਈ ਗੱਲਬਾਤ ਕਰਨ ਲਈ ਪਾਕਿਸਤਾਨੀ ਸਿਮ ਕਾਰਡ ਸਨ।"

ਇਹ ਵੀ ਪੜ੍ਹੋ:

ਪੁਲਿਸ ਦੀ ਕਹਿਣਾ ਸੀ ਕਿ ਮੁਲਜ਼ਮਾਂ ਕੋਲੋਂ ਕਥਿਤ ਤੌਰ 'ਤੇ ਸਰਹੱਦ ਪਾਰੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਹੈ ਅਤੇ ਤਸਕਰਾਂ ਤੱਕ ਪੈਸਾ ਦਲਾਲਾਂ ਰਾਹੀਂ ਪਹੁੰਚਾਇਆ ਸੀ। ਇਹ ਕੇਸ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ।

ਇਸ ਸਾਲ ਜੁਲਾਈ ਵਿੱਚ ਅੰਮ੍ਰਿਤਸਰ ਕਸਟਮ ਅਧਿਕਾਰੀਆਂ ਨੇ ਕਰੀਬ 3.75 ਕਰੋੜ ਰੁਪਏ ਦੀ ਡਰੱਗਜ਼ ਬਰਾਮਦ ਕੀਤੀ, ਜੋ ਆਟਰੀ ਸਰਹੱਦ 'ਤੇ ਪਾਕਿਸਤਾਨ ਤੋਂ ਆਈ ਮਾਲ ਗੱਡੀ ਦੇ ਖਾਲੀ ਡੱਬਿਆਂ ਵਿੱਚ ਹੈਰੋਈਨ ਦੇ ਪੈਕਟ ਲੁਕਾ ਭੇਜੇ ਸਨ।

ਤਸਕਰੀ ਦੇ ਰਾਹ

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਪੰਜਾਬ ਵਿੱਚ ਹੈਰੋਇਨ ਦਾ ਉਤਪਾਦਨ ਨਹੀਂ ਹੁੰਦਾ। ਇਹ ਸਰਹੱਦ ਪਾਰ ਤੋਂ ਸੂਬੇ ਵਿਚ ਆਉਂਦੀ ਹੈ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਹੁਣ ਇਹ ਸਪਲਾਈ ਲਾਈਨ ਕੱਟ ਦਿੱਤੀ ਗਈ ਹੈ।

ਫੋਟੋ ਕੈਪਸ਼ਨ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਮੁਤਾਬਕ ਪੰਜਾਬ ਵਿੱਚ ਹੈਰੋਇਨ ਦਾ ਉਤਪਾਦਨ ਨਹੀਂ ਹੁੰਦਾ

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਗਠਨ ਕੀਤੀ ਗਈ ਸਪੈਸ਼ਲ ਟਾਸਕ ਫੋਰਸ ਨਾਲ ਕੰਮ ਕਰ ਰਹੇ ਬਾਰਡਰ ਜ਼ੋਨ ਦੇ ਆਈ ਜੀ ਰਾਜੇਸ਼ ਕੁਮਾਰ ਜੈਸਵਾਲ ਨੇ ਆਖਿਆ ਕਿ ਹੈਰੋਇਨ ਜ਼ਿਆਦਾਤਰ ਆਫਗਾਨਿਸਤਾਨ ਤੋਂ ਪਾਕਿਸਤਾਨ ਹੁੰਦੀ ਹੋਈ ਪੰਜਾਬ ਵਿੱਚ ਆਉਂਦੀ ਹੈ।

ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਉੱਤੇ ਸਖ਼ਤੀ ਹੋ ਜਾਂਦੀ ਹੈ ਤਾਂ ਤਸਕਰ ਰਾਜਸਥਾਨ ਰਾਹੀਂ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਇੱਥੇ ਵੀ ਸਖ਼ਤੀ ਹੋ ਜਾਂਦੀ ਹੈ ਤਾਂ ਕਿਸੇ ਹੋਰ ਥਾਂ ਉੱਤੇ ਤਸਕਰੀ ਜਾਰੀ ਰਹਿੰਦੀ ਹੈ।

ਜਲੰਧਰ ਜ਼ੋਨ ਦੇ ਆਈ ਜੀ ਪ੍ਰਮੋਦ ਬੇਨ ਨੇ ਆਖਿਆ ਕਿ ਤਸਕਰ ਸਮੇਂ- ਸਮੇਂ 'ਤੇ ਆਪਣਾ ਰੂਟ ਅਤੇ ਨੀਤੀ ਬਦਲਦੇ ਰਹਿੰਦੇ ਹਨ।

ਉਨ੍ਹਾਂ ਕਿਹਾ, "ਪੰਜਾਬ ਅੰਤਰਰਾਸ਼ਟਰੀ ਸਰਹੱਦ ਤੋਂ ਨਸ਼ਿਆਂ ਕਾਰਨ ਕਾਫ਼ੀ ਪ੍ਰਭਾਵਿਤ ਹੋਇਆ ਹੈ ਅਤੇ ਇਸ ਕੰਮ 'ਚ ਲੱਗੇ ਤਸਕਰ ਇੱਕ ਥਾਂ ਉੱਤੇ ਰਹਿ ਕੇ ਕੰਮ ਨਹੀਂ ਕਰਦੇ, ਉਹ ਅੰਮ੍ਰਿਤਸਰ ਤੋਂ ਫਿਰੋਜ਼ਪੁਰ-ਫਾਜ਼ਿਲਕਾ ਅਤੇ ਹੋਰ ਪਾਸਿਆਂ ਤੋਂ ਆਪਣਾ ਇਹ ਧੰਦਾ ਜਾਰੀ ਰੱਖਦੇ ਹਨ।''

ਸਰਹੱਦੀ ਖੇਤਰ ਹੋਣ ਕਰਕੇ ਪੰਜਾਬ ਅਖੌਤੀ ਡਰੱਗ ਤਸਕਰੀ ਦਾ ਰਸਤਾ ਹੈ, ਜਿਸ ਵਿੱਚ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵੀ ਆਉਂਦੇ ਹਨ।

ਸਾਲਾਂ ਤੋਂ ਪੰਜਾਬ ਭਾਰਤ ਵਿੱਚ ਕਿਤੇ ਵੀ ਡਰੱਗ ਦੀ ਸਪਲਾਈ ਦਾ ਬਿੰਦੂ ਬਣਿਆ ਹੋਇਆ ਹੈ।

ਪਿਛਲੇ 2 ਦਹਾਕਿਆਂ ਤੋਂ ਪੰਜਾਬ ਇੱਕ ਵੱਡਾ ਉਪਭੋਗਤਾ ਬਣ ਕੇ ਵੀ ਉਭਰਿਆ ਹੈ। ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਸੂਤਰਾਂ ਦੇ ਹਵਾਲੇ ਨਾਲ ਤਸਕਰੀ, ਹੈਰੋਇਨ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਉਂਦੀ ਹੈ।

ਉਨ੍ਹਾਂ ਮੁਤਾਬਕ ਜਦੋਂ ਸੁਰੱਖਿਆ ਬਲਾਂ ਨੇ ਆਪਣੇ ਆਪਰੇਸ਼ਨਾਂ ਨੂੰ ਤੇਜ਼ ਕੀਤਾ ਤਾਂ ਤਸਕਰਾਂ ਨੇ ਹੋਰ ਰਸਤਾ ਇਜ਼ਾਦ ਕੀਤਾ ਅਤੇ ਉਹ ਪੰਜਾਬ, ਰਾਜਸਥਾਨ ਜਾਂ ਜੰਮੂ-ਕਸ਼ਮੀਰ ਵੀ ਹੋ ਸਕਦੇ ਹਨ।

ਐਸਟੀਐਫ ਦੇ ਸਰਹੱਦੀ ਜ਼ੋਨ ਦੇ ਇੰਸਪੈਕਟਰ ਜਨਰਲ ਰਾਜੇਸ਼ ਕੁਮਰ ਜੈਸਵਾਲ ਦਾ ਕਹਿਣਾ ਹੈ, "ਹਾਲਾਂਕਿ, ਭਰਤ-ਪਾਕਿਸਤਾਨ ਸਰਹੱਦੀ ਮਾਰਗ ਸਾਧਾਰਨ ਹੈ ਪਰ ਅਸੀਂ ਦਿੱਲੀ ਤੋਂ ਵੀ ਨਾਰਕੋਟਿਕਸ ਬਰਾਮਦ ਕੀਤਾ ਹੈ।"

ਉਨ੍ਹਾਂ ਨੇ ਦੱਸਿਆ, "ਇਹ ਦਿੱਲੀ ਕਿਸੇ ਰੋਹ ਰਸਤਿਓਂ ਪਹੁੰਚਿਆ ਹੈ।"

ਇਹ ਵੀ ਪੜ੍ਹੋ:

ਜੈਸਵਾਲ ਦਾ ਕਹਿਣਾ ਹੈ, "ਅਫ਼ੀਮ ਅਤੇ ਭੁੱਕੀ ਪੰਜਾਬ ਵਿੱਚ ਆਮ ਤੌਰ 'ਤੇ ਦੇਸ ਦੇ 27 ਜ਼ਿਲ੍ਹਿਆਂ ਵਿਚੋਂ ਆਉਂਦੀ ਹੈ। ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਜੰਮੂ ਵਿੱਚ ਉਗਾਈ ਜਾਂਦੀ ਹੈ ਅਤੇ ਜੰਮੂ-ਕਸ਼ਮੀਰ ਰਾਹੀਂ ਵੀ ਆਉਂਦੀ ਹੈ। ਇਨ੍ਹਾਂ 27 ਜ਼ਿਲ੍ਹਿਆਂ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਇਹ ਇਨ੍ਹਾਂ ਦਾ ਉਤਪਾਦਨ ਕਰਦੇ ਹਨ। "

ਐਸਟੀਐਫ ਅਧਿਕਾਰੀ ਦੀ ਕਹਿਣਾ ਹੈ ਕਿ ਉੱਥੇ ਹੀ ਫਰਮਾਕਿਊਟੀਕਲ ਡਰੱਗ ਪੰਜਾਬ ਵਿੱਚ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਆਉਂਦਾ ਹੈ, ਭੰਗ ਅਤੇ ਚਰਸ ਦੀ ਉਤਪਾਦਨ ਹਿਮਾਚਲ 'ਚ ਹੁੰਦਾ ਹੈ।

ਪੁਲਿਸ ਦੀ ਮਿਲੀਭੁਗਤ

2016 ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਇਸ ਸਬੰਧ ਵਿਚ ਕੁਝ ਅੰਕੜੇ ਸਾਂਝੇ ਕੀਤੇ ਸਨ। ਉਨ੍ਹਾਂ ਰਾਜ ਸਭਾ ਵਿਚ ਇਹ ਅੰਕੜੇ ਪੇਸ਼ ਕਰਦਿਆਂ ਆਖਿਆ ਸੀ ਕਿ ਪੰਜਾਬ ਪੁਲਿਸ ਦੇ ਕਰਮਚਾਰੀ, ਜੇਲ੍ਹ ਵਿਭਾਗ, ਪੰਜਾਬ ਹੋਮ ਗਾਰਡ, ਬੀਐਸਐਫ, ਰੇਲਵੇ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ 68 ਕਰਮਚਾਰੀਆਂ ਨੂੰ ਡਰੱਗ ਵਪਾਰ ਵਿਚ ਸ਼ਾਮਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ, ਇਹਨਾਂ ਵਿੱਚੋਂ 53 ਪੰਜਾਬ ਪੁਲਿਸ ਦੇ ਹੀ ਸਨ।

ਸਪਸ਼ੱਟ ਹੈ ਕਿ ਡਰੱਗਜ਼ ਨੂੰ ਪੰਜਾਬ ਵਿੱਚੋਂ ਖ਼ਤਮ ਕਰਨ ਲਈ ਇੱਕ ਮਜ਼ਬੂਤ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਇਸ ਤੋਂ ਬਿਨਾਂ ਇਸ ਨੂੰ ਖ਼ਤਮ ਕਰਨਾ ਕਿਸੇ ਵੀ ਸਰਕਾਰ ਲਈ ਬਹੁਤ ਮੁਸ਼ਕਿਲ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)