ਦਲਿਤ ਮੁੰਡੇ ਨਾਲ ਵਿਆਹ ਕਰਵਾਉਣ ਵਾਲੀ ਕੁੜੀ, ਸੁਰੱਖਿਆ ਕਰ ਰਹੇ ਪੁਲਿਸ ਕਰਮੀ ਦਾ ਕਤਲ

ਹਰਿਆਣਾ ਵਿੱਚ ਕੁੜੀ ਦਾ ਕਤਲ Image copyright Sat singh/bbc
ਫੋਟੋ ਕੈਪਸ਼ਨ ਮਮਤਾ ਨੇ ਪਿਛਲੇ ਸਾਲ ਦਸੰਬਰ ਵਿੱਚ ਦਲਿਤ ਨੌਜਵਾਨ ਸੁਮੀਨ ਕੁਮਾਰ ਨਾਲ ਵਿਆਹ ਕਰਵਾਇਆ ਸੀ

ਹਰਿਆਣਾ ਦੇ ਰੋਹਤਕ ਵਿੱਚ 18 ਸਾਲਾ ਕੁੜੀ ਮਮਤਾ ਦਾ ਕਤਲ ਕਰ ਦਿੱਤਾ ਗਿਆ ਹੈ। ਮਮਤਾ ਨੇ ਪਿਛਲੇ ਸਾਲ ਦਸੰਬਰ ਮਹੀਨੇ ਇੱਕ ਦਲਿਤ ਨੌਜਵਾਨ ਨਾਲ ਘਰਦਿਆਂ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਵਿਆਹ ਕੀਤਾ ਸੀ।

ਮਮਤਾ ਨੂੰ ਰੋਹਤਕ ਕੋਰਟ ਵਿੱਚ ਗਵਾਹੀ ਲਈ ਲਿਜਾਂਦੇ ਸੱਬ-ਇੰਸਪੈਕਟਰ ਨਰਿੰਦਰ ਸਿੰਘ 'ਤੇ ਵੀ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਦੋਵਾਂ ਦੀ ਮੌਤ ਹੋ ਗਈ।

ਮਮਤਾ ਦੇ ਪਤੀ ਦੇ ਭਰਾ ਦਿਨੇਸ਼ ਕੁਮਾਰ ਮੁਤਾਬਕ, ''ਮਮਤਾ ਨੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਰਮੇਸ਼ ਕੁਮਾਰ ਨਾਲ ਗੱਲ ਕੀਤੀ ਸੀ ਕਿ ਉਹ ਆਪਣੇ ਪਤੀ ਨਾਲ ਸਾਧਾਰਨ ਜ਼ਿੰਦਗੀ ਜਿਉਣਾ ਚਾਹੁੰਦੀ ਹੈ ਤਾਂ ਉਸਦੇ ਪਿਤਾ ਨੇ ਕਿਹਾ ਸੀ ਕਿ ਉਸ ਨੇ ਪਰਿਵਾਰ ਦੀ ਬਹੁਤ ਬਦਨਾਮੀ ਕਰਵਾਈ ਹੈ ਅਤੇ ਉਸ ਨੂੰ ਆਪਣੇ ਖ਼ੂਨ ਨਾਲ ਹੀ ਇਸ ਨੂੰ ਧੋਣਾ ਪਵੇਗਾ।''

ਹਾਲਾਂਕਿ, ਰਮੇਸ਼ ਕੁਮਾਰ ਮਮਤਾ ਦਾ ਅਸਲੀ ਪਿਤਾ ਨਹੀਂ ਹੈ। ਉਸ ਨੇ ਮਮਤਾ ਨੂੰ ਦੋ ਸਾਲਾ ਦੀ ਉਮਰ ਵਿੱਚ ਆਪਣੀ ਸਾਲੀ ਤੋਂ ਗੋਦ ਲਿਆ ਸੀ। ਮਮਤਾ ਦੇ ਸਾਰੇ ਅਧਿਕਾਰਤ ਦਸਤਾਵੇਜ਼ਾਂ 'ਤੇ ਰਮੇਸ਼ ਦਾ ਹੀ ਨਾਮ ਹੈ।

ਇਹ ਹੀ ਪੜ੍ਹੋ:

ਮਮਤਾ ਜਾਟ ਪਰਿਵਾਰ ਨਾਲ ਸਬੰਧ ਰੱਖਦੀ ਸੀ ਜਦਕਿ ਉਸ ਨੇ ਜਿਹੜੇ 28 ਸਾਲਾ ਸੁਮੀਨ ਕੁਮਾਰ ਨਾਲ ਵਿਆਹ ਕਰਵਾਇਆ ਸੀ ਉਹ ਕਿ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਸੀ।

Image copyright Sat singh/bbc
ਫੋਟੋ ਕੈਪਸ਼ਨ ਮਮਤਾ ਨੂੰ ਕਰਨਾਲ ਦੇ ਮਹਿਲਾ ਆਸਰਾ ਘਰ ਭੇਜ ਦਿੱਤਾ ਗਿਆ ਸੀ

ਸੁਮੀਨ ਦੇ ਭਰਾ ਦਿਨੇਸ਼ ਕੁਮਾਰ ਦਾ ਕਹਿਣਾ ਹੈ, "ਮਮਤਾ ਅਤੇ ਸੁਮੀਨ ਇੱਕ ਪਰਫੈਕਟ ਜੋੜਾ ਸੀ ਜਿਹੜੇ ਕਿ ਇੱਕ-ਦੂਜੇ ਲਈ ਹੀ ਬਣੇ ਸਨ। ਉਨ੍ਹਾਂ ਦੀ ਸਿਰਫ਼ ਇੱਕ ਹੀ ਗ਼ਲਤੀ ਸੀ ਕਿ ਉਹ ਸਮਾਜਿਕ ਦਬਾਅ ਅਤੇ ਜਾਤਾਂ ਦੇ ਬੰਧਨ ਨੂੰ ਤੋੜ ਕੇ ਇਕੱਠੇ ਰਹਿਣਾ ਚਾਹੁੰਦੇ ਸਨ।"

ਪਿਤਾ ਸੀ ਵਿਆਹ ਦੇ ਖ਼ਿਲਾਫ਼

ਉਸ ਨੇ ਦੱਸਿਆ ਸੁਮੀਨ ਤਿੰਨ ਸਾਲ ਤੱਕ ਮਮਤਾ ਰਾਣੀ ਦੇ ਘਰ ਵਿੱਚ ਕਿਰਾਏ 'ਤੇ ਰਿਹਾ। ਉੱਥੇ ਰਹਿੰਦਿਆਂ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਜਿੱਥੇ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ।

ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਪਰ ਉਸਦੇ ਪਿਤਾ ਰਮੇਸ਼ ਕੁਮਾਰ ਨੇ ਸਾਫ਼ ਇਨਕਾਰ ਕਰ ਦਿੱਤਾ। ਰਮੇਸ਼ ਨੇ ਸੁਮੀਨ ਨੂੰ ਕਿਹਾ ਕਿ ਉਹ ਉਸ ਦੀ ਧੀ ਤੋਂ ਦੂਰ ਰਹੇ ਨਹੀਂ ਤਾਂ ਉਸ ਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ।

Image copyright Sat singh/bbc
ਫੋਟੋ ਕੈਪਸ਼ਨ ਮਮਤਾ ਨੂੰ ਰੋਹਤਕ ਕੋਰਟ ਵਿੱਚ ਗਵਾਹੀ ਲਈ ਲਿਜਾਂਦੇ ਸੱਬ-ਇੰਸਪੈਕਟਰ ਨਰਿੰਦਰ ਸਿੰਘ 'ਤੇ ਵੀ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ

ਦੋਵਾਂ ਨੇ ਕੋਰਟ ਵਿੱਚ ਜਾ ਕੇ ਵਿਆਹ ਕਰਵਾ ਲਿਆ ਅਤੇ ਪਰਿਵਾਰ ਦੇ ਡਰ ਤੋਂ ਪੁਲਿਸ ਸੁਰੱਖਿਆ ਦੀ ਮੰਗ ਕੀਤੀ।

ਜਦੋਂ ਰਮੇਸ਼ ਕੁਮਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਸੁਮੀਨ, ਉਸਦੇ ਪਿਤਾ ਜੈ ਰਾਮ, ਉਸਦੀ ਮਾਤਾ ਸਰੋਜ ਦੇਵੀ, ਭਰਾ ਦਿਨੇਸ਼ ਕੁਮਾਰ ਅਤੇ ਆਪਣੀ ਧੀ ਮਮਤਾ ਖ਼ਿਲਾਫ਼ ਐਫਆਈਆਰ ਦਰਜ ਕਰਵਾ ਦਿੱਤੀ। ਉਨ੍ਹਾਂ ਖ਼ਿਲਾਫ਼ ਸੈਕਸ਼ਨ 420, ਆਈਪੀਸੀ ਦੀ ਧਾਰਾ 120B ਦੇ ਤਹਿਤ ਕੇਸ ਦਰਜ ਕਰਵਾਇਆ ਗਿਆ।

ਰਮੇਸ਼ ਨੇ ਉਹ ਦਸਤਾਵੇਜ਼ ਪੇਸ਼ ਕੀਤੇ, ਜਿਨ੍ਹਾਂ ਤੋਂ ਇਹ ਸਾਬਿਤ ਹੋਇਆ ਕਿ ਉਨ੍ਹਾਂ ਦੀ ਕੁੜੀ ਅਜੇ ਨਾਬਾਲਿਗ ਸੀ।

ਮੁੰਡਾ ਅਤੇ ਉਸਦੇ ਪਿਤਾ ਜੇਲ੍ਹ 'ਚ ਬੰਦ

ਮਮਤਾ ਨੂੰ ਕਰਨਾਲ ਦੇ ਮਹਿਲਾ ਆਸਰਾ ਘਰ ਭੇਜ ਦਿੱਤਾ ਗਿਆ।

ਸੁਮੀਨ ਅਤੇ ਉਸਦੇ ਪਿਤਾ ਜੈ ਰਾਮ ਜਨਵਰੀ ਮਹੀਨੇ ਤੋਂ ਹੀ ਰੋਹਤਕ ਜੇਲ੍ਹ ਵਿੱਚ ਬੰਦ ਹਨ। ਜਦਕਿ ਸੁਮੀਨ ਦੇ ਭਰਾ ਅਤੇ ਉਸਦੀ ਮਾਂ ਨੂੰ ਸਥਾਨਕ ਅਦਾਲਤ ਵੱਲੋਂ ਰਿਹਾਅ ਕਰ ਦਿੱਤਾ ਗਿਆ ਸੀ।

ਰੋਹਤਕ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ, ''ਇਹ ਕਤਲ ਦਾ ਮਾਮਲਾ ਹੈ ਅਤੇ ਸ਼ਿਕਾਇਤ ਅਨੁਸਾਰ ਕੁੜੀ ਦੇ ਪਿਤਾ ਸ਼ੱਕ ਦੇ ਘੇਰੇ ਵਿੱਚ ਹਨ।''

ਉਨ੍ਹਾਂ ਕਿਹਾ ਕਿ ਉਹ ਆਨਰ ਕਿਲਿੰਗ ਸਮੇਤ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

2007 ਵਿੱਚ ਵੀ ਹਰਿਆਣਾ ਮਨੋਜ-ਬਬਲੀ ਆਨਰ ਕਿਲਿੰਗ ਮਾਮਲੇ ਕਾਰਨ ਸੁਰਖ਼ੀਆਂ ਵਿੱਚ ਰਿਹਾ ਹੈ। ਜਿੱਥੇ 20 ਮਈ ਨੂੰ ਸੋਨੀਪਤ ਦੀ ਅਦਾਲਤ ਨੇ ਇੱਕੋ ਪਰਿਵਾਰ ਦੇ 5 ਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸਕਾਲਰ ਸਤਨਾਮ ਸਿੰਘ ਦਿਓਲ ਦੀ ਇੱਕ ਸਟੱਡੀ ਮੁਤਾਬਕ ਹਰਿਆਣਾ ਵਿੱਚ 74 ਫ਼ੀਸਦ ਆਨਰ ਕਿਲਿੰਗ ਦੇ ਮਾਮਲੇ ਜਾਟ ਖੇਤਰ ਤੋਂ ਸਾਹਮਣੇ ਆਉਂਦੇ ਹਨ।

23 ਫ਼ੀਸਦ ਮਾਮਲੇ ਯਾਦਵ ਖੇਤਰ ਵਿੱਚ ਹੁੰਦੇ ਹਨ ਅਤੇ ਸਿਰਫ਼ ਤਿੰਨ ਫ਼ੀਸਦ ਮਾਮਲੇ ਕੁੱਲ ਆਬਾਦੀ ਵਾਲੇ ਖੇਤਰ ਵਿੱਚ ਦਰਜ ਕੀਤੇ ਗਏ ਹਨ।

ਇਹ ਹੀ ਪੜ੍ਹੋ:

100 ਲੋਕਾਂ 'ਤੇ ਕੀਤੇ ਗਏ ਇਸ ਅਧਿਐਨ ਤੋਂ ਇਹ ਪਤਾ ਲੱਗਿਆ ਹੈ ਕਿ 52 ਫ਼ੀਸਦ ਇਕੱਲੀਆਂ ਕੁੜੀਆਂ, 10 ਫ਼ੀਸਦ ਇਕੱਲੇ ਮੁੰਡੇ ਅਤੇ 38 ਫ਼ੀਸਦ ਜੋੜੇ ਆਨਰ ਕਿਲਿੰਗ ਦਾ ਸ਼ਿਕਾਰ ਹੁੰਦੇ ਹਨ।

ਬੀਤੇ ਦਿਨੀਂ ਕੀ ਹੋਇਆ ?

ਰੋਹਤਕ ਦੇ ਮਿੰਨੀ-ਸਕੱਤਰੇਕ ਦੇ ਬਾਹਰ ਕੁਝ ਮੋਟਰਸਾਈਕਲ ਸਵਾਰਾਂ ਨੇ ਮਮਤਾ ਅਤੇ ਉਸ ਨੂੰ ਗਵਾਹੀ ਦਿਵਾਉਣ ਲਈ ਲਿਜਾ ਰਹੇ ਸੱਬ ਇੰਸਪੈਕਟਰ ਨਰਿੰਦਰ ਕੁਮਾਰ 'ਤੇ ਗੋਲੀਆਂ ਚਲਾਈਆਂ ਜਿਸ ਵਿੱਚ ਮਮਤਾ ਅਤੇ ਨਰਿੰਦਰ ਸਿੰਘ ਦੀ ਮੌਤ ਹੋ ਗਈ।

Image copyright Sat singh/bbc
ਫੋਟੋ ਕੈਪਸ਼ਨ ਰੋਹਤਕ ਦੇ ਮਿੰਨੀ-ਸਕੱਤਰੇਕ ਦੇ ਬਾਹਰ ਕੁਝ ਮੋਟਰ ਸਾਈਕਲ ਸਾਵਰਾਂ ਨੇ ਮਮਤਾ 'ਤੇ ਗੋਲੀਆਂ ਚਲਾਈਆਂ

ਸੱਬ ਇੰਸਪੈਕਟਰ ਨਰਿੰਦਰ ਸਿੰਘ ਮਮਤਾ ਨੂੰ ਗਵਾਹੀ ਦਿਵਾਉਣ ਲਈ ਕਰਨਾਲ ਤੋਂ ਰੋਹਤਕ ਕੋਰਟ ਲੈ ਕੇ ਆ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)