ਇੰਟਰਨੈਸ਼ਨਲ ਡਰੱਗ ਡੇਅ: ਪੰਜਾਬ ਦੀ ਡਰੱਗ ਸਮੱਸਿਆ - 'ਚਿੱਟਾ' ਇਸ ਤਰ੍ਹਾਂ ਕਾਲਾ ਕਰ ਰਿਹਾ ਹੈ ਪੰਜਾਬ ਦਾ ਭਵਿੱਖ

ਨਸ਼ਾ
ਫੋਟੋ ਕੈਪਸ਼ਨ ਨਸ਼ੇ ਦੇ ਸੇਵਨ ਕਾਰਨ ਲਕਸ਼ਮੀ ਦੇਵੀ ਦੇ 25 ਸਾਲ ਦੇ ਪੁੱਤਰ ਦੀ ਮੌਤ ਹੋ ਗਈ

"ਹੁਣ ਮੈਂ ਆਪਣੇ ਪੁੱਤ ਦੀ ਫ਼ੋਟੋ ਰਾਤ ਨੂੰ ਦੇਖ-ਦੇਖ ਕੇ ਰੋਂਦੀ ਹਾਂ, ਉਸ ਦਾ ਚਿਹਰਾ ਮੇਰੇ ਸਾਹਮਣੇ ਆਉਂਦਾ ਹੈ।''

ਇਹ ਸ਼ਬਦ ਹਨ ਜਲੰਧਰ ਕੈਂਟ ਦੇ ਮੁਹੱਲਾ ਨੰਬਰ 32 ਦੀ ਰਹਿਣ ਵਾਲੀ ਲਕਸ਼ਮੀ ਦੇਵੀ ਦੇ, ਜਿਨ੍ਹਾਂ ਦੇ 25 ਸਾਲ ਦੇ ਪੁੱਤਰ ਰਿੱਕੀ ਲਾਹੌਰਾ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਗਈ ਸੀ।

ਮੌਤ ਦਾ ਕਾਰਨ ਨਸ਼ਾ ਦੱਸਿਆ ਜਾ ਰਿਹਾ ਹੈ। 50 ਸਾਲ ਦੀ ਲਕਸ਼ਮੀ ਦੇਵੀ ਹੁਣ ਆਪਣੇ ਛੋਟੇ ਪੁੱਤਰ ਨਾਲ ਦੋ ਕਮਰਿਆਂ ਦੇ ਮਕਾਨ ਵਿੱਚ ਰਹਿੰਦੀ ਹੈ।

ਲਕਸ਼ਮੀ ਦੇਵੀ ਨੇ ਦੱਸਿਆ ਕਿ ਰਿੱਕੀ ਨੇ ਦਸਵੀਂ ਦੀ ਪੜਾਈ ਵਿੱਚ ਹੀ ਛੱਡ ਦਿੱਤੀ ਸੀ ਅਤੇ ਉਹ ਅਕਸਰ ਆਪਣੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਉਂਦਾ ਸੀ। ਇਸ ਦੌਰਾਨ ਉਸ ਨੂੰ ਨਸ਼ੇ ਦੀ ਆਦਤ ਲੱਗ ਗਈ।

(ਇਹ ਰਿਪੋਰਟ ਬੀਬੀਸੀ ਪੰਜਾਬੀ ਦੀ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਬਾਰੇ ਵਿਸ਼ੇਸ਼ ਲੜੀ ਦੀ ਹਿੱਸਾ ਸੀ, ਇਹ ਰਿਪੋਰਟ 25 ਅਗਸਤ 2018 ਵਿਚ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਕੌਮਾਂਤਰੀ ਡਰੱਗ ਡੇਅ ਮੌਕੇ ਇਸ ਨੂੰ ਦੁਬਾਰਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।)

ਇਹ ਵੀ ਪੜ੍ਹੋ:

ਲਕਸ਼ਮੀ ਦੇਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਅਤੇ ਉਸ ਦੇ ਪਤੀ ਦਿਹਾੜੀਦਾਰ ਹਨ। ਲਕਸ਼ਮੀ ਨੇ ਦੱਸਿਆ ਕਿ ਰਿੱਕੀ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਕੀਤਾ ਸੀ। ਨਸ਼ੇ ਕਾਰਨ ਉਸ ਨੇ ਵਿਆਹ ਦਾ ਸਾਰਾ ਸਾਮਾਨ ਵੇਚ ਦਿੱਤਾ ਸੀ।

ਲਕਸ਼ਮੀ ਦੇਵੀ ਨੇ ਇਹ ਵੀ ਦੱਸਿਆ ਕਿ ਰਿੱਕੀ ਦੇ ਕਈ ਦੋਸਤ ਸਨ। ਉਨ੍ਹਾਂ ਨਾਲ ਹੀ ਉਹ ਵੀ ਨਸ਼ਾ ਕਰਦਾ ਸੀ ਅਤੇ ਹੌਲੀ- ਹੌਲੀ ਉਹ ਚਿੱਟੇ ਅਤੇ ਹੋਰ ਨਸ਼ੇ ਦਾ ਆਦੀ ਹੋ ਗਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਨਸ਼ੇ ਕਾਰਨ ਨੌਜਵਾਨ ਪੁੱਤਰ ਦੀ ਮੌਤ ਦਾ ਦਰਦ

ਆਪਣੇ ਪੁੱਤਰ ਦੀ ਮੌਤ ਦਾ ਦਰਦ ਬਿਆਨ ਕਰਦਿਆਂ ਲਕਸ਼ਮੀ ਦੇਵੀ ਨੇ ਅੱਗੇ ਦੱਸਿਆ, 'ਰਿੱਕੀ ਨੇ ਆਪਣੇ ਅੰਤਿਮ ਸਮੇਂ ਵਿੱਚ ਨਸ਼ਾ ਛੱਡਣ ਦੀ ਕਾਫ਼ੀ ਕੋਸ਼ਿਸ ਵੀ ਕੀਤੀ ਅਤੇ ਉਸ ਨੂੰ ਹਸਪਤਾਲ ਭਰਤੀ ਵੀ ਕਰਵਾਇਆ ਗਿਆ।'' ਅੱਖਾਂ ਵਿੱਚੋਂ ਅੱਥਰੂ ਕੇਰਦੀ ਲਕਸ਼ਮੀ ਨੇ ਆਖਿਆ "ਅਫ਼ਸੋਸ ਉਸ ਨੂੰ ਬਚਾਇਆ ਨਹੀਂ ਜਾ ਸਕਿਆ।"

ਲਕਸ਼ਮੀ ਨੇ ਦੱਸਿਆ, ''ਸਾਡੇ ਇਲਾਕੇ ਵਿਚ ਆਸਾਨੀ ਨਾਲ ਨਸ਼ਾ ਮਿਲਣ ਕਾਰਨ ਵੀ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਸ ਕਾਰਨ ਹੀ ਛੋਟੇ-ਛੋਟੇ ਬੱਚੇ ਵੀ ਨਸ਼ੇ ਦੇ ਆਦੀ ਹੋ ਰਹੇ ਹਨ।''

ਇਹ ਕਹਾਣੀ ਇਕੱਲੀ ਲਕਸ਼ਮੀ ਦੀ ਨਹੀਂ ਹੈ। ਪੰਜਾਬ ਭਰ ਤੋਂ ਮੀਡੀਆ ਵਿਚ ਹਰ ਰੋਜ਼ ਨਸ਼ਿਆਂ ਕਾਰਨ ਮੌਤਾਂ ਹੋਣ ਦੀਆਂ ਖ਼ਬਰਾਂ ਛਪ ਰਹੀਆਂ ਹਨ।

ਕੀ ਕਹਿੰਦੇ ਹਨ ਅੰਕੜੇ?

ਜੇਕਰ ਅੰਕੜਿਆ 'ਤੇ ਗੌਰ ਕਰੀਏ ਤਾਂ ਪੰਜਾਬ ਵਿੱਚ ਸ਼ੱਕੀ ਡਰੱਗਜ਼ ਨਾਲ ਸਬੰਧਤ ਮੌਤਾਂ ਇਸ ਸਾਲ ਲਗਪਗ ਦੁੱਗਣੀਆਂ ਹੋ ਗਈਆਂ ਹਨ।

ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ ਇਸ ਸਾਲ 2018 ਦੇ ਜੂਨ ਤੱਕ 60 ਨੌਜਵਾਨਾਂ ਦੀ ਮੌਤ ਡਰੱਗਜ਼ ਕਾਰਨ ਹੋਈ ਹੈ ਜਦਕਿ ਪਿਛਲੇ ਦੋ ਸਾਲਾਂ 'ਚ ਇਹ ਅੰਕੜਾ ਕ੍ਰਮਵਾਰ 30-40 ਸੀ।

ਪੰਜਾਬ ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਸਾਲ ਕੁੱਲ 38 ਲੋਕਾਂ ਦੀ ਮੌਤ ਹੋਈ ਸੀ ਜਦਕਿ ਸਾਲ 2018 ਵਿੱਚ ਅਪ੍ਰੈਲ ਤੋਂ ਜੂਨ ਦੌਰਾਨ ਹੀ 37 ਲੋਕ ਨਸ਼ੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

ਬਾਰਡਰ ਜ਼ੋਨ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨ ਤਾਰਨ ਦੇ ਇਲਾਕਿਆਂ ਵਿੱਚ ਸਭ ਤੋਂ ਵੱਧ 14 ਮੌਤਾਂ ਹੋਈਆਂ ਜਦਕਿ ਜਲੰਧਰ ਵਿੱਚ 11 ਤੇ ਬਠਿੰਡਾ ਵਿੱਚ 10 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ:

ਪਿਛਲੇ ਸਾਲ 2017 ਵਿੱਚ ਇੰਨ੍ਹਾਂ ਤਿੰਨ ਮਹੀਨਿਆਂ ਦੌਰਾਨ ਕੁੱਲ 16 ਮੌਤਾਂ ਹੋਈਆਂ ਸਨ।

ਇਸ ਸਾਲ (2018) ਜੂਨ ਮਹੀਨੇ ਵਿੱਚ ਸੂਬੇ ਦੇ ਸ਼ਹਿਰ ਕੋਟਕਪੂਰਾ ਵਿੱਚ ਇੱਕ ਨੌਜਵਾਨ ਦੀ ਕਥਿਤ ਤੌਰ 'ਤੇ ਨਸ਼ੇ ਕਾਰਨ ਹੋਈ ਮੌਤ ਤੋਂ ਬਾਅਦ ਉਸ ਦੀ ਮਾਂ ਵੱਲੋਂ ਕੀਤੇ ਵਿਰਲਾਪ ਦੀ ਕਥਿਤ ਵੀਡੀਓ ਨੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਇਸ ਤੋਂ ਪਹਿਲਾਂ ਵੀ ਨਸ਼ੇ ਕਾਰਨ ਕਈ ਮੌਤਾਂ ਹੋਈਆਂ ਅਤੇ ਇਹ ਸਿਲਸਿਲਾ ਜਾਰੀ ਹੈ। ਮੁੱਦਾ ਮੀਡੀਆ ਦੀਆਂ ਸੁਰਖ਼ੀਆਂ ਵੀ ਬਣਿਆ ਜਿਸ ਤੋਂ ਬਾਅਦ ਪੂਰੇ ਦੇਸ਼ ਦਾ ਧਿਆਨ ਪੰਜਾਬ ਦੀ ਇਸ ਸਮੱਸਿਆ ਵੱਲ ਮੁੜ ਤੋਂ ਆਇਆ।

ਸਮੱਸਿਆ ਗੰਭੀਰ ਹੁੰਦੀ ਦੇਖ ਸੂਬੇ ਦੀਆਂ ਸਮਾਜਿਕ ਸੰਸਥਾਵਾਂ ਵੀ ਜਾਗੀਆਂ ਅਤੇ ਉਨ੍ਹਾਂ ਵੱਲੋਂ "ਚਿੱਟੇ ਦੇ ਵਿਰੋਧ ਵਿਚ ਕਾਲਾ ਹਫ਼ਤਾ" ਮਨਾਉਣ ਦਾ ਸੱਦਾ ਦਿੱਤਾ ਗਿਆ।

ਇਸ ਦਾ ਸੇਕ ਸੂਬਾ ਸਰਕਾਰ ਤੱਕ ਵੀ ਪਹੁੰਚਿਆਂ ਅਤੇ ਉਨ੍ਹਾਂ ਤੁਰੰਤ ਕਥਿਤ ਤੌਰ 'ਤੇ ਨਸ਼ੇ ਕਾਰਨ ਹੋ ਰਹੀ ਹਰ ਇੱਕ ਮੌਤ ਦੀ ਜਾਂਚ ਦੇ ਆਦੇਸ਼ ਦਿੱਤੇ।

ਇਹ ਵੀ ਪੜ੍ਹੋ:

ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਦੀ ਸਖ਼ਤੀ ਕਾਰਨ ਨਸ਼ਾ ਤਸਕਰਾਂ ਲਈ ਹੈਰੋਇਨ ਦੀ ਸਪਲਾਈ ਕਰਨੀ ਔਖੀ ਹੋ ਗਈ ਹੈ। ਇਸ ਕਾਰਨ ਉਹ ਨਸ਼ੇ ਦੀ ਪੂਰਤੀ ਲਈ ਉਸ ਵਿਚ ਮਿਲਾਵਟ ਕਰਨ ਲੱਗੇ ਹਨ, ਜਿਸ ਕਾਰਨ ਇਸ ਨੂੰ ਲੈਣ ਵਾਲਿਆਂ ਦੀਆਂ ਮੌਤਾਂ ਹੋ ਰਹੀਆਂ ਹਨ।

ਦੂਜੇ ਪਾਸੇ ਮੁੱਖ ਮੰਤਰੀ ਦੀ ਇਸ ਦਲੀਲ ਨਾਲ ਵਿਰੋਧੀ ਧਿਰ ਸਹਿਮਤ ਨਹੀਂ ਹੋਈ। ਉਨ੍ਹਾਂ ਦਾ ਦਾਅਵਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚੋਂ ਨਸ਼ੇ ਨੂੰ ਖ਼ਤਮ ਕਰਨ ਵਿੱਚ ਅਸਫਲ ਹੋਏ ਹਨ।

ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਵਿੱਚ ਚਾਰ ਹਫ਼ਤਿਆਂ ਵਿੱਚ ਨਸ਼ੇ ਨੂੰ ਠੱਲ੍ਹ ਪਾਉਣ ਦਾ ਵਾਅਦਾ ਕੀਤਾ ਸੀ ਜਿਸ ਉੱਤੇ ਖ਼ਰਾ ਉੱਤਰਨ ਦਾ ਉਹ ਦਾਅਵਾ ਵੀ ਕਰ ਰਹੇ ਹਨ।

ਵਿਰੋਧੀ ਧਿਰਾਂ ਮੁਤਾਬਕ ਪੰਜਾਬ ਵਿੱਚ ਨਸ਼ਾ ਖ਼ਾਸ ਤੌਰ 'ਤੇ ਚਿੱਟੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਪਰ ਵੱਡਾ ਸਵਾਲ ਇਹ ਹੈ ਕਿ ਇਹ ਨਸ਼ਾ ਕਿੱਥੋਂ ਆ ਰਿਹਾ ਹੈ ਅਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ ?

ਨਸ਼ਾ ਅਤੇ ਪੰਜਾਬ

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ 2015 ਦੇ ਸਰਵੇ ਮੁਤਾਬਕ ਪੰਜਾਬ ਦੀ ਕੁੱਲ ਆਬਾਦੀ ਵਿੱਚੋਂ 2.32 ਲੱਖ ਲੋਕ ਨਸ਼ੇ ਦੇ ਸੇਵਨ ਦੇ ਆਦਿ ਹਨ।

ਸਰਵੇ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਨਸ਼ੇ ਦੀ ਪੂਰਤੀ ਬਾਹਰੀ ਰਾਜਾਂ ਤੋਂ ਪੂਰੀ ਹੁੰਦੀ ਹੈ, ਕਿਉਂਕਿ ਸ਼ਰਾਬ ਅਤੇ ਤੰਬਾਕੂ ਨੂੰ ਛੱਡ ਕੇ ਰਵਾਇਤੀ ਨਸ਼ੇ ਜਿਵੇਂ ਅਫ਼ੀਮ, ਭੁੱਕੀ, ਡੋਡੇ ਅਤੇ ਹੋਰ ਨਸ਼ੇ ਵਾਲੀਆਂ ਚੀਜ਼ਾਂ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹਨ।

ਦੂਜੇ ਪਾਸੇ ਪੰਜਾਬ ਦੀ ਭੂਗੋਲਿਕ ਸਥਿਤੀ ਉੱਤੇ ਜੇਕਰ ਨਜ਼ਰ ਮਾਰੀਏ ਤਾਂ ਇਹ ਸਰਹੱਦੀ ਸੂਬਾ ਹੈ। ਨਸ਼ੇ ਦੀ ਤਸਕਰੀ ਲਈ ਗੋਲਡਨ ਰੂਟ ਮੰਨੇ ਜਾਣ ਵਾਲੇ ਈਰਾਨ, ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨਾਲ ਇਸ ਦੀ ਸਰਹੱਦ ਲੱਗਦੀ ਹੈ।

ਇਸ ਤੋਂ ਇਲਾਵਾ ਦੂਜੇ ਰਾਜਾਂ ਤੱਕ ਨਸ਼ਾ ਪਹੁੰਚਾਉਣ ਲਈ ਪੰਜਾਬ ਨੂੰ ਟਰਾਂਜ਼ਿਟ ਰੂਟ ਵੀ ਮੰਨਿਆ ਜਾਂਦਾ ਹੈ। ਇਸ ਕਾਰਨ ਸਪਲਾਈ ਦੇ ਨਾਲ-ਨਾਲ ਸੂਬੇ 'ਚ ਨਸ਼ੇ ਦੀ ਖ਼ਪਤ ਵੀ ਦਿਨ ਪ੍ਰਤੀ ਦਿਨ ਵਧਣ ਲੱਗੀ ਅਤੇ ਜੋ ਹੁਣ ਤੱਕ ਜਾਰੀ ਹੈ।

ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ

ਪੰਜਾਬ ਦੇ ਹਾਲਾਤ ਬਾਰੇ ਜਾਣਕਾਰਾਂ ਦਾ ਦਾਅਵਾ ਹੈ ਕਿ ਸੂਬੇ ਵਿਚ ਸ਼ਰਾਬ ਆਮ ਹੈ ਅਤੇ ਜੇਕਰ ਪੇਂਡੂ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਅਤੇ ਮਜ਼ਦੂਰ ਵੱਧ ਕੰਮ ਕਰਨ ਲਈ ਭੁੱਕੀ, ਡੋਡੇ ਅਤੇ ਅਫ਼ੀਮ ਦਾ ਨਸ਼ਾ ਕਰਦੇ ਸਨ।

ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਇਨ੍ਹਾਂ ਰਵਾਇਤੀ ਨਸ਼ਿਆਂ ਤੋਂ ਅੱਗੇ ਵਧ ਗਿਆ ਅਤੇ ਇੱਥੇ ਸਿੰਥੈਟਿਕ ਨਸ਼ੇ ਦੀ ਖਪਤ ਵਧਣ ਲੱਗੀ, ਖ਼ਾਸ ਤੌਰ 'ਤੇ ਚਿੱਟੇ ਦੀ।

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਮੁਤਾਬਕ ਪੰਜਾਬ ਵਿਚ ਨਸ਼ੇ ਦਾ ਸਾਲਾਨਾ ਕਾਰੋਬਾਰ 7,500 ਕਰੋੜ ਰੁਪਏ ਦਾ ਹੈ।

ਕਿਹੜੇ ਨਸ਼ੇ ਹਨ ਪੰਜਾਬ 'ਚ

ਨਸ਼ੇ ਦੀ ਰੋਕਥਾਮ ਲਈ ਪੰਜਾਬ ਵਿਚ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਅਨੁਸਾਰ ਸੂਬੇ ਵਿਚ ਮੁੱਖ ਤੌਰ 'ਤੇ ਭੁੱਕੀ, ਅਫ਼ੀਮ, ਹੈਰੋਇਨ, ਮੈਡੀਕਲ ਨਸ਼ਾ ਅਤੇ ਸਿੰਥੈਟਿਕ ਨਸ਼ੇ ਚੱਲਦੇ ਹਨ ਪਰ ਇਨ੍ਹਾਂ ਵਿਚੋਂ ਚਿੱਟਾ ਜ਼ਿਆਦਾ ਪ੍ਰਚਲਿਤ ਤੇ ਖ਼ਤਰਨਾਕ ਦੱਸਿਆ ਜਾ ਰਿਹਾ ਹੈ।

ਚਿੱਟਾ ਅਸਲ ਵਿਚ ਸਿੰਥੈਟਿਕ ਨਸ਼ਾ ਹੈ ਜੋ ਹੈਰੋਇਨ ਦਾ ਇੱਕ ਰੂਪ ਹੈ। ਇਸ ਦਾ ਰੰਗ ਸਫ਼ੈਦ ਹੋਣ ਕਾਰਨ ਸਥਾਨਕ ਭਾਸ਼ਾ 'ਚ ਇਸ ਨੂੰ ਚਿੱਟਾ ਆਖਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਚਿੱਟਾ ਹੀ ਨਸ਼ੇੜੀਆਂ ਦੀ ਪਸੰਦ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਨਸ਼ੇ ਦੀ ਚੋਣ ਵੱਖੋ-ਵੱਖ ਹੁੰਦੀ ਹੈ। ਉਨ੍ਹਾਂ ਉਦਾਹਰਣ ਦਿੰਦਿਆਂ ਆਖਿਆ ਕਿ ਲੁਧਿਆਣਾ ਸ਼ਹਿਰੀ ਇਲਾਕੇ ਵਿਚ ਮੈਡੀਕਲ ਨਸ਼ੇ ਦੀਆਂ ਸ਼ਿਕਾਇਤਾਂ ਵੱਧ ਮਿਲਦੀਆਂ ਹਨ ਜਦੋਂਕਿ ਪੇਂਡੂ ਖੇਤਰ ਵਿਚ ਹੈਰੋਇਨ ਜਾਂ ਚਿੱਟੇ ਦੀਆਂ ਸ਼ਿਕਾਇਤਾਂ ਵੱਧ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਆਪਣੇ ਖੇਤਰ ਵਿਚ ਡਰੱਗਜ਼ ਉੱਤੇ ਨਕੇਲ ਕੱਸੀ ਹੈ।

ਇਸ ਮੁੱਦੇ 'ਤੇ ਐਸਟੀਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਕਰਨ ਵਾਲੇ ਸਪਲਾਈ ਦੇ ਹਿਸਾਬ ਨਾਲ ਨਸ਼ਾ ਕਰਦੇ ਹਨ। ਉਨ੍ਹਾਂ ਆਖਿਆ ਕਿ ਜੇਕਰ ਇੱਕ ਨਸ਼ੇ ਦੇ ਖ਼ਿਲਾਫ਼ ਸਖ਼ਤੀ ਹੁੰਦੀ ਹੈ ਤਾਂ ਨਸ਼ੇੜੀ ਦੂਜੀ ਕਿਸਮ ਦੇ ਨਸ਼ੇ ਕਰਨ ਲੱਗ ਜਾਂਦਾ ਹੈ।

ਕਿੱਥੋਂ ਆਉਂਦਾ ਹੈ ਪੰਜਾਬ ਵਿਚ ਨਸ਼ਾ?

ਐਸਟੀਐਫ ਦੇ ਮੁਤਾਬਕ ਹੈਰੋਇਨ ਅਫ਼ਗ਼ਾਨਿਸਤਾਨ ਤੋਂ ਪਾਕਿਸਤਾਨ ਹੁੰਦੀ ਹੋਈ ਪੰਜਾਬ ਪਹੁੰਚਦੀ ਹੈ। ਸੂਬੇ ਦੀ ਪਾਕਿਸਤਾਨ ਨਾਲ ਲੰਬੀ ਸਰਹੱਦ ਹੈ ਜਦੋਂ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸਖ਼ਤੀ ਹੁੰਦੀ ਹੈ ਤਾਂ ਉਹ ਦੂਜਾ ਰੂਟ ਜੋ ਰਾਜਸਥਾਨ ਜਾਂ ਜੰਮੂ- ਕਸ਼ਮੀਰ ਰਾਹੀਂ ਸਰਗਰਮ ਹੋ ਜਾਂਦੇ ਹਨ।

ਐਸਟੀਐਫ ਨਾਲ ਜੁੜੇ ਸਰਹੱਦੀ ਖੇਤਰ ਦੇ ਪੰਜਾਬ ਪੁਲਿਸ ਦੇ ਆਈ ਜੀ ਰਾਕੇਸ਼ ਕੁਮਾਰ ਜੈਸਵਾਲ ਦਾ ਕਹਿਣਾ ਹੈ, "ਪਾਕਿਸਤਾਨ ਡਰੱਗਜ਼ ਦਾ ਰੂਟ ਬੇਸ਼ੱਕ ਹੈ ਪਰ ਅਸੀਂ ਦਿੱਲੀ ਰੂਟ ਤੋਂ ਆਉਂਦੀਆਂ ਨਸ਼ੇ ਦੀਆਂ ਖੇਪਾਂ ਫੜੀਆਂ ਹਨ।''

ਉਨ੍ਹਾਂ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਨਸ਼ੇ ਦੇ ਸੌਦਾਗਰ ਇਸ ਦੀ ਸਪਲਾਈ ਦਾ ਰੂਟ ਬਦਲਦੇ ਰਹਿੰਦੇ ਹਨ।

ਇਸ ਦੇ ਨਾਲ ਹੀ ਐਸਟੀਐਫ ਦੇ ਜਲੰਧਰ ਜ਼ੋਨ ਦੇ ਇੰਸਪੈਕਟਰ ਜਨਰਲ ਪ੍ਰਮੋਦ ਬੇਨ ਨੇ ਆਖਿਆ ਕਿ "ਅਸੀਂ ਅੰਮ੍ਰਿਤਸਰ ਵਾਲੇ ਪਾਸੇ ਸਖ਼ਤੀ ਕਰਦੇ ਹਾਂ ਤਾਂ ਤਸਕਰ ਫ਼ਿਰੋਜ਼ਪੁਰ- ਫ਼ਾਜ਼ਿਲਕਾ ਜਾਂ ਰਾਜਸਥਾਨ ਵਾਲੇ ਪਾਸੇ ਸਰਗਰਮ ਹੋ ਜਾਂਦੇ ਹਨ।''

ਉਨ੍ਹਾਂ ਦੱਸਿਆ ਕਿ ਅਫ਼ੀਮ ਅਤੇ ਭੁੱਕੀ ਵੀ ਪੰਜਾਬ 'ਚ ਦੂਜੇ ਜ਼ਿਲ੍ਹਿਆਂ ਤੋਂ ਆਉਂਦੀ ਹੈ। ਪੰਜਾਬ 'ਚ ਅਫ਼ੀਮ ਅਤੇ ਭੁੱਕੀ ਦੀ ਖੇਤੀ ਉੱਤੇ ਪਾਬੰਦੀ ਹੋਣ ਕਾਰਨ ਇਹ ਭਾਰਤ ਦੇ 27 ਸੂਬਿਆਂ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਅਤੇ ਜੰਮੂ - ਕਸ਼ਮੀਰ ਪ੍ਰਮੁੱਖ ਹਨ, ਤੋਂ ਪੰਜਾਬ ਵਿਚੋਂ ਆਉਂਦੀ ਹੈ।

ਐਸਟੀਐਫ ਦੇ ਅਧਿਕਾਰੀਆਂ ਮੁਤਾਬਕ ਮੈਡੀਕਲ ਨਸ਼ਾ ਪੰਜਾਬ ਵਿੱਚ, ਹਰਿਆਣਾ ਜਾਂ ਪੱਛਮੀ ਉੱਤਰ ਪ੍ਰਦੇਸ਼ ਤੋਂ ਆਉਂਦਾ ਹੈ ਜਦੋਂਕਿ ਭੰਗ ਅਤੇ ਚਰਸ ਹਿਮਾਚਲ ਪ੍ਰਦੇਸ਼ ਵਿਚ ਪੈਦਾ ਹੁੰਦੀ ਹੈ ਅਤੇ ਉੱਥੋਂ ਹੀ ਪੰਜਾਬ ਵਿੱਚ ਸਪਲਾਈ ਹੁੰਦੀ ਹੈ।

ਪੰਜਾਬ ਵਿਚ ਨਸ਼ੇ ਦਾ ਰੂਟ

ਪਾਕਿਸਤਾਨ ਤੋਂ ਪੰਜਾਬ 'ਚ ਨਸ਼ਾ ਆਉਣ ਬਾਰੇ ਪੰਜਾਬ ਪੁਲਿਸ ਨੇ ਆਪਣੀਆਂ ਜਾਂਚ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ। ਐਸਟੀਐਫ ਮੁਤਾਬਕ ਪਿਛਲੇ ਸਾਲ ਮਈ ਮਹੀਨੇ ਵਿੱਚ ਲੁਧਿਆਣਾ ਪੁਲਿਸ ਨੇ ਕੁਝ ਵਿਅਕਤੀਆਂ ਕੋਲੋਂ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ।

ਫੋਟੋ ਕੈਪਸ਼ਨ ਪੰਜਾਬ ਦੇ ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਰਾਹੀਂ ਪਹੁੰਚਦਾ ਹੈ ਨਸ਼ਾ

ਜਾਂਚ ਤੋਂ ਪਤਾ ਲੱਗਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਸਰਪੰਚ ਅਤੇ ਉਸ ਦੇ ਚਾਰ ਸਾਥੀਆਂ ਨੂੰ ਇਹ ਨਸ਼ਾ ਪਾਕਿਸਤਾਨ ਤੋਂ ਆਇਆ ਸੀ।

ਇਹ ਵੀ ਪੜ੍ਹੋ:

ਇਨ੍ਹਾਂ ਕੋਲੋਂ ਪੁਲਿਸ ਨੂੰ ਪਾਕਿਸਤਾਨੀ ਸਿਮ ਵੀ ਬਰਾਮਦ ਹੋਇਆ ਹੈ ਜਿਸ ਰਾਹੀਂ ਇਹ ਪਾਕਿਸਤਾਨ ਬੈਠੇ ਆਪਣੇ ਸਾਥੀਆਂ ਨਾਲ ਗੱਲ ਕਰਦੇ ਸਨ। ਨਸ਼ੇ ਦੀ ਵੱਡੀ ਖੇਪ ਇਹ ਪਾਕਿਸਤਾਨ ਤੋਂ ਲੈਂਦੇ ਸਨ ਅਤੇ ਫਿਰ ਇਹ ਵੱਖ-ਵੱਖ ਸੂਬਿਆਂ ਨੂੰ ਸਪਲਾਈ ਕਰਦੇ ਸਨ।

ਪੁਲਿਸ ਨੂੰ ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਨਸ਼ੇ ਦੇ ਪੈਸੇ ਇਹ ਦਲਾਲਾਂ ਰਾਹੀਂ ਭੇਜਦੇ ਸਨ।

ਇਸ ਮਹੀਨੇ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਸਥਿਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 3.75 ਕਰੋੜ ਦਾ ਨਸ਼ਾ ਜ਼ਬਤ ਕੀਤਾ, ਜਿਸ ਵਿਚ ਅਟਾਰੀ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤੇ ਗਏ, ਹੈਰੋਇਨ ਦੇ ਉਹ ਪੈਕੇਟ ਵੀ ਸ਼ਾਮਲ ਸਨ, ਜੋ ਪਾਕਿਸਤਾਨ ਤੋਂ ਰੇਲ ਗੱਡੀ ਦੇ ਡੱਬੇ ਵਿਚ ਲੁਕਾ ਕੇ ਰੱਖੇ ਗਏ ਸਨ।

ਹੈਰੋਇਨ ਦਾ ਭਾਅ

ਐਸਟੀਐਫ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਹੈਰੋਇਨ ਇੱਕ ਮਹਿੰਗਾ ਨਸ਼ਾ ਹੈ ਅਤੇ ਇਸ ਦਾ ਸੇਵਨ ਕਰਨ ਵਾਲਾ ਇਸ ਤੋਂ ਬਿਨਾਂ ਰਹਿ ਨਹੀਂ ਸਕਦਾ। ਹੈਰੋਇਨ ਦਾ ਸੇਵਨ ਕਰਨ ਵਾਲਾ ਆਮ ਤੌਰ 'ਤੇ ਪ੍ਰਤੀ ਦਿਨ ਵਿੱਚ 0.5 ਗ੍ਰਾਮ ਤੋਂ ਦੋ ਗ੍ਰਾਮ ਦੀ ਖਪਤ ਕਰਦਾ ਹੈ। ਪ੍ਰਤੀ ਗ੍ਰਾਮ ਹੈਰੋਇਨ ਦੀ ਕੀਮਤ 4000 ਤੋਂ 6000 ਰੁਪਏ ਹੈ।

ਇਹ ਵੀ ਵੀਡੀਓਜ਼ ਦੇਖੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)