ਪਾਕਿਸਤਾਨ 'ਚ ਜਦੋਂ ਨਵਜੋਤ ਸਿੰਘ ਸਿੱਧੂ ਨੇ ਕਿਹਾ, 'ਮੇਰਾ ਯਾਰ ਦਿਲਦਾਰ ਇਮਰਾਨ ਖ਼ਾਨ ਜੀਵੇ'

ਤਸਵੀਰ ਸਰੋਤ, Getty Images
ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਵਾਹਗਾ ਸਰਹੱਦ ਰਾਹੀਂ ਹਿੱਸਾ ਲੈਣ ਪਹੁੰਚੇ ਨਵਜੋਤ ਸਿੰਘ ਸਿੱਧੂ
"ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ, ਮੇਰਾ ਯਾਰ ਦਿਲਦਾਰ ਇਮਰਾਨ ਖ਼ਾਨ ਜੀਵੇ।"
ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਲਈ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਹ ਲਾਈਨਾਂ ਬਿਆਨ ਕੀਤੀਆਂ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ।
ਜੁਲਾਈ ਮਹੀਨੇ ਵਿੱਚ ਉਨ੍ਹਾਂ ਦੀ ਪਾਰਟੀ ਨੇ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ। ਸ਼ੁੱਕਰਵਾਰ ਨੂੰ ਛੋਟੀਆਂ ਪਾਰਟੀਆਂ ਦੇ ਸਹਿਯੋਗ ਨਾਲ ਅਸੈਂਬਲੀ ਵਿੱਚ 176 ਵੋਟਾਂ ਹਾਸਿਲ ਕਰ ਪੂਰਨ ਬਹੁਮਤ ਹਾਸਿਲ ਕਰ ਲਿਆ ਹੈ।
ਇਹ ਵੀ ਪੜ੍ਹੋ:
ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਕਈ ਹਸਤੀਆਂ ਪਹੁੰਚ ਰਹੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਕ੍ਰਿਕਟਰ ਦੋਸਤ ਵੀ ਸ਼ਾਮਿਲ ਹਨ।
ਉਨ੍ਹਾਂ ਨੇ ਗਾਵਸਕਰ ਸਣੇ ਪੰਜਾਬ ਦੇ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਅਦਾਕਾਰ ਆਮਿਰ ਖ਼ਾਨ, ਸਾਬਕਾ ਕ੍ਰਿਕਟਰ ਕਪਿਲ ਦੇਵ ਨੂੰ ਵੀ ਇਸ ਸਮਾਗਮ ਲਈ ਸੱਦਾ ਭੇਜਿਆ ਸੀ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਪਹੁੰਚਣ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਵਿਤਾ ਦੀਆਂ ਕੁਝ ਲਾਈਨਾਂ ਕਹੀਆਂ ਸਨ।
ਅਲਵੀ ਕੇ ਟਵੀਟਸ ਨਾਮ ਦੇ ਟਵਿੱਟਰ ਹੈਂਡਲ 'ਤੇ ਇਸ ਕਵਿਤਾ ਨੂੰ ਪੋਸਟ ਕੀਤਾ, ਜਿਸ ਵਿੱਚ ਉਹ ਕਹਿ ਰਹੇ ਹਨ-
"ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ ਤੇ ਹੱਸਦਾ-ਵਸਦਾ ਇਹ ਸਾਰਾ ਜਹਾਨ ਜੀਵੇ
ਧਰਤੀ, ਪੌਣ-ਪਾਣੀ, ਬੂਟੇ, ਜੀਵ, ਪ੍ਰਾਣੀ, ਸੂਰਜ, ਚੰਦ, ਤਾਰੇ ਤੇ ਸਾਰਾ ਅਸਮਾਨ ਜੀਵੇ
ਜੀਵੇ ਰਹਿਮ ਹਰ ਇਨਸਾਨ ਦਿਲ ਦੇ ਅੰਦਰ, ਤੇ ਆਨ-ਬਾਨ-ਸ਼ਾਨ ਦੇ ਨਾਲ ਹਰ ਇਨਸਾਨ ਜੀਵੇ
ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ, ਮੇਰਾ ਯਾਰ ਦਿਲਦਾਰ ਇਮਰਾਨ ਖ਼ਾਨ ਜੀਵੇ"
ਜਦੋਂ ਪੱਤਰਕਾਰਾਂ ਨੇ ਨਵਜੋਤ ਸਿੱਧੂ ਤੋਂ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ, ਮੈਂ ਪਾਕਿਸਤਾਨ ਵਿੱਚ ਇੱਕ ਸਿਆਸੀ ਆਗੂ ਵਜੋਂ ਨਹੀਂ ਆਇਆ ਹਾਂ। ਮੈਂ ਪਿਆਰ ਤੇ ਅਮਨ ਦਾ ਸੁਨੇਹਾ ਲੈ ਕੇ ਗੁਡਵਿੱਲ ਐਂਬਸਡਰ ਵਜੋਂ ਆਇਆ ਹਾਂ।''
ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਇੱਕ ਖਿਡਾਰੀ ਵਜੋਂ ਕਰੀਬ ਨਾਲ ਵੇਖਿਆ ਹੈ, ਕਿ ਕਿਵੇਂ ਉਨ੍ਹਾਂ ਨੇ ਔਖੇ ਵੇਲੇ ਵੀ ਆਪਣੀ ਟੀਮ ਨੂੰ ਹਰ ਮੁਸ਼ਕਿਲ ਨੂੰ ਕੱਢਿਆ ਸੀ।
ਦੋਹਾਂ ਦੇਸਾਂ ਵਿਚਾਲੇ ਕ੍ਰਿਕਟ ਸਬੰਧਾਂ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਕਲਾਕਾਰ ਤੇ ਖਿਡਾਰੀ ਤਾਂ ਫ਼ਾਸਲੇ ਖ਼ਤਮ ਕਰਦੇ ਹਨ ਅਤੇ ਰਿਸ਼ਤਿਆਂ ਵਿੱਚ ਪੁਲ ਵਜੋਂ ਕੰਮ ਕਰਦੇ ਹਨ।
ਤਸਵੀਰ ਸਰੋਤ, AFP
ਇਮਰਾਨ ਖ਼ਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ
ਨਵਜੋਤ ਸਿੰਘ ਸਿੱਧੂ ਵੱਲੋਂ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਪਹੁੰਚਦਿਆਂ ਹੀ ਸੋਸ਼ਲ ਮੀਡੀਆ 'ਤੇ ਵੀ ਬਹਿੱਸ ਸਰਗਰਮ ਹੋ ਗਈ।
ਪਾਕਿਸਤਾਨ 'ਤੇ ਪਹੁੰਚਣ ਕਈ ਲੋਕਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਨਵਜੋਤ ਸਿੱਧੂ ਦਾ ਸੁਆਗਤ ਕੀਤਾ।
ਇਮੀ ਨੇ ਆਪਣੇ ਟਵਿੱਟਰ 'ਤੇ ਲਿਖਿਆ, "ਸਾਰਾ ਪਾਕਿਸਤਾਨ ਤੁਹਾਡਾ ਸੁਆਗਤ ਕਰਦਾ ਹੈ ਅਤੇ ਆਸ ਹੈ ਕਿ ਤੁਹਾਡੇ ਆਉਣ ਨਾਲ ਦੋਵੇਂ ਦੇਸ ਹੋਰ ਨੇੜੇ ਹੋਣਗੇ।''
ਅਰਸ਼ਨ ਸੋਨੂ ਲਿਖਦੇ ਹਨ, "ਭਾਰਤੀ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ 'ਚ ਸੁਆਗਤ ਹੈ ਅਤੇ ਉਨ੍ਹਾਂ ਨੇ ਕਿਹਾ ਭਾਅ ਜੀ ਤੁਸੀਂ ਹੀ ਸ਼ਾਂਤੀ ਦੇ ਅਸਲ ਦੂਤ ਹੋ।''
ਕਈ ਭਾਰਤੀਆਂ ਨੇ ਵੀ ਸਿੱਧੂ ਦੇ ਇਸ ਫ਼ੈਸਲੇ ਦੀ ਤਾਰੀਫ਼ ਕੀਤਾ ਹੈ ਅਤੇ ਕਈਆਂ ਨੇ ਨਿੰਦਾ ਵੀ ਕੀਤੀ। ਡਾ. ਧਨਰਾਜ ਇੰਡੀਅਨ ਨਾਮ ਦੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ ਕਿ ਇਸ ਨਾਲ ਫਰਕ ਨਹੀਂ ਪੈਂਦਾ ਕਿ ਨਵਜੋਤ ਸਿੱਧੂ ਪਾਕਿਸਤਾਨ ਗਏ ਹਨ, ਇਹ ਦੋਵੇਂ ਦੇਸਾਂ ਲਈ ਵਧੀਆ ਹੈ। ਅਮਨ-ਚੈਨ ਦੀ ਇਬਾਦਤ ਹੈ।
ਹਰਜੇਸ਼ਵਰ ਲਿਖਦੇ ਹਨ ਕਿ ਅਟਲ ਜੀ ਨੇ ਵੀ ਪਾਕਿਸਤਾਨ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ, ਸਿੱਧੂ ਸੱਚੇ ਚੇਲੇ ਹਨ।
ਨਵਜੋਤ ਸਿੰਘ ਸਿੱਧੂ ਦੇ ਇਸ ਫ਼ੈਸਲੇ ਨਾਲ ਨਾਰਾਜ਼ ਆਰਚੀ ਆਪਣੇ ਟਵਿੱਚਰ ਹੈਂਡਲ ਤੋਂ ਲਿਖਦੀ ਹੈ ਕਿ ਅਟਲ ਜੀ ਨੂੰ ਆਪਣੇ ਪ੍ਰੇਰਣਾ ਅਤੇ ਗੁਰੂ ਮੰਨਣ ਵਾਲੇ ਅੱਜ ਅਟਲ ਜੀ ਦੇ ਸੋਗ 'ਤੇ ਆਉਣ ਦੀ ਬਜਾਇ ਪਾਕਿਸਤਾਨ ਗਏ ਹਨ।
ਇੱਕ ਟਵਿੱਟਰ ਹੈਂਡਲਰ ਅਰਵਿੰਦ ਨੇ ਕਿਹਾ, ''ਤੁਹਾਨੂੰ ਪਾਕਿਸਤਾਨ ਤੋਂ ਆਉਣ ਦੀ ਲੋੜ ਨਹੀਂ। ਤੁਹਾਨੂੰ ਅਟਲ ਜੀ ਵਾਸਤੇ ਕੁਝ ਸਨਮਾਨ ਦਿਖਾਉਣਾ ਚਾਹੀਦਾ ਸੀ।''
ਤਸਵੀਰ ਸਰੋਤ, Twitter/arvind