ਕਰੁਣਾਨਿਧੀ ਦੀ ਦੇਹ ਨੂੰ ਮਰੀਨਾ 'ਤੇ ਹੀ ਸਪੁਰਦ-ਏ-ਖਾਕ ਕਰਵਾਉਣ ਦੀ ਜ਼ਿੱਦ ਕਿਉਂ ਹੋਈ

ਕਰੁਣਾਨਿਧੀ Image copyright Getty Images

ਡੀਐੱਮਕੇ ਮੁਖੀ ਐੱਮ. ਕਰੁਣਾਨਿਧੀ ਦੇ ਦੇਹਾਂਤ ਤੋਂ ਬਾਅਦ ਚੇਨਈ ਦੇ ਮਰੀਨਾ ਬੀਚ 'ਤੇ ਉਨ੍ਹਾਂ ਦੀ ਦੇਹ ਸਪੁਰਦ-ਏ-ਖਾਕ ਕੀਤੀ ਗਈ। ਇਸ ਲਈ ਹਾਈ ਕੋਰਟ ਵਿਚ ਰਾਤ ਨੂੰ ਸੁਣਵਾਈ ਹੋਈ ਤੇ ਅਦਾਲਤ ਤੋਂ ਇਹ ਆਗਿਆ ਲੈਣੀ ਪਈ।

ਦਰਅਸਲ ਕਰੁਣਾਨਿਧੀ ਦੇ ਸਮਰਥਕਾਂ ਦੀ ਮੰਗ ਸੀ ਕਿ ਉਨ੍ਹਾਂ ਦੀ ਦੇਹ ਮਰੀਨਾ ਬੀਚ ਉੱਤੇ ਸਪੁਰਦ-ਏ-ਖਾਕ ਕੀਤੀ ਜਾਵੇ ਅਤੇ ਉਨ੍ਹਾਂ ਦੇ ਸਮਾਰਕ ਦਾ ਨਾਂ ਅੰਨਾ ਸੁਕੇਅਰ ਰੱਖਿਆ ਜਾਵੇ। ਇਹ ਉਨ੍ਹਾਂ ਦੇ ਸਰਪ੍ਰਸਤ ਅੰਨਾਦੁਰਾਇ ਦੇ ਸਮਾਰਕ ਦੇ ਨੇੜੇ ਬਣਾਇਆ ਜਾਵੇ।

ਪਰ ਸੂਬਾ ਸਰਕਾਰ ਦਾ ਕਹਿਣਾ ਸੀ ਕਿ ਇਹ ਨਹੀਂ ਹੋ ਸਕਦਾ ਕਿਉਂਕਿ ਮਰੀਨਾ ਬੀਚ 'ਤੇ ਸਿਰਫ ਮੌਜੂਦਾ ਮੁੱਖ ਮੰਤਰੀਆਂ ਨੂੰ ਥਾਂ ਦਿੱਤੀ ਜਾਂਦੀ ਹੈ ਤੇ ਕਰੁਣਾਨਿਧੀ ਸਾਬਕਾ ਮੁੱਖਮੰਤਰੀ ਸਨ। ਇਹ ਮਾਮਲਾ ਪਹਿਲਾ ਹੀ ਹਾਈਕੋਰਟ ਵਿਚ ਹੈ। ਖੈਰ ਅਦਾਲਤੀ ਦਖਲ ਤੋਂ ਬਾਅਦ ਕਰੁਣਾਨਿਧੀ ਦੀ ਦੇਹ ਮਰੀਨਾ ਬੀਚ ਉੱਤੇ ਸਪੁਰਦ-ਏ-ਖਾਕ ਕਰ ਦਿੱਤੀ ਗਈ।

ਇਹ ਵੀ ਪੜ੍ਹੋ:

ਕਿਉਂ ਖਾਸ ਹੈ ਮਰੀਨਾ ਬੀਚ?

ਜਿਹੜੇ ਲੋਕ ਤਮਿਲ ਸਮਾਜ ਬਾਰੇ ਬਹੁਤਾ ਨਹੀਂ ਜਾਣਦੇ ਉਨ੍ਹਾਂ ਦੇ ਮਨ ਵਿਚ ਇਹ ਸਵਾਲ ਉੱਠਿਆ ਕਿ ਡੀਐੱਮਕੇ ਸਮਰਥਕਾਂ ਨੇ ਚੇਨਈ ਦੇ ਮਰੀਨਾ ਬੀਚ ਉੱਤੇ ਹੀ ਕਰੁਣਾਨਿਧੀ ਦੀ ਦੇਹ ਸਪੁਰਦ-ਏ-ਖਾ ਕਰਨ ਦੀ ਜ਼ਿੱਦ ਕਿਉਂ ਕੀਤੀ ਅਤੇ ਇਸ ਨੂੰ ਪੂਰਾ ਕਰਵਾਇਆ।

Image copyright Getty Images

ਅਸਲ ਵਿੱਚ ਇੱਥੇ ਆਧੁਨਿਕ ਤਮਿਲਾਂ ਦੇ ਹੁਣ ਤੱਕ ਦੇ ਵੱਡੇ ਸਿਆਸੀ ਆਗੂਆਂ ਦੀਆਂ ਸਮਾਧੀਆਂ ਬਣੀਆਂ ਹੋਈਆਂ ਹਨ।। ਸਾਲ 1970 ਵਿੱਚ ਇੱਥੇ ਅੰਨਾਦੁਰਾਇ ਦਾ ਮੈਮੋਰਿਅਲ ਬਣਿਆ ਸੀ ਤੇ 1998 ਵਿੱਚ ਐਮਜੀਆਰ ਦਾ ਸਮਾਰਕ ਵੀ ਇੱਥੇ ਹੀ ਬਣਾਇਆ ਗਿਆ।

ਇਸ ਤੋਂ ਬਾਅਦ ਕਾਮਰਾਜ ਤੇ ਸ਼ਿਵਾਜੀ ਗਣੇਸ਼ਨ ਦਾ ਮੈਮੋਰੀਅਲ ਬਣਾਇਆ ਗਿਆ ਤੇ ਹਾਲ ਹੀ ਵਿੱਚ ਜੈਲਲਿਤਾ ਦੀ ਦੇਹ ਵੀ ਇੱਥੇ ਹੀ ਸਪੁਰਦ-ਏ-ਖਾਕ ਕੀਤੀ ਗਈ ਸੀ। ਕੁਝ ਸਮੇਂ ਵਿੱਚ ਉਨ੍ਹਾਂ ਦਾ ਸਮਾਰਕ ਵੀ ਬਣ ਸਕਦਾ ਹੈ। ਅਤੇ ਹੁਣ ਕਰੁਣਾਨਿਧੀ ਦੇ ਮੈਮੋਰੀਅਲ ਦੀ ਮੰਗ ਵੀ ਉੱਠ ਸਕਦੀ ਹੈ।

ਇਤਿਹਾਸਕ ਥਾਂ ਹੈ ਮਰੀਨਾ

ਤਮਿਲ ਭਾਈਚਾਰੇ ਵਿਚ ਮਰੀਨਾ ਇੱਕ ਤੀਰਥ ਦਾ ਰੂਪ ਧਾਰਨ ਕਰ ਚੁੱਕਾ ਹੈ। ਇੱਥੇ ਤਮਿਲ ਨਾਇਕਾ ਦੇ ਸਮਾਕਰ ਹਨ ਅਤੇ ਕਈ ਸਾਬਕਾ ਮੁੱਖ ਮੰਤਰੀਆਂ ਦੀਆਂ ਅੰਤਿਮ ਰਸਮਾਂ ਇੱਥੇ ਹੀ ਕੀਤੀਆਂ ਗਈਆਂ ਹਨ। ਇੱਥੇ ਦਫ਼ਨਾਏ ਜਾਣ ਨੂੰ ਇੱਕ ਲੋਕ ਸਨਮਾਨ ਵਜੋਂ ਦੇਖਿਆ ਜਾਂਦਾ ਹੈ।

ਮਰੀਨਾ ਇੱਕ ਥਾਂ ਇਤਿਹਾਸਕ ਵੀ ਹੈ। ਸਾਲ 1884 ਵਿੱਚ ਇੱਥੇ ਪ੍ਰੋਮੇਨੇਡ ਬਣਿਆ, 1909 ਵਿੱਚ ਦੇਸ ਦਾ ਪਹਿਲਾ ਐਕੁਏਰੀਅਮ ਬਣਿਆ।

Image copyright Getty Images

ਆਜ਼ਾਦੀ ਤੋਂ ਬਾਅਦ ਇੱਥੇ 'ਟ੍ਰਾਯੰਫ ਆਫ ਲੇਬਰ' ਤੇ ਗਾਂਧੀ ਦੀ 'ਡਾਂਡੀ ਯਾਤਰਾ' ਵਾਲਾ ਬੁੱਤ ਲਗਾਇਆ ਗਿਆ।

ਸਾਲ 1968 ਵਿੱਚ ਪਹਿਲੀ ਵਰਲਡ ਤਮਿਲ ਕਾਨਫਰੰਸ ਵੇਲੇ ਤਮਿਲ ਸਾਹਿਤ ਦੇ ਕਈ ਦਿੱਗਜਾਂ ਦੇ ਬੁੱਤ ਵੀ ਇੱਥੇ ਲਾਏ ਗਏ ਸਨ। ਇਸ ਵਿੱਚ ਅਵਈਯਾਰ. ਤਿਰੁਵੱਲੁਵਰ, ਕੰਬਰ, ਸੁਬਰਮਨਿਆ ਭਰਤੀਆਰ, ਭਾਰਤੀਦਸਨ ਸ਼ਾਮਲ ਹਨ।

ਮਸ਼ਹੂਰ ਟੂਰਿਸਟ ਸਪੌਟ

ਮਰੀਨਾ ਬੀਚ ਚੇਨਈ ਵਿੱਚ ਬਣਿਆ ਸਮੁੰਦਰ ਦਾ ਕੁਦਰਤੀ ਕਿਨਾਰਾ ਹੈ। ਉੱਤਰ ਵਿੱਚ ਇਹ ਫੋਰਟ ਸੇਂਟ ਜੌਰਜ ਤੋਂ ਸ਼ੁਰੂ ਹੁੰਦਾ ਹੈ ਤੇ ਦੱਖਣ ਵਿੱਚ ਫੋਰਸ਼ੋਰ ਐਸਟੇਟ ਤੱਕ ਜਾਂਦਾ ਹੈ।

ਇਹ ਕਰੀਬ ਛੇ ਕਿਲੋਮੀਟਰ ਤੱਕ ਫੈਲਿਆ ਹੈ, ਇਸ ਨੂੰ ਦੇਸ ਦਾ ਸਭ ਤੋਂ ਲੰਮਾ ਕੁਦਰਤੀ ਸ਼ਹਿਰੀ ਬੀਚ ਬਣਾਉਂਦਾ ਹੈ।

ਚੇਨਈ ਵਿੱਚ ਮਰੀਨਾ ਬੀਚ ਸੈਲਾਨੀਆਂ ਦਾ ਵੀ ਪਸੰਦੀਦਾ ਥਾਂ ਹੈ। ਇੱਥੇ ਲੋਕ ਮੈਮੋਰੀਅਲ, ਬੁੱਤ, ਮਾਰਨਿੰਗ ਵਾਕ, ਜੌਗਰਜ਼ ਪਾਰਕ, ਲਵਰਸ ਸਪੌਟ, ਐਕੁਏਰੀਅਮ ਵੇਖਣ ਲਈ ਪਹੁੰਚਦੇ ਹਨ। ਇੱਥੇ ਦੋ ਸਵੀਮਿੰਗ ਪੂਲ ਵੀ ਹਨ, ਜਿਨ੍ਹਾਂ 'ਚੋਂ ਇੱਕ ਅੰਨਾ ਸਵੀਮਿੰਗ ਪੂਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)