ਆਮ ਆਦਮੀ ਪਾਰਟੀ ਦੇ ਕਾਟੋ ਕਲੇਸ਼ ਵਿੱਚ ਫਸੇ ਪੰਜਾਬੀ

ਆਮ ਆਦਮੀ ਪਾਰਟੀ ਦੇ ਲੀਡਰ, ਖਹਿਰਾ, ਕੰਵਰ ਸੰਧੂ ਅਤੇ ਬੈਂਸ Image copyright Getty Images
ਫੋਟੋ ਕੈਪਸ਼ਨ ਮਾਹਿਰਾਂ ਮੁਤਾਬਕ ਪਾਰਟੀ ਦੇ ਅੰਦਰੂਨੀ ਝਗੜਿਆਂ ਨੂੰ ਢੁਕਵੇਂ ਤਰੀਕੇ ਨਾਲ ਸੁਲਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।

"ਮੇਰੇ ਪਿਤਾ ਦਾ ਸਬੰਧ ਭਾਰਤੀ ਸੈਨਾ ਨਾਲ ਸੀ ਅਤੇ ਉਹ ਰਾਜਨੀਤਿਕ ਪਾਰਟੀਆਂ ਤੋਂ ਹਮੇਸ਼ਾ ਦੂਰ ਰਹੇ ਹਨ, ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਉਭਾਰ ਤੋਂ ਬਾਅਦ ਘਰ ਵਿੱਚ ਅਕਸਰ ਇਸ ਪਾਰਟੀ ਦੀ ਚਰਚਾ ਹੁੰਦੀ, ਮੈਂ ਹੈਰਾਨ ਸੀ ਕਿ ਪਿਤਾ ਜੀ ਦੀ ਅਚਾਨਕ ਰਾਜਨੀਤਿਕ ਪਾਰਟੀ ਵਿੱਚ ਦਿਲਚਸਪੀ ਕਿਉਂ ਵੱਧ ਰਹੀ ਸੀ?"

ਇਹ ਸ਼ਬਦ ਚੰਡੀਗੜ੍ਹ ਦੇ ਸੈਕਟਰ-10 ਦੇ ਡੀਏਵੀ ਕਾਲਜ ਦੀ ਪੁਲਿਟੀਕਲ ਸਾਇੰਸ ਵਿਸ਼ੇ ਦੀ ਸਹਾਇਕ ਪ੍ਰੋਫੈਸਰ ਕੰਵਲਪ੍ਰੀਤ ਕੌਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਹੇ।

ਆਪਣੇ ਪਿਤਾ ਦੀ ਸਿਆਸਤ ਵਿੱਚ ਵਧੀ ਦਿਲਚਸਪੀ ਦਾ ਕਾਰਨ ਦਸਦਿਆਂ ਉਨ੍ਹਾਂ ਨੇ ਕਿਹਾ, "ਇਸ ਦਾ ਕਾਰਨ ਸੀ ਆਮ ਆਦਮੀ ਪਾਰਟੀ ਦੇ ਆਮ ਲੋਕ ਜਿਸ ਦੇ ਆਧਾਰ ਉੱਤੇ ਇਹ ਪਾਰਟੀ ਖੜੀ ਹੋਈ ਸੀ ਜਿਸ ਕਰ ਕੇ ਗੈਰ ਰਾਜਨੀਤਿਕ ਵਿਚਾਰਧਾਰਾ ਦੇ ਲੋਕਾਂ ਨੂੰ ਵੀ ਇਸ ਨੇ ਆਪਣੇ ਵੱਲ ਖਿੱਚਿਆ। ਪਰ ਜੋ ਅੱਜ ਇਸ ਦਾ ਮੌਜੂਦਾ ਰੂਪ ਦੇਖਣ ਨੂੰ ਮਿਲ ਰਿਹਾ ਹੈ ਉਸ ਦਾ ਹਰਜਾਨਾ ਇਹ ਪਾਰਟੀ ਕਿਵੇਂ ਭਰੇਗੀ ਇਹ ਕਹਿਣਾ ਕਾਫ਼ੀ ਮੁਸ਼ਕਲ ਰਹੀ ਹੈ"

ਇਹ ਵੀ ਪੜ੍ਹੋ꞉

ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰੂਪ ਉੱਤੇ ਹੋਈ ਚਰਚਾ ਵਿੱਚ ਸ਼ਾਮਲ ਕੰਵਲਪ੍ਰੀਤ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਿੱਤ ਹੋ ਰਹੇ ਆਪਸੀ ਝਗੜਿਆਂ ਕਾਰਨ ਹੌਲੀ-ਹੌਲੀ ਇਸ ਦਾ ਨੁਕਸਾਨ ਹੋ ਰਿਹਾ ਹੈ।

ਫੋਟੋ ਕੈਪਸ਼ਨ ਪ੍ਰੋਫੈਸਰ ਹਰਕੰਵਲਪ੍ਰੀਤ ਕੌਰ (ਵਿਚਕਾਰ) ਸੀਨੀਅਰ ਪੱਤਰਕਾਰ ਮਨਰਾਜ ਗਰੇਵਾਲ ਸ਼ਰਮਾ ਨਾਲ ਗੱਲਬਾਤ ਕਰਦੇ ਹੋਏ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ

ਉਨ੍ਹਾਂ ਕਿਹਾ ਕਿ ਇਸ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਸਨ ਪਰ ਹੁਣ ਪੰਜਾਬੀ ਫਿਰ ਤੋਂ ਰਿਵਾਇਤੀ ਪਾਰਟੀਆਂ ਵੱਲ ਦੇਖ ਰਹੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦਾ ਵਿਵਾਦ ਤੋਂ ਬਾਅਦ ਵੀ ਪਾਰਟੀ ਤੋਂ ਵੱਖ ਨਾ ਹੋਣ ਬਾਰੇ ਦਿੱਤਾ ਗਿਆ ਬਿਆਨ ਵੀ ਭਟਕਾਉਣ ਵਾਲਾ ਹੈ ਕਿਉਂਕਿ ਬਗ਼ਾਵਤ ਦੇ ਬਾਵਜੂਦ ਉਹ ਪਾਰਟੀ ਦਾ ਹਿੱਸਾ ਕਿਵੇਂ ਰਹਿ ਸਕਦੇ ਹਨ ਇਹ ਫ਼ਿਲਹਾਲ ਸਪਸ਼ਟ ਨਹੀਂ ਹੈ।

ਇਹ ਵੀ ਪੜ੍ਹੋ꞉

ਇਸ ਮੁੱਦੇ ਉੱਤੇ ਸੀਨੀਅਰ ਪੱਤਰਕਾਰ ਮਨਰਾਜ ਗਰੇਵਾਲ ਸ਼ਰਮਾ ਦਾ ਕਹਿਣਾ ਹੈ, "ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਉਭਾਰ ਦਾ ਕਾਰਨ ਲੋਕਾਂ ਦਾ ਰਿਵਾਇਤੀ ਪਾਰਟੀਆਂ ਤੋਂ ਵਿਸ਼ਵਾਸ ਉਠ ਜਾਣਾ ਵੀ ਸੀ। ਲੋਕ ਪਾਰਟੀ ਦੇ ਨਾਲ ਵੀ ਜੁੜੇ ਪਰ ਪੰਜਾਬ ਇਕਾਈ ਦਾ ਕੋਈ ਸੁਲਝਿਆ ਹੋਇਆ ਚਿਹਰਾ ਨਾ ਹੋਣ ਕਰਕੇ ਲੋਕ ਹੌਲੀ ਹੌਲੀ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ।"

ਮਨਰਾਜ ਗਰੇਵਾਲ ਦਾ ਕਹਿਣਾ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਅਸੁਰੱਖਿਅਤ ਸੁਭਾਅ ਵੀ ਮੌਜੂਦਾ ਗਿਰਾਵਟ ਦਾ ਇੱਕ ਕਾਰਨ ਹੈ।

ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਭਰੋਸੇਯੋਗਤਾ ਉੱਤੇ ਅਤੇ ਖਹਿਰੇ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਦੇ ਤਰੀਕੇ ਉੱਤੇ ਵੀ ਸਵਾਲ ਚੁੱਕੇ।

ਆਮ ਆਦਮੀ ਪਾਰਟੀ ਦੇ ਮੌਜੂਦਾ ਕਾਟੋ ਕਲੇਸ਼ ਉੱਤੇ ਟਿੱਪਣੀ ਕਰਦਿਆਂ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਨੇ ਕਿਹਾ ਕਿ ਇਸ ਪਾਰਟੀ ਵਿਚ ਵਿਚਾਰਧਾਰਾ ਦੀ ਭਾਰੀ ਕਮੀ ਹੈ।

ਉਨ੍ਹਾਂ ਕਿਹਾ, "ਜਿਸ ਤਰੀਕੇ ਨਾਲ ਪੰਜਾਬ ਵਿਚ ਲੋਕਾਂ ਨੇ ਪਾਰਟੀ ਉੱਤੇ ਵਿਸ਼ਵਾਸ ਬਣਾ ਕੇ ਭਰੋਸਾ ਕੀਤਾ ਸੀ ਅਰਵਿੰਦ ਕੇਜਰੀਵਾਲ ਦੀ ਜ਼ਿੰਮੇਵਾਰੀ ਇਸ ਨੂੰ ਬਰਕਰਾਰ ਰੱਖਣ ਦੀ ਸੀ ਜਿਸ ਉੱਤੇ ਖਰੇ ਨਹੀਂ ਉੱਤਰੇ।"

ਫੋਟੋ ਕੈਪਸ਼ਨ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਮੁਤਾਬਕ ਪਾਰਟੀ ਵਿੱਚ ਸਿਆਸੀ ਵਿਚਾਰਧਾਰਾ ਦਾ ਕੋਈ ਨਿਸ਼ਾਨ ਨਹੀਂ ਦਿਖਦਾ।

ਉਨ੍ਹਾਂ ਕਿਹਾ, "ਪੰਜਾਬ ਦੇ ਲੋਕਾਂ ਦਾ ਰਿਵਾਇਤੀ ਪਾਰਟੀਆਂ ਤੋਂ ਹੌਲੀ ਹੌਲੀ ਮੋਹ ਟੁੱਟ ਰਿਹਾ ਹੈ ਅਤੇ ਉਹ ਤੀਜੀ ਧਿਰ ਚਾਹੁੰਦੇ ਹਨ। ਜੇਕਰ ਇਸ ਨੂੰ ਪਾਉਣ ਵਿੱਚ ਉਹ ਨਾਕਾਮਯਾਬ ਹੋ ਜਾਂਦੇ ਹਨ ਤਾਂ ਇਸ ਵਿੱਚ ਸਭ ਤੋਂ ਵੱਡਾ ਕਸੂਰ ਅਰਵਿੰਦ ਕੇਜਰੀਵਾਲ ਦਾ ਹੋਵੇਗਾ।"

ਉਨ੍ਹਾਂ ਕਿਹਾ, "ਪਾਰਟੀ ਦੇ ਮੌਜੂਦਾ ਰੂਪ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕੇਜਰੀਵਾਲ ਵੀ ਦੂਜੀਆਂ ਰਿਵਾਇਤੀ ਪਾਰਟੀਆਂ ਵਾਲੇ ਹੱਥਕੰਡੇ ਅਪਣਾ ਰਹੇ ਹਨ।"

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਤੋਂ ਉਸਾਰੂ ਏਜੰਡਾ ਲੋਚਦੇ ਹਨ ਜੇਕਰ ਉਨ੍ਹਾਂ ਨੂੰ ਇਹ ਨਹੀਂ ਮਿਲੇਗਾ ਤਾਂ ਉਹ ਤੀਜੇ ਬਦਲ ਵੱਲ ਜਾਣਗੇ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)