ਸੁੱਚਾ ਸਿੰਘ ਲੰਗਾਹ ਦੀ ਪੰਥ 'ਚ ਵਾਪਸੀ ਲਈ ਅਕਾਲ ਤਖ਼ਤ ਨੂੰ ਚਿੱਠੀ- ਪ੍ਰੈੱਸ ਰਿਵੀਊ

ਸੁੱਚਾ ਸਿੰਘ ਲੰਗਾਹ

ਤਸਵੀਰ ਸਰੋਤ, Gurpreet Chawla

ਤਸਵੀਰ ਕੈਪਸ਼ਨ,

ਪੰਥ 'ਚੋਂ ਛੇਕੇ ਗਏ ਲੰਗਾਹ ਨੇ ਪੰਥ 'ਚ ਵਾਪਸੀ ਲਈ ਅਕਾਲ ਤਖ਼ਤ ਨੂੰ ਲਿਖੀ ਚਿੱਠੀ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਾਨੂੰਨੀ ਤੌਰ 'ਤੇ ਬਰੀ ਹੋਣ ਤੋਂ ਬਾਅਦ ਪੰਥ ਵਿੱਚ ਵਾਪਸੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਪੱਤਰ ਲਿਖਿਆ ਹੈ।

ਲੰਗਾਹ ਨੇ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਵਿੱਚ ਵਾਪਸ ਸ਼ਾਮਿਲ ਕਰਨ ਦੀ ਅਪੀਲ ਕੀਤੀ, ਹਾਲਾਂਕਿ ਜਥੇਦਾਰ ਦਾ ਕਹਿਣਾ ਹੈ ਕਿ ਇਸ ਬਾਰੇ ਵਿਚਾਰ ਪੰਜ ਸਿੰਘ ਸਾਹਿਬਾਨਾਂ ਦੀ ਅਗਲੀ ਬੈਠਕ ਵਿੱਚ ਹੋਵੇਗਾ।

ਦਰਅਸਲ ਲੰਗਾਹ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਜਾਰੀ ਹੋਣ 'ਤੇ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਉਨ੍ਹਾਂ 'ਤੇ ਰੇਪ ਸਣੇ ਕਈ ਹੋਰ ਇਲਜ਼ਾਮਾਂ ਤਹਿਤ ਕਾਨੂੰਨੀ ਕਾਰਵਾਈ ਵੀ ਹੋਈ ਸੀ।

ਇਹ ਵੀ ਪੜ੍ਹੋ:

ਸੀਬੀਆਈ ਨੇ ਆਈਜੀ ਲਈ ਕਥਿਤ ਤੌਰ 'ਤੇ ਰਿਸ਼ਵਤ ਲੈਣ ਵਾਲੇ ਨੂੰ ਕੀਤਾ ਕਾਬੂ

ਹਿੰਦੁਸਤਾਨ ਦੀ ਖ਼ਬਰ ਮੁਤਾਬਕ ਸੀਬੀਆਈ ਨੇ ਕਥਿਤ ਤੌਰ 'ਤੇ ਫਿਰੌਜ਼ਪੁਰ ਦੇ ਆਈ ਜੀ ਲਈ 10 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਚੋਲੀਏ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੀਬੀਆਈ ਨੇ ਇਹ ਕਾਰਵਾਈ ਇੱਕ ਵਿਜੀਲੈਂਸ ਬਿਓਰੋ ਦੇ ਰਿਟਾਇਰਡ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਦੀ ਸ਼ਿਕਾਇਤ 'ਤੇ ਕੀਤੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੀਬੀਆਈ ਨੇ ਆਈਜੀ ਲਈ ਰਿਸ਼ਵਤ ਲੈਣ ਵਾਲੇ ਨੂੰ ਕੀਤਾ ਕਾਬੂ

ਖ਼ਬਰ ਮੁਤਾਬਕ ਸੀਬੀਆਈ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਵਿਚੋਲੀਏ ਦੀ ਪਛਾਣ ਲੁਧਿਆਣਾ ਦੇ ਵਪਾਰੀ ਅਸ਼ੋਕ ਗੋਇਲ ਵਜੋਂ ਹੋਈ ਹੈ, ਜਿਸ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਇਹ ਪੈਸਾ ਫਿਰੌਜ਼ਪੁਰ ਰੈਂਜ ਦੇ ਆਈ ਜੀ ਗੁਰਿੰਦਰ ਢਿੱਲੋਂ ਲਈ ਲਿਆ ਸੀ।

ਸੀਬੀਆਈ ਦੇ ਬੁਲਾਰੇ ਮੁਤਾਬਕ, "ਸ਼ਿਕਾਇਤਕਰਤਾ ਸਾਬਕਾ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਸੀ, ਜਿਸ ਲਈ ਐਸਆਈਟੀ ਵੀ ਬਣਾਈ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਥਿਤ ਤੌਰ 'ਤੇ ਇਲਜ਼ਾਮ ਲਗਾਏ ਕਿ ਜਦੋਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਕਈ ਦਸਤਾਵੇਜ਼ ਵੀ ਉਹ ਨਾਲ ਲੈ ਗਏ ਜਿਨ੍ਹਾਂ ਨੂੰ ਵਾਪਸ ਕਰਨ ਅਤੇ ਕੇਸ ਨੂੰ ਖ਼ਤਮ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਸੀ।"

ਅਟਲ ਬਿਹਾਰੀ ਵਾਜਾਪਾਈ ਨੂੰ ਸ਼ਰਧਾਂਜਲੀ ਦੇਣ ਗਏ ਸਵਾਮੀ ਅਗਨੀਵੇਸ਼ ਨਾਲ ਧੱਕਾ-ਮੁੱਕੀ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਭਾਜਪਾ ਮੁੱਖ ਦਫ਼ਤਰ ਨੇੜੇ ਕੁਝ ਲੋਕਾਂ ਨੇ ਧੱਕਾ-ਮੁੱਕੀ ਕੀਤੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲਾ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਧੱਕ-ਮੁੱਕੀ

ਖ਼ਬਰ ਅਨੁਸਾਰ ਸਮਾਜਿਕ ਕਾਰਕੁਨ ਸਵਾਮੀ ਅਗਨੀਵੇਸ਼ ਨੇ ਕਿਹਾ ਧੱਕਾ ਦੇਣ ਵਾਲੇ ਭਾਜਪਾ ਵਰਕਰ ਸਨ। ਉਨ੍ਹਾਂ ਨੇ ਕਿਹਾ ਕਿ ਕਰੀਬ 20-30 ਲੋਕਾਂ ਨੇ ਉਨ੍ਹਾਂ ਨੂੰ ਘੇਰ ਕੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।

79 ਸਾਲਾ ਅਗਨੀਵੇਸ਼ ਨਾਲ ਲੋਕ ਕਿਵੇਂ ਧੱਕਾ-ਮੁੱਕੀ ਕਰਦੇ ਹੋਏ ਸੋਸ਼ਲ ਮੀਡੀਆ ਦੇ ਵੀਡੀਓ ਵੀ ਸ਼ੇਅਰ ਹੋਈ ਹੈ।

ਇਹ ਵੀ ਪੜ੍ਹੋ:

'ਸਾਡੇ ਕੋਲ ਜਿੱਤ ਤੋਂ ਇਲਾਵਾ ਸੋਚਣ ਲਈ ਹੋਰ ਕੋਈ ਬਦਲ ਨਹੀਂ'

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਕਿਹਾ ਹੈ ਕਿ ਸਾਡੇ ਕੋਲ ਜਿੱਤ ਤੋਂ ਇਲਾਵਾ ਕੁਝ ਹੋਰ ਸੋਚਣ ਦਾ ਬਦਲ ਨਹੀਂ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਵਿਰਾਟ ਕੋਹਲੀ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਫਿੱਟ ਹਾਂ

ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਆਪਣੀ ਫਿਟਨੈਸ ਬਾਰੇ ਗੱਲ ਕਰਦਿਆਂ ਕਿਹਾ ਕਿ ਬਿਲਕੁੱਲ ਫਿੱਟ ਹਨ।

ਵਿਰਾਟ ਨੇ ਜਸਪ੍ਰੀਤ ਬੁਮਰਾ ਦੀ ਵਾਪਸੀ ਦੇ ਕਾਫ਼ੀ ਉਤਸ਼ਾਹ ਦਿਖਾਇਆ, ਉਨ੍ਹਾਂ ਨੇ ਕਿਹਾ ਜਸਪ੍ਰੀਤ ਸਾਡੇ ਅਹਿਮ ਗੇਂਦਬਾਜ਼ਾਂ ਵਿਚੋਂ ਇੱਕ ਹਨ।

ਇੰਗਲੈਂਡ ਵਿੱਚ ਟੈਸਟ ਮੈਚ ਖੇਡਣ ਗਈ ਭਾਰਤੀ ਕ੍ਰਿਕਟ ਟੀਮ 5 ਮੈਚਾਂ ਦੀ ਸੀਰੀਜ਼ ਵਿਚੋਂ ਹੁਣ ਤੱਕ ਹੋਏ ਦੋ ਮੈਚ ਹਾਰ ਚੁੱਕੀ ਹੈ ਇਸ ਲਈ ਇਹ ਮੈਚ ਕਾਫੀ ਅਹਿਮ ਹੋ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)