ਕਿੰਨਾ ਅੰਧਵਿਸ਼ਵਾਸੀ ਸੀ ਮੁਗਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ?

ਮੁਗਲ ਬਾਦਸ਼ਾਹ Image copyright Oxford

ਅਮਰੀਕੀ ਇਤਿਹਾਸਕਾਰ ਆਡਰੀ ਟ੍ਰਸ਼ਕੀ ਕਹਿੰਦੀ ਹੈ ਕਿ ਤਮਾਮ ਮੁਗਲ ਬਾਦਸ਼ਾਹਾਂ ਵਿੱਚੋਂ ਔਰੰਗਜ਼ੇਬ ਆਲਮਗੀਰ ਵਿੱਚ ਉਨ੍ਹਾਂ ਦੀ ਖਾਸ ਦਿਲਚਸਪੀ ਦਾ ਕਾਰਨ ਉਨ੍ਹਾਂ ਬਾਰੇ ਦੁਨੀਆਂ ਭਰ ਵਿੱਚ ਫੈਲੀਆਂ ਗ਼ਲਤਫਹਿਮੀਆਂ ਹਨ।

ਮੁਗਲ ਅਤੇ ਮਰਾਠਾ ਇਤਿਹਾਸ 'ਤੇ ਕਈ ਗ੍ਰੰਥ ਲਿਖਣ ਵਾਲੇ ਨਾਮੀ ਇਤਿਹਾਸਕਾਰ ਸਰ ਜਾਦੂਨਾਥ ਸਰਕਾਰ ਨੇ ਜੇ ਔਰੰਗਜ਼ੇਬ ਨੂੰ ਆਪਣੀ ਨਜ਼ਰ ਨਾਲ ਦੇਖਿਆ, ਤਾਂ ਜਵਾਹਰ ਲਾਲ ਨਹਿਰੂ ਨੇ ਆਪਣੀ ਨਜ਼ਰ ਤੋਂ।

ਇਸ ਤੋਂ ਇਲਾਵਾ ਸ਼ਾਹਿਦ ਨਈਮ ਨੇ ਵੀ ਔਰੰਗਜ਼ੇਬ ਆਲਮਗੀਰ ਦੇ ਮਜ਼ਹਬੀ ਪਹਿਲੂ 'ਤੇ ਹੀ ਲੋੜ ਤੋਂ ਵੱਧ ਜ਼ੋਰ ਦਿੱਤਾ।

ਇਹ ਵੀ ਪੜ੍ਹੋ:

ਪਰ 'ਔਰੰਗਜ਼ੇਬ ਦਿ ਮੈਨ ਐਂਡ ਦਿ ਮਿਥ' ਨਾਮ ਦੀ ਕਿਤਾਬ ਦੀ ਲੇਖਿਕਾ ਆਡਰੀ ਟ੍ਰਸ਼ਕੀ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਸਹਿਣਸ਼ੀਲਤਾ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਤਿਹਾਸ ਦੇ ਸਾਰੇ ਸ਼ਾਸਕ ਅਸਹਿਣਸ਼ੀਲ ਰਹੇ ਹਨ।

ਆਡਰੀ ਟ੍ਰਸ਼ਕੀ ਕਹਿੰਦੀ ਹੈ ਕਿ ਔਰੰਗਜ਼ੇਬ ਦੇ ਬਾਰੇ ਗ਼ਲਤਫਹਿਮੀਆਂ ਵੱਧ ਹਨ ਅਤੇ ਉਸ ਨੂੰ ਹਵਾ ਦੇ ਕੇ ਮੌਜੂਦਾ ਦੌਰ ਵਿੱਚ ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਲੇਖਿਕਾ ਦੇ ਮੁਤਾਬਕ, ਭਾਰਤ ਵਿੱਚ ਇਸ ਵੇਲੇ ਅਸਹਿਣਸ਼ੀਲਤਾ ਵਧ ਰਹੀ ਹੈ। ਉਹ ਮੰਨਦੀ ਹੈ ਕਿ ਸ਼ਾਇਦ ਇਸੇ ਕਾਰਨ ਹੈਦਰਾਬਾਦ ਵਿੱਚ ਉਨ੍ਹਾਂ ਦੇ ਲੈਕਚਰ ਨੂੰ ਵੀ ਰੱਦ ਕਰ ਦਿੱਤਾ ਗਿਆ, ਜਿਹੜਾ 11 ਅਗਸਤ ਨੂੰ ਹੋਣਾ ਸੀ।

ਆਡਰੀ ਦੱਸਦੀ ਹੈ ਕਿ ਇਸਦੇ ਉਲਟ ਔਰੰਗਜ਼ੇਬ ਬਾਦਸ਼ਾਹ ਦੇ ਸ਼ਾਸਨਕਾਲ ਦੇ ਬ੍ਰਾਹਮਣ ਅਤੇ ਜੈਨ ਲੇਖਕ ਔਰੰਗਜ਼ੇਬ ਦੀ ਤਾਰੀਫ਼ ਕਰਦੇ ਹਨ। ਉਨ੍ਹਾਂ ਨੇ ਜਦੋਂ ਫਾਰਸੀ ਭਾਸ਼ਾ ਵਿੱਚ ਹਿੰਦੂਆਂ ਦੀ ਪਵਿੱਤਰ ਕਿਤਾਬ 'ਮਹਾਂਭਾਰਤ' ਅਤੇ 'ਰਾਮਾਇਣ' ਨੂੰ ਪੇਸ਼ ਕੀਤਾ ਤਾਂ ਉਸ ਨੂੰ ਔਰੰਗਜ਼ੇਬ ਨੂੰ ਸਮਰਪਿਤ ਕੀਤਾ।

Image copyright MIRZA AB BAIG/BBC
ਫੋਟੋ ਕੈਪਸ਼ਨ ਆਡਰੀ ਟ੍ਰਸ਼ਕੀ ਨੇ ਔਰੰਗਜ਼ੇਬ 'ਤੇ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ 'ਔਰੰਗਜ਼ੇਬ ਦਿ ਮੈਨ ਐਂਡ ਦਿ ਮਿਥ'

ਆਡਰੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਔਰੰਗਜ਼ੇਬ ਨੇ ਜੇਕਰ ਹੋਲੀ ਉੱਤੇ ਸਖ਼ਤੀ ਵਿਖਾਈ ਹੋਵੇਗੀ ਤਾਂ ਉਨ੍ਹਾਂ ਨੇ ਮੁਹਰੱਮ ਅਤੇ ਈਦ 'ਤੇ ਵੀ ਸਖ਼ਤੀ ਦਾ ਪ੍ਰਦਰਸ਼ਨ ਕੀਤਾ।

ਜੇਕਰ ਉਨ੍ਹਾਂ ਨੇ ਇੱਕ-ਦੋ ਮੰਦਿਰ ਤੋੜੇ, ਤਾਂ ਕਈ ਮੰਦਿਰਾਂ ਨੂੰ ਵੱਡਾ ਦਾਨ ਵੀ ਦਿੱਤਾ।

ਉਹ ਕਹਿੰਦੀ ਹੈ, "ਵੱਖ-ਵੱਖ ਇਤਿਹਾਸਕਾਰਾਂ ਨੇ ਔਰੰਗਜ਼ੇਬ ਨੂੰ ਆਪਣੇ ਚਸ਼ਮੇ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਹੈ। "

ਆਡਰੀ ਦੇ ਮੁਤਾਬਕ, ਔਰੰਗਜ਼ੇਬ ਨੇ ਖ਼ੁਦ ਨੂੰ ਇੱਕ ਚੰਗੇ ਮੁਸਲਮਾਨ ਦੇ ਤੌਰ 'ਤੇ ਪੇਸ਼ ਕੀਤਾ ਜਾਂ ਫਿਰ ਉਨ੍ਹਾਂ ਦੀ ਹਮੇਸ਼ਾ ਇੱਕ ਚੰਗਾ ਮੁਸਲਮਾਨ ਬਣਨ ਦੀ ਕੋਸ਼ਿਸ਼ ਰਹੀ ਪਰ ਉਨ੍ਹਾਂ ਦਾ ਇਸਲਾਮ ਅੱਜ ਦਾ ਕੱਟੜ ਇਸਲਾਮ ਨਹੀਂ ਸੀ। ਔਰੰਗਜ਼ੇਬ ਬਹੁਤ ਹੱਦ ਤੱਕ ਸੂਫ਼ੀ ਸਨ ਅਤੇ ਕਿਸੇ ਹੱਦੇ ਤੱਕ ਤਾਂ ਉਹ ਅੰਧਵਿਸ਼ਵਾਸੀ ਵੀ ਸਨ।

ਔਰੰਗਜ਼ੇਬ ਦੇ ਅੰਧਵਿਸ਼ਵਾਸੀ ਹੋਣ ਦਾ ਉਦਹਾਰਣ ਦਿੰਦੇ ਹੋਏ ਆਡਰੀ ਦੱਸਦੀ ਹੈ ਕਿ ਸਾਰੇ ਮੁਗਲ ਬਾਦਸ਼ਾਹਾਂ ਕੋਲ ਜੋਤਿਸ਼ ਮਾਹਰ ਹੁੰਦੇ ਸਨ।

ਔਰੰਗਜ਼ੇਬ ਦੇ ਦਰਬਾਰ ਵਿੱਚ ਵੀ ਹਿੰਦੂ-ਮੁਸਲਮਾਨ, ਦੋਵਾਂ ਧਰਮਾਂ ਦੇ ਜੋਤਿਸ਼ੀ ਸਨ ਅਤੇ ਉਹ ਉਨ੍ਹਾਂ ਤੋਂ ਸਲਾਹ ਲੈਂਦੇ ਸਨ।

Image copyright PENGUIN INDIA

ਉਨ੍ਹਾਂ ਨੇ ਔਰੰਗਜ਼ੇਬ ਦੇ ਇੱਕ ਸਿਪਾਹੀ ਭੀਮਸੈਨ ਸਕਸੈਨਾ ਦੇ ਹਵਾਲੇ ਤੋਂ ਦੱਸਿਆ ਕਿ ਦੱਖਣ ਭਾਰਤ ਵਿੱਚ ਇੱਕ ਵਾਰ ਜਿੱਥੇ ਉਨ੍ਹਾਂ ਦਾ ਕੈਂਪ ਸੀ, ਉੱਥੇ ਹੜ੍ਹ ਆ ਗਿਆ ਅਤੇ ਖਦਸ਼ਾ ਸੀ ਕਿ ਹੜ੍ਹ ਕਾਰਨ ਸ਼ਾਹੀ ਕੈਂਪ ਨੂੰ ਨੁਕਸਾਨ ਪਹੁੰਚ ਸਕਦਾ ਹੈ ਤਾਂ ਉਨ੍ਹਾਂ ਨੇ ਕੁਰਾਨ ਦੀ ਆਇਤ ਲਿਖ ਕੇ ਹੜ੍ਹ ਦੇ ਪਾਣੀ ਵਿੱਚ ਪੁਆਈ, ਜਿਸ ਤੋਂ ਬਾਅਦ ਹੜ੍ਹ ਦੇ ਪਾਣੀ ਵਿੱਚ ਕਮੀ ਆ ਗਈ ਅਤੇ ਖ਼ਤਰਾ ਟਲ ਗਿਆ।

ਇਸੇ ਤਰ੍ਹਾਂ ਦੀ ਇੱਕ ਘਟਨਾ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੇ ਕਾਲ ਵਿੱਚ ਵੀ ਹੋਈ ਸੀ,ਜਿਸਦਾ ਜ਼ਿਕਰ ਕਈ ਥਾਵਾਂ 'ਤੇ ਮਿਲਦਾ ਹੈ ਕਿ ਕਿਵੇਂ ਉਨ੍ਹਾਂ ਨੇ ਮਿਸਰ ਦੀ ਨੀਲ ਨਦੀ ਦੇ ਨਾਂ ਚਿੱਠੀ ਲਿਖੀ ਸੀ।

ਕਿਹਾ ਜਾਂਦਾ ਹੈ ਕਿ ਮਿਸਰ ਦਾ ਇਲਾਕਾ ਜਦੋਂ ਇਸਲਾਮ ਦੇ ਅਧੀਨ ਆਇਆ ਤਾਂ ਉੱਥੇ ਦੇ ਤਤਕਾਲੀ ਗਵਰਨਰ ਅਮਰ ਬਿਨ-ਅਲ-ਆਸ ਨੂੰ ਪਤਾ ਲੱਗਿਆ ਕਿ ਉੱਥੇ ਇੱਕ ਸੋਹਣੀ ਮੁਟਿਆਰ ਨੂੰ ਤਿਆਰ ਕਰਕੇ ਹਰ ਸਾਲ ਨੀਲ ਨਦੀ ਦੇ ਨਾਮ 'ਤੇ ਬਲੀ ਦਿੱਤੀ ਜਾਂਦੀ ਹੈ ਤਾਂ ਜੋ ਧਾਰਾਪ੍ਰਵਾਹ ਵਹਿੰਦੀ ਰਹੀ ਅਤੇ ਲੋਕ ਇਸਦਾ ਫਾਇਦਾ ਲੈਂਦੇ ਰਹਿਣ।

ਇਹ ਵੀ ਪੜ੍ਹੋ:

ਇਸਲਾਮੀ ਸਰਕਾਰ ਨੇ ਇਸ ਪ੍ਰਥਾ 'ਤੇ ਰੋਕ ਲਗਾ ਦਿੱਤੀ ਅਤੇ ਫਿਰ ਨਦੀ ਦਾ ਪਾਣੀ ਅਸਲ ਵਿੱਚ ਸੁੱਕ ਗਿਆ। ਲੋਕਾਂ ਨੇ ਸੋਚਿਆ ਕਿ ਉਨ੍ਹਾਂ 'ਤੇ ਨਦੀ ਦੀ ਮਾਰ ਪਈ ਹੈ। ਇਹ ਖ਼ਬਰ ਹੁਣ ਖ਼ਲੀਫ਼ਾ ਉਮਰ ਫ਼ਾਰੁਕ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਨੀਲ ਨਦੀ ਦੇ ਨਾਮ ਚਿੱਠੀ ਲਿਖੀ,ਜਿਸ ਵਿੱਚ ਉਨ੍ਹਾਂ ਨੇ ਇਹ ਲਿਖਿਆ ਕਿ 'ਐ ਨਦੀ ਜੇਕਰ ਤੂੰ ਆਪਣੇ ਅਧਿਕਾਰ ਨਾਲ ਵਹਿੰਦੀ ਹੈ ਤਾਂ ਨਾ ਵਹਿ ਪਰ ਜੇਕਰ ਤੂੰ ਅੱਲਾਹ ਦੇ ਹੁਕਮ ਨਾਲ ਚੱਲਦੀ ਹੈ ਤਾਂ ਫਿਰ ਵਹਿਣਾ ਸ਼ੁਰੂ ਕਰ ਦੇ।'

ਅਜਿਹਾ ਕਿਹਾ ਜਾਂਦਾ ਹੈ ਕਿ ਨੀਲ ਨਦੀ ਵਿੱਚ ਪਹਿਲਾਂ ਤੋਂ ਵੱਧ ਪਾਣੀ ਆ ਗਿਆ ਅਤੇ ਉਸ ਤੋਂ ਬਾਅਦ ਉਹ ਕਦੇ ਨਹੀਂ ਸੁੱਕੀ।

ਆਡਰੀ ਟ੍ਰਸ਼ਕੀ ਨੇ ਇਸ ਘਟਨਾ 'ਤੇ ਕਿਹਾ ਕਿ ਹੋ ਸਕਦਾ ਹੈ ਕਿ ਔਰੰਗਜ਼ੇਬ ਨੂੰ ਇਹ ਗੱਲ ਪਤਾ ਹੋਵੇ ਅਤੇ ਉਨ੍ਹਾਂ ਨੇ ਉਸ ਤੋਂ ਬਾਅਦ ਹੀ ਅਜਿਹਾ ਕੀਤਾ ਹੋਵੇ।

ਫਿਰ ਉਨ੍ਹਾਂ ਨੇ ਕਿਹਾ ਕਿ ਇੱਕ ਆਧੁਨਿਕ ਇਤਿਹਾਸਕਾਰ ਹੋਣ ਦੇ ਨਾਤੇ ਮੈਨੂੰ ਇਸ ਉੱਤੇ ਭਰੋਸਾ ਨਹੀਂ ਹੈ ਪਰ ਔਰੰਗਜ਼ੇਬ ਨੂੰ ਉਸ ਉੱਤੇ ਵਿਸ਼ਵਾਸ ਸੀ ਕਿਉਂਕਿ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਇਸ 'ਤੇ ਅਮਲ ਕੀਤਾ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਹੜ੍ਹ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ।

Image copyright PENGUIN INDIA

ਉਨ੍ਹਾਂ ਨੇ ਦੱਸਿਆ ਕਿ ਔਰੰਗਜ਼ੇਬ ਹਿੰਦੂ ਅਤੇ ਮੁਸਲਮਾਨ, ਦੋਵਾਂ ਤਰ੍ਹਾਂ ਦੇ ਜੋਤਿਸ਼ਾਂ ਤੋਂ ਸਲਾਹ ਲੈਂਦੇ ਸਨ ਅਤੇ ਕਦੇ-ਕਦੇ ਉਨ੍ਹਾਂ ਦੀ ਸਲਾਹ 'ਤੇ ਅਮਲ ਵੀ ਕਰਦੇ ਸਨ।

ਆਡਰੀ ਟ੍ਰਸ਼ਕੀ ਨੇ ਦੂਜੇ ਮੁਗਲ ਬਾਦਸ਼ਾਹਾਂ ਦੇ ਮੁਕਾਬਲੇ ਔਰੰਗਜ਼ੇਬ ਦੀ ਸਰਵ-ਉੱਚਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ ਸਭ ਤੋਂ ਵੱਧ ਧਾਰਮਿਕ ਸਨ। ਉਨ੍ਹਾਂ ਨੂੰ ਪੁਰਾਣੀ ਕੁਰਾਨ ਯਾਦ ਸੀ। ਨਮਾਜ਼ ਅਤੇ ਇਬਾਦਤ ਦੇ ਉਹ ਸਭ ਤੋਂ ਵੱਧ ਪਾਬੰਦ ਸਨ।

ਔਰੰਗਜ਼ੇਬ 'ਤੇ ਇਹ ਇਲਜ਼ਾਮ ਲਗਾਏ ਜਾਂਦੇ ਹਨ ਕਿ ਉਨ੍ਹਾਂ ਨੂੰ ਕਾਲਾਵਾਂ, ਖ਼ਾਸ ਕਰਕੇ ਸੰਗੀਤ ਤੋਂ ਨਫ਼ਰਤ ਸੀ। ਪਰ ਔਰੰਗਜ਼ੇਬ ਬਾਰੇ ਕੁਝ ਕਿੱਸੇ ਅਜਿਹੇ ਹਨ ਜਿਹੜੇ ਇਸ ਗੱਲ ਨੂੰ ਸਹੀ ਨਹੀਂ ਮੰਨਦੇ।

ਹਾਲਾਂਕਿ ਇੱਕ ਹੋਰ ਇਤਿਹਾਸਕਾਰ ਕੈਥਰੀਨ ਬਰਾਊਨ ਨੇ 'ਡਿਡ ਔਰੰਗਜ਼ੇਬ ਬੈਨ ਮਿਊਜ਼ਿਕ' ਯਾਨਿ 'ਕੀ ਔਰੰਗਜ਼ੇਬ ਨੇ ਸੰਗੀਤ 'ਤੇ ਪਾਬੰਦੀ ਲਗਾਈ ਸੀ' ਲਿਖੇ ਇੱਕ ਲੇਖ ਵਿੱਚ ਦਾਅਵਾ ਕੀਤਾ ਹੈ ਕਿ ਔਰੰਗਜ਼ੇਬ ਆਪਣੀ ਖਾਲਾ (ਮਾਸੀ) ਨੂੰ ਮਿਲਣ ਬੁਰਹਾਨਪੁਰ ਗਏ ਸੀ,ਜਿੱਥੇ ਹੀਰਾਬਾਈ ਜ਼ੈਨਾਬਾਦੀ ਨੂੰ ਦੇਖ ਕੇ ਉਹ ਆਪਣਾ ਦਿਲ ਦੇ ਬੈਠੇ ਸੀ। ਹੀਰਾਬਾਈ ਇੱਕ ਡਾਂਸਰ (ਨਰਤਕੀ) ਤੇ ਗਾਇਕਾ ਸੀ।

Image copyright Getty Images

ਆਡਰੀ ਦੱਸਦੀ ਹੈ ਕਿ ਔਰੰਗਜ਼ੇਬ ਨੂੰ ਜਿੰਨਾ ਕੱਟੜ ਪੇਸ਼ ਕੀਤਾ ਜਾਂਦਾ ਹੈ ਉਹ ਉਸ ਤਰ੍ਹਾਂ ਦੇ ਨਹੀਂ ਸੀ। ਉਨ੍ਹਾਂ ਦੀਆਂ ਕਈ ਹਿੰਦੂ ਬੇਗਮਾਂ ਸਨ ਅਤੇ ਮੁਗਲਾਂ ਦੀਆਂ ਕਈ ਹਿੰਦੂਆਂ ਪਤਨੀਆਂ ਹੁੰਦੀਆਂ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ, "ਆਪਣੇ ਆਖ਼ਰੀ ਦਿਨਾਂ ਵਿੱਚ ਔਰੰਗਜ਼ੇਬ ਆਪਣੇ ਸਭ ਤੋਂ ਛੋਟੇ ਮੁੰਡੇ ਕਾਮਬਖ਼ਸ਼ ਦੀ ਮਾਂ ਉਦੈਪੁਰੀ ਦੇ ਨਾਲ ਰਹਿੰਦੇ ਸੀ, ਜਿਹੜੀ ਇੱਕ ਗਾਇਕਾ ਸੀ। ਉਨ੍ਹਾਂ ਨੇ ਮੌਤ ਤੋਂ ਪਹਿਲਾਂ ਕਾਮਬਖ਼ਸ਼ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਮਾਂ ਉਦੈਪੁਰੀ ਬਿਮਾਰੀ ਦੀ ਹਾਲਤ ਵਿੱਚ ਉਨ੍ਹਾਂ ਦੇ ਨਾਲ ਹੈ ਅਤੇ ਮੌਤ ਤੱਕ ਉਨ੍ਹਾਂ ਦੇ ਨਾਲ ਰਹੇਗੀ।''

ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਦੀ ਮੌਤ ਤੋਂ ਕੁਝ ਮਹੀਨੇ ਬਾਅਦ 1707 ਦੀਆਂ ਗਰਮੀਆਂ ਵਿੱਚ ਉਦੈਪੁਰੀ ਦੀ ਵੀ ਮੌਤ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)