ਅੱਵਲ ਗੌਲਫਰ ਖਿਡਾਰਨ ਦੀਕਸ਼ਾ ਦਾ ਨਿਸ਼ਾਨਾ ਏਸ਼ੀਆਈ ਗੌਲਡ ਵੱਲ

  • ਗੁਰਪ੍ਰੀਤ ਕੌਰ
  • ਬੀਬੀਸੀ ਪੱਤਰਕਾਰ
ਦੀਕਸ਼ਾ

ਤਸਵੀਰ ਸਰੋਤ, DIKSHA DAGAR/BBC

ਤਸਵੀਰ ਕੈਪਸ਼ਨ,

ਦੀਕਸ਼ਾ ਖੱਬੇ ਹੱਥ ਦਾ ਖਿਡਾਰਨ ਹੋਣਾ ਵੀ ਇੱਕ ਵੱਡੀ ਚੁਣੌਤੀ ਹੈ

ਦੀਕਸ਼ਾ ਦੇ ਪਿਤਾ ਨੇ ਪੈਨ ਚੁੱਕਿਆ ਅਤੇ ਕੁਝ ਲਿਖ ਕੇ ਦੀਕਸ਼ਾ ਵੱਲ ਵਧਾਇਆ। ਦੀਕਸ਼ਾ ਨੇ ਕਾਗਜ਼ 'ਤੇ ਲਿਖਿਆ ਹੋਇਆ ਪੜ੍ਹਿਆ ਅਤੇ ਨਜ਼ਰ ਮੈਦਾਨ 'ਤੇ ਰੱਖੀ ਗੌਲਫ ਬਾਲ 'ਤੇ ਟਿਕਾ ਲਈ।

ਪੂਰਾ ਧਿਆਨ ਲਗਾ ਕੇ ਦੀਕਸ਼ਾ ਨੇ ਸ਼ੌਟ ਲਗਾਇਆ। ਇਹ ਸ਼ੌਟ ਪੂਰਾ ਉਸੇ ਤਰੀਕੇ ਨਾਲ ਲਗਾਇਆ ਗਿਆ ਜਿਸ ਤਰ੍ਹਾਂ ਦੀਕਸ਼ਾ ਦੇ ਪਿਤਾ ਨੇ ਕਾਗਜ਼ 'ਤੇ ਲਿਖ ਕੇ ਦਿੱਤਾ ਸੀ।

ਜਿੰਨੀ ਸ਼ਾਨਦਾਰ ਸ਼ੌਟ ਦੀ ਆਵਾਜ਼ ਸੀ ਉੰਨੀ ਜ਼ਬਰਦਸਤ ਸ਼ੌਟ ਦੀ ਤਾਰੀਫ਼ ਵਿੱਚ ਵੱਜੀਆਂ ਤਾਲੀਆਂ ਵੀ ਸਨ ਪਰ ਦੀਕਸ਼ਾ ਨੇ ਨਾ ਤਾਂ ਸ਼ੌਟ ਦੀ ਆਵਾਜ਼ ਸੁਣੀ ਅਤੇ ਨਾ ਹੀ ਤਾਲੀਆਂ ਦੀ।

ਦਰਅਸਲ ਦੀਕਸ਼ਾ ਸੁਣ ਨਹੀਂ ਸਕਦੀ। ਸੁਣਨ ਵਾਸਤੇ ਦੀਕਸ਼ਾ ਨੂੰ ਕੰਨਾਂ ਵਿੱਚ ਮਸ਼ੀਨ ਲਗਾਉਣੀ ਪੈਂਦੀ ਹੈ ਜਿਸ ਤੋਂ ਬਾਅਦ ਉਹ 60-70 ਫੀਸਦ ਤੱਕ ਸੁਣ ਸਕਦੀ ਹੈ ਪਰ ਉਸ ਦਿਨ ਮੈਦਾਨ 'ਤੇ ਉਮਸ ਹੋਣ ਕਰਕੇ ਉਹ ਕੰਨਾਂ ਵਿੱਚ ਮਸ਼ੀਨ ਨਹੀਂ ਲਗਾ ਸਕੀ ਸੀ।

ਇਹ ਵੀ ਪੜ੍ਹੋ:

ਕੰਨਾਂ ਨਾਲ ਨਾ ਸੁਣਨਾ ਦੀਕਸ਼ਾ ਦੀ ਕਾਮਯਾਬੀ ਹਾਸਿਲ ਕਰਨ ਦੀ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਿਆ।

ਆਪਣੇ ਇਸੇ ਬੁਲੰਦ ਹੌਂਸਲੇ ਅਤੇ ਜਿੱਤ ਦੇ ਜਜ਼ਬੇ ਨਾਲ ਦੀਕਸ਼ਾ ਜਕਾਰਤਾ ਵਿੱਚ ਹੋ ਰਹੇ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈ ਰਹੀ ਹੈ।

ਦਿੱਲੀ ਦੀ ਰਹਿਣ ਵਾਲੀ ਦੀਕਸ਼ਾ 23 ਤੋਂ 26 ਅਗਸਤ ਤੱਕ ਗੌਲਫ ਦੇ ਮੈਦਾਨ ਵਿੱਚ ਆਪਣੇ ਹੁਨਰ ਦੀ ਅਜ਼ਮਾਇਸ਼ ਕਰੇਗੀ।

ਟੀਮ ਈਵੈਂਟ ਦੇ ਨਾਲ-ਨਾਲ ਉਹ ਏਕਲ ਮੁਕਾਬਲਿਆਂ ਵਿੱਚ ਵੀ ਭਾਰਤ ਨੂੰ ਮਹਿਲਾ ਗੌਲਫ ਦਾ ਪਹਿਲਾ ਮੈਡਲ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰੇਗੀ।

ਤਸਵੀਰ ਸਰੋਤ, DIKSHA DAGAR

ਤਸਵੀਰ ਕੈਪਸ਼ਨ,

ਦੀਕਸ਼ਾ ਗੌਲਫ ਤੋਂ ਇਲਾਵਾ ਕਈ ਹੋਰ ਖੇਡ ਵੀ ਸ਼ੌਕ ਵਜੋਂ ਖੇਡਦੀ ਹੈ

ਇਨ੍ਹਾਂ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਸਾਹਮਣੇ ਜਪਾਨ, ਦੱਖਣੀ ਕੋਰੀਆ, ਚੀਨੀ ਤਾਈਪੇ ਅਤੇ ਥਾਈਲੈਂਡ ਵਰਗੀ ਟੀਮਾਂ ਦੀ ਚੁਣੌਤੀ ਹੋਵੇਗੀ।

ਤਿੰਨ ਸਾਲ ਤੱਕ ਉਹ ਅਮੈਚਿਓਰ ਗੋਲਫਰ ਰਹਿ ਚੁੱਕੀ ਹੈ। 17 ਸਾਲ ਦੀ ਦੀਕਸ਼ਾ ਡਾਗਰ ਤੋਂ ਦੇਸ ਨੂੰ ਬਹੁਤ ਉਮੀਦ ਹੈ। ਉਨ੍ਹਾਂ ਦੀਆਂ ਤਮਾਮ ਉਪਲਬਧੀਆਂ ਉਨ੍ਹਾਂ ਦੀ ਕਾਬਲੀਅਤ ਦੀ ਸਾਫ਼ ਤਸਵੀਰ ਪੇਸ਼ ਕਰਦੀਆਂ ਹਨ।

ਸੁਣਨ ਲਈ ਹੁਣ ਉਨ੍ਹਾਂ ਕੋਲ ਬਿਹਤਰ ਤਕਨੀਕ ਵਾਲੀ ਮਸ਼ੀਨ ਹੈ ਜੋ ਛੇਤੀ ਖਰਾਬ ਨਹੀਂ ਹੁੰਦੀ ਹੈ।

6 ਸਾਲ ਦੀ ਉਮਰ ਵਿੱਚ ਸਿੱਖਿਆ ਗੋਲਫ

ਦੀਕਸ਼ਾ ਦੇ ਵੱਡੇ ਭਰਾ ਯੋਗੇਸ਼ ਵੀ ਨਹੀਂ ਸੁਣ ਸਕਦੇ ਹਨ ਇਸ ਲਈ ਜਨਮ ਦੇ ਪਹਿਲਾਂ ਤੋਂ ਹੀ ਦੀਕਸ਼ਾ ਨੂੰ ਲੈ ਕੇ ਉਸਦੇ ਮਾਪਿਆਂ ਦੇ ਮਨ ਵਿੱਚ ਕਈ ਖਦਸ਼ੇ ਸਨ।

ਉਨ੍ਹਾਂ ਦੇ ਪਿਤਾ ਕਰਨਲ ਨਰਿੰਦਰ ਡਾਗਰ ਦੱਸਦੇ ਹਨ, "ਇਹ ਜਾਣ ਕੇ ਪੂਰਾ ਪਰਿਵਾਰ ਬਹੁਤ ਪ੍ਰੇਸ਼ਾਨ ਹੋ ਗਿਆ ਸੀ ਪਰ ਮੈਂ ਅਤੇ ਮੇਰੀ ਪਤਨੀ ਨੇ ਫੈਸਲਾ ਕੀਤਾ ਕਿ ਅਸੀਂ ਅਪਾਹਜ ਹੋਣ ਨੂੰ ਬੱਚਿਆਂ ਦੀ ਕਮਜ਼ੋਰੀ ਨਹੀਂ ਬਣਨ ਦੇਵਾਂਗੇ।''

ਕਰਨਲ ਡਾਗਰ ਖੁਦ ਗੌਲਫ ਦੇ ਖਿਡਾਰੀ ਰਹਿ ਚੁੱਕੇ ਹਨ। ਫੌਜ ਵਿੱਚ ਰਹਿੰਦਿਆਂ ਉਨ੍ਹਾਂ ਨੇ ਇਸ ਖੇਡ ਦੇ ਗੁਰ ਸਿੱਖੇ।

ਪਿਤਾ ਨੂੰ ਗੌਲਫ ਖੇਡਦਿਆਂ ਦੇਖ ਦੀਕਸ਼ਾ ਨੂੰ ਵੀ ਗੌਲਫ ਨਾਲ ਪਿਆਰ ਹੋ ਗਿਆ ਅਤੇ 6 ਸਾਲ ਦੀ ਉਮਰ ਵਿੱਚ ਉਸ ਨੇ ਗੌਲਫ ਸਟਿੱਕ ਫੜ੍ਹ ਲਈ।

ਤਸਵੀਰ ਸਰੋਤ, DIKSHA DAGAR

ਤਸਵੀਰ ਕੈਪਸ਼ਨ,

ਦੀਕਸ਼ਾ ਦੇ ਪਿਤਾ ਵੀ ਸਾਬਕਾ ਗੌਲਫ ਖਿਡਾਰੀ ਰਹਿ ਚੁੱਕੇ ਹਨ

ਦੀਕਸ਼ਾ ਨੂੰ ਉਨ੍ਹਾਂ ਦੇ ਪਿਤਾ ਨੇ ਹੀ ਗੌਲਫ ਦੀ ਟਰੇਨਿੰਗ ਦਿੱਤੀ। ਇਸੇ ਵਿਚਾਲੇ ਆਪ੍ਰੇਸ਼ਨ ਦੀ ਮਦਦ ਨਾਲ ਦੀਕਸ਼ਾ ਦਾ ਕੋਕਲਿਅਰ ਇਮਪਲਾਂਟ ਹੋਇਆ।

ਇਸ ਆਪ੍ਰੇਸ਼ਨ ਦੇ ਜ਼ਰੀਏ ਉਨ੍ਹਾਂ ਦੇ ਕੰਨਾਂ ਵਿੱਚ ਇੱਕ ਮਸ਼ੀਨ ਲਗਾ ਦਿੱਤੀ ਗਈ ਜਿਸਦੀ ਮਦਦ ਨਾਲ ਦੀਕਸ਼ਾ 60-70 ਫੀਸਦੀ ਸੁਣ ਸਕਦੀ ਸੀ।

ਦੀਕਸ਼ਾ ਨੇ ਸਪੀਚ ਥੈਰਪੀ ਦੀ ਮਦਦ ਨਾਲ ਬੋਲਣਾ ਸਿੱਖਿਆ।

ਉਨ੍ਹਾਂ ਦੇ ਪਿਤਾ ਦੱਸਦੇ ਹਨ, "ਦੀਕਸ਼ਾ ਮਸ਼ੀਨ ਦੀ ਮਦਦ ਨਾਲ ਆਵਾਜ਼ ਸੁਣ ਸਕਦੀ ਹੈ ਪਰ ਇਸ ਦੀ ਵੀ ਕੁਝ ਹੱਦਾਂ ਹਨ। ਜੇ ਉਨ੍ਹਾਂ ਦੀਆਂ ਨਜ਼ਰਾਂ ਕਿਸੇ ਨਾਲ ਨਹੀਂ ਮਿਲ ਰਹੀਆਂ ਤਾਂ ਉਸ ਨੂੰ ਆਵਾਜ਼ ਸੁਣਨ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ।''

ਤਸਵੀਰ ਸਰੋਤ, DIKSHA DAGAR

ਤਸਵੀਰ ਕੈਪਸ਼ਨ,

ਦੀਕਸ਼ਾ ਦੀ ਕਾਮਯਾਬੀ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਅਹਿਮ ਭੂਮਿਕਾ ਨਿਭਾਈ ਹੈ

"ਕੋਈ ਆਮ ਬੱਚਾ ਜੇ 10 ਕਦਮ ਅੱਗੇ ਚਲਾ ਜਾਵੇ ਤਾਂ ਉਸ ਨੂੰ ਆਵਾਜ਼ ਦੇ ਕੇ ਬੁਲਾਇਆ ਜਾ ਸਕਦਾ ਹੈ ਪਰ ਜੇ ਦੀਕਸ਼ਾ ਅੱਗੇ ਵਧ ਜਾਵੇ ਤਾਂ ਉਸ ਨੂੰ ਹੱਥ ਨਾਲ ਛੂਹ ਕੇ ਰੋਕਣਾ ਪੈਂਦਾ ਹੈ।''

12 ਸਾਲ ਦੀ ਉਮਰ ਵਿੱਚ ਪਹਿਲਾ ਮੈਚ

ਦੀਕਸ਼ਾ ਨੇ ਆਪਣੀ ਸਰੀਰਕ ਚੁਣੌਤੀ ਨੂੰ ਕਦੇ ਵੀ ਆਪਣੇ ਕੰਮ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ।

ਉਸ ਨੇ ਹਮੇਸ਼ਾ ਆਮ ਬੱਚਿਆਂ ਨਾਲ ਹੀ ਆਪਣੀ ਪੜ੍ਹਾਈ ਕੀਤੀ ਅਤੇ ਗੌਲਫ ਵੀ ਆਮ ਖਿਡਾਰੀਆਂ ਨਾਲ ਹੀ ਖੇਡਿਆ।

ਇਹ ਵੀ ਪੜ੍ਹੋ:

ਕਰਿਅਰ ਦਾ ਪਹਿਲਾ ਮੈਚ ਉਸ ਨੇ 12 ਸਾਲ ਦੀ ਉਮਰ ਵਿੱਚ ਇੰਡੀਅਨ ਗੌਲਫ ਯੂਨੀਅਨ ਨੈਸ਼ਨਲ ਸਬ ਜੂਨੀਅਰ ਸਰਕਿਟ ਵਿੱਚ ਖੇਡਿਆ ਸੀ।

ਇਸ ਤੋਂ ਬਾਅਦ ਉਸ ਦੇ ਕਰੀਅਰ ਦੀ ਗੱਡੀ ਤੇਜ਼ ਸਪੀਡ 'ਤੇ ਦੌੜ ਪਈ।

ਗੋਲਫ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੀਕਸ਼ਾ ਅੰਡਰ 15 ਅਤੇ ਅੰਡਰ 18 ਦੀ ਨੰਬਰ ਵਨ ਅਮੈਚਿਓਰ ਗੌਲਫਰ ਬਣ ਗਈ।

ਤਸਵੀਰ ਸਰੋਤ, DIKSHA DAGAR

ਤਸਵੀਰ ਕੈਪਸ਼ਨ,

ਦੀਕਸ਼ਾ ਵਾਂਗ ਵੀ ਉਨ੍ਹਾਂ ਦੇ ਭਰਾ ਵੀ ਨਹੀਂ ਸੁਣ ਸਕਦੇ ਹਨ

ਲੇਡੀਜ਼ ਅਮੈਚਿਓਰ ਗੌਲਫਰ ਦੀ ਸੂਚੀ ਵਿੱਚ ਉਹ ਸਾਲ 2015 ਤੋਂ ਲਗਾਤਾਰ ਪਹਿਲੇ ਨੰਬਰ 'ਤੇ ਬਣੀ ਹੋਈ ਹੈ।

ਘਰੇਲੂ ਮੁਕਾਬਲਿਆਂ ਤੋਂ ਇਲਾਵਾ ਉਨ੍ਹਾਂ ਨੇ ਕਈ ਕੌਮਾਂਤਰੀ ਮੁਕਾਬਲੇ ਵੀ ਖੇਡੇ ਹਨ।

ਦੇਸ ਤੋਂ ਬਾਹਰ ਉਨ੍ਹਾਂ ਦਾ ਪਹਿਲਾ ਮੁਕਾਬਲਾ ਸਿੰਗਾਪੁਰ ਵਿੱਚ ਹੋਇਆ ਸੀ।

ਇੱਥੇ ਲੇਡੀਜ਼ ਅਮੈਚਿਓਰ ਓਪਨ ਗੌਲਫ ਮੁਕਾਬਲਿਆਂ ਵਿੱਚ ਭਾਰਤ ਦੀ ਟੀਮ ਨੇ ਜਿੱਤ ਦਰਜ ਕੀਤੀ ਸੀ ਅਤੇ ਏਕਲ ਮੁਕਾਬਲਿਆਂ ਵਿੱਚ ਦੀਕਸ਼ਾ ਅੱਵਲ ਰਹੀ ਸੀ।

ਤਸਵੀਰ ਸਰੋਤ, DIKSHA DAGAR

ਤਸਵੀਰ ਕੈਪਸ਼ਨ,

ਦੀਕਸ਼ਾ 2015 ਤੋਂ ਨੰਬਰ ਵਨ ਏਸ਼ੀਆਈ ਲੇਡੀਜ਼ ਐਮਚਿਓਰ ਖਿਡਾਰਨ ਹੈ

ਕਿਸੇ ਕੌਮਾਂਤਰੀ ਗੌਲਫ ਮੈਦਾਨ 'ਤੇ ਭਾਰਤੀ ਮਹਿਲਾ ਗੋਲਫ ਟੀਮ ਦੀ ਇਹ ਪਹਿਲੀ ਜਿੱਤ ਸੀ।

ਸਿਰਫ ਦੋ ਮੁਕਾਬਲਿਆਂ ਨੂੰ ਛੱਡ ਕੇ ਦੀਕਸ਼ਾ ਨੇ ਸਾਰੇ ਮੁਕਾਬਲੇ ਆਮ ਖਿਡਾਰੀਆਂ ਖਿਲਾਫ ਖੇਡੇ ਹਨ।

ਤੁਰਕੀ ਵਿੱਚ ਖੇਡੇ ਗਏ ਡੈੱਫ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਦੇਸ ਨੂੰ ਸਿਲਵਰ ਮੈਡਲ ਜਿਤਾਇਆ ਸੀ।

ਏਸ਼ੀਅਨ ਗੇਮਜ਼ ਤੋਂ ਬਾਅਦ ਉਹ ਆਇਰਲੈਂਡ ਵਿੱਚ ਹੋਣ ਵਾਲੇ ਵਿਸ਼ਵ ਚੈਂਪੀਅਨਸ਼ਿਪ 2018 ਵਿੱਚ ਹਿੱਸਾ ਲਵੇਗੀ।

ਗੌਲਫ ਨਾਲ ਪਿਆਰ

ਦੀਕਸ਼ਾ ਟੈਨਿਸ, ਬੈਡਮਿੰਟਨ ਅਤੇ ਤੈਰਾਕੀ ਵਰਗੀ ਖੇਡਾਂ ਵੀ ਖੇਡਦੀ ਹੈ ਪਰ ਗੋਲਫ ਨਾਲ ਉਸ ਨੂੰ ਵੱਧ ਪਿਆਰ ਹੈ ਇਸ ਲਈ ਉਸ ਨੇ ਗੌਲਫ ਨੂੰ ਕਰਿਅਰ ਵਜੋਂ ਚੁਣਿਆ।

ਤਸਵੀਰ ਸਰੋਤ, DIKSHA DAGAR

ਤਸਵੀਰ ਕੈਪਸ਼ਨ,

ਦੀਕਸ਼ਾ ਕੰਨ ਦੀ ਮਸ਼ੀਨ ਨਾਲ 60-70 ਫੀਸਦ ਤੱਕ ਸੁਣ ਸਕਦੀ ਹੈ

ਦੀਕਸ਼ਾ ਨੇ ਕਿਹਾ, "ਗੌਲਫ ਸ਼ਾਂਤੀ ਦਾ ਖੇਡ ਹੈ ਅਤੇ ਦਿਮਾਗ ਨਾਲ ਖੇਡਿਆ ਜਾਂਦਾ ਹੈ ਇਸ ਲਈ ਮੈਨੂੰ ਇਹ ਬਹੁਤ ਪਸੰਦ ਹੈ। ਦੂਰ-ਦੂਰ ਤੱਕ ਫੈਲੇ ਗੌਲਫ ਦੇ ਮੈਦਾਨ ਮੈਨੂੰ ਬਹੁਤ ਚੰਗੇ ਲਗਦੇ ਹਨ। ਜਦੋਂ ਗੇਮ ਵਿੱਚ ਜ਼ਿਆਦਾ ਚੈਂਲੇਜ ਹੁੰਦਾ ਹੈ ਤਾਂ ਮੈਨੂੰ ਉਸ ਵੇਲੇ ਹੋਰ ਮਜ਼ਾ ਆਉਂਦਾ ਹੈ।''

ਕੀ ਸਨ ਚੁਣੌਤੀਆਂ?

ਬੇਸ਼ਕ ਚੁਣੌਤੀਆਂ ਅਜੇ ਵੀ ਹਨ। ਖੇਡ ਦੇ ਮੈਦਾਨ ਵਿੱਚ ਵੀ ਅਤੇ ਜ਼ਿੰਦਗੀ ਦੇ ਦੂਜੇ ਮੋਰਚਿਆਂ 'ਤੇ ਵੀ।

ਦੀਕਸ਼ਾ ਅਮੈਚਿਓਰ ਗੌਲਫਰ ਹੈ। ਕਿਸੇ ਪ੍ਰੋਫੈਸ਼ਨਲ ਗੌਲਫਰ ਵਾਂਗ ਮੈਚ ਜਿੱਤਣ 'ਤੇ ਉਸ ਨੂੰ ਪੈਸੇ ਨਹੀਂ ਮਿਲਦੇ ਪਰ ਇੰਡੀਅਨ ਗੌਲਫ ਯੂਨੀਅਨ ਅਤੇ ਫੌਜ ਉਨ੍ਹਾਂ ਦੀ ਮਦਦ ਕਰਦੀ ਹੈ।

ਤਸਵੀਰ ਸਰੋਤ, DIKSHA DAGAR

ਤਸਵੀਰ ਕੈਪਸ਼ਨ,

ਦੀਕਸ਼ਾ ਨੇ ਗੌਲਫ ਦੀ ਟਰੇਨਿੰਗ ਆਪਣੇ ਪਿਤਾ ਤੋਂ ਲਈ ਹੈ

ਪਰ ਇਹ ਮਦਦ ਕਾਫੀ ਨਹੀਂ ਹੈ ਕਿਉਂਕਿ ਗੌਲਫ ਕਾਫੀ ਮਹਿੰਗਾ ਖੇਡ ਹੈ। ਦੇਸ ਵਿੱਚ ਹੋਣ ਵਾਲੇ ਕਿਸੇ ਵੀ ਟੂਰਨਾਮੈਂਟ ਲਈ ਤਕਰੀਬਨ 35-40 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ ਅਤੇ ਸਾਲ ਵਿੱਚ ਅਜਿਹੇ 20 ਤੋਂ ਵੱਧ ਇਵੈਂਟ ਹੁੰਦੇ ਹਨ।

ਪੈਸੇ ਤੋਂ ਇਲਾਵਾ ਦੀਕਸ਼ਾ ਦੇ ਸਾਹਮਣੇ ਇੱਕ ਹੋਰ ਚੁਣੌਤੀ ਹੈ ਉਸ ਦਾ ਖੱਬੇ ਹੱਥ ਦਾ ਖਿਡਾਰੀ ਹੋਣਾ। ਖੱਬੇ ਹੱਥ ਦੇ ਗੌਲਫ ਖਿਡਾਰੀਆਂ ਲਈ ਗੋਲਫ ਕਿਟ ਕਾਫੀ ਮਹਿੰਗੀ ਹੁੰਦੀ ਹੈ ਅਤੇ ਆਸਾਨੀ ਨਾਲ ਨਹੀਂ ਮਿਲਦੀ ਹੈ। ਇਹ ਗੌਲਫ ਕਿਟ 3 ਲੱਖ ਰੁਪਏ ਦੀ ਆਉਂਦੀ ਹੈ।

ਕੰਨ ਦੀ ਮਸ਼ੀਨ ਦੀਆਂ ਹੱਦਾਂ

ਦੀਕਸ਼ਾ ਕੋਲ ਸੁਣਨ ਲਈ ਸਭ ਤੋਂ ਬਿਹਤਰ ਤਕਨੀਕ ਵਾਲੀ ਮਸ਼ੀਨ ਹੈ ਪਰ ਇਸ ਮਸ਼ੀਨ ਦੀ ਵੀ ਆਪਣੀਆਂ ਕੁਝ ਹੱਦਾਂ ਹਨ। ਜਿਵੇਂ ਬੈਟਰੀ ਖ਼ਤਮ ਹੁੰਦੇ ਹੀ ਦੀਕਸ਼ਾ ਦੀ ਜ਼ਿੰਦਗੀ ਫਿਰ ਸੁੰਨਸਾਨ ਹੋ ਜਾਂਦੀ ਹੈ ਅਤੇ ਉਹ ਕੁਝ ਨਹੀਂ ਸੁਣ ਸਕਦੀ।

ਇਹ ਵੀ ਪੜ੍ਹੋ:

ਇੱਕ ਘਟਨਾ ਨੂੰ ਯਾਦ ਕਰਦੇ ਹੋਏ ਪਿਤਾ ਕਰਨਲ ਡਾਗਰ ਦੱਸਦੇ ਹਨ ਕਿ ਉਹ ਕਿਸੇ ਗੱਲ ਤੋਂ ਦੀਕਸ਼ਾ ਤੋਂ ਨਾਰਾਜ਼ ਹੋ ਗਏ ਸਨ। ਨਾਰਾਜ਼ਗੀ ਵਿੱਚ ਉਨ੍ਹਾਂ ਨੇ ਦੀਕਸ਼ਾ ਨੂੰ ਬਹੁਤ ਡਾਂਟਿਆ ਪਰ ਦੀਕਸ਼ਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ ਦਿੱਤੀ।

ਤਸਵੀਰ ਸਰੋਤ, DIKSHA DAGAR

ਤਸਵੀਰ ਕੈਪਸ਼ਨ,

ਦੀਕਸ਼ਾ ਨੇ 6 ਸਾਲ ਦੀ ਉਮਰ ਵਿੱਚ ਗੌਲਫ ਸਟੀਕ ਫੜੀ ਸੀ

ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਦੀਕਸ਼ਾ ਦੀ ਮਸ਼ੀਨ ਦੀ ਬੈਟਰੀ ਖ਼ਤਮ ਹੋ ਚੁੱਕੀ ਸੀ ਜਿਸ ਦੇ ਕਾਰਨ ਉਹ ਡਾਂਟ ਦਾ ਇੱਕ ਵੀ ਹਿੱਸਾ ਨਹੀਂ ਸੁਣ ਸਕੀ।

ਉਨ੍ਹਾਂ ਨੇ ਹੱਸਦੇ ਹੋਏ ਕਿਹਾ, "ਗੁੱਸਾ ਉਤਰਨ ਤੋਂ ਬਾਅਦ ਮੈਂ ਸੋਚਿਆ ਕਿ ਠੀਕ ਹੀ ਹੈ ਜੋ ਨਹੀਂ ਸੁਣਿਆ। ਪਰ ਕਈ ਵਾਰ ਅਸੀਂ ਇੱਕ ਗੱਲ ਵਾਰ-ਵਾਰ ਕਹਿੰਦੇ ਹਾਂ ਤਾਂ ਉਹ ਪ੍ਰੇਸ਼ਾਨ ਹੋ ਕੇ ਕਹਿਣ ਲੱਗਦੀ ਹੈ ਕਿ ਕਿੰਨੀ ਵਾਰ ਕਹੋਗੇ ਪਾਪਾ, ਮੈਂ ਸੁਣ ਲਿਆ।''

ਪੜ੍ਹਾਈ ਵਿੱਚ ਰੁਕਾਵਟ

ਦੀਕਸ਼ਾ 12ਵੀਂ ਦੀ ਵਿਦਿਆਰਥਣ ਹੈ ਪਰ ਆਪਣੇ ਟੂਰਨਾਮੈਂਟ ਕਾਰਨ ਉਸ ਨੂੰ ਵੱਖ-ਵੱਖ ਥਾਂਵਾਂ 'ਤੇ ਜਾਣਾ ਪੈਂਦਾ ਹੈ ਜਿਸ ਕਾਰਨ ਉਹ ਰੋਜ਼ਾਨਾ ਸਕੂਲ ਨਹੀਂ ਜਾ ਸਕਦੀ।

ਤਸਵੀਰ ਸਰੋਤ, DIKSHA DAGAR

ਤਸਵੀਰ ਕੈਪਸ਼ਨ,

ਖੱਬੇ ਹੱਥ ਦੀ ਖਿਡਾਰਨ ਹੋਣ ਕਰਕੇ ਦੀਕਸ਼ਾ ਨੂੰ ਗੋਲਫ ਕਿਟ ਲਈ ਕਾਫੀ ਪੈਸੇ ਖਰਚਣੇ ਪੈਂਦੇ ਹਨ

ਇਹੀ ਕਾਰਨ ਹੈ ਕਿ ਦੀਕਸ਼ਾ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੀ ਪ੍ਰੋਫੈਸ਼ਨਲ ਬਣਨਾ ਚਾਹੁੰਦੀ ਹੈ। 18 ਸਾਲ ਦੀ ਉਮਰ ਵਿੱਚ ਉਹ ਪ੍ਰੋਫੈਸ਼ਨਲ ਗੌਲਫਰ ਬਣ ਸਕਦੀ ਹੈ। ਦੀਕਸ਼ਾ ਨੇ ਸਾਬਿਤ ਕੀਤਾ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ ਹੈ।

ਕਰਨਲ ਡਾਗਰ ਚਾਹੁੰਦੇ ਸੀ ਕਿ ਉਨ੍ਹਾਂ ਦੀ ਧੀ ਦੀਕਸ਼ਾ ਏਸ਼ੀਅਨ ਗੇਮਜ਼ ਦੇ ਨਾਲ-ਨਾਲ ਅਗਲੇ ਓਲੰਪਿਕ ਵਿੱਚ ਵੀ ਦੇਸ ਲਈ ਮੈਡਲ ਲਿਆਏ।

ਉਹ ਚਾਹੁੰਦੇ ਹਨ ਕਿ ਲੋਕ ਦੀਕਸ਼ਾ ਦੀ ਸਰੀਰਕ ਦਿੱਕਤ ਦੀ ਨਹੀਂ, ਬਲਕਿ ਉਸ ਦੀ ਕਾਬਲੀਅਤ ਦੀ ਗੱਲ ਕਰਨ।

ਉਹ ਦੂਜੇ ਮਾਪਿਆਂ ਨੂੰ ਸਲਾਹ ਦਿੰਦੇ ਹਨ ਕਿ ਬੱਚੇ ਤੋਂ ਉਮੀਦਾਂ ਲਗਾਉਣ ਤੋਂ ਪਹਿਲਾਂ ਉਸ ਨੂੰ ਕਾਬਿਲ ਬਣਾਉਣ ਵਿੱਚ ਮਦਦ ਕਰਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)