ਮੋਗਾ 'ਚ ਆਰਐਸਐਸ ਸ਼ਾਖਾ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵਾਜਪਾਈ ਨੇ ਕਿਵੇਂ ਸੰਭਾਲੇ ਸੀ ਹਾਲਾਤ

  • ਜਸਬੀਰ ਸ਼ੇਤਰਾ
  • ਬੀਬੀਸੀ ਪੰਜਾਬੀ ਲਈ
ਮੋਗਾ ਵਿੱਚ ਆਰਐਸਐਸ ਸ਼ਾਖਾ 'ਤੇ ਅੱਤਵਾਦੀ ਹਮਲਾ ਹੋਇਆ ਸੀ

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ,

25 ਜੂਨ 1989 ਨੂੰ ਆਰਐਸਐਸ ਸ਼ਾਖਾ 'ਤੇ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿੱਚ 25 ਸਵੈਮ ਸੇਵਕਾਂ ਦੀ ਮੌਤ ਹੋ ਗਈ

''ਇਹ ਅਟਲ ਬਿਹਾਰੀ ਵਾਜਪਾਈ ਦੀ ਸ਼ਖ਼ਸੀਅਤ ਅਤੇ ਸ਼ਬਦਾਂ ਦਾ ਸੁਮੇਲ ਹੀ ਸੀ ਕਿ ਅੱਗ ਦੇ ਭਾਂਬੜ 'ਤੇ ਬੈਠੇ ਮੋਗਾ ਸ਼ਹਿਰ ਨੂੰ ਬਚਾਇਆ ਜਾ ਸਕਿਆ।''

ਇਸ ਸ਼ਬਦ ਹਨ ਸ਼ਹੀਦ ਪਰਿਵਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਡਾ. ਪੁਰੀ ਦੇ ਜਿਨ੍ਹਾਂ ਨੇ ਭਰੇ ਮਨ ਨਾਲ 25 ਜੂਨ 1989 ਦੇ ਉਸ ਦਿਨ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਅੱਤਵਾਦੀਆਂ ਵੱਲੋਂ ਕੀਤੀ ਫਾਇਰਿੰਗ ਅਤੇ ਬੰਬ ਧਮਾਕੇ ਸਮੇਂ ਉਹ 33 ਵਰ੍ਹਿਆਂ ਦੇ ਸਨ।

ਉਨ੍ਹਾਂ ਦਾ ਘਰ ਪਾਰਕ ਤੋਂ ਸਿਰਫ਼ ਤਿੰਨ ਮਿੰਟ ਦੀ ਦੂਰੀ 'ਤੇ ਸਥਿਤ ਸੀ। ਜਿਵੇਂ ਹੀ ਉਨ੍ਹਾਂ ਨੂੰ ਪਾਰਕ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਭੱਜ ਕੇ ਮੌਕੇ 'ਤੇ ਪਹੁੰਚੇ ਪਰ ਉਦੋਂ ਤੱਕ ਭਾਣਾ ਵਾਪਰ ਚੁੱਕਾ ਸੀ।

ਇਹ ਵੀ ਪੜ੍ਹੋ:

ਡਾ. ਪੁਰੀ ਨੇ ਦੱਸਿਆ, ''ਉਹ ਸਮਾਂ ਅਜਿਹਾ ਸੀ ਕਿ ਇਕ ਪਾਸੇ ਤਾਂ ਆਰਐਸਐਸ ਸ਼ਾਖਾ 'ਤੇ ਅੱਤਵਾਦੀ ਹਮਲਾ ਕਰਕੇ 25 ਰਾਸ਼ਟਰੀ ਸਵੈਮ ਸੇਵਕਾਂ ਦੀ ਹੱਤਿਆ ਕਰਨ ਅਤੇ ਦਰਜਨਾਂ ਨੂੰ ਫੱਟੜ ਕਰਨ ਕਰਕੇ ਸ਼ਹਿਰ ਦੇ ਲੋਕ ਭੜਕੇ ਹੋਏ ਸਨ।''

"ਉਨ੍ਹਾਂ ਅੰਦਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਹ ਪੈਦਾ ਹੋ ਚੁੱਕਾ ਸੀ। ਦੂਜੇ ਪਾਸੇ ਸ਼ਹਿਰ ਵਿੱਚ ਲੱਗੇ ਕਰਫਿਊ ਦਰਮਿਆਨ ਪੁਲਿਸ ਅਤੇ ਸੀਆਰਪੀਐਫ ਵੀ ਲੋਕਾਂ ਨੂੰ ਹਰ ਹੀਲੇ ਖਿੰਡਾਉਣ ਲਈ ਲਾਠੀਚਾਰਜ ਤੋਂ ਲੈ ਕੇ 'ਸਖ਼ਤ ਐਕਸ਼ਨ' ਦੀ ਤਿਆਰੀ ਕਰੀ ਬੈਠੀ ਸੀ।''

''ਅਜਿਹੇ ਵਿੱਚ ਵਾਜਪਾਈ ਸਾਹਿਬ ਨੇ ਦੋਹਾਂ ਪਾਸਿਆਂ ਦੇ ਹਾਲਾਤ ਭਾਂਪਦਿਆਂ ਜੋ ਭੂਮਿਕਾ ਨਿਭਾਈ ਉਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਸੀ। ਉਨ੍ਹਾਂ ਦੇ ਕਹੇ ਸ਼ਬਦਾਂ ਦਾ ਭੜਕੇ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਦੋਹਾਂ 'ਤੇ ਹੋਇਆ ਅਸਰ ਹੀ ਸੀ ਕਿ ਮਾਹੌਲ ਸ਼ਾਂਤ ਹੋ ਗਿਆ ਅਤੇ ਹੋਰ ਕੋਈ ਅਣਸੁਖਾਵੀਂ ਜਾਂ ਮੰਦਭਾਗੀ ਘਟਨਾ ਵਾਪਰਨ ਤੋਂ ਬਚਾਅ ਰਿਹਾ।"

29 ਸਾਲ ਪਹਿਲਾਂ ਮੋਗਾ ਦੇ ਨਹਿਰੂ ਪਾਰਕ (ਹੁਣ ਸ਼ਹੀਦੀ ਪਾਰਕ) ਵਿੱਚ ਵਾਪਰੀ ਘਟਨਾ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਰੁਖ਼ਸਤ ਹੋਣ 'ਤੇ ਅੱਜ ਯਾਦ ਕਰਦਿਆਂ ਇਹ ਪ੍ਰਗਟਾਵਾ ਡਾ. ਰਾਜੇਸ਼ ਪੁਰੀ ਨੇ ਕੀਤਾ। ਉਨ੍ਹਾਂ ਦੇ ਪਿਤਾ ਵੇਦ ਪ੍ਰਕਾਸ਼ ਪੁਰੀ ਵੀ ਇਸ ਗੋਲੀ ਕਾਂਡ ਵਿੱਚ ਮਰਨ ਵਾਲੇ 25 ਰਾਸ਼ਟਰੀ ਸਵੈਮ ਸੇਵਕਾਂ ਵਿੱਚ ਸ਼ਾਮਲ ਸਨ।

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ,

ਰਾਕੇਸ਼ ਪੁਰੀ ਦੇ ਪਿਤਾ ਵੇਦ ਪ੍ਰਕਾਸ਼ ਪੁਰੀ ਵੀ ਇਸ ਗੋਲੀ ਕਾਂਡ ਵਿੱਚ ਮਰਨ ਵਾਲੇ 25 ਰਾਸ਼ਟਰੀ ਸਵੈਮ ਸੇਵਕਾਂ ਵਿੱਚ ਸ਼ਾਮਲ ਸਨ

ਗਲੀ ਨੰਬਰ 9 ਵਾਲੇ ਪਾਸਿਓਂ ਛੋਟੇ ਗੇਟ ਰਾਹੀਂ ਪਾਰਕ ਵਿੱਚ ਲੱਗੀ ਆਰਐਸਐਸ ਦੀ ਸ਼ਾਖਾ 'ਤੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾਇਆ ਜਿਸ ਵਿੱਚ ਉਨ੍ਹਾਂ ਦੇ ਪਿਤਾ ਸਮੇਤ 25 ਰਾਸ਼ਟਰੀ ਸਵੈਮ ਸੇਵਕਾਂ ਦੀ ਮੌਤ ਹੋ ਗਈ ਅਤੇ 31 ਗੋਲੀਆਂ ਲੱਗਣ ਨਾਲ ਜਖ਼ਮੀ ਹੋਏ ਸਨ। ਕੁਝ ਦੇਰ ਬਾਅਦ ਹੋਏ ਬੰਬ ਧਮਾਕੇ ਨੇ ਦੋ ਪੁਲਿਸ ਮੁਲਾਜ਼ਮਾਂ ਦੀ ਵੀ ਜਾਨ ਲਈ।

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ,

29 ਸਾਲ ਪਹਿਲਾਂ ਵਾਪਰੀ ਘਟਨਾ ਤੋਂ ਬਾਅਦ ਮੋਗਾ ਦੇ ਨਹਿਰੂ ਪਾਰਕ ਨੂੰ 'ਸ਼ਹੀਦੀ ਪਾਰਕ' ਦਾ ਨਾਂ ਦਿੱਤਾ ਗਿਆ

ਡਾ. ਪੁਰੀ ਅਨੁਸਾਰ, ''ਐਤਵਾਰ ਸਵੇਰੇ 6.25 'ਤੇ ਵਾਪਰੀ ਉਸ ਸਮੇਂ ਦੀ ਆਪਣੀ ਕਿਸਮ ਦੀ ਇਹ ਸਭ ਤੋਂ ਵੱਡੀ ਘਟਨਾ ਦਾ ਪਤਾ ਲੱਗਣ 'ਤੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਤੋਂ ਇਲਾਵਾ ਅਟਲ ਬਿਹਾਰੀ ਵਾਜਪਾਈ ਵੀ ਸ਼ਾਮ ਸਮੇਂ ਮੋਗਾ ਪਹੁੰਚੇ। ਸ਼ਾਮ ਹੋਣ ਤੱਕ ਹਾਲਾਤ ਤਣਾਅਪੂਰਨ ਹੋ ਚੁੱਕੇ ਸਨ ਜਿਨ੍ਹਾਂ ਦੇ ਮੱਦੇਨਜ਼ਰ ਕਰਫਿਊ ਲਗਾ ਦਿੱਤਾ ਗਿਆ ਸੀ। ਗਾਂਧੀ ਰੋਡ 'ਤੇ ਸ਼ਮਸ਼ਾਨਘਾਟ ਵਿੱਚ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਜਾਣਾ ਸੀ ਜਿਥੇ ਗੁੱਸੇ ਵਿੱਚ ਆਏ ਲੋਕਾਂ ਨੇ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਅੰਦਰ ਵੀ ਦਾਖ਼ਲ ਨਹੀਂ ਹੋਣ ਦਿੱਤਾ ਸੀ।''

ਤਸਵੀਰ ਸਰੋਤ, Getty Images

''ਉਲਟਾ ਉਨ੍ਹਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਹੋਈ ਪਰ ਵਾਜਪਾਈ ਸਾਹਿਬ ਦਾ ਲੋਕਾਂ ਨੇ ਕੋਈ ਵਿਰੋਧ ਨਹੀਂ ਕੀਤਾ ਸ਼ਾਇਦ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਸਰ ਸੀ। ਉਹ ਘਟਨਾ ਸਥਾਨ 'ਤੇ ਹੋ ਕੇ ਆਏ ਸਨ ਜਿਥੇ ਲੋਕਾਂ ਦੇ ਚਿਹਰੇ 'ਤੇ ਗੁੱਸੇ ਨੂੰ ਉਨ੍ਹਾਂ ਨੇ ਪੜ੍ਹ ਲਿਆ ਸੀ ਅਤੇ ਮਾਹੌਲ ਸ਼ਾਂਤ ਕਰਨ ਲਈ ਉਨ੍ਹਾਂ ਲੋਕਾਂ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਨੂੰ ਕੁਝ ਮਿੰਟ ਸੰਬੋਧਨ ਕੀਤਾ।''

ਇਹ ਵੀ ਪੜ੍ਹੋ:

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ,

ਗੋਲੀਆਂ ਲੱਗਣ ਨਾਲ 31 ਲੋਕ ਜ਼ਖ਼ਮੀ ਹੋਏ ਸਨ

''ਮੈਨੂੰ ਯਾਦ ਹੈ ਕੁੜਤੇ ਪਜਾਮੇ ਵਿੱਚ ਮੋਢੇ 'ਤੇ ਪਰਨਾ ਰੱਖੀ ਵਾਜਪਾਈ ਸਾਹਿਬ ਨੇ ਜੋ ਸ਼ਬਦ ਕਹੇ ਉਨ੍ਹਾਂ ਦਾ ਲੋਕਾਂ ਦੇ ਦਿਲ 'ਤੇ ਡੂੰਘਾ ਅਸਰ ਹੋਇਆ। ਪੁਲਿਸ ਵਾਲਿਆਂ ਨੂੰ ਵੀ ਉਨ੍ਹਾਂ ਦੀਆਂ ਕਹੀਆਂ ਨੇ ਪ੍ਰਭਾਵਿਤ ਕੀਤਾ ਜਿਸ ਨਾਲ ਅੰਤਿਮ ਸਸਕਾਰ ਤੋਂ ਲੈ ਕੇ ਬਾਅਦ ਵਿੱਚ ਸ਼ਹੀਦੀ ਸਮਾਗਮ ਤੱਕ ਸਾਰਾ ਕੁਝ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ।"

ਡਾ. ਪੁਰੀ ਨੇ ਕਿਹਾ, ''ਮੈਨੂੰ ਅੱਜ ਵੀ ਯਾਦ ਹੈ ਕਿ ਸ੍ਰੀ ਵਾਜਪਾਈ ਨੇ ਉਸ ਸਮੇਂ ਇਸ ਘਟਨਾ ਨੂੰ ਅੱਤਵਾਦੀਆਂ ਦੀ ਸੋਚੀ ਸਮਝੀ ਅਤੇ ਹਿੰਦੂ-ਸਿੱਖ ਭਾਈਚਾਰੇ ਵਿੱਚ ਪਾੜ ਪਾਉਣ ਵਾਲੀ ਸਾਜਿਸ਼ ਦੱਸਿਆ ਸੀ। ਉਨ੍ਹਾਂ ਨਾਲ ਹੀ ਲੋਕਾਂ ਨੂੰ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਅਜਿਹਾ ਕਰਕੇ ਹੀ ਅਸੀਂ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਹਾਂ।"

ਤਸਵੀਰ ਸਰੋਤ, courtesy: ajit

ਇਹ ਵੀ ਪੜ੍ਹੋ:

ਘਟਨਾ ਵਾਲੀ ਥਾਂ ਅੱਜ ਸ਼ਹੀਦੀ ਸਮਾਰਕ ਸਥਾਪਤ ਹੈ। ਉਥੇ ਇਕ ਪਾਸੇ ਮਰਨ ਵਾਲਿਆਂ ਤੇ ਜਦਕਿ ਦੂਜੇ ਹੱਥ ਜ਼ਖ਼ਮੀ ਹੋਣ ਵਾਲੇ ਲੋਕਾਂ ਦੇ ਨਾਂ ਪੱਥਰਾਂ 'ਤੇ ਉਕਰੇ ਹੋਏ ਹਨ। ਨੇੜੇ ਹੀ ਸਥਿਤ ਕਮਰੇ ਵਿੱਚ ਮਰਨ ਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)