ਜੇਲ੍ਹ 'ਚ ਬੰਦ ਗੁਰਮੀਤ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਨੇ ਭੇਜੀ 'ਇੱਕ ਟਨ' ਵਧਾਈ

  • ਸਤ ਸਿੰਘ
  • ਬੀਬੀਸੀ ਲਈ ਰੋਹਤਕ ਤੋਂ
ਰਾਮ ਰਹੀਮ

ਤਸਵੀਰ ਸਰੋਤ, AFP/GETTY IMAGES

ਬਲਾਤਕਾਰ ਕੇਸ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਸ ਵਾਰ ਆਪਣਾ ਜਨਮ ਦਿਨ ਜੇਲ੍ਹ ਵਿੱਚ ਮਨਾਇਆ। ਪਰ ਉਨ੍ਹਾਂ ਦੇ ਸਮਰਥਕਾਂ ਨੇ ਇਹ ਇਕੱਲਾਪਣ ਦੂਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

ਰਾਮ ਰਹੀਮ ਦਾ ਲੰਘੀ 15 ਅਗਸਤ ਨੂੰ 51ਵਾਂ ਜਨਮ ਦਿਨ ਸੀ ਅਤੇ ਡੇਰਾ ਪ੍ਰੇਮੀਆਂ ਨੇ ਉਨ੍ਹਾਂ ਦੀ ਬੈਰਕ ਵਧਾਈ ਕਾਰਡਾਂ ਨਾਲ ਭਰ ਦਿੱਤੀ।

ਰੋਹਤਕ ਦੀ ਸੁਨਾਰੀਆ ਜੇਲ੍ਹ ਜਿੱਥੇ ਰਾਮ ਰਹੀਮ ਸਜ਼ਾ ਪੂਰੀ ਕਰ ਰਹੇ ਹਨ ਉਸ ਦੇ ਨਜ਼ਦੀਕੀ ਡਾਕ ਖਾਨੇ ਨੂੰ ਵਧਾਈਆਂ ਦੇ ਪੰਜਾਹ ਥੈਲੇ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ ਹਰੇਕ ਦਾ ਵਜ਼ਨ ਤਕਰੀਬਨ 20 ਕਿੱਲੋ ਸੀ।

ਇਹ ਕਾਰਡ ਸਾਰੇ ਦੇਸ ਵਿੱਚੋਂ ਹੀ ਆਏ ਹਨ ਅਤੇ ਡਾਕ ਖਾਨੇ ਦੇ ਮੁਲਾਜ਼ਮਾਂ ਮੁਤਾਬਕ ਇਹ ਸਿਲਸਿਲਾ ਆਉਂਦੇ ਕੁਝ ਦਿਨ ਵੀ ਜਾਰੀ ਰਹਿ ਸਕਦਾ ਹੈ।

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ,

ਸ਼ਰਾਧਾਲੂਆਂ ਨੇ ਜਨਮ ਦਿਨ ਦੀਆਂ ਵਧਾਈਆਂ ਦੇਣ ਦੇ ਨਾਲ ਹੀ ਰਾਮ ਰਹੀਮ ਦੇ ਜਲਦੀ ਘਰ ਵਾਪਸੀ ਦੀ ਅਰਦਾਸ ਕੀਤੀ ਹੈ।

ਵਧਾਈਆਂ ਦਾ ਭਾਰ ਇੱਕ ਟਨ

ਸੁਨਾਰੀਆ ਦੇ ਪੋਸਟ ਮਾਸਟਰ ਜਗਦੀਸ਼ ਬੁਧਵਰ ਨੇ ਦੱਸਿਆ ਕਿ ਚਾਰ ਦਿਨਾਂ ਵਿੱਚ ਡਾਕ ਖਾਨੇ ਪਹੁੰਚਣ ਵਾਲੀ ਡਾਕ ਦੀ ਸੰਖਿਆ ਕਈ ਗੁਣਾਂ ਵਧ ਗਈ ਹੈ ਜਿਸ ਕਰਕੇ ਕਰਮਚਾਰੀਆਂ ਨੂੰ ਓਵਰ ਟਾਈਮ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ, "ਆਮ ਤੌਰ 'ਤੇ ਅਸੀਂ ਇੱਕ ਵਜੇ ਆਪਣਾ ਕੰਮ ਮੁਕਾ ਲੈਂਦੇ ਹਾਂ ਪਰ ਇੱਕ ਦਿਨ ਮੈਂ 6 ਵਜੇ ਕੰਮ ਮੁਕਾ ਕੇ ਵਿਹਲਾ ਹੋਇਆ ਅਤੇ 80 ਫੀਸਦੀ ਪੈਕਟਾਂ ਉੱਪਰ ਸਿਰਫ ਰਾਮ ਰਹੀਮ ਸਿੰਘ ਇੰਸਾਂ ਦਾ ਹੀ ਪਤਾ ਲਿਖਿਆ ਹੋਇਆ ਸੀ।"

ਇਹ ਵੀ ਪੜ੍ਹੋ꞉

'37 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਲਈ ਇੰਨੀਆਂ ਚਿੱਠੀਆਂ'

ਜਗਦੀਸ਼ ਨੇ ਹੈਰਾਨਗੀ ਪ੍ਰਗਟਾਈ ਕਿ ਆਪਣੀ 37 ਸਾਲ ਦੀ ਨੌਕਰੀ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਕਿਸੇ ਇੱਕ ਵਿਅਕਤੀ ਲਈ ਇੰਨੀ ਡਾਕ ਦੇਖੀ ਹੈ।

ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਜੇ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਪਣੀ ਪ੍ਰਸੰਗਿਕਤਾ ਖੋ ਰਹੇ ਡਾਕ ਖਾਨਿਆਂ ਵਿੱਚ ਮੁੜ ਬਹਾਰ ਆ ਸਕਦੀ ਹੈ।

ਤਸਵੀਰ ਸਰੋਤ, Sat Singh/BBC

ਉਨ੍ਹਾਂ ਦੱਸਿਆ ਕਿ ਸਪੀਡ ਪੋਸਟ ਜਾਂ ਰਜਿਸਟਰੀ ਕਰਵਾਉਣ ਵਾਲੇ ਨੇ 50 ਰੁਪਏ ਤਾਂ ਖਰਚੇ ਹੀ ਹੋਣਗੇ ਨਹੀਂ ਤਾਂ ਆਮ ਕਾਰਡ ਉੱਪਰ ਵੀ 5 ਰੁਪਏ ਦੇ ਟਿਕਟ ਤਾਂ ਜ਼ਰੂਰ ਲਾਏ ਹੋਣਗੇ

ਰੋਹਤਕ ਦੇ ਮੁੱਖ ਡਾਕ ਖਾਨੇ ਤੋਂ ਚਿੱਠੀਆਂ ਲਿਆਉਣ ਵਾਲੇ ਡਾਕੀਏ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਸਾਈਕਲ ਜਾਂ ਬਾਈਕ ਉੱਪਰ ਜਾ ਕੇ ਹੀ ਚਿੱਠੀਆਂ ਲੈ ਆਉਂਦੇ ਸਨ।

ਉਨ੍ਹਾਂ ਦੱਸਿਆ, "ਪਿਛਲੇ ਚਾਰ ਦਿਨਾਂ ਤੋਂ ਮੈਨੂੰ ਡਾਕ ਆਟੋ ਰਿਕਸ਼ੇ ਵਿੱਚ ਲਿਆਉਣੀ ਪੈ ਰਹੀ ਹੈ। ਜਿਸ ਕਰਕੇ ਮੈਂ ਆਪਣੀ ਜ਼ੇਬ੍ਹ ਵਿੱਚੋਂ 500 ਰੁਪਏ ਦੇਣੇ ਪੈ ਰਹੇ ਹਨ।"

ਰਾਮ ਰਹੀਮ ਵੱਲੋਂ ਜ਼ੇਲ੍ਹ ਵਿੱਚ ਇਹ ਚਿੱਠੀਆਂ ਪੜ੍ਹੇ ਜਾਣ ਬਾਰੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਤਾਂ ਚਿੱਠੀਆਂ ਜ਼ੇਲ੍ਹ ਵਿੱਚ ਪਹੁੰਚਾ ਕੇ ਪਾਵਤੀ ਲੈਣਾ ਹੈ ਉਸ ਮਗਰੋਂ ਕੀ ਹੁੰਦਾ ਹੈ ਇਹ ਜ਼ੇਲ੍ਹ ਅਧਿਕਾਰੀਆਂ ਦੀ ਜਿੰਮੇਵਾਰੀ ਹੈ।

ਤਸਵੀਰ ਸਰੋਤ, Sat Singh/BBC

ਹੱਥੀਂ ਬਣਾਏ ਅਤੇ ਡਿਜ਼ਾਈਨਰ ਕਾਰਡ

ਫਟੇ ਲਿਫਾਫਿਆਂ ਵੱਚੋਂ ਝਾਕਦੇ ਕਾਰਡ ਦੇਖ ਕੇ ਲਗਦਾ ਸੀ ਕਿ ਪ੍ਰੇਮੀਆਂ ਨੇ ਮਹਿੰਗੇ ਸਸਤੇ ਸਭ ਕਿਸਮ ਦੇ ਕਾਰਡ ਭੇਜੇ ਸਨ।

ਸ਼ਰਾਧਾਲੂਆਂ ਨੇ ਜਨਮ ਦਿਨ ਦੀਆਂ ਵਧਾਈਆਂ ਦੇਣ ਦੇ ਨਾਲ ਹੀ ਗੁਰਮੀਤ ਰਾਮ ਰਹੀਮ ਦੀ ਜਲਦੀ ਘਰ ਵਾਪਸੀ ਦੀ ਅਰਦਾਸ ਕੀਤੀ ਹੈ।

ਕਈ ਕਾਰਡਾਂ ਉੱਪਰ ਇਤਰ ਛਿੜਕੇ ਹੋਏ ਸਨ ਅਤੇ ਉੱਪਰੋਂ ਲਾਲ ਗੁਲਾਬ ਚਿਪਕਾਏ ਹੋਏ ਸਨ।

ਇਹ ਵੀ ਪੜ੍ਹੋ꞉

ਗੁਰੂਗਰਾਮ ਦੀ ਇੱਕ ਫਰਮ ਵਿੱਚ ਕਰਮਚਾਰੀ ਸੁਖਚਰਨਪ੍ਰੀਤ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਮ ਰਹੀਮ ਨੂੰ ਇੱਕ ਹੱਥੀਂ ਬਣਾਇਆ ਕਾਰਡ ਭੇਜਿਆ ਹੈ।

"ਪਿਛਲੇ ਸਾਲ 25 ਅਗਸਤ 2017 ਨੂੰ ਜੋ ਕੁਝ ਵੀ ਹੋਇਆ ਉਸ ਦੇ ਬਾਵਜੂਦ ਸਾਡੇ ਲਈ ਉਹ ਹਾਲੇ ਵੀ ਸਤਿਕਾਰਤ ਗੁਰੂ ਹਨ। ਮੈਂ ਆਪਣਾ ਪਿਆਰ ਅਤੇ ਆਭਾਰ ਪ੍ਰਗਟਾਉਣ ਲਈ ਉਨ੍ਹਾਂ ਨੂੰ ਕਾਰਡ ਭੇਜਿਆ ਹੈ। ਮੇਰੇ ਹੋਰ ਵੀ ਕਈ ਦੋਸਤਾਂ ਨੇ ਉਨ੍ਹਾਂ ਦੇ ਮੁੜ ਦਰਸ਼ਨ ਕਰ ਸਕਣ ਦੀ ਉਮੀਦ ਨਾਲ ਕੁਰੀਅਰ ਰਾਹੀਂ ਕਾਰਡ ਭੇਜੇ ਹਨ।"

ਤਸਵੀਰ ਸਰੋਤ, Sat Singh/BBC

ਇੱਕ ਹੋਰ ਸ਼ਰਧਾਲੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਪਰ ਕਿਹਾ ਕਿ ਜੋ ਵੀ ਹੋ ਰਿਹਾ ਹੈ ਉਹ 'ਗੁਰੂ' ਦੀ ਮਰਜ਼ੀ ਮੁਤਾਬਕ ਹੀ ਹੋ ਰਿਹਾ ਹੈ ਅਤੇ ਆਪਣਾ ਕੰਮ ਪੂਰਾ ਕਰਕੇ ਉਹ ਪਵਿੱਤਰ ਆਤਮਾ ਵਾਂਗ ਬਾਹਰ ਆ ਜਾਣਗੇ।

ਤਸਵੀਰ ਸਰੋਤ, Sat Singh/BBC

ਜੇਲ੍ਹ ਅਧਿਕਾਰੀ ਕੀ ਕਹਿੰਦੇ ਹਨ

ਰੋਹਤਕ ਜ਼ਿਲ੍ਹਾ ਜ਼ੇਲ੍ਹ ਦੇ ਅਧਿਕਾਰੀਆਂ ਨੇ ਮੰਨਿਆ ਕਿ ਰਾਮ ਰਹੀਮ ਦੇ ਜਨਮ ਦਿਨ ਬਾਰੇ ਬਹੁਤ ਸਾਰੇ ਵਧਾਈ ਕਾਰਡ ਜ਼ੇਲ੍ਹ ਪਹੁੰਚੇ ਹਨ।

ਜੇਲ੍ਹ ਪ੍ਰਸਾਸ਼ਨ ਵੱਲੋਂ ਕਿਸੇ ਵੀ ਪਾਬੰਦੀਸ਼ੁਦਾ ਵਸਤੂ ਦੇ ਰਾਮ ਰਹੀਮ ਤੱਕ ਪਹੁੰਚਣ ਦੀ ਸੰਭਾਵਨਾ ਖਤਮ ਕਰਨ ਲਈ ਸਾਰੀਆਂ ਚਿੱਠੀਆਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਹਰਿਆਣਾ ਜ਼ੇਲ੍ਹ ਮੈਨੂਅਲ ਉੱਪਰ ਅਮਲ ਕੀਤਾ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਮੁਤਾਬਕ ਰਾਮ ਰਹੀਮ ਪਿਛਲੇ ਚਾਰ ਦਿਨਾਂ ਤੋਂ ਆਪਣੇ ਸ਼ਰਧਾਲੂਆਂ ਦੇ ਵਧਾਈ ਸੰਦੇਸ਼ ਪੜ੍ਹਨ ਵਿੱਚ ਮਸ਼ਗੂਲ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)