ਅੱਲੜ੍ਹ ਉਮਰ ਦੇ ਬੱਚਿਆਂ ਦੀਆਂ ਇਨ੍ਹਾਂ ਹਰਕਤਾਂ ਤੇ ਰੱਖੋ ਸਖ਼ਤ ਨਜ਼ਰ

  • ਨਵੀਨ ਨੇਗੀ
  • ਪੱਤਰਕਾਰ, ਬੀਬੀਸੀ
angry child

ਤਸਵੀਰ ਸਰੋਤ, Getty Images

ਕੁਝ ਦਿਨ ਪਹਿਲਾਂ ਸਵੇਰੇ-ਸਵੇਰੇ ਅਖ਼ਬਾਰ ਚੁੱਕਿਆ ਤਾਂ ਇੱਕ ਖ਼ਬਰ ਨੇ ਆਪਣੇ ਵੱਲ ਧਿਆਨ ਖਿੱਚਿਆ। ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਸਕੂਲ ਦੇ ਹੀ ਦੂਜੇ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕੀਤਾ ਸੀ।

ਖ਼ਬਰ ਮੁਤਾਬਕ ਦੋਹਾਂ ਵਿਦਿਆਰਥੀਆਂ ਵਿਚਾਲੇ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਲੜਾਈ ਹੋਈ, ਜਿਸ ਦੇ ਵਧਣ 'ਤੇ ਇੱਕ ਵਿਦਿਆਰਥੀ ਕਾਫ਼ੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ।

ਅਜਿਹਾ ਨਹੀਂ ਹੈ ਕਿ ਸਕੂਲੀ ਵਿਦਿਆਰਥੀਆਂ ਵਿਚਕਾਰ ਹੋਈ ਆਪਸੀ ਲੜਾਈ ਦਾ ਇਹ ਕੋਈ ਪਹਿਲਾ ਮਾਮਲਾ ਹੋਵੇ। ਇਸ ਤੋਂ ਪਹਿਲਾਂ ਵੀ ਸਕੂਲੀ ਵਿਦਿਆਰਥੀਆਂ 'ਤੇ ਗੁੱਸੇ ਵਿੱਚ ਇੱਕ-ਦੂਜੇ ਨਾਲ ਕੁੱਟਮਾਰ ਦੇ ਇਲਜ਼ਾਮ ਲੱਗਦੇ ਰਹੇ ਹਨ।

ਇਹ ਵੀ ਪੜ੍ਹੋ:

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਹਿੰਸਾ ਦੀਆਂ ਅਜਿਹੀਆਂ ਕਈ ਘਟਨਾਵਾਂ ਵਿੱਚ ਨਾਬਾਲਗ ਉਮਰ ਦੇ ਬੱਚੇ ਸ਼ਾਮਿਲ ਪਾਏ ਜਾ ਰਹੇ ਹਨ। ਬੱਚਿਆਂ ਵਿੱਚ ਗੁੱਸੇ ਦੀ ਇਹ ਆਦਤ ਚਿੰਤਾ ਵਧਾਉਣ ਵਾਲੀ ਹੈ।

ਅੱਲ੍ਹੜਾਂ ਵਿੱਚ ਨੌਜਵਾਨਾਂ ਨਾਲੋਂ ਵੱਧ ਗੁੱਸਾ

ਯੂਐੱਨ ਦੀ ਸੰਸਥਾ ਯੂਨੀਸੈਫ ਦੀ ਇੱਕ ਰਿਪੋਰਟ ਮੁਤਾਬਕ ਦੁਨੀਆਂ ਭਰ ਵਿੱਚ ਕੁੱਲ 120 ਕਰੋੜ ਬੱਚੇ ਹਨ, ਜਿਨ੍ਹਾਂ ਦੀ ਉਮਰ 10 ਤੋਂ 19 ਸਾਲ ਵਿਚਾਲੇ ਹੈ। ਯੂਨੀਸੈਫ ਦੀ ਰਿਪੋਰਟ ਦੱਸਦੀ ਹੈ ਕਿ ਸਾਲ 2011 ਦੀ ਮਰਦਸ਼ੁਮਾਰੀ ਮੁਤਾਬਕ ਭਾਰਤ ਵਿੱਚ ਕਿਸ਼ੋਰਾਂ ਦੀ ਗਿਣਤੀ 24 ਕਰੋੜ ਤੋਂ ਵੱਧ ਹੈ।

ਤਸਵੀਰ ਸਰੋਤ, Getty Images

ਇਹ ਅੰਕੜਾ ਭਾਰਤ ਦੀ ਆਬਾਦੀ ਦਾ ਇੱਕ ਚੌਥਾਈ ਹਿੱਸਾ ਹੈ। ਇੰਨਾ ਹੀ ਨਹੀਂ ਦੁਨੀਆਂ ਭਰ ਦੇ ਸਭ ਤੋਂ ਵੱਧ ਨਾਬਾਲਗ ਵਿਕਾਸਸ਼ੀਲ ਦੇਸਾਂ ਵਿੱਚ ਹੀ ਰਹਿੰਦੇ ਹਨ।

ਬੱਚਿਆਂ ਵਿੱਚ ਗੁੱਸੇ ਦੀ ਆਦਤ ਉਨ੍ਹਾਂ ਦੀ ਉਮਰ ਮੁਤਾਬਕ ਬਦਲਦੀ ਜਾਂਦੀ ਹੈ। ਸਾਲ 2014 ਵਿੱਚ ਇੰਡੀਅਨ ਜਰਨਲ ਸਾਈਕੋਲੌਜੀਕਲ ਮੈਡੀਸਿਨ ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਮੁਤਾਬਕ ਮੁੰਡਿਆਂ ਵਿੱਚ ਕੁੜੀਆਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਦਾ ਹੈ।

ਇਸ ਰਿਸਰਚ ਵਿੱਚ ਸ਼ਾਮਿਲ ਲੋਕਾਂ ਵਿੱਚ ਜਿਸ ਗਰੁੱਪ ਦੀ ਉਮਰ 16 ਤੋਂ 19 ਸਾਲ ਵਿਚਾਲੇ ਸੀ, ਉਨ੍ਹਾਂ ਵਿੱਚ ਵੱਧ ਗੁੱਸਾ ਦੇਖਣ ਨੂੰ ਮਿਲਿਆ ਜਦੋਂ ਕਿ ਜਿਸ ਗਰੁੱਪ ਦੀ ਉਮਰ 20 ਤੋਂ 26 ਸਾਲ ਵਿਚਾਲੇ ਸੀ ਉਨ੍ਹਾਂ ਵਿੱਚ ਥੋੜ੍ਹਾ ਘੱਟ ਗੁੱਸਾ ਸੀ। ਇਹ ਅੰਕੜੇ ਦੱਸਦੇ ਹਨ ਕਿ ਬਚਪਨ ਵਿੱਚ ਨੌਜਵਾਨਾਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਦਾ ਹੈ।

ਇਸੇ ਤਰ੍ਹਾਂ ਮੁੰਡਿਆਂ ਵਿੱਚ ਕੁੜੀਆਂ ਮੁਕਾਬਲੇ ਵੱਧ ਗੁੱਸਾ ਦੇਖਣ ਨੂੰ ਮਿਲਿਆ। ਹਾਲਾਂਕਿ ਇਸੇ ਰਿਸਰਚ ਮੁਤਾਬਕ 12 ਤੋਂ 17 ਸਾਲ ਉਮਰ ਵਰਗ ਦੀਆਂ ਕੁੜੀਆਂ ਵਿੱਚ ਤਕਰੀਬਨ 19 ਫੀਸਦੀ ਕੁੜੀਆਂ ਆਪਣੇ ਸਕੂਲ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਲੜਾਈ ਵਿੱਚ ਸ਼ਾਮਿਲ ਮਿਲੀਆਂ।

ਇਹ ਰਿਸਰਚ ਭਾਰਤ ਦੀਆਂ 6 ਅਹਿਮ ਥਾਵਾਂ ਦੇ ਕੁਲ 5467 ਅੱਲ੍ਹੜਾਂ ਅਤੇ ਨੌਜਵਾਨਾਂ 'ਤੇ ਕੀਤੀ ਗਈ ਸੀ। ਇਸ ਰਿਸਰਚ ਵਿੱਚ ਦਿੱਲੀ, ਬੈਂਗਲੁਰੂ, ਜੰਮੂ, ਇੰਦੌਰ, ਕੇਰਲ, ਰਾਜਸਥਾਨ ਅਤੇ ਸਿੱਕਮ ਦੇ ਕਿਸ਼ੋਰ ਅਤੇ ਨੌਜਵਾਨ ਸ਼ਾਮਿਲ ਸਨ।

ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਅਖੀਰ ਬੱਚਿਆਂ ਦੀ ਇਸ ਹਿੰਸਕ ਆਦਤ ਦੇ ਪਿੱਛੇ ਕੀ ਵਜ੍ਹਾ ਹੈ?

ਮੋਬਾਈਲ ਗੇਮ ਦਾ ਅਸਰ

ਮਨੋਵਿਗਿਆਨੀ ਅਤੇ ਮੈਕਸ ਹਸਪਤਾਲ ਵਿੱਚ ਬੱਚਿਆਂ ਦੀ ਸਲਾਹਕਾਰ ਡਾ. ਦੀਪਾਲੀ ਬੱਤਰਾ ਬੱਚਿਆਂ ਦੇ ਹਿੰਸਕ ਰਵੱਈਏ ਦੇ ਕਈ ਕਾਰਨ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਕਾਰਨ ਹੈ ਇਹ ਪਤਾ ਲਾਉਣਾ ਕਿ ਬੱਚਿਆਂ 'ਤੇ ਉਨ੍ਹਾਂ ਦਾ ਪਰਿਵਾਰ ਕਿੰਨੀ ਨਜ਼ਰ ਰੱਖਦਾ ਹੈ।

ਤਸਵੀਰ ਸਰੋਤ, Getty Images

ਡਾ. ਬਤਰਾ ਮੁਤਾਬਕ, "ਵੱਡੇ ਸ਼ਹਿਰਾਂ ਵਿੱਚ ਮਾਪੇ ਬੱਚਿਆਂ ਉੱਤੇ ਪੂਰੀ ਤਰ੍ਹਾਂ ਨਜ਼ਰ ਨਹੀਂ ਰੱਖ ਸਕਦੇ। ਬੱਚਿਆਂ ਨੂੰ ਰੁੱਝੇ ਰੱਖਣ ਲਈ ਉਨ੍ਹਾਂ ਨੂੰ ਮੋਬਾਈਲ ਫੋਨ ਦਿੱਤਾ ਜਾਂਦਾ ਹੈ, ਮੋਬਾਈਲ 'ਤੇ ਬੱਚੇ ਹਿੰਸਕ ਖੇਡ ਖੇਡਦੇ ਹਨ।"

ਕੋਈ ਵੀਡੀਓ ਗੇਮ ਬੱਚਿਆਂ ਦੇ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ? ਇਸ ਦੇ ਜਵਾਬ ਵਿੱਚ ਡਾ. ਬਤਰਾ ਕਹਿੰਦੇ ਹਨ, "ਮੇਰੇ ਕੋਲ ਹਿੰਸਕ ਸੁਭਾਅ ਵਾਲੇ ਜਿੰਨੇ ਵੀ ਬੱਚੇ ਆਉਂਦੇ ਹਨ ਉਨ੍ਹਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਉਹ ਦਿਨ ਵਿੱਚ ਤਿੰਨ-ਚਾਰ ਘੰਟਿਆਂ ਲਈ ਵੀਡੀਓ ਗੇਮਾਂ ਖੇਡਦੇ ਹਨ। ਇਸ ਖੇਡ ਵਿੱਚ ਇੱਕ-ਦੂਜੇ ਨੂੰ ਮਾਰਨਾ ਹੁੰਦਾ ਹੈ, ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਮਾਰੋਗੇ ਉਦੋਂ ਹੀ ਤੁਸੀਂ ਜਿੱਤੋਗੇ ਅਤੇ ਹਰ ਕੋਈ ਜਿੱਤਣਾ ਚਾਹੁੰਦਾ ਹੈ। ਇਹ ਕਾਰਨ ਹੈ ਕਿ ਵੀਡੀਓ ਗੇਮਾਂ ਬੱਚਿਆਂ ਦੇ ਸੁਭਾਅ ਬਦਲਣ ਲਗਦੀਆਂ ਹਨ।

ਸਾਲ 2010 ਵਿੱਚ ਅਮਰੀਕਾ ਦੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਬੱਚਿਆਂ ਨੂੰ ਵੀਡੀਓ ਗੇਮਾਂ ਨਾ ਖੇਡਣ ਦਿੱਤੀਆਂ ਜਾਣ ਜਿਸ ਵਿੱਚ ਹਿੰਸਕ ਆਦਤਾਂ ਜਿਵੇਂ ਕਤਲ ਜਾਂ ਸਰੀਰਕ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੋਵੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਪਿਆਂ ਦੇ ਰਿਸ਼ਤੇ ਦਾ ਅਸਰ ਬੱਚਿਆਂ ਦੇ ਰਵੱਈਏ ਤੇ ਪੈਂਦਾ ਹੈ

ਇਸ ਫੈਸਲੇ ਤੋਂ ਪੰਜ ਸਾਲ ਪਹਿਲਾਂ ਕੈਲੀਫੋਰਨੀਆ ਦੇ ਰਾਜਪਾਲ ਨੇ ਆਪਣੇ ਸੂਬੇ ਵਿੱਚ ਇੱਕ ਹਿੰਸਕ ਵੀਡੀਓ ਗੇਮ ਕਾਨੂੰਨ ਬਣਾਇਆ ਸੀ। ਇਸ ਦੇ ਤਹਿਤ ਇਹ ਬੱਚਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਿੰਸਕ ਵਿਡੀਓ ਗੇਮਜ਼ ਤੋਂ ਦੂਰ ਰੱਖਣ ਦੀ ਗੱਲ ਕੀਤੀ ਸੀ।

ਇਸ ਤੋਂ ਇਲਾਵਾ ਅਮਰੀਕੀ ਸਾਈਕੋਲੌਜੀ ਵੱਲੋਂ ਖੋਜ ਵਿੱਚ ਵੀ ਇਸ ਬਾਰੇ ਦੱਸਿਆ ਗਿਆ ਸੀ ਕਿ ਵੀਡੀਓ ਗੇਮਜ਼ ਮਨੁੱਖਾਂ ਦੇ ਸੁਭਾਅ ਬਦਲਣ ਲਈ ਅਹਿਮ ਕਾਰਕ ਸਾਬਤ ਹੁੰਦੀਆਂ ਹਨ।

ਪੋਰਨ ਤੱਕ ਪਹੁੰਚ

ਮੋਬਾਈਲ ਤੱਕ ਪਹੁੰਚ ਦੇ ਨਾਲ-ਨਾਲ ਇੰਟਰਨੈੱਟ ਵੀ ਬੱਚਿਆਂ ਨੂੰ ਸੌਖਾ ਹੀ ਮਿਲ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸ਼ੁਰੂ ਹੁੰਦੀ ਹੈ ਯੂ-ਟਿਊਬ ਤੋਂ ਲੈ ਕੇ ਪੋਰਨ ਵੀਡੀਓ ਦੀ ਦੁਨੀਆਂ।

ਦੇਹਰਾਦੂਨ ਦੀ ਰਹਿਣ ਵਾਲੀ ਪੂਨਮ ਅਸਵਾਲ ਦਾ ਪੁੱਤਰ ਆਯੂਸ਼ ਹਾਲੇ ਸਿਰਫ਼ 5 ਸਾਲ ਦਾ ਹੈ ਪਰ ਇੰਟਰਨੈਟ 'ਤੇ ਆਪਣੀ ਪਸੰਦ ਦੀ ਵੀਡੀਓ ਸੌਖੀ ਹੀ ਲੱਭ ਲੈਂਦਾ ਹੈ। ਪੂਨਮ ਦੱਸਦੀ ਹੈ ਕਿ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਤੋਂ ਹੀ ਮੋਬਾਈਲ 'ਤੇ ਵੀਡੀਓ ਦੇਖਣੇ ਸਿੱਖੇ।

ਤਸਵੀਰ ਸਰੋਤ, Getty Images

ਪੂਨਮ ਆਪਣੇ ਬੱਚੇ ਦੀ ਇਸ ਆਦਤ ਤੋਂ ਕਾਫ਼ੀ ਪਰੇਸ਼ਾਨ ਹੈ। ਆਪਣੀ ਇਸ ਪਰੇਸ਼ਾਨੀ ਬਾਰੇ ਦੱਸਦੇ ਹੋਏ ਉਹ ਕਹਿੰਦੀ ਹੈ, "ਸ਼ੁਰੂਆਤ ਵਿੱਚ ਤਾਂ ਮੈਨੂੰ ਠੀਕ ਲੱਗਿਆ ਕਿ ਆਯੂਸ਼ ਮੋਬਾਈਲ ਵਿੱਚ ਰੁੱਝਿਆ ਹੋਇਆ ਹੈ, ਪਰ ਹੁਣ ਇਹ ਸਮੱਸਿਆ ਬਣਦਾ ਜਾ ਰਿਹਾ ਹੈ, ਉਹ ਹਿੰਸਕ ਕਾਰਟੂਨ ਦੇ ਵੀਡੀਓ ਦੇਖਦਾ ਹੈ। ਇੰਟਰਨੈਟ 'ਤੇ ਗਾਲ੍ਹਾਂ ਅਤੇ ਅਸ਼ਲੀਲ ਸਮੱਗਰੀ ਦੇ ਲਿੰਕ ਵੀ ਹੁੰਦੇ ਹਨ। ਡਰ ਲਗਦਾ ਹੈ ਕਿ ਕਿਤੇ ਉਹ ਉਨ੍ਹਾਂ ਲਿੰਕਜ਼ 'ਤੇ ਕਲਿੱਕ ਕਰਕੇ ਗਲਤ ਚੀਜ਼ਾਂ ਨਾ ਦੇਖ ਲਏ।"

ਇਹ ਵੀ ਪੜ੍ਹੋ:

ਡਾ. ਬਤਰਾ ਵੀ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਨ, "ਭਾਵੇਂ ਇੰਟਰਨੈੱਟ ਦੀ ਸੌਖੀ ਪਹੁੰਚ ਨਾਲ ਪੋਰਨ ਵੀ ਬੱਚਿਆਂ ਲਈ ਆਸਾਨੀ ਨਾਲ ਉਪਲਬਧ ਹੈ ਅਤੇ ਇਹ ਕਿਸੇ ਵੀ ਨਸ਼ੇ ਵਾਂਗ ਕੰਮ ਕਰਦਾ ਹੈ। ਇਸ ਵਿੱਚ ਦਿਖਣ ਵਾਲੀ ਹਿੰਸਾ ਦਾ ਬੱਚਿਆਂ ਦੇ ਦਿਮਾਗ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ।"

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ,

ਇੰਟਰਨੈੱਟ ਦੀ ਸੌਖੀ ਪਹੁੰਚ ਨਾਲ ਪੋਰਨ ਵੀ ਬੱਚਿਆਂ ਲਈ ਆਸਾਨੀ ਨਾਲ ਉਪਲਬਧ ਹੈ।

1961 ਵਿੱਚ ਮਨੋਵਿਗਿਆਨੀ ਅਲਬਰਟ ਬੈਂਡੁਰਾ ਨੇ ਪੋਰਨ ਦੇ ਪ੍ਰਭਾਵ ਦੀ ਜਾਂਚ ਕਰਨ ਲਈ ਇੱਕ ਪ੍ਰਯੋਗ ਕੀਤਾ ਸੀ। ਉਨ੍ਹਾਂ ਨੇ ਬੱਚਿਆਂ ਨੂੰ ਇੱਕ ਵੀਡੀਓ ਦਿਖਾਇਆ ਜਿਸ ਵਿੱਚ ਇੱਕ ਆਦਮੀ ਗੁੱਡੀ ਨੂੰ ਮਾਰ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਨੂੰ ਵੀ ਇੱਕ ਗੁੱਡੀ ਫੜਾਈ। ਗੁੱਡੀ ਮਿਲਣ ਤੋਂ ਬਾਅਦ ਬੱਚਿਆਂ ਨੇ ਵੀ ਆਪਣੀਆਂ ਗੁੱਡੀਆਂ ਨਾਲ ਉਹੀ ਕੀਤਾ ਹੈ ਜੋ ਵੀਡੀਓ ਵਾਲਾ ਵਿਅਕਤੀ ਕਰ ਰਿਹਾ ਸੀ।

ਮਾਪਿਆਂ ਦਾ ਆਪਸੀ ਰਿਸ਼ਤਾ

ਸ਼ਹਿਰੀ ਜ਼ਿੰਦਗੀ ਵਿੱਚ ਮਾਂ ਅਤੇ ਪਿਤਾ ਦੋਵੇਂ ਹੀ ਨੌਕਰੀਪੇਸ਼ਾ ਹੋ ਗਏ ਹਨ। ਅਜਿਹੇ ਵਿੱਚ ਬੱਚਿਆਂ ਲਈ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਮਾਪਿਆਂ ਦਾ ਆਪਸ ਵਿੱਚ ਰਿਸ਼ਤਾ ਕਿਹੋ-ਜਿਹਾ ਹੈ, ਇਸ ਦਾ ਅਸਰ ਸਿੱਧੇ ਤੌਰ 'ਤੇ ਬੱਚਿਆਂ 'ਤੇ ਪੈਂਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਪਿਆਂ ਦੇ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਦਾ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ ਇਹ ਵੀ ਕਾਫ਼ੀ ਮਾਇਨੇ ਰਖਦਾ ਹੈ

ਡਾ. ਬਤਰਾ ਕਹਿੰਦੇ ਹਨ, "ਜਦੋਂ ਬੱਚੇ ਦੇਖਦੇ ਹਨ ਕਿ ਉਨ੍ਹਾਂ ਦੇ ਮਾਪੇ ਹਮੇਸ਼ਾ ਉਨ੍ਹਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਸ਼ਾਂਤ ਰਹਿਣ ਅਤੇ ਸੱਭਿਅਕ ਰਹਿਣ ਦੀ ਸਲਾਹ ਦਿੰਦੇ ਹਨ ਪਰ ਖੁਦ ਉਹ ਆਪਸ ਵਿੱਚ ਲੜਦੇ ਰਹਿੰਦੇ ਹਨ। ਤਾਂ ਬੱਚਾ ਵੀ ਗੁੱਸਾ ਆਉਣ 'ਤੇ ਹਿੰਸਕ ਹੋ ਜਾਂਦਾ ਹੈ। ਬੱਚਿਆਂ ਦਾ ਦਿਮਾਗ ਇਸ ਗੱਲ 'ਤੇ ਪੱਕਾ ਹੋ ਜਾਂਦਾ ਹੈ ਕਿ ਚੀਜ਼ਾਂ ਉਨ੍ਹਾਂ ਮੁਤਾਬਕ ਹੀ ਹੋਣੀਆਂ ਚਾਹੀਦੀਆਂ ਹਨ। ਜਦੋਂ ਕੋਈ ਉਨ੍ਹਾਂ ਦੀ ਸਮਝ ਦੇ ਵਿਰੁੱਧ ਜਾਂਦੀ ਹੈ ਤਾਂ ਉਹ ਵੱਖਰੇ ਤਰੀਕੇ ਨਾਲ ਪ੍ਰਤੀਕਰਮ ਦਿੰਦੇ ਹਨ ਅਤੇ ਨਤੀਜਾ ਕਈ ਮੌਕਿਆਂ 'ਤੇ ਹਿੰਸਕ ਰੂਪ ਧਾਰ ਲੈਂਦਾ ਹੈ।

ਡਾ. ਬਤਰਾ ਇੱਕ ਹੋਰ ਗੱਲ ਵੱਲ ਧਿਆਨ ਦੇਣ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਮਾਪਿਆਂ ਦੇ ਆਪਸੀ ਰਿਸ਼ਤਿਆਂ ਦੇ ਨਾਲ-ਨਾਲ ਉਨ੍ਹਾਂ ਦਾ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ, ਇਹ ਵੀ ਕਾਫ਼ੀ ਮਾਇਨੇ ਰਖਦਾ ਹੈ।

ਆਪਣੇ ਇੱਕ ਮਰੀਜ਼ ਬਾਰੇ ਡਾਕਟਰ ਬਤਰਾ ਨੇ ਦੱਸਿਆ, "ਮੇਰੇ ਇੱਕ ਮਰੀਜ਼ ਸਨ, ਜੋ ਆਪਣੇ ਬੱਚੇ ਨੂੰ ਛੋਟੀਆਂ-ਛੋਟੀਆਂ ਗਲਤੀਆਂ 'ਤੇ ਬੁਰੀ ਤਰ੍ਹਾਂ ਕੁੱਟਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦਾ ਬੱਚਾ ਆਪਣਾ ਗੁੱਸਾ ਸਾਥੀ ਬੱਚਿਆਂ 'ਤੇ ਕੱਢਦਾ ਸੀ। ਉਹ ਸਕੂਲ ਵਿੱਚ ਕਾਫ਼ੀ ਲੜਦਾ ਸੀ।"

ਬੀਬੀਸੀ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਲੰਬੇ ਸਮੇਂ ਤੱਕ ਜਦੋਂ ਮਾਪਿਆਂ ਦੇ ਸਬੰਧ ਖ਼ਰਾਬ ਰਹਿੰਦੇ ਹਨ ਤਾਂ ਇਸ ਨਾਲ ਬੱਚਿਆਂ 'ਤੇ ਉਨ੍ਹਾਂ ਦੀ ਉਮਰ ਮੁਤਾਬਕ ਅਸਰ ਪੈਂਦਾ ਹੈ। ਜਿਵੇਂ ਨਵਜੰਮੇ ਬੱਚੇ ਦੇ ਦਿਲ ਦੀਆਂ ਧੜਕਨਾਂ ਵੱਧ ਜਾਂਦੀਆਂ ਹਨ। 6 ਮਹੀਨੇ ਤੱਕ ਦੇ ਬੱਚੇ ਹਾਰਮੋਨਜ਼ ਵਿੱਚ ਤਣਾਅ ਮਹਿਸੂਸ ਕਰਦੇ ਹਨ ਉੱਥੇ ਹੀ ਥੋੜ੍ਹੀ ਵੱਡੀ ਉਮਰ ਦੇ ਬੱਚਿਆਂ ਨੂੰ ਨੀਂਦ ਨਾ ਆਉਣ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਾਰਮੋਨ ਵਿੱਚ ਆਉਂਦਾ ਹੈ ਬਦਲਾਅ

ਮੋਬਾਈਲ ਫੋਨ, ਇੰਟਰਨੈੱਟ ਦੀ ਉਪਲੱਬਧਤਾ ਅਤੇ ਮਾਪਿਆਂ ਦਾ ਨੌਕਰੀ ਪੇਸ਼ਾ ਹੋਣਾ ਇਹੀ ਸਭ ਆਧੁਨਿਕ ਜੀਵਨ ਦੇ ਉਦਾਹਰਨ ਹਨ ਪਰ ਬੱਚਿਆਂ ਵਿੱਚ ਹਿੰਸਾ ਦੀ ਆਦਤ ਬੀਤੇ ਸਮੇਂ ਵਿੱਚ ਵੀ ਦੇਖਣ ਨੂੰ ਮਿਲਦੀ ਰਹੀ ਹੈ।

ਜਦੋਂ ਮੋਬਾਈਲ ਜਾਂ ਇੰਟਰਨੈੱਟ ਦਾ ਚਲਨ ਨਹੀਂ ਸੀ ਤਾਂ ਵੀ ਬੱਚੇ ਹਿੰਸਕ ਹੋ ਜਾਂਦੇ ਸਨ, ਇਸ ਦੀ ਕੀ ਵਜ੍ਹਾ ਹੈ।

ਤਸਵੀਰ ਸਰੋਤ, Getty Images

ਡਾ. ਬਤਰਾ ਦਾ ਕਹਿਣਾ ਹੈ ਕਿ ਕਿਸ਼ੋਰ ਹੁੰਦਿਆਂ ਬੱਚਿਆਂ ਦੇ ਹਾਰਮੋਨਜ਼ ਵਿੱਚ ਬਦਲਾਅ ਹੋਣ ਲਗਦੇ ਹਨ। ਉਨ੍ਹਾਂ ਦੇ ਦਿਮਾਗ ਅਤੇ ਸਰੀਰ ਦੇ ਹੋਰਨਾਂ ਅੰਗਾਂ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੁੰਦਾ ਹੈ।

ਉਹ ਦੱਸਦੇ ਹਨ, "ਅਲ੍ਹੜ ਉਮਰ 11 ਤੋਂ 16 ਸਾਲ ਤੱਕ ਸਮਝੀ ਜਾਂਦੀ ਹੈ। ਇਸ ਦੌਰਾਨ ਕਾਫੀ ਤੇਜ਼ੀ ਨਾਲ ਦਿਮਾਗ ਦਾ ਵਿਕਾਸ ਹੋ ਰਿਹਾ ਹੁੰਦਾ ਹੈ ਇਸ ਉਮਰ ਵਿੱਚ ਦਿਮਾਗ ਅੰਦਰ ਲਾਜੀਕਲ ਸੈਂਸ ਦਾ ਹਿੱਸਾ ਵਿਕਸਿਤ ਹੋ ਰਿਹਾ ਹੁੰਦਾ ਹੈ ਪਰ ਇਮੋਸ਼ਨਲ ਸੈਂਸ ਵਾਲੇ ਹਿੱਸੇ ਦਾ ਵਿਕਾਸ ਹੋ ਚੁੱਕਿਆ ਹੁੰਦਾ ਹੈ। ਅਜਿਹੇ ਵਿੱਚ ਬੱਚਾ ਜ਼ਿਆਦਾਤਰ ਫੈਸਲੇ ਇਮੋਸ਼ਨਲ ਹੋ ਕੇ ਲੈਂਦਾ ਹੈ।"

ਇਹੀ ਵਜ੍ਹਾ ਹੈ ਕਿ ਇਸ ਉਮਰ ਦੇ ਬੱਚਿਆਂ ਦੇ ਰਵੱਈਏ ਵਿੱਚ ਆਸ- ਪਾਸ ਦੇ ਹਾਲਾਤ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ। ਉਹ ਚਿੜਚਿੜੇ, ਗੁੱਸੇ ਵਾਲੇ ਅਤੇ ਕਈ ਮੌਕਿਆਂ 'ਤੇ ਹਿੰਸਕ ਹੋ ਜਾਂਦੇ ਹਨ।

ਕਿਵੇਂ ਪਛਾਣੀਏ ਬੱਚੇ ਦਾ ਬਦਲਦਾ ਰਵੱਈਆ

ਬੱਚਿਆਂ ਦੇ ਰਵੱਈਏ ਵਿੱਚ ਬਦਲਾਅ ਆ ਰਿਹਾ ਹੈ, ਇਸ ਦੀ ਪਛਾਣ ਕਿਵੇਂ ਕੀਤੀ ਜਾਵੇ। ਇਸ ਬਾਰੇ ਡਾ. ਬਤਰਾ ਦੱਸਦੇ ਹਨ, "ਜੇ ਛੋਟੀ ਉਮਰ ਵਿੱਚ ਹੀ ਬੱਚਾ ਸਕੂਲ ਜਾਣ ਤੋਂ ਨਾਂਹ-ਨੁਕਰ ਕਰਨ ਲੱਗੇ ਸਕੂਲ ਤੋਂ ਰੋਜ਼ਾਨਾ ਵੱਖੋ-ਵੱਖਰੀਆਂ ਸ਼ਿਕਾਇਤਾਂ ਮਿਲਣ ਲੱਗਣ, ਸਾਥੀ ਬੱਚਿਆਂ ਨੂੰ ਗਾਲ੍ਹਾਂ ਦੇਣਾ, ਕਿਸੇ ਇੱਕ ਕੰਮ 'ਤੇ ਧਿਆਨ ਨਾ ਲਾ ਸਕਣਾ। ਇਹ ਸਾਰੇ ਲੱਛਣ ਦਿਖਣ 'ਤੇ ਸਮਝ ਜਾਣਾ ਚਾਹੀਦਾ ਹੈ ਕਿ ਬੱਚਿਆਂ ਦੇ ਰਵੱਈਏ ਵਿੱਚ ਬਦਲਾਅ ਆਉਣ ਲੱਗਾ ਹੈ ਅਤੇ ਹੁਣ ਉਸ 'ਤੇ ਧਿਆਨ ਦੇਣ ਦਾ ਸਮਾਂ ਹੈ।"

ਇਹ ਵੀ ਪੜ੍ਹੋ:

ਅਜਿਹੇ ਹਾਲਾਤ ਵਿੱਚ ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ ਹੋ ਜਾਂਦਾ ਹੈ। ਉਸ ਨੂੰ ਬਾਹਰ ਘੁਮਾਉਣ ਲੈ ਕੇ ਜਾਣਾ ਚਾਹੀਦਾ ਹੈ, ਉਸ ਦੇ ਨਾਲ ਵੱਖੋ-ਵੱਖਰੇ ਖੇਡ ਖੇਡਣੇ ਚਾਹੀਦੇ ਹਨ, ਬੱਚੇ ਨੂੰ ਬਹੁਤ ਜ਼ਿਆਦਾ ਸਮਝਾਉਣਾ ਨਹੀਂ ਚਾਹੀਦਾ, ਹਰ ਗੱਲ ਵਿੱਚ ਉਨ੍ਹਾਂ ਦੀਆਂ ਗਲਤੀਆਂ ਨਹੀਂ ਕੱਢੀਆਂ ਚਾਹੀਦੀਆਂ।

ਬੱਚਿਆਂ ਦੇ ਰਵੱਈਏ ਲਈ 11 ਤੋਂ 16 ਸਾਲ ਦੀ ਉਮਰ ਕਾਫ਼ੀ ਅਹਿਮ ਹੁੰਦੀ ਹੈ, ਇਹੀ ਉਨ੍ਹਾਂ ਦੀ ਪੂਰੀ ਸ਼ਖਸੀਅਤ ਬਣਾਉਂਦੀ ਹੈ। ਅਜਿਹੇ ਵਿੱਚ ਉਨ੍ਹਾਂ ਦਾ ਖਾਸ ਧਿਆਨ ਦੇਣਾ ਕਾਫ਼ੀ ਜ਼ਰੂਰੀ ਹੋ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)