ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛ

  • ਭੂਮਿਕਾ ਰਾਏ
  • ਬੀਬੀਸੀ ਪੱਤਰਕਾਰ
ਢੱਕਿਆ ਹੋਇਆ ਮੂੰਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਦਿੱਲੀ ਦੀ ਰਹਿਣ ਵਾਲੀ ਪਾਇਲ ਨੇ 10 ਸਾਲ ਤੱਕ ਮੂੰਹ ਢੱਕ ਕੇ ਰੱਖਿਆ (ਸੰਕੇਤਿਕ ਤਸਵੀਰ)

''ਲੋਕ ਸਿਰਫ਼ ਸਰੀਰ ਢਕਣ ਲਈ ਕੱਪੜੇ ਪਾਉਂਦੇ ਹਨ ਪਰ ਮੈਨੂੰ ਤਾਂ ਚਿਹਰੇ 'ਤੇ ਵੀ ਕੱਪੜਾ ਬੰਨਣਾ ਪੈਂਦਾ ਸੀ। ਮੈਂ ਕਦੇ ਮੂੰਹ ਢੱਕੇ ਬਿਨਾਂ ਬਾਹਰ ਨਹੀਂ ਨਿਕਲੀ। ਭਾਵੇਂ ਗਰਮੀ ਹੋਵੇ ਜਾਂ ਬਰਸਾਤ, ਧੁੱਪ ਹੋਵੇ ਜਾਂ ਛਾਂ, ਦਸ ਸਾਲ ਤੱਕ ਮੈਂ ਮੂੰਹ 'ਤੇ ਕੱਪੜਾ ਬੰਨਿਆ।''

ਦਿੱਲੀ ਦੇ ਮਹਾਰਾਣੀ ਬਾਗ ਵਿੱਚ ਰਹਿਣ ਵਾਲੀ ਪਾਇਲ (ਬਦਲਿਆ ਹੋਇਆ ਨਾਮ) ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਨਿਰਾਸ਼ ਹੋ ਜਾਂਦੀ ਹੈ। ਜ਼ਿੰਦਗੀ ਦੇ ਬੀਤੇ 10 ਸਾਲ ਉਸ ਲਈ ਬਹੁਤ ਮੁਸ਼ਕਿਲ ਭਰੇ ਰਹੇ ਕਿਉਂਕਿ ਉਸ ਦੇ ਮੂੰਹ 'ਤੇ ਵਾਲ ਸਨ।

ਕਾਲੇ-ਸਖ਼ਤ ਮਰਦਾਂ ਵਰਗੇ ਵਾਲ

"ਜਦੋਂ ਸਕੂਲ ਵਿੱਚ ਸੀ ਤਾਂ ਜ਼ਿਆਦਾ ਵਾਲ ਨਹੀਂ ਸੀ ਪਰ ਕਾਲਜ ਪਹੁੰਚਦੇ-ਪਹੁੰਚਦੇ ਮੂੰਹ ਦੇ ਅੱਧੇ ਹਿੱਸੇ 'ਤੇ ਅਚਾਨਕ ਵਾਲ ਵਧਣ ਲੱਗੇ। ਪਹਿਲਾਂ ਛੋਟੇ-ਛੋਟੇ ਵਾਲ ਆਏ, ਉਦੋਂ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ। ਪਰ ਅਚਾਨਕ ਵਾਲ ਲੰਬੇ ਤੇ ਕਾਲੇ ਦਿਖਣ ਲੱਗੇ। ਵੈਕਸ ਕਰਵਾਉਂਦੀ ਸੀ ਪਰ ਪੰਜ ਦਿਨ ਵਿੱਚ ਵਾਲ ਵਾਪਿਸ ਆ ਜਾਂਦੇ ਸੀ। ਫਿਰ ਮੈਂ ਸ਼ੇਵ ਕਰਨੀ ਸ਼ੁਰੂ ਕਰ ਦਿੱਤੀ।"

ਇਹ ਵੀ ਪੜ੍ਹੋ:

ਇੱਕ ਗੱਲ ਸੁਣਾਉਂਦੇ ਹੋਏ ਕਹਿੰਦੀ ਹੈ,''ਇੱਕ ਦਿਨ ਪਾਪਾ ਦੀ ਰੇਜ਼ਰ ਨਹੀਂ ਮਿਲ ਰਹੀ ਸੀ। ਮੰਮੀ ਵੀ ਪਾਪਾ ਦੇ ਨਾਲ ਰੇਜ਼ਰ ਲੱਭ ਰਹੀ ਸੀ ਪਰ ਉਨ੍ਹਾਂ ਨੂੰ ਨਹੀਂ ਮਿਲਿਆ। ਥੋੜ੍ਹੀ ਦੇਰ ਬਾਅਦ ਪਾਪਾ ਨੇ ਕਿਹਾ ਪਾਇਲ ਤੋਂ ਪੁੱਛੋ... ਕਿਤੇ ਉਹ ਤਾਂ ਨਹੀਂ ਲੈ ਕੇ ਗਈ ਸ਼ੇਵ ਕਰਨ ਲਈ।''

ਦਸ ਸਾਲ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ। ਦਵਾਈ ਲੈਣ ਦੇ ਬਾਵਜੂਦ ਕੋਈ ਫਾਇਦਾ ਨਹੀਂ ਹੋਇਆ ਤਾਂ ਪਾਇਲ ਨੇ ਲੇਜ਼ਰ ਟਰੀਟਮੈਂਟ ਕਰਵਾਉਣ ਦਾ ਫ਼ੈਸਲਾ ਕੀਤਾ। ਪਹਿਲਾਂ ਲੇਜ਼ਰ ਟਰੀਟਮੈਂਟ ਨੂੰ ਲੈ ਕੇ ਉਸ ਨੂੰ ਬਹੁਤ ਡਰ ਲਗਦਾ ਸੀ। ਆਖ਼ਰਕਾਰ ਹਰ ਹਫ਼ਤੇ ਸ਼ੇਵ ਤੋਂ ਛੁਟਾਕਾ ਪਾਉਣ ਲਈ ਉਸ ਨੇ ਲੇਜ਼ਰ ਟਰੀਟਮੈਂਟ ਕਰਵਾ ਹੀ ਲਿਆ।

ਤਸਵੀਰ ਸਰੋਤ, BILLIE ON UNSPLASH

ਤਸਵੀਰ ਕੈਪਸ਼ਨ,

ਹਾਰਮੋਨਜ਼ ਵਿੱਚ ਸੰਤੁਲਨ ਵਿਗੜਨ ਕਾਰਨ ਵੀ ਮੂੰਹ 'ਤੇ ਵਾਲ ਆ ਜਾਂਦੇ ਹਨ

ਦਿੱਲੀ ਵਿੱਚ ਰਹਿਣ ਵਾਲੀ ਡਰਮੇਟੋਲੌਜਿਸਟ ਡਾ.ਸੁਰੁਚੀ ਪੁਰੀ ਕਹਿੰਦੀ ਹੈ ਕਿ ਸਾਡੇ ਸਮਾਜ ਵਿੱਚ ਕਿਸੇ ਕੁੜੀ ਦੇ ਮੂੰਹ 'ਤੇ ਵਾਲ ਆਉਣਾ ਸ਼ਰਮ ਦੀ ਗੱਲ ਸਮਝੀ ਜਾਂਦੀ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਬਾਇਓਲੋਜੀਕਲ ਸਾਈਕਲ ਵਿੱਚ ਗੜਬੜੀ ਆਉਣ ਕਾਰਨ ਹੁੰਦਾ ਹੈ।

ਸਭ ਤੋਂ ਪਹਿਲਾਂ ਕਾਰਨ ਜਾਣਨ ਦੀ ਕੋਸ਼ਿਸ਼ ਕਰੋ...

ਡਾ. ਸੁਰੁਚੀ ਫੇਮਿਨਾ ਮਿਸ ਇੰਡੀਆ 2014 ਦੇ ਅਧਿਕਾਰਕ ਡਰਮੇਟੋਲੌਜਿਸਟ ਰਹਿ ਚੁੱਕੇ ਹਨ।

ਉਹ ਦੱਸਦੇ ਹਨ, "ਚਿਹਰੇ 'ਤੇ ਵਾਲ ਆਉਣ ਦੇ ਦੋ ਕਾਰਨ ਹੋ ਸਕਦੇ ਹਨ। ਮੂੰਹ 'ਤੇ ਵਾਲ ਜੈਨੇਟਿਕ ਕਾਰਨਾਂ ਕਰਕੇ ਹੋ ਸਕਦੇ ਹਨ ਜਾਂ ਫਿਰ ਹਾਰਮੋਨਜ਼ ਵਿੱਚ ਆਈ ਗੜਬੜੀ ਕਾਰਨ। ਹਾਰਮੋਨਜ਼ ਵਿੱਚ ਸੰਤੁਲਨ ਵਿਗੜਨ ਕਾਰਨ ਵੀ ਮੂੰਹ 'ਤੇ ਵਾਲ ਆ ਜਾਂਦੇ ਹਨ।"

ਮਨੁੱਖੀ ਸਰੀਰ 'ਤੇ ਥੋੜ੍ਹੇ ਵਾਲ ਤਾਂ ਹੁੰਦੇ ਹੀ ਹਨ। ਅਜਿਹੇ ਵਿੱਚ ਜੇਕਰ ਕੁੜੀਆਂ ਦੇ ਸਰੀਰ 'ਤੇ ਥੋੜ੍ਹੇ-ਬਹੁਤੇ ਵਾਲ ਹਨ ਤਾਂ ਇਸ ਵਿੱਚ ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਹੈ ਪਰ ਜੇਕਰ ਵਾਲ ਬਹੁਤ ਜ਼ਿਆਦਾ ਹਨ ਤਾਂ ਡਾਕਟਰ ਨਾਲ ਸਪੰਰਕ ਕਰਨਾ ਜ਼ਰੂਰੀ ਹੁੰਦਾ ਹੈ।

ਡਾ. ਸੁਰੁਚੀ ਮੁਤਾਬਕ, "ਚਿਹਰੇ 'ਤੇ ਬਹੁਤ ਜ਼ਿਆਦਾ ਵਾਲ ਹੋਣ ਦੀ ਸਥਿਤੀ ਨੂੰ 'ਹਾਈਪਰ ਟਰਾਈਕੋਸਿਸ' ਕਹਿੰਦੇ ਹਨ। ਜੇਕਰ ਜੈਨੇਟਿਕ ਕਾਰਨਾਂ ਕਰਕੇ ਚਿਹਰੇ 'ਤੇ ਵਾਲ ਹਨ ਤਾਂ ਇਸ ਨੂੰ 'ਜੈਨੇਟਿਕ ਹਾਈਪਰ ਟਰਾਈਕੋਸਿਸ' ਕਹਿੰਦੇ ਹਨ ਅਤੇ ਜੇਕਰ ਇਹ ਪ੍ਰੇਸ਼ਾਨੀ ਹਾਰਮੋਨਜ਼ ਦੇ ਅਸੰਤੁਲਨ ਦੇ ਕਾਰਨ ਹੈ ਤਾਂ ਇਸ ਨੂੰ 'ਹਰਸਿਊਟਿਜ਼ਮ' ਕਹਿੰਦੇ ਹਨ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪਾਇਲ ਨੇ ਕਰੀਬ ਦੋ ਸਾਲ ਪਹਿਲਾਂ ਹੀ ਲੇਜ਼ਰ ਇਲਾਜ ਕਰਵਾਇਆ ਹੈ ਜਿਸ ਤੋਂ ਬਾਅਦ ਉਸ ਦੇ ਮੂੰਹ 'ਤੇ ਨਵੇਂ ਵਾਲ ਨਹੀਂ ਆਏ

ਡਾ. ਸੁਰੁਚੀ ਮੰਨਦੀ ਹੈ ਕਿ ਹਾਰਮੋਨ ਵਿੱਚ ਗੜਬੜੀ ਦਾ ਇੱਕ ਵੱਡਾ ਕਾਰਨ ਪੀਸੀਓਡੀ (ਪੌਲੀਸਿਸਟਿਕ ਓਵੋਰੀਅਨ ਡਿਸਆਰਡਰ) ਹੋ ਸਕਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਇਹ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਹਰ ਪੀਸੀਓਡੀ ਮਰੀਜ਼ ਦੇ ਚਿਹਰੇ 'ਤੇ ਵਾਲ ਹੋਣ ਇਹ ਜ਼ਰੂਰੀ ਨਹੀਂ ਹੈ।

ਪੀਸੀਓਡੀ ਦੇ ਲਈ ਸਭ ਤੋਂ ਵੱਧ ਸਾਡਾ ਲਾਈਫ਼ਸਟਾਈਲ ਹੀ ਜ਼ਿੰਮੇਵਾਰ ਹੁੰਦਾ ਹੈ। ਸਾਡੇ ਖਾਣ-ਪੀਣ, ਬੌਡੀ ਬਿਲਡਿੰਗ ਦੇ ਲਈ ਸਟੇਰੌਏਡਸ ਦੀ ਵਰਤੋਂ, ਘੰਟਿਆਂ ਤੱਕ ਇੱਕ ਹੀ ਪੋਜ਼ੀਸ਼ਨ ਵਿੱਚ ਬੈਠੇ ਰਹਿਣਾ, ਤਣਾਅ ਲੈਣਾ, ਉਹ ਮੁੱਖ ਕਾਰਨ ਹਨ ਜਿਹੜੀ ਪੀਸੀਓਡੀ ਨੂੰ ਵਧਾਵਾ ਦੇਣ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ:

ਡਾ. ਸੁਰੁਚੀ ਦਾ ਮੰਨਣਾ ਹੈ ਕਿ ਇਸ ਸਭ ਦਾ ਇੱਕ ਨਤੀਜਾ ਇਹ ਹੁੰਦਾ ਹੈ ਕਿ ਔਰਤਾਂ ਵਿੱਚ ਪੁਰੁਸ਼ ਹਾਰਮੋਨ ਵਰਗੇ ਐਂਡਰੋਜੇਨ ਅਤੇ ਟੈਸਟੇਸਟੇਰੌਨ ਵਧਣ ਲਗਦੇ ਹਨ।

"ਜੇਕਰ ਕਿਸੀ ਕੁੜੀ ਦੇ ਮੂੰਹ 'ਤੇ ਬਹੁਤ ਜ਼ਿਆਦਾ ਵਾਲ ਹਨ ਤਾਂ ਸਭ ਤੋਂ ਪਹਿਲਾਂ ਉਸਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਕਾਰਨ ਹਾਰਮੋਨਜ਼ ਹੈ ਤਾਂ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣ ਦੀ ਲੋੜ ਹੁੰਦੀ ਹੈ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਦਵਾਈ ਲੈਣ ਦੀ ਲੋੜ ਪੈਂਦੀ ਹੈ।"

ਤਾਂ ਕੀ ਲੇਜ਼ਰ ਹੀ ਇਕਲੌਤਾ ਹੱਲ ਹੈ?

ਪਾਇਲ ਦਾ ਤਾਂ ਇਹ ਹੀ ਮੰਨਣਾ ਹੈ ਕਿ ਦਵਾਈਆਂ ਨਾਲ ਕੋਈ ਅਸਰ ਨਹੀਂ ਹੁੰਦਾ।

"ਮੈਂ ਦਸ ਸਾਲ ਤੱਕ ਹੋਮੋਪੈਥਿਕ ਦਵਾਈ ਲਈ। ਲੋਕਾਂ ਨੂੰ ਲਗਦਾ ਹੈ ਕਿ ਸਸਤਾ ਇਲਜਾ ਕਰਵਾਇਆ ਹੋਵੇਗਾ ਇਸ ਲਈ ਫਾਇਦਾ ਨਹੀਂ ਹੋਇਆ। ਅਜਿਹਾ ਬਿਲਕੁਲ ਨਹੀਂ। ਹੈ ਮੈਂ ਦਿੱਲੀ ਦੇ ਬਹੁਤ ਚੰਗੇ-ਚੰਗੇ ਹੋਮੋਪੈਥਿਕ ਡਾਕਟਰਾਂ ਤੋਂ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ।"

ਪਾਇਲ ਨੇ ਕਰੀਬ ਦੋ ਸਾਲ ਪਹਿਲਾਂ ਹੀ ਲੇਜ਼ਰ ਇਲਾਜ ਕਰਵਾਇਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਮੂੰਹ 'ਤੇ ਨਵੇਂ ਵਾਲ ਨਹੀਂ ਆਏ।

ਤਸਵੀਰ ਸਰੋਤ, ROOP SINGAR BEAUTY PARLOUR/FACEBOOK

ਤਸਵੀਰ ਕੈਪਸ਼ਨ,

ਰਚਨਾ ਦੱਸਦੀ ਹੈ ਕਿ ਜਿਹੜੀਆਂ ਕੁੜੀਆਂ ਉਨ੍ਹਾਂ ਕੋਲ ਆਉਂਦੀਆਂ ਹਨ ਉਹ ਆਪਣੇ ਮੂੰਹ ਦੇ ਵਾਲਾਂ ਨੂੰ ਲੈ ਕੇ ਬਹੁਤ ਸਤਰਕ ਰਹਿੰਦੀਆਂ ਹਨ

ਉਹ ਡਾ. ਸੁਰੁਚੀ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ।

"ਮੇਰੀ ਸਮੱਸਿਆ ਹਾਰਮੋਨਲ ਸੀ ਕਿਉਂਕਿ ਮੈਨੂੰ ਪੀਰੀਅਡ ਸਮੇਂ ਸਿਰ ਨਹੀਂ ਆਉਂਦੇ ਸੀ। ਜੇਕਰ ਆਉਂਦੇ ਵੀ ਸੀ ਤਾਂ ਇੱਕ ਹੀ ਦਿਨ ਲਈ। ਇਸਦੇ ਕਾਰਨ ਸਿਰਫ਼ ਚਿਹਰੇ 'ਤੇ ਵਾਲ ਹੀ ਨਹੀਂ ਆਏ ਸਗੋਂ ਮੇਰਾ ਭਾਰ ਵੀ ਵਧਦਾ ਗਿਆ। ਲੇਜ਼ਰ ਇਲਾਜ ਕਰਵਾਉਣ ਤੋਂ ਪਹਿਲਾਂ ਮੈਂ ਭਾਰ ਘਟਾਇਆ, ਖਾਣਾ-ਪੀਣਾ ਠੀਕ ਕੀਤਾ, ਜੀਵਨ-ਸ਼ੈਲੀ ਵਿੱਚ ਬਦਲਾਅ ਕੀਤਾ। ਹੁਣ ਪਹਿਲਾਂ ਤੋਂ ਬਿਹਤਰ ਹਾਂ।''

ਪਰ ਕੀ ਇਹ ਐਨੀ ਵੱਡੀ ਦਿੱਕਤ ਹੈ?

ਦਿੱਲੀ ਸਥਿਤ ਮੀਰੇਕਲ ਬਿਊਟੀ ਪਾਰਲਰ ਵਿੱਚ ਕੰਮ ਕਰਨ ਵਾਲੀ ਰਚਨਾ ਕਹਿੰਦੀ ਹੈ ਕਿ ਸਾਡੇ ਇੱਥੇ ਬਹੁਤ ਗਾਹਕ ਥਰੈਡਿੰਗ ਕਰਵਾਉਣ ਵਾਲੇ ਹੀ ਆਉਂਦੇ ਹਨ। ਆਈਬਰੋ ਅਤੇ ਅੱਪਰ ਲਿਪਸ ਤੋਂ ਇਲਾਵਾ ਕੁਝ ਕੁੜੀਆਂ ਤਾਂ ਪੂਰੇ ਮੂੰਹ ਦੀ ਥਰੈਡਿੰਗ ਕਰਵਾਉਂਦੀਆ ਹਨ।

"ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਆਉਂਦੀਆਂ ਹਨ ਜਿਹੜੇ ਪੂਰੇ ਮੂੰਹ 'ਤੇ ਥਰੈਡਿੰਗ ਕਰਵਾਉਂਦੀਆਂ ਹਨ ਕਿਉਂਕਿ ਉਨ੍ਹਾਂ ਦੇ ਚਿਹਰੇ 'ਤੇ ਦੂਜੀਆਂ ਕੁੜੀਆਂ ਨਾਲੋਂ ਵੱਧ ਵਾਲ ਹੁੰਦੇ ਹਨ। ਕੁਝ ਤਾਂ ਵੈਕਸ ਕਰਵਾਉਂਦੀਆਂ ਹਨ। ਉਨ੍ਹਾਂ ਲਈ ਬਲੀਚ ਦਾ ਆਪਸ਼ਨ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਵਾਲ ਕਾਫ਼ੀ ਵੱਡੇ ਹੁੰਦੇ ਹਨ।"

ਰਚਨਾ ਦੱਸਦੀ ਹੈ ਕਿ ਜਿਹੜੀਆਂ ਕੁੜੀਆਂ ਉਨ੍ਹਾਂ ਕੋਲ ਆਉਂਦੀਆਂ ਹਨ ਉਹ ਆਪਣੇ ਮੂੰਹ ਦੇ ਵਾਲਾਂ ਨੂੰ ਲੈ ਕੇ ਬਹੁਤ ਸਤਰਕ ਰਹਿੰਦੀਆਂ ਹਨ।

ਡਾ. ਸੁਰੁਚੀ ਦਾ ਵੀ ਇਹ ਮੰਨਣਾ ਹੈ ਕਿ ਚਿਹਰੇ 'ਤੇ ਵਾਲ ਦਾ ਅਸਰ ਸਭ ਤੋਂ ਵੱਧ ਦਿਮਾਗ 'ਤੇ ਹੁੰਦਾ ਹੈ। ਇਸ ਨਾਲ ਆਤਮ-ਵਿਸ਼ਵਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਦਿੱਲੀ ਸਥਿਤ ਮੈਕਸ ਹੈਲਥ ਕੇਅਰ ਦੇ ਐਂਡੋਕਰਿਨੋਲੋਜਿਸਟਸ ਡਾਕਟਰ ਸੁਜੀਤ ਝਾਅ ਦੱਸਦੇ ਹਨ ਕਿ ਔਰਤਾਂ ਵਿੱਚ ਵੀ ਪੁਰਸ਼ਾਂ ਵਾਲੇ ਹਾਰਮੋਨ ਹੁੰਦੇ ਹਨ ਪਰ ਬਹੁਤ ਘੱਟ ਗਿਣਤੀ ਵਿੱਚ। ਜਦੋਂ ਹਾਰਮੋਨ ਦਾ ਲੈਵਲ ਵੱਧ ਜਾਂਦਾ ਹੈ ਤਾਂ ਚਿਹਰੇ 'ਤੇ ਵਾਲ ਆ ਜਾਂਦੇ ਹਨ।

ਤਸਵੀਰ ਕੈਪਸ਼ਨ,

ਬ੍ਰਿਟੇਨ ਵਿੱਚ ਰਹਿਣ ਵਾਲੀ ਹਰਨਾਮ ਕੌਰ ਦਾ ਨਾਮ ਪੂਰੀ ਦਾੜ੍ਹੀ ਵਾਲੀ ਸਭ ਤੋਂ ਘੱਟ ਉਮਰ ਵਾਲੀ ਔਰਤ ਦੇ ਤੌਰ 'ਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ

ਡਾ. ਸੁਜੀਤ ਵੀ ਮੰਨਦੇ ਹਨ ਕਿ ਪੀਸੀਓਡੀ ਇਸਦਾ ਸਭ ਤੋਂ ਅਹਿਮ ਕਾਰਨ ਹੁੰਦਾ ਹੈ ਜਿਸ ਕਾਰਨ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ। ਪੀਸੀਓਡੀ ਦੀ ਸ਼ਿਕਾਇਤ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦਾ ਭਾਰ ਜ਼ਿਆਦਾ ਹੁੰਦਾ ਹੈ।

"ਸਭ ਤੋਂ ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਵਾਲ ਆਉਣ ਦਾ ਕਾਰਨ ਕੀ ਹੈ? ਇਹ ਜੈਨੇਟਿਕ ਹੈ ਜਾਂ ਹਾਰਮੋਨ ਕਾਰਨ ਹੈ। ਇਸ ਤੋਂ ਇਲਾਵਾ ਜੇਕਰ ਵਾਲ ਮੂੰਹ 'ਤੇ ਅਚਾਨਕ ਆ ਗਏ ਹਨ ਤਾਂ ਕੈਂਸਰ ਦਾ ਵੀ ਲੱਛਣ ਹੋ ਸਕਦਾ ਹੈ ਪਰ ਇਸਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ।"

ਪੀਸੀਓਡੀ ਦਾ ਉਹ ਮਾਮਲਾ ਜਿਹੜਾ ਵਰਲਡ ਰਿਕਾਰਡ ਵਿੱਚ ਦਰਜ ਹੈ

ਬ੍ਰਿਟੇਨ ਵਿੱਚ ਰਹਿਣ ਵਾਲੀ ਹਰਨਾਮ ਕੌਰ ਦਾ ਨਾਮ ਪੂਰੀ ਦਾੜ੍ਹੀ ਵਾਲੀ ਸਭ ਤੋਂ ਘੱਟ ਉਮਰ ਵਾਲੀ ਔਰਤ ਦੇ ਤੌਰ 'ਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ।

ਜਦੋਂ ਹਰਨਾਮ 16 ਸਾਲ ਦੀ ਸੀ ਉਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਪੌਲੀਸਿਸਟਿਕ ਸਿੰਡਰੋਮ ਹੈ ਜਿਸ ਕਾਰਨ ਉਨ੍ਹਾਂ ਦੇ ਮੂੰਹ ਅਤੇ ਸਰੀਰ 'ਤੇ ਵਾਲ ਵਧਣ ਲੱਗੇ।

ਸਰੀਰ ਅਤੇ ਮੂੰਹ 'ਤੇ ਵਾਲਾਂ ਕਾਰਨ ਉਸ ਨੂੰ ਆਪਣੇ ਸਕੂਲ ਵਿੱਚ ਮਾੜਾ ਵਰਤਾਰਾ ਵੀ ਸਹਿਣ ਕਰਨਾ ਪਿਆ। ਹਾਲਾਤ ਐਨੇ ਖਰਾਬ ਹੋ ਗਏ ਕਿ ਉਸ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ।

ਇਹ ਵੀ ਪੜ੍ਹੋ:

ਪਰ ਹੁਣ ਉਸ ਨੇ ਖ਼ੁਦ ਨੂੰ ਇਸੇ ਰੂਪ ਵਿੱਚ ਸਵੀਕਾਰ ਕਰ ਲਿਆ ਹੈ। ਪਿਛਲੇ ਕਈ ਸਾਲਾਂ ਤੋਂ ਉਸ ਨੇ ਆਪਣੇ ਮੂੰਹ ਦੇ ਵਾਲ ਨਹੀਂ ਕਟਵਾਏ।

ਉਹ ਕਹਿੰਦੀ ਹੈ, "ਵੈਕਸਿੰਗ ਨਾਲ ਸਕਿੱਨ ਕੱਟਦੀ ਹੈ, ਖਿੱਚ ਪੈਂਦੀ ਹੈ। ਕਈ ਵਾਰ ਮੇਰੀ ਸਕਿੱਨ 'ਤੇ ਜਖ਼ਮ ਵੀ ਹੋਏ। ਅਜਿਹੇ ਵਿੱਚ ਦਾੜ੍ਹੀ ਵਧਾਉਣ ਦਾ ਫ਼ੈਸਲਾ ਰਾਹਤ ਭਰਿਆ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)