ਫੂਲਨ ਦੇਵੀ ਦੇ ਆਤਮ-ਸਮਰਪਣ ਦੀ ਪੂਰੀ ਕਹਾਣੀ

  • ਰੇਹਾਨ ਫਜ਼ਲ
  • ਬੀਬੀਸੀ ਪੱਤਰਕਾਰ
ਫੂਲਨ ਦੇਵੀ 1980ਵਿਆਂ ਤੱਕ ਇੱਕ ਖ਼ਤਰਨਾਕ ਡਾਕੂ ਮੰਨੀ ਜਾਂਦੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਫੂਲਨ ਦੇਵੀ 1980ਵਿਆਂ ਤੱਕ ਇੱਕ ਖ਼ਤਰਨਾਕ ਡਾਕੂ ਮੰਨੀ ਜਾਂਦੀ ਸੀ

'ਬੈਂਡਿਟ ਕਿਊਨ' ਦੇ ਨਾਂ ਨਾਲ ਜਾਣੀ ਜਾਂਦੀ ਫੂਲਨ ਦੇਵੀ ਦਾ ਜਨਮ 10 ਅਗਸਤ 1963 ਨੂੰ ਹੋਇਆ ਸੀ। ਉਹ 1980ਵਿਆਂ ਤੱਕ ਇੱਕ ਖ਼ਤਰਨਾਕ ਡਾਕੂ ਮੰਨੀ ਜਾਂਦੀ ਸੀ।

ਬੀਬੀਸੀ ਪੱਤਰਕਾਰ ਰੇਹਾਨ ਫਜਲ ਨੇ 2019 ਵਿਚ ਫੂਲਨ ਦੇਵੀ ਆਤਮ ਸਮਰਪਣ ਦੀ ਕਹਾਣੀ ਲਿਖੀ ਸੀ। ਜਿਸ ਨੂੰ ਦੁਬਾਰਾ ਹੂਬਹੂ ਛਾਪਿਆ ਜਾ ਰਿਹਾ ਹੈ।

5 ਦਸੰਬਰ 1982 ਦੀ ਰਾਤ ਮੋਟਰਸਾਈਕਲ 'ਤੇ ਸਵਾਰ ਦੋ ਲੋਕ ਭਿੰਡ ਨੇੜੇ ਬੀਹੜਾਂ ਵੱਲ ਵਧ ਰਹੇ ਸਨ। ਹਵਾ ਇੰਨੀ ਤੇਜ਼ ਸੀ ਕਿ ਭਿੰਡ ਪੁਲਿਸ ਦੇ ਐਸਪੀ ਰਾਜੇਂਦਰ ਚਤੁਰਵੇਦੀ ਠੰਢ ਨਾਲ ਕੰਬ ਰਹੇ ਸਨ।

ਉਨ੍ਹਾਂ ਨੇ ਜੀਨਜ਼ ਦੇ ਉੱਤੇ ਇੱਕ ਜੈਕੇਟ ਪਹਿਨੀ ਹੋਈ ਸੀ ਪਰ ਉਹ ਸੋਚ ਰਹੇ ਸਨ ਕਿ ਉਨ੍ਹਾਂ ਨੂੰ ਉਸਦੇ ਉੱਤੇ ਸ਼ਾਲ ਲਪੇਟ ਕੇ ਆਉਣਾ ਚਾਹੀਦਾ ਸੀ।

ਮੋਟਰਸਾਈਕਲ 'ਤੇ ਉਨ੍ਹਾਂ ਦੇ ਪਿੱਛੇ ਬੈਠੇ ਸ਼ਖਸ ਦਾ ਵੀ ਠੰਢ ਨਾਲ ਬੁਰਾ ਹਾਲ ਸੀ। ਅਚਾਨਕ ਉਸ ਨੇ ਉਨ੍ਹਾਂ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ, "ਖੱਬੇ ਮੁੜੋ'', ਥੋੜ੍ਹੀ ਦੇਰ ਚੱਲਣ 'ਤੇ ਉਨ੍ਹਾਂ ਨੂੰ ਹੱਥ ਵਿੱਚ ਲਾਲਟੇਨ ਹਿਲਾਉਂਦਾ ਇੱਕ ਸ਼ਖਸ ਦਿਖਾਈ ਦਿੱਤਾ।

ਉਹ ਉਨ੍ਹਾਂ ਨੂੰ ਲਾਲਟੇਨ ਨਾਲ ਗਾਈਡ ਕਰਦਾ ਹੋਇਆ ਇੱਕ ਝੁੱਗੀ ਕੋਲ ਲੈ ਗਿਆ। ਜਦੋਂ ਉਹ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਉਸ ਝੁੱਗੀ ਵਿੱਚ ਵੜੇ ਤਾਂ ਅੰਦਰ ਗੱਲ ਕਰ ਰਹੇ ਲੋਕ ਚੁੱਪ ਹੋ ਗਏ।

ਸਪਸ਼ਟ ਸੀ ਕਿ ਉਨ੍ਹਾਂ ਲੋਕਾਂ ਨੇ ਚਤੁਰਵੇਦੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਦਾਲ, ਰੋਟੀ ਅਤੇ ਭੁੰਨੀਆਂ ਹੋਈਆਂ ਛੱਲੀਆਂ ਖਾਣ ਨੂੰ ਦਿੱਤੀਆਂ। ਉਨ੍ਹਾਂ ਦੇ ਸਾਥੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਇੱਕ ਘੰਟੇ ਤੱਕ ਇੰਤਜ਼ਾਰ ਕਰਨਾ ਹੋਵੇਗਾ।

ਉਹ ਸਫ਼ਰ

ਥੋੜ੍ਹੀ ਦੇਰ ਬਾਅਦ ਅੱਗੇ ਦਾ ਸਫਰ ਸ਼ੁਰੂ ਹੋਇਆ। ਮੋਟਰਸਾਈਕਲ 'ਤੇ ਉਨ੍ਹਾਂ ਦੇ ਪਿੱਛੇ ਬੈਠੇ ਸ਼ਖਸ ਨੇ ਕਿਹਾ. "ਕੰਬਲ ਲੈ ਲਓ ਮਹਾਰਾਜ''। ਕੰਬਲ ਵਿੱਚ ਦੋਵੇਂ ਚੰਬਲ ਦਰਿਆ ਵੱਲ ਜਾਣ ਲਈ ਕੱਚੇ ਰਾਹ 'ਤੇ ਵਧੇ ਤਾਂ ਚਤੁਰਵੇਦੀ ਲਈ ਮੋਟਰਸਾਈਕਲ 'ਤੇ ਕਾਬੂ ਕਰਨਾ ਮੁਸ਼ਕਿਲ ਹੋ ਰਿਹਾ ਸੀ।

ਰਾਹ ਵਿੱਚ ਇੰਨੇ ਟੋਏ ਸਨ ਕਿ ਮੋਟਰਸਾਈਕਲ ਦੀ ਸਪੀਡ 15 ਕਿਲੋਮੀਟਰ ਫੀ ਘੰਟੇ ਤੋਂ ਅੱਗੇ ਨਹੀਂ ਵਧ ਰਹੀ ਸੀ।

ਉਹ ਲੋਕ 6 ਕਿਲੋਮੀਟਰ ਚੱਲੇ ਹੋਣੇ ਕਿ ਅਚਾਨਕ ਪਿੱਛੇ ਬੈਠੇ ਸ਼ਖਸ ਨੇ ਕਿਹਾ, "ਰੁਕੋ ਮਹਾਰਾਜ''।

ਉੱਥੇ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਛੱਡ ਦਿੱਤਾ। ਗਾਈਡ ਨੇ ਟਾਰਚ ਕੱਢੀ ਅਤੇ ਉਹ ਉਸਦੀ ਰੋਸ਼ਨੀ ਵਿੱਚ ਸੰਘਣੇ ਰੁੱਖਾਂ ਦੇ ਪਿੱਛੇ ਵਧਣ ਲੱਗੇ। ਕਈ ਘੰਟੇ ਚੱਲਣ ਤੋਂ ਬਾਅਦ ਇਹ ਦੋਵੇਂ ਲੋਕ ਇੱਕ ਟਿੱਲੇ ਦੇ ਨੇੜੇ ਜਾ ਪਹੁੰਚੇ।

ਇਹ ਵੀ ਪੜ੍ਹੋ :

ਚਤੁਰਵੇਦੀ ਇਹ ਦੇਖ ਕੇ ਦੰਗ ਰਹਿ ਗਏ ਕਿ ਉੱਥੇ ਪਹਿਲਾਂ ਤੋਂ ਹੀ ਅੱਗ ਬਾਲਣ ਲਈ ਲੱਕੜਾਂ ਰੱਖੀਆਂ ਹੋਈਆਂ ਸਨ। ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਨੂੰ ਅੱਗ ਲਾਈ ਅਤੇ ਉਹ ਦੋਵੇਂ ਆਪਣੇ ਹੱਥ ਸੇਕਣ ਲੱਗੇ।

ਤਸਵੀਰ ਸਰੋਤ, GEORGE ALLEN & UNWIN

ਤਸਵੀਰ ਕੈਪਸ਼ਨ,

ਫੂਲਨ ਦੇਵੀ ਨੇ ਆਤਮ ਸਮਰਪਣ ਤੋਂ ਬਾਅਦ ਸਿਆਸਤ ਵਿੱਚ ਵੀ ਕਦਮ ਰੱਖਿਆ

ਰਾਜੇਂਦਰ ਚਤੁਰਵੇਦੀ ਨੇ ਆਪਣੀ ਘੜੀ ਵੱਲ ਦੇਖਿਆ। ਉਸ ਵੇਲੇ ਰਾਤ ਦੇ ਢਾਈ ਵੱਜ ਰਹੇ ਸਨ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਫੇਰ ਚੱਲਣਾ ਸ਼ੁਰੂ ਕਰ ਦਿੱਤਾ।

ਅਚਾਨਕ ਉਨ੍ਹਾਂ ਨੂੰ ਇੱਕ ਆਵਾਜ਼ ਸੁਣਾਈ ਦਿੱਤੀ, ਰੁਕੋ ਇੱਕ ਵਿਅਕਤੀ ਨੇ ਉਨ੍ਹਾਂ ਦੇ ਮੂੰਹ 'ਤੇ ਟੌਰਚ ਮਾਰੀ। ਉਸ ਵੇਲੇ ਉਨ੍ਹਾਂ ਦੇ ਨਾਲ ਉੱਥੋਂ ਤੱਕ ਆਉਣ ਵਾਲਾ ਗਾਈਡ ਗਾਇਬ ਹੋ ਗਿਆ ਤੇ ਦੂਜਾ ਸ਼ਖਸ ਉਨ੍ਹਾਂ ਨੂੰ ਅੱਗੇ ਦਾ ਰਾਹ ਦਿਖਾਉਣ ਲੱਗਾ।

ਉਹ ਬਹੁਤ ਤੇਜ਼ ਚੱਲ ਰਿਹਾ ਸੀ ਅਤੇ ਚਤੁਰਵੇਦੀ ਨੂੰ ਉਸਦੇ ਨਾਲ ਚੱਲਣ ਵਿੱਚ ਦਿੱਕਤ ਹੋ ਰਹੀ ਸੀ। ਉਹ ਤਕਰੀਬਨ 6 ਕਿਲੋਮੀਟਰ ਚੱਲੇ ਹੋਣਗੇ ਕਿ ਸਵੇਰ ਹੋਣ ਲੱਗੀ ਸੀ ਅਤੇ ਉਨ੍ਹਾਂ ਨੂੰ ਬੀਹੜ ਦਿਖਾਈ ਦੇਣ ਲੱਗੇ ਸਨ।

ਫੂਲਨ ਨਾਲ ਮੁਲਾਕਾਤ

ਰਾਜੇਂਦਰ ਚਤੁਰਵੇਦੀ ਯਾਦ ਕਰਦੇ ਹਨ, "ਉਸ ਥਾਂ ਦਾ ਨਾਂ ਸੀ ਖੇੜਨ। ਉਹ ਟਿੱਲੇ 'ਤੇ ਚੰਬਲ ਦਰਿਆ ਦੇ ਬਿਲਕੁਲ ਕੰਢੇ 'ਤੇ ਹੈ। ਸਾਡੇ ਨਾਲ ਦਾ ਆਦਮੀ ਅੱਗੇ ਵਧ ਕੇ 400 ਮੀਟਰ ਤੱਕ ਗਿਆ। ਉਸ ਨੇ ਮੈਨੂੰ ਕਿਹਾ ਕਿ ਜਦੋਂ ਮੈਂ ਉਤੇ ਪਹੁੰਚ ਕੇ ਤੁਹਾਨੂੰ ਲਾਲ ਰੁਮਾਲ ਦਿਖਾਵਾਂ ਉਸੇ ਵੇਲੇ ਤੁਸੀਂ ਇੱਥੋਂ ਚੱਲਣਾ ਸ਼ੁਰੂ ਕਰਨਾ।''

ਚਤੁਰਵੇਦੀ ਨੇ ਕਿਹਾ, "ਕੁਝ ਦੇਰ ਬਾਅਦ ਉਸਦਾ ਹਿਲਦਾ ਹੋਇਆ ਲਾਲ ਰੁਮਾਲ ਦਿਖਾਈ ਦਿੱਤਾ। ਮੈਂ ਹੌਲੀ-ਹੌਲੀ ਚੱਲਣਾ ਸ਼ੁਰੂ ਕੀਤਾ। ਜਦੋਂ ਮੈਂ ਟਿੱਲੇ 'ਤੇ ਪਹੁੰਚਿਆ ਤਾਂ ਬਬੂਲ (ਕਿੱਕਰ ਵਰਗਾ ਰੁੱਖ) ਦੇ ਝਾੜ ਦੇ ਪਿੱਛੋਂ ਇੱਕ ਲੰਬਾ-ਉੱਚਾ ਸ਼ਖਸ ਬਾਹਰ ਨਿਕਲਿਆ। ਉਸਦੀ ਸ਼ਕਲ ਬਿਲਕੁਲ ਜੀਸਸ ਕ੍ਰਾਈਸਟ ਨਾਲ ਮਿਲਦੀ ਜੁਲਦੀ ਸੀ। ਉਸ ਨੇ ਆਪਣਾ ਨਾਂ ਮਾਨ ਸਿੰਘ ਦੱਸਿਆ। ਉਸਨੇ ਅੱਗੇ ਆ ਕੇ ਮੇਰੇ ਪੈਰਾਂ ਨੂੰ ਹੱਥ ਲਾਇਆ ਅਤੇ ਮੈਨੂੰ ਅੱਗੇ ਵਧਣ ਦਾ ਇਸ਼ਾਰਾ ਕੀਤਾ।

ਤਸਵੀਰ ਸਰੋਤ, RAJENDRA CHATURVEDI

ਤਸਵੀਰ ਕੈਪਸ਼ਨ,

ਫੂਲਨ ਦੇਵੀ ਬਾਰੇ ਸ਼ੇਖਰ ਕਪੂਰ ਨੇ ਫਿਲਮ ਬੈਂਡਿਟ ਕੁਈਨ ਵੀ ਬਣਾਈ ਸੀ

ਉਸੇ ਵੇਲੇ ਝਾੜੀਆਂ ਤੋਂ ਨੀਲੇ ਰੰਗ ਦਾ ਬੈਲਬੌਟਮ ਅਤੇ ਨੀਲੇ ਰੰਗ ਦਾ ਕੁਰਤਾ ਪਹਿਨੀ ਹੋਈ ਇੱਕ ਮਹਿਲਾ ਸਾਹਮਣੇ ਆਈ। ਉਸ ਦੇ ਮੋਢੇ ਤੱਕ ਵਾਲ ਸਨ ਜਿਸ ਨੂੰ ਉਸ ਨੇ ਲਾਲ ਰੁਮਾਲ ਨਾਲ ਬੰਨ ਰੱਖਿਆ ਸੀ।

ਉਸ ਦੇ ਮੋਢੇ 'ਤੇ ਰਾਈਫਲ ਲਟਕ ਰਹੀ ਸੀ। ਉਸ ਦੀ ਸ਼ਕਲ ਨੇਪਾਲੀ ਵਾਂਗ ਲੱਗ ਰਹੀ ਸੀ। ਉਹ ਸੀ ਫੂਲਨ ਦੇਵੀ ਜਿਸਨੇ ਮੇਰੇ ਪੈਰਾਂ ਵਿੱਚ ਪੰਜ ਸੌ ਇੱਕ ਰੁਪਏ ਰੱਖ ਦਿੱਤੇ।

'ਇਸੇ ਵੇਲੇ ਤੁਹਾਨੂੰ ਗੋਲੀ ਨਾਲ ਉਡਾ ਸਕਦੀ ਹਾਂ'

ਫੂਲਨ ਦੇਵੀ ਨੇ ਆਪਣੇ ਹੱਥਾਂ ਨਾਲ ਉਨ੍ਹਾਂ ਲਈ ਚਾਹ ਬਣਾਈ ਅਤੇ ਚਾਹ ਦੇ ਨਾਲ ਉਨ੍ਹਾਂ ਨੂੰ ਚੂੜਾ ਖਾਣ ਲਈ ਦਿੱਤਾ।

ਇਹ ਵੀ ਪੜ੍ਹੋ-

ਚਤੁਰਵੇਦੀ ਨੇ ਗੱਲ ਸ਼ੁਰੂ ਕੀਤੀ, "ਮੈਂ ਤੁਹਾਡੇ ਘਰ ਹੋ ਕੇ ਆ ਰਿਹਾ ਹਾਂ'', ਫੂਲਨ ਨੇ ਇੱਕਦਮ ਪੁੱਛਿਆ ਕਦੋਂ? ਰਾਜੇਂਦਰ ਚਤੁਰਵੇਦੀ ਨੇ ਕਿਹਾ ਪਿਛਲੇ ਮਹੀਨੇ। ਫੂਲਨ ਦੇਵੀ ਨੇ ਪੁੱਛਿਆ ਮੁੰਨੀ ਮਿਲੀ? ਰਾਜੇਂਦਰ ਚਤੁਰਵੇਦੀ ਨੇ ਜਵਾਬ ਦਿੱਤਾ, "ਨਾ ਸਿਰਫ ਤੁਹਾਡੀ ਭੈਣ ਮੁੰਨੀ ਬਲਕਿ ਮੈਂ ਤੁਹਾਡੀ ਮਾਂ ਅਤੇ ਪਿਤਾ ਨੂੰ ਵੀ ਮਿਲ ਕੇ ਆਇਆ ਹਾਂ।''

ਉਨ੍ਹਾਂ ਨੇ ਫੂਲਨ ਨੂੰ ਪੋਲੋਰੋਇਡ ਕੈਮਰੇ ਨਾਲ ਲਈਆਂ ਗਈ ਆਪਣੀਆਂ ਅਤੇ ਉਸਦੇ ਪਰਿਵਾਰ ਦੀਆਂ ਤਸਵੀਰਾਂ ਦਿਖਾਈਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਦੀਆਂ ਆਵਾਜ਼ਾਂ ਟੈਪ ਕਰਕੇ ਲਿਆਏ ਹਨ। ਜਿਵੇਂ ਹੀ ਫੂਲਨ ਨੇ ਟੇਪ ਰਿਕਾਰਡਰ ਵਿੱਚ ਆਪਣੀ ਭੈਣ ਦੀ ਆਵਾਜ਼ ਸੁਣੀ ਸਾਰਾ ਤਣਾਅ ਗਾਇਬ ਹੋ ਗਿਆ।

ਅਚਾਨਕ ਫੂਲਨ ਨੇ ਪੁੱਛਿਆ, "ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ?'' ਚਤੁਰਵੇਦੀ ਨੇ ਕਿਹਾ, "ਤੁਹਾਨੂੰ ਪਤਾ ਹੈ ਕਿ ਮੈਂ ਇੱਥੇ ਕਿਉਂ ਆਇਆ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਤਮ ਸਮਰਪਣ ਕਰ ਦਿਓ। ਇੰਨਾ ਸੁਣਨਾ ਸੀ ਕਿ ਫੂਲਨ ਨੂੰ ਗੁੱਸਾ ਆ ਗਿਆ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਫੂਲਨ ਦੇਵੀ ਲੋਕ ਸਭਾ ਦੇ ਐਮਪੀ ਵਜੋਂ ਵੀ ਚੁਣੀ ਗਈ ਸੀ

ਚੀਖ ਕੇ ਬੋਲੀ, "ਤੁਸੀਂ ਕੀ ਸਮਝਦੇ ਹੋ, ਮੈਂ ਸਿਰਫ਼ ਤੁਹਾਡੇ ਕਹਿਣ 'ਤੇ ਹਥਿਆਰ ਸੁੱਟ ਦੇਵਾਂਗੀ। ਮੈਂ ਫੂਲਨ ਦੇਵੀ ਹਾਂ। ਮੈਂ ਇਸੇ ਵੇਲੇ ਤੁਹਾਨੂੰ ਗੋਲੀ ਨਾਲ ਉਡਾ ਸਕਦੀ ਹਾਂ।''

ਪੁਲਿਸ ਦੇ ਐਸਪੀ ਰਾਜੇਂਦਰ ਚਤੁਰਵੇਦੀ ਨੂੰ ਲਗਿਆ ਕਿ ਮਾਮਲਾ ਉਨ੍ਹਾਂ ਦੇ ਹੱਥ ਤੋਂ ਨਿਕਲ ਰਿਹਾ ਹੈ। ਫੂਲਨ ਦਾ ਡਰਾਉਣਾ ਰੂਪ ਦੇਖ ਕੇ ਮਾਨ ਸਿੰਘ ਨੇ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਚਤੁਰਵੇਦੀ ਨੂੰ ਕਿਹਾ, "ਆਓ ਮੈਂ ਤੁਹਾਨੂੰ ਆਪਣੇ ਗੈਂਗ ਦੇ ਦੂਜੇ ਮੈਂਬਰਾਂ ਨਾਲ ਮਿਲਵਾਉਂਦਾ ਹਾਂ।'' ਇੱਕ-ਇੱਕ ਕਰਕੇ ਮੋਹਨ ਸਿੰਘ, ਗੋਵਿੰਦ, ਮਹਿੰਦੀ ਹਸਨ, ਜੀਵਨ ਅਤੇ ਮੁੰਨਾ ਨੂੰ ਚਤੁਰਵੇਦੀ ਨੂੰ ਮਿਲਵਾਇਆ ਗਿਆ।

ਬਾਜਰੇ ਦੀਆਂ ਰੋਟੀਆਂ ਪਕਾ ਕੇ ਖੁਆਈਆਂ

ਅਚਾਨਕ ਫੂਲਨ ਦਾ ਮੂਡ ਫਿਰ ਠੀਕ ਹੋ ਗਿਆ। ਜਦੋਂ ਦੁਪਹਿਰ ਹੋਈ ਤਾਂ ਫੂਲਨ ਨੇ ਉਨ੍ਹਾਂ ਲਈ ਖਾਣਾ ਬਣਾਇਆ। ਰੋਟੀ ਬਣਾਉਂਦੇ ਹੋਏ ਫੂਲਨ ਨੇ ਪੁੱਛਿਆ, "ਜੇ ਮੈਂ ਹਥਿਆਰ ਸੁੱਟਦੀ ਹਾਂ ਤਾਂ ਕੀ ਤੁਸੀਂ ਮੈਨੂੰ ਫਾਂਸੀ 'ਤੇ ਚੜ੍ਹਾ ਦੇਵੋਗੇ?''

ਚਤੁਰਵੇਦੀ ਨੇ ਕਿਹਾ, "ਅਸੀਂ ਲੋਕ ਹਥਿਆਰ ਸੁੱਟਣ ਵਾਲਿਆਂ ਨੂੰ ਫਾਂਸੀ ਨਹੀਂ ਦਿੰਦੇ, ਜੇ ਤੁਸੀਂ ਭੱਜਦੇ ਹੋ ਅਤੇ ਫੜੇ ਜਾਂਦੇ ਹੋ ਤਾਂ ਗੱਲ ਦੂਜੀ ਹੈ।''

ਫੂਲਨ ਨੇ ਉਨ੍ਹਾਂ ਨੂੰ ਬਾਜਰੇ ਦੀਆਂ ਮੋਟੀਆਂ-ਮੋਟੀਆਂ ਰੋਟੀਆਂ, ਆਲੂ ਦੀ ਸਬਜ਼ੀ ਅਤੇ ਦਾਲ ਖਾਣ ਲਈ ਦਿੱਤੀ। ਚਤੁਰਵੇਦੀ ਨੇ ਸੋਚਿਆ ਕਿ ਜੇ ਉਹ ਪੋਲੇਰੌਇਡ ਕੈਮਰੇ ਤੋਂ ਫੂਲਨ ਦੀ ਤਸਵੀਰ ਖਿੱਚੇ ਤਾਂ ਸ਼ਾਇਦ ਉਸ ਨੂੰ ਚੰਗਾ ਲੱਗੇ।

ਤਸਵੀਰ ਸਰੋਤ, SUMED SINGH

ਤਸਵੀਰ ਕੈਪਸ਼ਨ,

ਫੂਲਨ ਦੇਵੀ ਬਚਪਨ ਵਿੱਚ ਹੋਏ ਤਸ਼ੱਦਦ ਕਾਰਨ ਡਾਕੂ ਬਣੀ ਸੀ

ਉਨ੍ਹਾਂ ਨੇ ਤਸਵੀਰਾਂ ਖਿੱਚ ਕੇ ਜਦੋਂ ਉਨ੍ਹਾਂ ਨੂੰ ਫੂਲਨ ਨੂੰ ਦਿਖਾਇਆ ਤਾਂ ਉਹ ਖੁਸ਼ ਹੋ ਕੇ ਬੋਲੀ, "ਆਪ ਤੋ ਜਾਦੂ ਕਰਿਓ''

ਫੂਲਨ ਨੇ ਗੈਂਗ ਦੇ ਸਾਰੇ ਮੈਂਬਰਾਂ ਨੂੰ ਚੀਕ ਕੇ ਬੁਲਾਇਆ ਅਤੇ ਕੈਮਰੇ ਤੋਂ ਖਿੱਚੀ ਗਈ ਆਪਣੀ ਤਸਵੀਰ ਦਿਖਾਉਣ ਲੱਗੀ। ਚਤੁਰਵੇਦੀ ਉੱਥੇ 12 ਘੰਟੇ ਰਹੇ। ਉਨ੍ਹਾਂ ਨੇ ਫੂਲਨ ਦੇਵੀ ਅਤੇ ਸਾਥੀਆਂ ਦੀਆਂ ਤਸਵੀਰਾਂ ਖਿੱਚੀਆਂ।

ਫੂਲਨ ਨੇ ਉਨ੍ਹਾਂ ਨੂੰ ਆਪਣੀ ਮਾਂ ਦੀ ਇੱਕ ਮੁੰਦਰੀ ਦਿੱਤੀ ਜਿਸ ਵਿੱਚ ਇੱਕ ਪੱਥਰ ਹਕੀਕ ਜੜਿਆ ਹੋਇਆ ਸੀ। ਅਚਾਨਕ ਫਿਰ ਫੂਲਨ ਦਾ ਦਿਮਾਗ ਫਿਰਿਆ ਤੇ ਬੋਲੀ, "ਇਸ ਗੱਲ ਦਾ ਕੀ ਸਬੂਤ ਹੈ ਕਿ ਤੁਹਾਨੂੰ ਮੁੱਖ ਮੰਤਰੀ ਨੇ ਭੇਜਿਆ ਹੈ।''

ਚਤੁਰਵੇਦੀ ਯਾਦ ਕਰਦੇ ਹਨ, "ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਆਪਣਾ ਇੱਕ ਆਦਮੀ ਭੇਜ ਦਿਓ। ਮੈਂ ਉਸ ਦੀ ਖੁਦ ਮੁੱਖ ਮੰਤਰੀ ਨਾਲ ਮੁਲਾਕਾਤ ਕਰਾ ਦੇਵਾਂਗਾ। ਫੂਲਨ ਨੇ ਇੱਕ ਵਿਅਕਤੀ ਨੂੰ ਮੇਰੇ ਨਾਲ ਭੇਜ ਦਿੱਤਾ।''

"ਅਸੀਂ ਸ਼ਾਮ ਨੂੰ ਉੱਥੋਂ ਚੱਲਣਾ ਸ਼ੁਰੂ ਕੀਤਾ ਅਤੇ ਦੋ ਵਜੇ ਰਾਤ ਨੂੰ ਭਿੰਡ ਪਹੁੰਚੇ। ਮੈਂ ਫੌਰਨ ਮੁੱਖ ਮੰਤਰੀ ਅਰਜੁਨ ਸਿੰਘ ਨੂੰ ਫੋਨ ਮਿਲਾਇਆ। ਉਹ ਮੇਰੇ ਫੋਨ ਦਾ ਇੰਤਜ਼ਾਰ ਕਰ ਰਹੇ ਸਨ। ਮੈਂ ਸਿਰਫ ਇੰਨਾ ਕਿਹਾ, ਸਰ ਟੂ ਡਾਊਨ ਇਨ।''

ਤਸਵੀਰ ਸਰੋਤ, RAJENDRA CHATURVEDI

ਤਸਵੀਰ ਕੈਪਸ਼ਨ,

ਫੂਲਨ ਦੇਵੀ ਨੇ ਜਦੋਂ ਆਤਮ ਸਮਰਪਣ ਕੀਤਾ, ਉਸ ਵੇਲੇ ਅਰਜੁਨ ਸਿੰਘ ਮੁੱਖ ਮੰਤਰੀ ਸਨ

"ਟੂ ਡਾਊਨ ਇਨ ਸਾਡਾ ਕੋਡ ਵਰਡ ਸੀ। ਮੈਂ ਉਨ੍ਹਾਂ ਨੂੰ ਕਿਹਾ ਸਰ ਮੈਂ ਸਵੇਰੇ 6 ਵਜੇ ਗਵਾਲੀਅਰ ਤੋਂ ਦਿੱਲੀ ਦੀ ਫਲਾਈਟ ਫੜ ਰਿਹਾ ਹਾਂ। ਮੈਂ ਫੂਲਨ ਦੇ ਉਸ ਸਾਥੀ ਦਾ ਵੀ ਟਿਕਟ ਲੈ ਲਿਆ।''

"ਇੰਡੀਅਨ ਏਅਰਲਾਈਂਜ਼ ਦੇ ਅਧਿਕਾਰੀਆਂ ਨੂੰ ਮੈਂ ਬੇਨਤੀ ਕੀਤੀ ਕਿ ਸਾਨੂੰ ਬਿਜ਼ਨਸ ਕਲਾਸ ਵਿੱਚ ਅਪਗ੍ਰੇਡ ਕਰ ਦੇਣ। ਦਿੱਲੀ ਹਵਾਈ ਅੱਡੇ ਤੋਂ ਅਸੀਂ ਟੈਕਸੀ ਵਿੱਚ ਬੈਠ ਕੇ ਮੱਧ ਪ੍ਰਦੇਸ਼ ਭਵਨ ਪਹੁੰਚੇ।''

ਚਤੁਰਵੇਦੀ ਨੇ ਦੱਸਿਆ, "ਮੈਂ ਆਪਣੇ ਅਤੇ ਫੂਲਨ ਦੇ ਸਾਥੀ ਲਈ ਕਮਰਾ ਬੁੱਕ ਕਰਵਾ ਦਿੱਤਾ ਸੀ। ਅਰਜੁਨ ਸਿੰਘ ਨੇ ਆਪਣੀ ਦਾੜ੍ਹੀ ਤੱਕ ਨਹੀਂ ਬਣਾਈ ਸੀ। ਉਹ ਆਪਣੇ ਕਮਰੇ ਵਿੱਚ ਬੈਠੇ ਚਾਂਦੀ ਦੇ ਗਿਲਾਸ ਵਿੱਚ ਸੰਤਰੇ ਦਾ ਜੂਸ ਪੀ ਰਹੇ ਸਨ।''

"ਮੈਂ ਉਨ੍ਹਾਂ ਨੂੰ ਪੋਲੋਰੌਇਡ ਕੈਮਰੇ ਤੋਂ ਖਿੱਚੀਆਂ ਫੂਲਨ ਦੀਆਂ ਤਸਵੀਰਾਂ ਦਿਖਾਈਆਂ। ਮੈਂ ਕਿਹਾ ਉਨ੍ਹਾਂ ਦੇ ਇੱਕ ਆਦਮੀ ਮੇਰੇ ਨਾਲ ਆਇਆ ਹੈ ਅਤੇ ਮੇਰੇ ਕਮਰੇ ਵਿੱਚ ਬੈਠਾ ਹੈ।''

ਤਸਵੀਰ ਸਰੋਤ, RAJENDRA CHATURVEDI

"ਉਨ੍ਹਾਂ ਨੇ ਫੌਰਨ ਉਸ ਨੂੰ ਬੁਲਾ ਲਿਆ। ਉਸ ਨੇ ਦੇਖਦੇ ਹੀ ਅਰਜੁਨ ਸਿੰਘ ਦੇ ਪੈਰਾਂ ਨੂੰ ਹੱਥ ਲਾਇਆ। ਮੈਂ ਉਨ੍ਹਾਂ ਦੇ ਸਾਹਮਣੇ ਉਸ ਨੂੰ ਕਿਹਾ ਕਿ ਹੁਣ ਤਾਂ ਤੁਹਾਨੂੰ ਵਿਸ਼ਵਾਸ ਹੋ ਗਿਆ ਕਿ ਮੈਨੂੰ ਮੁੱਖ ਮੰਤਰੀ ਨੇ ਹੀ ਭੇਜਿਆ ਸੀ।''

ਉਸ ਤੋਂ ਬਾਅਦ ਫੂਲਨ ਦੇ ਉਸ ਆਦਮੀ ਨੂੰ ਵਾਪਸ ਇੱਕ ਗਾਰਡ ਨਾਲ ਫੂਲਨ ਕੋਲ ਭਿਜਵਾਇਆ ਗਿਆ। ਇੱਕ ਵਾਰ ਅਰਜੁਨ ਸਿੰਘ ਐਸਪੀ ਚਤੁਰਵੇਦੀ ਨੂੰ ਲੈ ਕੇ ਦਿੱਲੀ ਪਹੁੰਚੇ। ਉਨ੍ਹਾਂ ਨੇ ਰਾਜੀਵ ਗਾਂਧੀ ਨੂੰ ਸੰਦੇਸ਼ ਭਿਜਵਾਇਆ ਕਿ ਉਨ੍ਹਾਂ ਕੋਲ ਚੰਗੀ ਖ਼ਬਰ ਹੈ।

ਰਾਜੇਂਦਰ ਚਤੁਰਵੇਦੀ ਨੂੰ ਅਜੇ ਤੱਕ ਯਾਦ ਹੈ, "ਅਸੀਂ ਲੋਕ ਉਨ੍ਹਾਂ ਨੂੰ ਮਿਲਣ ਇੱਕ ਸਫਦਰਜੰਗ ਰੋਡ ਗਏ ਸੀ। ਰਾਜੀਵ ਗਾਂਧੀ ਨੇ ਇਹ ਖ਼ਬਰ ਸੁਣਦਿਆਂ ਹੀ ਮੇਰੇ ਮੋਢੇ 'ਤੇ ਸ਼ਾਬਾਸ਼ੀ ਦਿੱਤੀ ਅਤੇ ਸਾਨੂੰ ਅੰਦਰ ਵਾਲੇ ਕਮਰੇ ਵਿੱਚ ਲੈ ਗਏ। ਉੱਥੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਗੁਲਾਬੀ ਰਿਮ ਦਾ ਪੜ੍ਹਨ ਵਾਲਾ ਚਸ਼ਮਾ ਲਾ ਕੇ ਬੈਠੇ ਹੋਏ ਸਨ।''

ਚਤੁਰਵੇਦੀ ਨੇ ਕਿਹਾ, "ਮੈਂ ਉਨ੍ਹਾਂ ਨੂੰ ਦੇਖਦੇ ਹੀ ਸਲਾਮ ਕੀਤਾ। ਅਰਜੁਨ ਸਿੰਘ ਨੇ ਉਨ੍ਹਾਂ ਨੂੰ ਮੇਰੇ ਬਾਰੇ ਦੱਸਿਆ ਅਤੇ ਬੋਲੇ ਇਹ ਤੁਹਾਡੇ ਲਈ ਕੁਝ ਲਿਆਏ ਹਨ। ਜਿਵੇਂ ਹੀ ਉਨ੍ਹਾਂ ਨੇ ਫੂਲਨ ਦੇ ਨਾਲ ਮੇਰੀਆਂ ਤਸਵੀਰਾਂ ਦੇਖੀਆਂ ਉਹ ਬੋਲੀ, ਸ਼ੀ ਇਜ਼ ਨੌਟ ਵੈਰੀ ਗੁਡ ਲੁਕਿੰਗ, ਫਿਰ ਕਿਹਾ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ।''

ਇਹ ਵੀ ਪੜ੍ਹੋ:

ਪਤਨੀ ਨੂੰ ਵੀ ਫੂਲਨ ਨਾਲ ਮਿਲਵਾਇਆ

ਇਸੇ ਦੌਰਾਨ ਰਾਜੇਂਦਰ ਚਤੁਰਵੇਦੀ ਦੀਆਂ ਫੂਲਨ ਦੇਵੀ ਨਾਲ ਕਈ ਮੁਲਾਕਾਤਾਂ ਹੋਈਆਂ ਸਨ। ਇੱਕ ਵਾਰ ਤਾਂ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਫੂਲਨ ਦੇਵੀ ਨੂੰ ਮਿਲਾਉਣ ਲੈ ਗਏ। ਫੂਲਨ ਦੇਵੀ ਆਪਣੀ ਆਤਮ ਕਥਾ ਵਿੱਚ ਲਿਖਦੀ ਹੈ, "ਚਤੁਰਵੇਦੀ ਦੀ ਪਤਨੀ ਬਹੁਤ ਸੁੰਦਰ ਅਤੇ ਦਿਆਲੂ ਸੀ। ਉਹ ਮੇਰੇ ਲਈ ਸ਼ਾਲ, ਕੱਪੜੇ ਅਤੇ ਕੁਝ ਤੋਹਫੇ ਲੈ ਕੇ ਆਈ ਸੀ। ਉਹ ਆਪਣੇ ਨਾਲ ਘਰ ਦਾ ਖਾਣਾ ਬਣਾ ਕੇ ਵੀ ਲਿਆਈ ਸੀ।''

ਤਸਵੀਰ ਸਰੋਤ, RAJENDRA CHATURVEDI

ਮੈਂ ਰਾਜੇਂਦਰ ਚਤੁਰਵੇਦੀ ਨੂੰ ਪੁੱਛਿਆ ਕਿ ਆਪਣੀ ਪਤਨੀ ਨੂੰ ਫੂਲਨ ਦੇ ਸਾਹਮਣੇ ਲੈ ਕੇ ਜਾਣ ਦਾ ਕੀ ਕਾਰਨ ਸੀ। ਉਨ੍ਹਾਂ ਦਾ ਜਵਾਬ ਸੀ, "ਫੂਲਨ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਉਨ੍ਹਾਂ 'ਤੇ ਕਿਸ ਹੱਦ ਤੱਕ ਵਿਸ਼ਵਾਸ ਕਰਦਾ ਹਾਂ। ਬਦਲੇ ਵਿੱਚ ਕੀ ਉਹ ਵੀ ਮੇਰੇ 'ਤੇ ਇੰਨਾ ਵਿਸ਼ਵਾਸ ਕਰਨਗੇ? ਫੂਲਨ ਉਨ੍ਹਾਂ ਨਾਲ ਮਿਲ ਕੇ ਖੁਸ਼ ਬਹੁਤ ਹੋਈ ਸੀ।''

ਆਤਮ ਸਮਰਪਣ ਤੋਂ ਪਹਿਲਾਂ ਦਾ ਤਣਾਅ

ਚਤੁਰਵੇਦੀ ਨੇ ਫੂਲਨ ਤੋਂ ਪੁੱਛਿਆ, "ਤੁਸੀਂ ਕਦੋਂ ਸਰੰਡਰ ਕਰਨ ਜਾ ਰਹੇ ਹੋ?'' ਫੂਲਨ ਦਾ ਜਵਾਬ ਸੀ, "6 ਦਿਨਾਂ ਦੇ ਅੰਦਰ।'' ਚਤੁਰਵੇਦੀ ਦੀ ਨਜ਼ਰ ਕੈਲੰਡਰ 'ਤੇ ਪਈ। 6 ਦਿਨਾਂ ਬਾਅਦ ਤਾਰੀਖ ਸੀ 12 ਫਰਵਰੀ 1983.

ਸਰੰਡਰ ਵਾਲੇ ਦਿਨ ਫੂਲਨ ਨੇ ਘਬਰਾਹਟ ਵਿੱਚ ਕੁਝ ਨਹੀਂ ਖਾਧਾ ਅਤੇ ਨਾ ਹੀ ਇੱਕ ਪਾਣੀ ਦਾ ਗਿਲਾਸ ਪੀਤਾ। ਪੂਰੀ ਰਾਤ ਉਹ ਇੱਕ ਸਕਿੰਟ ਸੌਂ ਨਹੀਂ ਸਕੀ।

ਅਗਲੀ ਸਵੇਰ ਇੱਕ ਡਾਕਟਰ ਉਨ੍ਹਾਂ ਨੂੰ ਦੇਖਣ ਆਇਆ। ਫੂਲਨ ਦੇ ਸਾਥੀ ਮਾਨ ਸਿੰਘ ਨੇ ਉਨ੍ਹਾਂ ਤੋਂ ਪੁੱਛਿਆ, "ਫੂਲਨ ਨੂੰ ਕੀ ਤਕਲੀਫ਼ ਹੈ ਡਾਕਟਰ ਦਾ ਜਵਾਬ ਸੀ ਤਣਾਅ। ਇਸ ਨੂੰ ਉਹ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਫੂਲਨ ਦੇਵੀ ਦੇ ਆਤਮ ਸਮਰਪਣ ਨੂੰ ਇੰਦਰਾ ਗਾਂਧੀ ਨੇ ਹਰੀ ਝੰਡੀ ਦਿੱਤੀ ਸੀ

ਕਾਰ ਵਿੱਚ ਬੈਠਦੇ ਹੀ ਫੂਲਨ ਨੇ ਚਤੁਰਵੇਦੀ ਤੋਂ ਆਪਣੀ ਰਾਈਫਲ ਵਾਪਸ ਮੰਗੀ।

ਚਤੁਰਵੇਦੀ ਨੇ ਕਿਹਾ, "ਨਹੀਂ ਫੂਲਨ ਤੁਸੀਂ ਆਪਣੇ ਆਪ ਨੂੰ ਸ਼ਾਂਤ ਰੱਖੋ।'' ਫੂਲਨ ਇੰਨੀ ਪ੍ਰੇਸ਼ਾਨ ਸੀ ਕਿ ਉਨ੍ਹਾਂ ਨੇ ਚਤੁਰਵੇਦੀ ਦੇ ਅੰਗ ਰੱਖਿਅਕ ਤੋਂ ਸਟੇਨ ਗੰਨ ਖੋਹਣ ਦੀ ਕੋਸ਼ਿਸ਼ ਕੀਤੀ।

ਉਸ ਨੇ ਫੂਲਨ ਨੂੰ ਸਮਝਾਇਆ ਕਿ ਅਜਿਹੀ ਹਿਮਾਕਤ ਫੇਰ ਨਾ ਕਰਨ ਨਹੀਂ ਤਾਂ ਚਤੁਰਵੇਦੀ ਅਤੇ ਉਨ੍ਹਾਂ ਦੋਵਾਂ ਦੀ ਬਹੁਤ ਬਦਨਾਮੀ ਹੋਵੇਗੀ।

ਫਿਰ ਮੰਚ 'ਤੇ ਕੀ ਹੋਇਆ?

ਡਾਕ ਬੰਗਲੇ ਦੇ ਬਾਥਰੂਮ ਵਿੱਚ ਫੂਲਨ ਨੇ ਆਪਣੇ ਵਾਲਾਂ ਵਿੱਚ ਕੰਘੀ ਕੀਤੀ। ਆਪਣੇ ਮੱਥੇ ਤੇ ਲਾਲ ਕੱਪੜਾ ਬੰਨਿਆ ਅਤੇ ਆਪਣੇ ਮੂੰਹ 'ਤੇ ਠੰਢੇ ਪਾਣੀ ਨਾਲ ਛਿੱਟੇ ਮਾਰੇ। ਪੁਲਿਸ ਦੀ ਖਾਕੀ ਵਰਦੀ ਪਾ ਕੇ ਉਸਨੇ ਉੱਤੇ ਲਾਲ ਸ਼ਾਲ ਪਹਿਨ ਲਈ।

ਜਦੋਂ ਉਹ ਬਾਹਰ ਆਈ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਦੀ ਰਾਈਫਲ ਵਾਪਸ ਕਰ ਦਿੱਤੀ। ਉਸ ਵਿੱਚ ਕੋਈ ਗੋਲੀ ਨਹੀਂ ਸੀ ਪਰ ਉਨ੍ਹਾਂ ਦੀ ਗੋਲੀਆਂ ਦੀ ਬੈਲਟ ਵਿੱਚ ਸਾਰੀਆਂ ਗੋਲੀਆਂ ਸਲਾਮਤ ਸਨ। ਉਹ ਚਾਹੁੰਦੀ ਤਾਂ ਇੱਕ ਸਕਿੰਟ ਵਿੱਚ ਆਪਣੀ ਰਾਈਫਲ ਲੋਡ ਕਰ ਸਕਦੀ ਸੀ।

ਤਸਵੀਰ ਸਰੋਤ, RAJENDRA CHATURVEDI

ਤਸਵੀਰ ਕੈਪਸ਼ਨ,

ਆਤਮ ਸਮਰਪਣ ਤੋਂ ਬਾਅਦ ਫੂਲਨ ਦੇਵੀ (ਵਿਚਾਲੇ) ਅਫਸਰ ਰਾਜੇਂਦਰ ਚਤੁਰਵੇਦੀ (ਸੱਜੇ ਪਾਸੇ ਤੋਂ ਦੂਜੇ ਨੰਬਰ 'ਤੇ)

ਉਸੇ ਵੇਲੇ ਰਾਜੇਂਦਰ ਚਤੁਰਵੇਦੀ ਨੇ ਅਰਜੁਨ ਸਿੰਘ ਦੇ ਪਹੁੰਚਣ ਦਾ ਐਲਾਨ ਕੀਤਾ।

ਫੂਲਨ ਮੰਚ 'ਤੇ ਚੜ੍ਹੀ। ਉਸ ਨੇ ਆਪਣੀ ਰਾਈਫਲ ਮੋਢੇ ਤੋਂ ਉਤਾਰ ਕੇ ਅਰਜੁਨ ਸਿੰਘ ਦੇ ਹਵਾਲੇ ਕਰ ਦਿੱਤੀ। ਫਿਰ ਉਨ੍ਹਾਂ ਨੇ ਕਾਰਤੂਸ ਦੀ ਬੈਲਟ ਵੀ ਉਤਾਰ ਕੇ ਅਰਜੁਨ ਸਿੰਘ ਦੇ ਹੱਥ ਵਿੱਚ ਪਹਿਨਾ ਦਿੱਤੀ।

ਨਾਲ ਖੜ੍ਹੇ ਇੱਕ ਪੁਲਿਸ ਅਫਸਰ ਨੇ ਫੂਲਨ ਨੂੰ ਇਸ਼ਾਰਾ ਕੀਤਾ। ਉਸ ਨੇ ਆਪਣੇ ਦੋਵੇਂ ਹੱਥ ਜੋੜ ਕੇ ਮੱਥੇ ਨੂੰ ਉੱਪਰ ਚੁੱਕਿਆ।

ਪਹਿਲਾਂ ਉਸ ਨੇ ਅਰਜੁਨ ਸਿੰਘ ਨੂੰ ਨਮਸਕਾਰ ਕੀਤਾ ਅਤੇ ਫਿਰ ਸਾਹਮਣੇ ਖੜ੍ਹੀ ਭੀੜ ਨੂੰ। ਅਫਸਰ ਨੇ ਫੂਲਨ ਨੂੰ ਇੱਕ ਹਾਰ ਦਿੱਤਾ। ਫੂਲਨ ਨੇ ਉਹ ਹਾਰ ਅਰਜੁਨ ਸਿੰਘ ਦੇ ਗਲੇ ਵਿੱਚ ਪਹਿਨਾ ਦਿੱਤਾ।

ਜਦੋਂ ਉਹ ਅਜਿਹਾ ਕਰ ਰਹੀ ਸੀ ਤਾਂ ਉਸ ਅਫਸਰ ਨੇ ਉਨ੍ਹਾਂ ਨੂੰ ਰੋਕ ਕੇ ਕਿਹਾ ਕਿ ਹਾਰ ਉਨ੍ਹਾਂ ਦੇ ਗਲੇ ਵਿੱਚ ਨਾ ਪਾ ਕੇ ਉਨ੍ਹਾਂ ਦੇ ਹੱਥ ਵਿੱਚ ਦਿਓ। ਫੂਲਨ ਨੇ ਸਵਾਲ ਕੀਤਾ ਕਿਉਂ?

ਅਰਜੁਨ ਸਿੰਘ ਮੁਸਕੁਰਾਏ ਅਤੇ ਬੋਲੇ ਉਨ੍ਹਾਂ ਦੇ ਗਲੇ ਵਿੱਚ ਹਾਰ ਪਾ ਦਿਓ ਫਿਰ ਫੂਲਨ ਨੇ ਇੱਕ ਹੋਰ ਹਾਰ ਚੁੱਕਿਆ ਅਤੇ ਮੇਜ਼ 'ਤੇ ਰੱਖੇ ਦੁਰਗਾ ਮਾਤਾ ਦੀ ਫੋਟੋ ਸਾਹਮਣੇ ਰੱਖ ਦਿੱਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)