ਕੇਰਲ ਹੜ੍ਹ : ਕੁਦਰਤ ਦੀ ਮਾਰ ਝੱਲ ਰਹੇ ਪੀੜਤਾਂ ਲਈ ਇੰਝ ਹੁੰਦੀ ਹੈ ਲੰਗਰ ਦੀ ਤਿਆਰੀ
- ਰਵਿੰਦਰ ਸਿੰਘ ਰੌਬਿਨ
- ਬੀਬੀਸੀ ਪੰਜਾਬੀ ਲਈ

ਤਸਵੀਰ ਸਰੋਤ, AFP/GETTY IMAGES
ਕੇਰਲ ਵਿੱਚ ਹੜ੍ਹ ਕਾਰਨ ਹੁਣ ਤੱਕ 300 ਤੋਂ ਵੱਧ ਜਾਨਾਂ ਗਈਆਂ ਅਤੇ ਦੋ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਕੇਰਲ ਵਿੱਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਆਏ ਹੜ੍ਹਾਂ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਕੇਰਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਅਤੇ ਕਈ ਸਿੱਖ ਸੰਸਥਾਵਾਂ ਅੱਗੇ ਆਈਆਂ ਹਨ।
ਅਜਿਹੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਰਲ ਵਿੱਚ ਪੀੜਤਾਂ ਲਈ ਖਾਣੇ ਅਤੇ ਦਵਾਈਆਂ ਮੁਹੱਈਆ ਕਰਵਾਏਗੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਮਦਦ ਦੇ ਨਾਲ ਨਾਲ ਅਸੀਂ ਉਥੋਂ ਦੇ ਲੋਕਾਂ ਲਈ ਅਰਦਾਸ ਕਰਦੇ ਹਾਂ ਅਤੇ ਆਸ ਕਰਦੇ ਹਾਂ ਹਾਲਾਤ ਛੇਤੀ ਹੀ ਠੀਕ ਹੋ ਜਾਣਗੇ।
ਲੋਂਗੋਵਾਲ ਨੇ ਭਾਈਚਾਰੇ ਲਈ ਆਪਣੇ ਸੰਦੇਸ਼ ਵਿੱਚ ਕਿਹਾ, "ਜਿਵੇਂ ਕਿ ਸਿੱਖ ਗੁਰੂਆਂ ਨੇ ਹਮੇਸ਼ਾ ਸਰਬਤ ਦੇ ਭਲੇ ਦੀ ਕਾਮਨਾ ਕੀਤੀ ਹੈ ਅਤੇ ਇਸ ਲਈ ਇਹ ਸਾਡਾ ਫਰਜ ਬਣਦਾ ਹੈ ਕਿ ਜੋ ਪਰਿਵਾਰ ਹੜ੍ਹ ਕਾਰਨ ਬੇਘਰ ਹੋ ਗਏ ਹਨ ਜਾਂ ਜਿਨ੍ਹਾਂ ਇਸ ਵਿੱਚ ਆਪਣਿਆਂ ਨੂੰ ਗੁਆਇਆ ਹੈ ਉਨ੍ਹਾਂ ਦੀ ਮਦਦ ਲਈ ਅੱਗੇ ਆਈਏ।"
ਇਹ ਵੀ ਪੜ੍ਹੋ:
ਤਸਵੀਰ ਸਰੋਤ, DALJIT AMI/BBC
ਪ੍ਰਭਾਵਿਤ ਖੇਤਰਾਂ ਲਈ ਲੰਗਰ ਦੀ ਤਿਆਰੀ
ਕਿਸੇ ਵੀ ਕੁਦਰਤੀ ਕਰੋਪੀ ਵੇਲੇ ਅਮ੍ਰਿਤਸਰ ਸਥਿਤ ਦਰਬਾਰ ਸਾਹਿਬ ਦੇ ਲੰਗਰ ਦੀ ਪ੍ਰਬੰਧਕ ਕਮੇਟੀ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ। ਕਸ਼ਮੀਰ ਵਿੱਚ ਸਾਲ 2014 ਵਿੱਚ ਹੜ੍ਹ ਆਏ ਸਨ ਤਾਂ ਕਮੇਟੀ ਨੇ ਅਜਿਹਾ ਹੀ ਕੀਤਾ ਸੀ।
- ਕਮੇਟੀ ਨੇ ਕਸ਼ਮੀਰ ਹੜ੍ਹਾਂ ਦੇ ਪੀੜਤਾਂ ਲਈ ਫੌਜ ਦੇ ਜਹਾਜਾਂ ਰਾਹੀਂ ਕਈ ਕੁਇੰਟਲ ਖਾਣਾ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਇਆ ਸੀ।
- ਇਹ ਲੰਗਰ ਤਿਆਰ ਕਰਨ ਲਈ ਤਕਰੀਬਨ 500 ਲੋਕ ਕੰਮ ਕਰਦੇ ਹਨ। ਇਨ੍ਹਾਂ ਵਿੱਚ ਕਮੇਟੀ ਮੁਲਾਜ਼ਮਾਂ ਸਮੇਤ ਸੇਵਾ ਕਰਨ ਵਾਲੇ ਵੀ ਹੁੰਦੇ ਹਨ।
- ਐਮਰਜੰਸੀ ਦੇ ਹਾਲਾਤਾਂ ਵਿੱਚ ਰੋਟੀਆਂ ਤਿਆਰ ਬਣਾਉਣ ਲਈ ਤਿੰਨ ਮਸ਼ੀਨਾਂ ਹਨ ਜੋ ਇੱਕ ਘੰਟੇ ਵਿੱਚ ਚਾਰ ਕੁਇੰਟਲ ਆਟਾ ਤਿਆਰ ਕਰ ਸਕਦੀਆਂ ਹਨ।
- ਲੰਗਰ ਵਿੱਚ ਇਕੱਠਿਆਂ 12 ਤਵਿਆਂ 'ਤੇ ਰੋਟੀਆਂ ਪਕਾਈਆਂ ਜਾਂਦੀਆਂ ਹਨ। ਹਰ ਤਵੇ ਉੱਤੇ 28 ਰੋਟੀਆਂ ਇਕੱਠਿਆਂ ਬਣਾਈਆਂ ਜਾ ਸਕਦੀਆਂ ਹਨ।
- ਜਿਹੜੇ ਇਲਾਕੇ ਵਿੱਚ ਖਾਣਾ ਭੇਜਣਾ ਹੈ ਉੱਥੇ ਦੇ ਮੌਸਮ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਜ਼ਿਆਦਾ ਦੂਰੀ ਹੋਣ ਕਾਰਨ ਰੋਟੀਆਂ ਸੁੱਕ ਨਾ ਜਾਣ ਇਸ ਲਈ ਦੇਸੀ ਘਿਓ ਦੇ ਪਰਾਂਠੇ, ਸੁੱਕੀ ਸਬਜ਼ੀ ਜਾਂ ਅਚਾਰ ਭੇਜਿਆ ਜਾਂਦਾ ਹੈ।
ਤਸਵੀਰ ਸਰੋਤ, Getty Images
ਪੰਜਾਬ ਸਰਕਾਰ ਵੀ ਅੱਗੇ ਆਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪਾਰਟੀ ਦੇ ਸਾਰੇ ਸੰਸਦ ਮੈਂਬਰ ਤੇ ਵਿਧਾਇਕ ਕੇਰਲ ਦੇ ਹੜ੍ਹ ਪੀੜਤਾਂ ਲਈ ਇੱਕ ਮਹੀਨੇ ਦੀ ਤਨਖਾਹ ਦੇਣਗੇ।
ਸਰਕਾਰ ਦੇ ਬੁਲਾਰੇ ਨੇ ਕਿਹਾ ਹਾ ਕਿ ਇਪੰਜਾਬ ਸਰਕਾਰ ਵੱਲੋਂ 40, 000 ਮਿਟਰਿਕ ਟਨ ਖਾਣ ਪੀਣ ਦੀਆਂ ਵਸਤਾਂ ਕੇਰਲ ਭੇਜੀਆਂ ਜਾ ਚੁੱਕੀਆਂ ਹਨ ਅਤੇ 60, 000 ਮਿਟਰਿਕ ਟਨ ਵਸਤਾਂ ਅੱਜ ਹਲਵਾਰਾ ਹਵਾਈ ਅੱਡੇ ਤੋਂ ਭੇਜੀਾਂ ਜਾ ਰਹੀਆਂ ਹਨ।
ਕੈਪਟਨ ਹੜ੍ਹ ਪ੍ਰਭਾਵਿਤ ਸੂਬੇ ਦੀ ਮਾਲੀ ਮਦਦ ਲਈ ਤੁਰੰਤ 10 ਕਰੋੜ ਦੀ ਰਾਸ਼ੀ ਦਾ ਐਲਾਨ ਕੀਤਾ ਹੈ। ਜਿਸ ਵਿਚੋਂ 5 ਕਰੋੜ ਪੰਜਾਬ ਦੇ ਮੁੱਖ ਮੰਤਰੀ ਫੰਡ ਵਿਚੋਂ ਕੇਰਲਾ ਮੁੱਖ ਮੰਤਰੀ ਵਿੱਚ ਟਰਾਂਸਫਰ ਕਰ ਦਿੱਤੇ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ 17 ਅਗਸਤ ਨੂੰ ਕੀਤੇ ਆਪਣੇ ਟਵੀਟ ਵਿੱਚ ਕਿਹਾ, "ਮੈਂ ਕੇਰਲ 'ਚ ਆਏ ਹੜ੍ਹ ਕਾਰਨ ਚਿੰਤਤ ਹਾਂ। 10 ਕਰੋੜ ਦੀ ਮਾਲੀ ਮਦਦ ਦੇ ਆਦੇਸ਼ ਦੇ ਦਿੱਤੇ ਹਨ"
ਇਹ ਵੀ ਪੜ੍ਹੋ:
ਤਸਵੀਰ ਸਰੋਤ, GETTY IMAGES
ਪੰਜਾਬ ਤੋਂ ਇਲਾਵਾ ਦੇਸ ਭਰ ਤੋਂ ਵੀ ਕਈ ਸਮਾਜ ਸੇਵੀ ਸੰਸਥਾਵਾਂ ਪੀੜਤਾਂ ਨੂੰ ਰਸਦ ਪਹੁੰਚਾਉਣ 'ਚ ਜੁਟੀਆਂ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਪਾਰਟੀ ਦੇ ਐੱਮਪੀ ਅਤੇ ਐੱਮਐੱਲਏ ਆਪਣੀ ਇੱਕ ਮਹੀਨੇ ਦੀ ਤਨਖਾਹ ਕੇਰਲ ਹੜ੍ਹ ਪੀੜਤਾਂ ਨੂੰ ਦੇਣਗੇ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਾਣਕਾਰੀ ਦਿੱਤੀ ਕਿ ਬਿਸਕੁਟ, ਰਸ, ਪਾਣੀਆਂ ਦੀਆਂ ਬੋਲਤਾਂ ਅਤੇ ਸੁੱਕਾ ਦੁੱਧ ਆਦਿ ਇੱਕ-ਦੋ ਦਿਨ ਵਿੱਚ ਛੇਤੀ ਹੀ ਜਹਾਜ਼ ਰਾਹੀਂ ਉੱਥੇ ਪਹੁੰਚਾਇਆ ਜਾਵੇਗਾ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੇਰਲਾ ਵਿੱਚ ਹੜ੍ਹ ਨਾਲ ਹਾਲਾਤ ਹੋਰ ਖ਼ਰਾਬ ਹੋ ਰਹੇ ਹਨ। ਲੋਕਾਂ ਨੂੰ ਘੱਟ ਸਮੇਂ ਵਿੱਚ ਕੋਈ ਰਾਹਤ ਨਹੀਂ ਪਹੁੰਚਾਈ ਜਾ ਸਕਦੀ ਕਿਉਂਕਿ ਅਗਲੇ 24 ਘੰਟਿਆਂ ਵਿੱਚ ਭਾਰੀ ਬਰਸਾਤ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਦੁਬਈ ਦੇ ਵਪਾਰੀ ਅਤੇ ਸਮਾਜ ਸੇਵੀ ਐਸਪੀਐਸ ਓਬਰੋਏ ਨੇ ਕਿਹਾ ਉਹ ਖਾਣ-ਪੀਣ ਵਾਲੀਆਂ ਵਸਤਾਂ ਅਤੇ ਦਵਾਈਆਂ ਆਪਣੀ ਸੰਸਥਾ ਰਾਹੀਂ ਪਹੁੰਚਾਉਣਗੇ।
ਉਨ੍ਹਾਂ ਨੇ ਦੁਨੀਆਂ ਭਰ ਵਿੱਚ ਵਸਦੇ ਪਰਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਰਾਹਤ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ।
ਇਸੇ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਦੀ ਅਪੀਲ 'ਤੇ ਆਈਏਐਸ ਅਧਿਕਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ ਨੂੰ ਦੇਣ ਦਾ ਫ਼ੈਸਲਾ ਲਿਆ ਹੈ।