ਕੁਲਦੀਪ ਨਈਅਰ ਦੀ ਕੀ ਸੀ ਮੋਦੀ ਸਰਕਾਰ ਬਾਰੇ ਰਾਏ

ਕੁਲਦੀਪ ਨਈਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੁਲਦੀਪ ਨਈਅਰ ਨੇ ਕਈ ਕਿਤਾਬਾਂ ਵੀ ਲਿਖੀਆਂ, ਜਿਵੇਂ ਕਿ 'ਬਿਟਵੀਨ ਦਿ ਲਾਈਨਜ਼' ਅਤੇ 'ਇੰਡੀਆ ਆਫ਼ਟਰ ਨਹਿਰੂ'

ਪੱਤਰਕਾਰ ਕੁਲਦੀਪ ਨਈਅਰ ਦਾ ਬੁੱਧਵਾਰ ਰਾਤ ਨੂੰ ਦਿੱਲੀ ਵਿਖੇ 95 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ।

ਉਨ੍ਹਾਂ ਦਾ ਜਨਮ ਸਿਆਲਕੋਟ (ਹੁਣ ਪਾਕਿਸਤਾਨ 'ਚ) ਵਿੱਚ 1923 'ਚ ਹੋਇਆ। ਨਈਅਰ ਐਮਰਜੈਂਸੀ (1975-77) ਦੌਰਾਨ ਗ੍ਰਿਫਤਾਰ ਕੀਤੇ ਗਏ ਪਹਿਲੇ ਪੱਤਰਕਾਰ ਸਨ।

ਉਨ੍ਹਾਂ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਅਤੇ ਟਵਿੱਟਰ ਉੱਪਰ ਲਿਖਿਆ, "ਕੁਲਦੀਪ ਨਈਅਰ ਦਾ ਐਮਰਜੈਂਸੀ ਦੇ ਖਿਲਾਫ ਸਖ਼ਤ ਰੁਖ, ਉਨ੍ਹਾਂ ਦੇ ਕੰਮ ਅਤੇ ਭਾਰਤ ਲਈ ਉਨ੍ਹਾਂ ਦੀਆਂ ਪ੍ਰਤਿਬੱਧਤਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।"

ਇਹ ਵੀ ਪੜ੍ਹੋ:

ਕੇਂਦਰੀ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਜਤਾਇਆ।

ਉਹ ਕਈ ਦਿਨਾਂ ਤੋਂ ਬਿਮਾਰ ਸਨ ਤੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਭਰਤੀ ਸਨ। ਵੀਰਵਾਰ ਦੁਪਹਿਰ 1 ਵਜੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ।

ਸ਼ੁਰੂਆਤ ਉਰਦੂ ਤੋਂ ਕੀਤੀ

ਕੁਲਦੀਪ ਨਈਅਰ ਨੇ ਪੱਤਰਕਾਰ ਵਜੋਂ ਸ਼ੁਰੂਆਤ ਇੱਕ ਉਰਦੂ ਪ੍ਰੈਸ ਰਿਪੋਰਟਰ ਬਣ ਕੇ ਕੀਤੀ। ਬਾਅਦ ਵਿੱਚ ਉਹ ਅੰਗਰੇਜ਼ੀ ਅਖਬਾਰ 'ਦਿ ਸਟੇਟਸਮੈਨ' ਦੇ ਐਡੀਟਰ ਵੀ ਰਹੇ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ, ਜਿਵੇਂ ਕਿ 'ਬਿਟਵੀਨ ਦਿ ਲਾਈਨਜ਼' ਅਤੇ 'ਇੰਡੀਆ ਆਫ਼ਟਰ ਨਹਿਰੂ'।

ਉਨ੍ਹਾਂ ਨੂੰ 1990 'ਚ ਬ੍ਰਿਟੇਨ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਵੀ ਨਿਯੁਕਤ ਕੀਤਾ ਗਿਆ ਅਤੇ ਉਸ ਤੋਂ ਸੱਤ ਸਾਲਾਂ ਬਾਅਦ ਉਨ੍ਹਾਂ ਨੂੰ ਰਾਜ ਸਭਾ ਦਾ ਮੇਂਬਰ ਬਣਾਇਆ ਗਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਕੁਲਦੀਪ ਨਈਅਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਅਮਨ ਦੇ ਮੋਢੀਆਂ ਵਿੱਚੋਂ ਇੱਕ ਸਨ

ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਸੁਧਾਰ ਲਈ ਕਈ ਤਰੀਕਿਆਂ ਨਾਲ ਹਿੱਸਾ ਪਾਇਆ।

ਪਿਛਲੇ ਸਾਲ ਉਨ੍ਹਾਂ ਨੂੰ ਅਕਾਲ ਤਖ਼ਤ ਦੀ 400ਵੀਂ ਵਰ੍ਹੇਗੰਢ ਦੇ ਮੌਕੇ 'ਤੇ ਪੱਤਰਕਾਰੀ ਵਿੱਚ ਯੋਗਦਾਨ ਲਈ ਸਨਮਾਨ ਦਿੱਤਾ ਗਿਆ ਸੀ।

ਪਰ ਉਨ੍ਹਾਂ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤੁਲਨਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਕੀਤੇ ਜਾਣ ਉੱਤੇ ਬਵਾਲ ਉੱਠਣ ਤੋਂ ਬਾਅਦ ਇਹ ਸਨਮਾਨ ਵਾਪਸ ਲੈ ਲਿਆ ਗਿਆ।

ਐਮਰਜੈਂਸੀ ਵਿੱਚ ਖ਼ੌਫ਼

ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਵੇਲੇ ਕੁਲਦੀਪ ਨਈਅਰ 'ਇੰਡੀਅਨ ਐਕਸਪ੍ਰੈਸ' ਵਿੱਚ ਕੰਮ ਕਰਦੇ ਸਨ। ਜਿਸ ਰਾਤ ਐਮਰਜੈਂਸੀ ਲਾਈ ਗਈ, 24 ਜੂਨ, 1975, ਨੂੰ ਉਹ ਅਖ਼ਬਾਰ ਦੇ ਦਫ਼ਤਰ ਵਿੱਚ ਹੀ ਸਨ।

ਉਸ ਵੇਲੇ ਦੀ ਗੱਲ ਕਰਦਿਆਂ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਸੀ, "ਹਰ ਵੇਲੇ ਡਰ ਦਾ ਸਾਇਆ ਮੰਡਰਾਉਂਦਾ ਰਹਿੰਦਾ ਸੀ। ਕੋਈ ਆਪਣੀ ਜੁਬਾਨ ਨਹੀਂ ਖੋਲ੍ਹਣਾ ਚਾਹੁੰਦਾ ਸੀ। ਕਾਰੋਬਾਰੀਆਂ ਨੂੰ ਛਾਪੇ ਮਾਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਮੀਡੀਆ ਖੋਖਲਾ ਹੋ ਚੁੱਕਿਆ ਸੀ। ਪ੍ਰੈਸ ਕੌਂਸਿਲ ਨੇ ਵੀ ਚੁੱਪ ਵੱਟ ਲਈ ਸੀ।"

ਤਸਵੀਰ ਸਰੋਤ, Getty Images

ਮੋਦੀ ਸਰਕਾਰ ਬਾਰੇ ਵਿਚਾਰ

ਨਈਅਰ ਸਦਾ ਇੱਕ ਨਿਡਰ ਆਵਾਜ਼ ਰਹੇ। ਉਹ ਵਕਤ ਦੀਆਂ ਸਰਕਾਰਾਂ ਦੀ ਆਲੋਚਨਾ ਕਰਨ ਤੋਂ ਪਿੱਛੇ ਨਹੀਂ ਹਟਦੇ ਸਨ।

ਉਨ੍ਹਾਂ ਨੇ ਮੋਦੀ ਸਰਕਾਰ ਬਾਰੇ ਬੀਬੀਸੀ ਲਈ ਇੱਕ ਲੇਖ ਵਿੱਚ ਕਿਹਾ ਸੀ ਕਿ ਕਿਸੇ ਵੀ ਕੈਬਨਿਟ ਮੰਤਰੀ ਦੀ ਅਹਿਮੀਅਤ ਨਹੀਂ ਰਹਿ ਗਈ ਹੈ। ਮੀਡੀਆ ਦੀ ਆਜ਼ਾਦੀ ਬਾਰੇ ਉਨ੍ਹਾਂ ਨੇ ਲਿਖਿਆ ਸੀ, "ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਜੇ ਦਹਾਕਿਆਂ ਪਹਿਲਾਂ ਇੰਦਰ ਗਾਂਧੀ ਦਾ ਤਾਨਾਸ਼ਾਹੀ ਰਾਜ ਸੀ ਤਾਂ ਅੱਜ ਅਜਿਹਾ ਹੀ ਰਾਜ ਨਰਿੰਦਰ ਮੋਦੀ ਦਾ ਹੈ। ਜ਼ਿਆਦਾਤਰ ਅਖਬਾਰਾਂ ਤੇ ਟੈਲੀਵਿਜਨ ਚੈਨਲਾਂ ਨੇ ਮੋਦੀ ਦੇ ਕੰਮ ਕਰਨ ਦੇ ਤਰੀਕੇ ਨੂੰ ਮੰਨ ਲਿਆ ਹੈ, ਜਿਵੇਂ ਇੰਦਰਾ ਗਾਂਧੀ ਦੇ ਸਮੇਂ ਮੰਨਿਆ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)