ਪੁਲਿਸ ਕੁੜੀਆਂ ਨੂੰ 'ਗੈਰ-ਕਾਨੂੰਨੀ' ਸ਼ੈਲਟਰ ਹੋਮ 'ਚ ਕਿਉਂ ਲਿਆਂਦੀ ਸੀ - ਗਰਾਊਂਡ ਰਿਪੋਰਟ

ਦੇਵਰੀਆ ਦੇ ਸ਼ੈਲਟਰ ਹੋਮ ਦੀ ਮਾਨਤਾ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਰੱਦ ਹੋ ਚੁੱਕੀ ਹੈ Image copyright jitendra tripathi/bbc
ਫੋਟੋ ਕੈਪਸ਼ਨ ਦੇਵਰੀਆ ਦੇ ਸ਼ੈਲਟਰ ਹੋਮ ਦੀ ਮਾਨਤਾ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਰੱਦ ਹੋ ਚੁੱਕੀ ਹੈ

ਉੱਤਰ ਪ੍ਰਦੇਸ਼ ਵਿੱਚ ਦੇਵਰੀਆ ਜ਼ਿਲ੍ਹੇ ਦੀਆਂ ਬੱਚੀਆਂ ਦੇ ਸ਼ੈਲਟਰ ਵਿੱਚ ਉਨ੍ਹਾਂ ਨਾਲ ਹੋਏ ਕਥਿਤ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਸਰਕਾਰ ਨੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਅਫ਼ਸਰ ਨੂੰ ਹਟਾ ਦਿੱਤਾ ਹੈ।

ਕੁਝ ਹੋਰ ਅਫ਼ਸਰਾਂ ਦੇ ਖਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਬੱਚੀਆਂ ਦੇ ਸ਼ੈਲਟਰ ਚਲਾਉਣ ਵਾਲੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਪਰ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਆਖਿਰ ਇੱਕ ਗੈਰ ਕਾਨੂੰਨੀ ਸ਼ੈਲਟਰ ਹੋਮ ਵਿੱਚ ਖੁਦ ਪੁਲਿਸ ਮੁਲਾਜ਼ਮ ਕੁੜੀਆਂ ਛੱਡਣ ਲਈ ਕਿਉਂ ਆਉਂਦੇ ਸਨ?

ਦੇਵਰੀਆ ਰੇਲਵੇ ਸਟੇਸ਼ਨ ਤੋਂ ਮਹਿਜ਼ ਕੁਝ 100 ਮੀਟਰ ਦੀ ਦੂਰੀ 'ਤੇ ਇੱਕ ਪੁਰਾਣੀ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਬਣੇ ਇਸ ਸ਼ੈਲਟਰ ਹੋਮ ਨੂੰ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ। ਉੱਥੋਂ ਦੇ ਮੁਲਾਜ਼ਮ ਭੱਜ ਗਏ ਹਨ ਜਾਂ ਫਿਰ ਭਜਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

ਆਲੇ-ਦੁਆਲੇ ਦੇ ਲੋਕ ਇਸ ਗੱਲ ਤੋਂ ਹੈਰਾਨ ਹਨ ਕਿ ਉਨ੍ਹਾਂ ਦੀ ਨੱਕ ਥੱਲੇ ਇਹ ਸਭ ਹੋ ਰਿਹਾ ਸੀ ਅਤੇ ਉਨ੍ਹਾਂ ਨੂੰ ਖ਼ਬਰ ਨਹੀਂ ਸੀ।

ਸਕਤੇ ਵਿੱਚ ਸਥਾਨਕ ਲੋਕ

ਜਿਸ ਇਮਾਰਤ ਦੀ ਮੰਜ਼ਿਲ 'ਤੇ ਮਾਂ ਵਿੰਧਿਆਵਾਸਿਨੀ ਸ਼ੈਲਟਰ ਹੋਮ ਹੈ ਉਸੇ ਇਮਾਰਤ ਦੇ ਗਰਾਊਂਡ ਫਲੋਰ 'ਤੇ ਕੇਪੀ ਪਾਂਡੇ ਦੀ ਸਟੇਸ਼ਨਰੀ ਦੀ ਦੁਕਾਨ ਹੈ ਅਤੇ ਇੱਕ ਪ੍ਰਿੰਟਿੰਗ ਪ੍ਰੈਸ ਵੀ। ਇਮਾਰਤ ਦੇ ਪਿਛਲੇ ਹਿੱਸੇ ਦੇ ਠੀਕ ਸਾਹਮਣੇ ਉਨ੍ਹਾਂ ਦਾ ਜੱਦੀ ਘਰ ਹੈ।

Image copyright jitender tripathi/bbc
ਫੋਟੋ ਕੈਪਸ਼ਨ ਹੁਣ ਦੇਵਰੀਆ ਦੇ ਸ਼ੈਲਟਰ ਹੋਮ ਨੂੰ ਸੀਲ ਕਰ ਦਿੱਤਾ ਗਿਆ ਹੈ

ਕੇਪੀ ਪਾਂਡੇ ਦੱਸਦੇ ਹਨ, "ਸਾਨੂੰ ਲੋਕਾਂ ਨੂੰ ਤਾਂ ਇਸ ਬਾਰੇ ਕੁਝ ਨਹੀਂ ਪਤਾ ਸੀ ਕਿ ਇੱਥੇ ਇਹ ਸਭ ਹੋ ਰਿਹਾ ਹੈ। ਪੁਲਿਸ ਵਾਲੇ ਕੁੜੀਆਂ ਛੱਡਣ ਆਉਂਦੇ ਸਨ, ਉਨ੍ਹਾਂ ਨੂੰ ਲੈ ਜਾਂਦੇ ਸਨ। ਇੱਥੋਂ ਤੱਕ ਕਿ ਕੁੜੀਆਂ ਸਕੂਲ ਵੀ ਜਾਂਦੀਆਂ ਸਨ ਅਤੇ ਕਈ ਵਾਰ ਤਾਂ ਅਸੀਂ ਉਨ੍ਹਾਂ ਨੂੰ ਪਿਕਨਿਕ ਮਨਾਉਣ ਲੈ ਜਾਂਦੇ ਵੀ ਦੇਖਿਆ ਸੀ।''

ਕੇਪੀ ਪਾਂਡੇ ਦੱਸਦੇ ਹਨ ਕਿ ਗਿਰਿਜਾ ਤ੍ਰਿਪਾਠੀ ਦੀ ਇਹ ਸੰਸਥਾ ਤਾਂ ਕਾਫੀ ਪੁਰਾਣੀ ਹੈ ਪਰ ਅੱਠ ਸਾਲ ਪਹਿਲਾਂ ਉਨ੍ਹਾਂ ਨੇ ਉੱਪਰੀ ਹਿੱਸੇ ਨੂੰ ਕਿਰਾਏ 'ਤੇ ਲੈ ਕੇ ਸ਼ੈਲਟਰ ਹੋਮ ਖੋਲ੍ਹਿਆ ਸੀ।

ਉਨ੍ਹਾਂ ਦੇ ਮੁਤਾਬਕ ਦਿਨ ਵਿੱਚ ਤਾਂ ਇੱਥੇ ਉਨ੍ਹਾਂ ਨੂੰ ਕੋਈ ਗਲਤ ਹਰਕਤ ਨਹੀਂ ਦਿਖੀ ਪਰ ਬਾਅਦ ਵਿੱਚ ਕੀ ਹੁੰਦਾ ਸੀ, ਉਨ੍ਹਾਂ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਹੈ।

ਉੱਥੇ ਹੀ ਗੁਆਂਢ ਵਿੱਚ ਰਹਿਣ ਵਾਲੇ ਮਣੀ ਸ਼ੰਕਰ ਮਿਸ਼ਰ ਕਹਿੰਦੇ ਹਨ ਕਿ ਗਿਰਿਜਾ ਤ੍ਰਿਪਾਠੀ ਅਤੇ ਉਨ੍ਹਾਂ ਦੇ ਪਤੀ ਸ਼ੈਲਟਰ ਹੋਮ ਦੇ ਇਲਾਵਾ ਇੱਕ ਸਲਾਹ ਕੇਂਦਰ ਵੀ ਚਲਾਉਂਦੇ ਸਨ ਅਤੇ ਉਨ੍ਹਾਂ ਮੁਤਾਬਕ ਇਨ੍ਹਾਂ ਲੋਕਾਂ ਨੇ ਕਈ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਉਣ ਦਾ ਕੰਮ ਵੀ ਕੀਤਾ ਹੈ।

ਇਸ ਦੇ ਇਲਾਵਾ ਇਨ੍ਹਾਂ ਕੋਲ ਲੋਕ ਵਿਆਹ ਦੇ ਮਾਮਲਿਆਂ ਵਿੱਚ ਵੀ ਸਲਾਹ ਲੈਣ ਆਉਂਦੇ ਸਨ।

ਕਰੋੜਾਂ ਦੀ ਮਾਲਕਨ ਹੈ ਗਿਰਿਜਾ ਤ੍ਰਿਪਾਠੀ

ਮਣੀਸ਼ੰਕਰ ਮਿਸ਼ਰ ਦਾਅਵਾ ਕਰਦੇ ਹਨ ਕਿ ਚੀਨੀ ਮਿਲ ਵਿੱਚ ਮਾਮੁਲੀ ਨੌਕਰੀ ਕਰਨ ਵਾਲੇ ਗਿਰਿਜਾ ਤ੍ਰਿਪਾਠੀ ਦੇ ਪਤੀ ਅੱਜ ਕਰੋੜਾਂ ਦੇ ਮਾਲਿਕ ਹਨ ਅਤੇ ਇਸੇ ਤਰੀਕੇ ਦੀਆਂ ਕਈ ਸੰਸਥਾਵਾਂ ਚਲਾਉਂਦੇ ਹਨ।

Image copyright jitender tripathi/bbc
ਫੋਟੋ ਕੈਪਸ਼ਨ ਸ਼ੈਲਟਰ ਹੋਮ ਦੀ ਸੰਚਾਲਕ ਗਿਰਿਜਾ ਤ੍ਰਿਪਾਠੀ ਦੇ ਕਈ ਰਸੂਖਦਾਰ ਲੋਕਾਂ ਨਾਲ ਸਬੰਧ ਸਨ

ਬਾਵਜੂਦ ਇਸਦੇ ਮਣੀਸ਼ੰਕਰ ਮਿਸ਼ਰ ਗਿਰਿਜਾ ਤ੍ਰਿਪਾਠੀ ਦਾ ਬਚਾਅ ਕਰਦੇ ਹਨ।

ਉਹ ਕਹਿੰਦੇ ਹਨ, "ਇਹ ਲੋਕ ਬੱਚੀਆਂ ਨੂੰ ਗੋਦ ਵੀ ਦਿੰਦੇ ਸਨ, ਉਨ੍ਹਾਂ ਦੇ ਵਿਆਹ ਵੀ ਕਰਵਾਉਂਦੇ ਸਨ। ਜਿਨ੍ਹਾਂ 18 ਕੁੜੀਆਂ ਦੇ ਗਾਇਬ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਹੈ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਜਿਹੀ ਥਾਵਾਂ 'ਤੇ ਹੀ ਪਹੁੰਚਾਇਆ ਹੋਵੇ ਅਤੇ ਜੇ ਅਜਿਹਾ ਹੋਇਆ ਤਾਂ ਬੱਚੀਆਂ ਬੱਚ ਵੀ ਸਕਦੀਆਂ ਹਨ।''

ਇਹ ਵੀ ਪੜ੍ਹੋ:

ਗੁਆਂਢੀਆਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਅਕਸਰ ਰਸੂਖਦਾਰ ਲੋਕ ਆਉਂਦੇ ਸਨ ਅਤੇ ਗਿਰਿਜਾ ਤ੍ਰਿਪਾਠੀ ਨੂੰ ਵੀ ਸ਼ਹਿਰ ਦੇ ਕਈ ਪ੍ਰੋਗਰਾਮਾਂ ਵਿੱਚ ਮਹਿਮਾਨ ਵਜੋਂ ਬੁਲਾਇਆ ਜਾਂਦਾ ਸੀ।

ਦਰਅਸ ਇੱਥੇ ਉਨ੍ਹਾਂ ਦੀ ਪਛਾਣ ਇੱਕ ਸਮਾਜਸੇਵੀ ਵਜੋਂ ਰਹੀ ਹੈ। ਕਈ ਸਰਕਾਰੀ ਸੰਸਥਾਂਵਾਂ ਦੀ ਉਹ ਮੈਂਬਰ ਹਨ ਅਤੇ ਤਮਾਮ ਮਸ਼ਹੂਰ ਹਸਤੀਆਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਹਨ। ਇਹ ਗੱਲ ਵੱਖਰੀ ਹੈ ਕਿ ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਸਨ ਉਹ ਹੁਣ ਖੁਦ ਦਾ ਬਚਾਅ ਕਰਦੇ ਨਜ਼ਰ ਆ ਰਹੇ ਹਨ।

ਇਸ ਬੱਚੀਆਂ ਦੇ ਸ਼ੈਲਟਰ ਹੋਮ ਨੂੰ ਚਲਾਉਣ, ਉਸ 'ਤੇ ਹੋਈ ਕਾਰਵਾਈ ਅਤੇ ਮਾਨਤਾ ਰੱਦ ਹੋਣ ਦੇ ਬਾਵਜੂਦ ਇਸਦੇ ਬਿਨਾਂ ਰੁਕਾਵਟ ਚੱਲਣ ਦੇ ਮਾਮਲੇ ਵਿੱਚ ਵੱਡੀ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਮਿਲੀਭੁਗਤ ਦੇ ਇਲਜ਼ਾਮ ਲੱਗ ਰਹੇ ਹਨ।

ਹਾਲਾਤ ਇਹ ਹਨ ਕਿ ਮਾਨਤਾ ਰੱਦ ਕਰਨ ਦੇ ਹੁਕਮ ਨੂੰ ਜਾਰੀ ਹੋਏ ਇੱਕ ਸਾਲ ਹੋ ਗਿਆ ਹੈ ਪਰ ਸ਼ੈਲਟਰ ਹੋਮ ਦੀਆਂ ਦੀਵਾਰਾਂ 'ਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਮਾਨਤਾ ਪ੍ਰਾਪਤ ਦਾ ਬੋਰਡ ਥਾਂ-ਥਾਂ 'ਤੇ ਅਜੇ ਵੀ ਲਗਿਆ ਹੋਇਆ ਹੈ।

ਇੱਕ ਸਾਲ ਬਾਅਦ ਐਫਆਈਆਰ

ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲਣ ਦੇ ਬਾਅਦ ਪਿਛਲੇ ਸਾਲ 23 ਜੂਨ ਨੂੰ ਸੰਸਥਾ ਦੀ ਸੰਚਾਲਕ ਗਿਰਿਜਾ ਤ੍ਰਿਪਾਠੀ ਖਿਲਾਫ਼ ਐਫਆਈਆਰ ਦਰਜ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਸਾਲ ਬਾਅਦ 30 ਜੁਲਾਈ 2018 ਨੂੰ ਐਫਾਆਈਆਰ ਦਰਜ ਕਰਵਾਈ ਹੈ।

Image copyright JITENDRA TRIPATHI/bbc
ਫੋਟੋ ਕੈਪਸ਼ਨ ਸੂਬਾ ਸਰਕਾਰ 'ਤੇ ਵਿਰੋਧੀ ਧਿਰ ਨੇ ਗਿਰਿਜਾ ਤ੍ਰਿਪਾਠੀ ਦਾ ਬਚਾਅ ਕਰਨ ਦਾ ਇਲਜ਼ਾਮ ਲਾਇਆ

ਇਸ ਦੌਰਾਨ ਪੂਰੇ ਸਾਲ ਸਰਕਾਰੀ ਪੱਧਰ 'ਤੇ ਅਧਿਕਾਰੀ ਨੋਟਿਸ ਭੇਜਦ ਰਹੇ ਪਰ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਨੋਟਿਸ 'ਤੇ ਕੀ ਕਾਰਵਾਈ ਹੋਈ। ਖੁਦ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ।

ਪਿਛਲੇ ਸਾਲ ਪੂਰੇ ਸੂਬੇ ਵਿੱਚ ਸ਼ੈਲਟਰ ਹੋਮਜ਼ ਦੇ ਸੰਚਾਲਨ ਵਿੱਚ ਵੱਡੇ ਪੈਮਾਨੇ 'ਤੇ ਧਾਂਧਲੀ ਅਤੇ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲਣ ਦੇ ਬਾਅਦ ਅਜਿਹੀ ਸਾਰੀਆਂ ਸੰਸਥਾਵਾਂ ਦੀ ਜਾਂਚ ਸੀਬੀਆਈ ਤੋਂ ਕਰਵਾਈ ਗਈ ਸੀ।

ਜਾਂਚ ਦੇ ਦਾਇਰੇ ਵਿੱਚ ਦੇਵਰੀਆ ਦੀ ਇਹ ਸੰਸਥਾ ਵੀ ਸੀ। ਇਸ ਸੰਸਥਾ ਵਿੱਚ ਭਾਰੀ ਅਨਿਯਮੀਆਂ ਮਿਲੀਆਂ ਸਨ। ਅਧਿਕਾਰੀਆਂ ਅਨੁਸਾਰ ਉਸ ਵਕਤ ਵੀ ਇੱਥੇ ਬੱਚੇ ਰਜਿਸਟਰ ਵਿੱਚ ਦਰਜ ਗਿਣਤੀ ਤੋਂ ਘੱਟ ਮਿਲੇ ਸਨ।

ਇਸੇ ਕਾਰਨ ਮਾਨਤਾ ਰੱਦ ਕਰ ਦਿੱਤੀ ਗਈ ਸੀ। ਬਾਵਜੂਦ ਇਸਦੇ ਸੰਸਥਾ ਲਗਾਤਾਰ ਚੱਲ ਰਹੀ ਸੀ। ਜ਼ਿਲ੍ਹਾ ਪ੍ਰਸ਼ਾਸਨ ਚੁੱਪ ਵੱਟ ਕੇ ਸਭ ਕੁਝ ਦੇਖਦਾ ਰਿਹਾ। ਇਲਜ਼ਾਮ ਤਾਂ ਇਹ ਵੀ ਲੱਗੇ ਕਿ ਪੁਲਿਸ ਮੁਲਾਜ਼ਮ ਖੁਦ ਕੁੜੀਆਂ ਇੱਥੇ ਲਿਆਉਂਦੇ ਸਨ।

ਪ੍ਰਸ਼ਾਸਨ ਨੂੰ ਭਰਮ 'ਚ ਰੱਖਿਆ

ਇਹੀ ਨਹੀਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ ਸ਼ਾਸਨ ਪੱਧਰ 'ਤੇ ਸੰਸਥਾ ਨੂੰ ਬੰਦ ਕਰਕੇ ਇੱਥੇ ਰਹਿਣ ਵਾਲੀਆਂ ਬੱਚੀਆਂ ਨੂੰ ਕਿਸੇ ਦੂਜੀ ਸੰਸਥਾ ਵਿੱਚ ਸ਼ਿਫਟ ਕਰਨ ਦਾ ਹੁਕਮ ਦਿੱਤਾ ਗਿਆ ਸੀ ਪਰ ਆਪਣੇ ਰਸੂਖਦਾਰ ਸਬੰਧਾਂ ਅਤੇ ਪਹੁੰਚ ਜ਼ਰੀਏ ਗਿਰਿਜਾ ਤ੍ਰਿਪਾਠੀ ਨੇ ਅਜਿਹਾ ਨਹੀਂ ਹੋਣ ਦਿੱਤਾ।

ਗੁਆਂਢ ਵਿੱਚ ਰਹਿੰਦੇ ਇੱਕ ਹੋਰ ਵਿਅਕਤੀ ਨੇ ਨਾਂ ਲੁਕਾਉਣ ਦੀ ਸ਼ਰਤ 'ਤੇ ਦੱਸਿਆ ਕਿ ਕਰੀਬ ਇੱਕ ਹਫਤਾ ਪਹਿਲਾਂ ਜ਼ਿਲ੍ਹਾ ਪ੍ਰੋਬੇਸ਼ਨ ਅਫਸਰ ਇੱਥੇ ਆਏ ਸਨ ਅਤੇ ਸ਼ੈਲਟਰ ਹੋਮ ਦੀ ਡਾਇਰੈਕਟਰ ਅਤੇ ਮੌਜੂਦਾ ਹੋਰ ਲੋਕਾਂ ਨਾਲ ਉਨ੍ਹਾਂ ਦਾ ਵਿਵਾਦ ਵੀ ਹੋਇਆ ਸੀ।

Image copyright JITENDRA TRIPATHI/bbc
ਫੋਟੋ ਕੈਪਸ਼ਨ ਆਲੇ-ਦੁਆਲੇ ਦੇ ਲੋਕਾਂ ਨੂੰ ਸ਼ੈਲਟਰ ਹੋਮ ਦੀਆਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ

ਇਨ੍ਹਾਂ ਦੇ ਅਨੁਸਾਰ ਐਤਾਵਾਰ ਨੂੰ ਸੰਸਥਾ ਵਿੱਚ ਕਥਿਤ ਦੇਹ ਵਪਾਰ ਦੀ ਗੱਲ ਇਸੇ ਘਟਨਾ ਦੇ ਬਾਅਦ ਸਾਹਮਣੇ ਆਈ ਹੈ। ਉਹ ਕਹਿੰਦੇ ਹਨ ਕਿ ਹੁਣ ਦੋਵੇਂ ਘਟਨਾਵਾਂ ਵਿੱਚ ਕੋਈ ਸਮਾਨਤਾ ਹੈ ਜਾਂ ਨਹੀਂ, ਉਹ ਨਹੀਂ ਜਾਣਦੇ, ਪਰ ਅਜਿਹਾ ਹੋਇਆ ਸੀ।

ਭਾਵੇਂ ਪ੍ਰਸ਼ਾਸਨਿਕ ਅਫ਼ਸਰਾਂ ਦਾ ਇਹ ਵੀ ਕਹਿਣਾ ਹੈ ਕਿ ਸੰਸਥਾ ਦੀ ਸੰਚਾਲਕ ਗਿਰਿਜਾ ਤ੍ਰਿਪਾਠੀ ਨੇ ਕੋਰਟ ਦੇ ਝੂਠੇ ਰੱਦ ਕਰਨ ਦੇ ਹੁਕਮ ਦੀ ਆੜ ਲੈ ਕੇ ਪ੍ਰਸ਼ਾਸਨ ਨੂੰ ਭਰਮ ਵੱਚ ਰੱਖਿਆ ਅਤੇ ਕਾਰਵਾਈ ਤੋਂ ਬਚਦੀ ਰਹੀ ਪਰ ਇਸ ਬਾਰੇ ਵਿੱਚ ਅਧਿਾਕਰਕ ਤੌਰ ਤੇ ਬਿਆਨ ਦੇਣ ਲਈ ਕੋਈ ਵੀ ਅਧਿਕਾਰੀ ਤਿਆਰ ਨਹੀਂ ਹੈ।

'ਲਗਜ਼ਰੀ ਗੱਡੀਆਂ ਵਿੱਚ ਲੋਕ ਆਉਂਦੇ ਸਨ'

ਜਿੱਥੇ ਤੱਕ ਸਵਾਲ ਸ਼ੈਲਟਰ ਹੋਮ ਵਿੱਚ ਰਹਿਣ ਵਾਲੀਆਂ ਕੁੜੀਆਂ ਦੇ ਰਹਿਣ-ਸਹਿਣ ਅਤੇ ਉਨ੍ਹਾਂ ਦੇ ਨਾਲ ਹੋਣ ਵਾਲੇ ਵਤੀਰੇ ਦਾ ਹੈ ਤਾਂ ਆਲੇ-ਦੁਆਲੇ ਦਾ ਕੋਈ ਵੀ ਵਿਅਕਤੀ ਇਸ ਬਾਰੇ ਵਿੱਚ ਨਾ ਤਾਂ ਸੰਸਥਾ ਅਤੇ ਨਾ ਹੀ ਉਸ ਨੂੰ ਚਲਾਉਣ ਵਿੱਚ ਸ਼ਾਮਿਲ ਲੋਕਾਂ ਦੇ ਬਾਰੇ ਵਿੱਚ ਕੋਈ ਟਿੱਪਣੀ ਕਰਦਾ ਹੈ।

ਕੇਪੀ ਪਾਂਡੇ ਕਹਿੰਦੇ ਹਨ, "ਮੈਂ ਖੁਦ ਇੱਕ ਅਜਿਹੀ ਸੰਸਥਾ ਨਾਲ ਜੁੜਿਆ ਹਾਂ ਜੋ ਕਿਸੇ ਵੀ ਤਰੀਕੇ ਦੇ ਗੈਰ ਕਾਨੂੰਨੀ ਅਤੇ ਨਾਜਾਇਜ਼ ਗਤੀਵਿਧੀਆਂ 'ਤੇ ਨਿਗਰਾਨੀ ਰੱਖਦੀ ਹੈ। ਜੇ ਅਸੀਂ ਕੁਝ ਅਜਿਹਾ ਦੇਖਿਆ ਜਾਂ ਸੁਣਿਆ ਹੁੰਦਾ ਤਾਂ ਅਸੀਂ ਸ਼ੱਕ ਜ਼ਰੂਰ ਜ਼ਾਹਿਰ ਕਰਦੇ।''

Image copyright jitendra tripathi/bbc
ਫੋਟੋ ਕੈਪਸ਼ਨ ਗਿਰਿਜਾ ਤ੍ਰਿਪਾਠੀ ਵੱਲੋਂ ਵਿਆਹ ਬਾਰੇ ਲੋਕਾਂ ਨੂੰ ਸਲਾਹਾ ਦਿੱਤੀ ਜਾਂਦੀ ਹੈ

ਗੁਆਂਢ ਵਿੱਚ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਰਾਕੇਸ਼ ਮੋਰਿਆ ਵੀ ਇਸ ਘਟਨਾ ਤੋਂ ਹੈਰਾਨ ਦਿਖੇ ਤਾਂ ਇਮਾਰਤ ਦੇ ਪਿੱਛੇ ਰਹਿਣ ਵਾਲੇ ਦਿਲੀਪ ਸ਼ਰਮਾ ਕਹਿਣ ਲੱਗੇ, "ਖੁਦ ਪੁਲਿਸਵਾਲੇ ਵਿਸ਼ਵਾਸ ਦੇ ਨਾਲ ਕੁੜੀਆਂ ਨੂੰ ਇੱਥੇ ਸੁਰੱਖਿਅਤ ਰਹਿਣ ਲਈ ਛੱਡਣ ਆਉਂਦੇ ਸਨ।''

"ਕਈ ਵਾਰ ਵੱਡੇ ਅਧਿਕਾਰੀ ਆਉਂਦੇ ਸਨ ਅਤੇ ਅਸੀਂ ਲੋਕ ਵੀ ਦੇਖਦੇ ਸਨ ਕਿ ਇੱਥੇ ਜੋ ਹੋ ਰਿਹਾ ਹੈ ਉਸ ਵਿੱਚ ਕੁਝ ਗਲਤ ਤਾਂ ਨਹੀਂ। ਹਾਂ ਇਹ ਜ਼ਰੂਰ ਹੈ ਕਿ ਸਵੇਰ ਜਾਂ ਦੇਰ ਰਾਤ ਕੁਝ ਲਗਜ਼ਰੀ ਗੱਡੀਆਂ ਜ਼ਰੂਰ ਆਉਂਦੀਆਂ ਸਨ ਪਰ ਉਨ੍ਹਾਂ ਗੱਡੀਆਂ ਵਿੱਚ ਕੌਣ ਆਉਂਦਾ ਸੀ, ਕੌਣ ਜਾਂਦਾ ਸੀ, ਇਹ ਸਾਨੂੰ ਮਾਲੂਮ ਨਹੀਂ ਹੈ।''

ਪੁਲਿਸ 'ਤੇ ਕਈ ਸਵਾਲ

ਦਿਲੀਪ ਸ਼ਰਮਾ ਕਹਿੰਦੇ ਹਨ ਕਿ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਇੱਕ ਸ਼ਰਾਬ ਦੀ ਦੁਕਾਨ ਖੁੱਲ੍ਹ ਗਈ, ਇਸ ਲਈ ਹੋ ਸਕਦਾ ਹੈ ਕਿ ਇਨ੍ਹਾਂ ਗੱਡੀਆਂ 'ਤੇ ਆਉਣ ਵਾਲੇ ਕੋਲ ਸ਼ਰਾਬ ਦੀ ਦੁਕਾਨ ਤੇ ਹੀ ਆਉਂਦੇ ਹੋਣ।

ਪਰ ਦਿਲੀਪ ਸ਼ਰਮਾ ਇਹ ਵੀ ਕਹਿੰਦੇ ਹਨ ਕਿ ਜਿਸ ਦਿਨ ਸੰਸਥਾ 'ਤੇ ਛਾਪਾ ਪਿਆ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਗੱਡੀਆਂ ਨੂੰ ਵੀ ਨਹੀਂ ਦੇਖਿਆ ਸੀ।

Image copyright Thinkstock
ਫੋਟੋ ਕੈਪਸ਼ਨ ਪਹਿਲਾਂ ਵੀ ਸ਼ੈਲਟਰ ਹੋਮ ਤੋਂ ਕੁੜੀਆਂ ਦੇ ਗਾਇਬ ਹੋਣ ਕਰਕੇ ਹੀ ਇਸ ਦੀ ਮਾਨਤਾ ਰੱਦ ਕੀਤੀ ਗਈ ਸੀ

ਸ਼ੈਲਟਰ ਹੋਮ ਨੂੰ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ ਅਤੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਆਲੇ-ਦੁਆਲੇ ਨਿਗਰਾਨੀ ਅਤੇ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ।

ਉੱਥੇ ਮੌਜੂਦ ਲੋਕ ਇਹ ਵੀ ਦੱਸਦੇ ਹਨ ਕਿ ਸੰਸਥਾ ਵਿੱਚ ਸਭ ਠੀਕ ਹੋ ਰਿਹਾ ਸੀ ਅਜਿਹਾ ਵੀ ਨਹੀਂ ਹੈ।

ਇਹ ਵੀ ਪੜ੍ਹੋ:

ਇੱਕ ਬਜ਼ੁਰਗ ਵਿਅਕਤੀ ਕਹਿਣ ਲੱਗੇ ਕਿ ਉਨ੍ਹਾਂ ਕੋਲ ਕੋਈ ਸਬੂਤ ਤਾਂ ਨਹੀਂ ਹੈ ਪਰ ਉਨ੍ਹਾਂ ਨੂੰ ਇਹ ਪਤਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਅਫਸਰਾਂ ਨੇ ਕਈ ਵਾਰ ਚਿੱਠੀ ਲਿਖ ਕੇ ਸੰਸਥਾ ਬੰਦ ਕਰਵਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਸੀ, "ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਪੁਲਿਸ ਗੁਮਸ਼ੁਦਾ ਅਤੇ ਘਰ ਤੋਂ ਭੱਜੀਆਂ ਕੁੜੀਆਂ ਦੀ ਬਰਾਮਦਗੀ ਤੋਂ ਬਾਅਦ ਇਸੇ ਕੇਂਦਰ ਵਿੱਚ ਛੱਡ ਜਾਂਦੀ ਸੀ।''

"ਹੁਣ ਇਹ ਨਹੀਂ ਪਤਾ ਕਿ ਪੁਲਿਸ ਨੂੰ ਕਿਸੇ ਹੋਰ ਸ਼ੈਲਟਰ ਹੋਮ ਦੀ ਜਾਣਕਾਰੀ ਨਹੀਂ ਸੀ, ਇੱਥੇ ਛੱਡਣ ਵਿੱਚ ਉਨ੍ਹਾਂ ਨੂੰ ਕੋਈ ਫਾਇਦਾ ਸੀ ਜਾਂ ਫਿਰ ਇਹ ਸਭ ਤੋਂ ਸੁਰੱਖਿਅਤ ਸੀ।''

ਇਸ ਸਵਾਲ ਦਾ ਜਵਾਬ ਦੇਣ ਤੋਂ ਪੁਲਿਸ ਅਫਸਰ ਵੀ ਬਚ ਰਹੇ ਹਨ। ਵਿਰੋਧੀ ਧਿਰ ਸਰਕਾਰ 'ਤੇ ਸੰਸਥਾ ਦੀ ਸੰਚਾਲਕ ਗਿਰਿਜਾ ਤ੍ਰਿਪਾਠੀ ਦਾ ਬਚਾਅ ਕਰਨ ਦਾ ਇਲਜ਼ਾਮ ਲਾ ਰਹੀ ਹੈ ਪਰ ਇਸ ਸਵਾਲ ਦਾ ਜਵਾਬ ਉਨ੍ਹਾਂ ਕੋਲ ਵੀ ਨਹੀਂ ਹੈ ਇਹ ਸ਼ੈਲਟਰ ਹੋਮ ਤਾਂ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ, ਤਾਂ ਉਸ ਵੇਲੇ ਬਚਾਅ ਕੌਣ ਕਰ ਰਿਹਾ ਸੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)