ਗੁਰਮੀਤ ਰਾਮ ਰਹੀਮ ਦਾ ਰਾਜ਼ਦਾਰ ਕਿਵੇਂ ਬਣਿਆ ਅਦਿਤਿਆ ਇੰਸਾ

  • ਅਰਵਿੰਦ ਛਾਬੜਾ
  • ਪੱਤਰਕਾਰ, ਬੀਬੀਸੀ
ADITYA INSA

ਤਸਵੀਰ ਸਰੋਤ, Arvind Chhabra/BBC

ਤਸਵੀਰ ਕੈਪਸ਼ਨ,

25 ਅਗਸਤ, 2017 ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਐਲਾਨੇ ਜਾਣ ਤੋਂ ਬਾਅਦ ਹੋਈ ਹਿੰਸਾ ਵਿੱਚ ਡੇਰੇ ਨਾਲ ਸਬੰਧਿਤ ਅਦਿਤਿਆ ਇੰਸਾ 'ਤੇ ਸ਼ਮੂਲੀਅਤ ਦੇ ਇਲਜ਼ਾਮ ਹਨ। ਹਰਿਆਣਾ ਪੁਲਿਸ ਹਾਲੇ ਵੀ ਅਦਿਤਿਆ ਦੀ ਭਾਲ ਕਰ ਰਹੀ ਹੈ।

ਪੰਚਕੂਲਾ ਅਦਾਲਤ ਨੇ ਪਿਛਲੇ ਸਾਲ 25 ਅਗਸਤ 2017 ਨੂੰ ਰਾਮ ਰਹੀਮ ਖਿਲਾਫ਼ ਸਜ਼ਾ ਦਾ ਐਲਾਨ ਕੀਤਾ ਸੀ।

ਹਰਿਆਣਾ ਪੁਲਿਸ ਨੂੰ ਹਿੰਸਾ ਦੇ ਮਾਮਲੇ ਵਿੱਚ ਅਜੇ ਵੀ 29 ਲੋਕਾਂ ਦੀ ਭਾਲ ਹੈ, ਜਿਨ੍ਹਾਂ ਵਿੱਚ ਅਦਿਤਿਆ ਇੰਸਾ ਸਭ ਤੋਂ ਅਹਿਮ ਹੈ। ਅਦਿਤਿਆ ਦਾ ਥਹੁ-ਪਤਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਵੀ ਹਰਿਆਣਾ ਪੁਲਿਸ ਨੇ ਐਲਾਨ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ।

ਪੇਸ਼ੇ ਵਜੋਂ ਡਾਕਟਰ ਅਦਿਤਿਆ ਇੰਸਾ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਜ਼ਦੀਕੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਦਿਤਿਆ ਇੰਸਾ ਉਰਫ਼ ਅਦਿਤਿਆ ਅਰੋੜਾ ਦਾ ਸਬੰਧ ਮੁਹਾਲੀ ਸ਼ਹਿਰ ਨਾਲ ਹੈ।

.......................................................................................................................

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ -ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ।

...........................................................................................................................

ਇਹ ਵੀ ਪੜ੍ਹੋ:

25 ਅਗਸਤ ਜਿਸ ਦਿਨ ਗੁਰਮੀਤ ਰਾਮ ਰਹੀਮ ਨੂੰ ਰੇਪ ਮਾਮਲੇ ਵਿੱਚ ਦੋਸ਼ੀ ਐਲਾਨਿਆ ਗਿਆ ਉਸ ਦਿਨ ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ। ਜਦੋਂ ਹਰਿਆਣਾ ਪੁਲਿਸ ਨੇ ਡੇਰੇ ਦੇ ਪ੍ਰਬੰਧਕਾਂ ਦੀਆਂ ਗ੍ਰਿਫ਼ਤਾਰੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਅਚਾਨਕ ਲਾਪਤਾ ਹੋ ਗਿਆ ਅਤੇ ਇਸ ਵੇਲੇ ਉਹ ਕਿੱਥੇ ਹੈ ਇਹ ਕਿਸੇ ਨੂੰ ਨਹੀਂ ਪਤਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲਿਆਂ 'ਚ 20 ਸਾਲ ਦੀ ਸਜ਼ਾ ਹੋਈ ਹੈ।

ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਪੀ ਕੇ ਅਗਰਵਾਲ ਪੰਚਕੂਲਾ ਹਿੰਸਾ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਹਨ। ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਿਤਿਆ ਬਚਣ ਦੇ ਤਰੀਕੇ ਅਪਣਾ ਰਿਹਾ ਹੈ ਪਰ ਫਿਰ ਵੀ ਪੁਲਿਸ ਉਸ ਦੀ ਗ੍ਰਿਫ਼ਤਾਰੀ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ, "ਅਦਿਤਿਆ ਦੇਸ ਵਿੱਚ ਹੀ ਹੈ ਜਾਂ ਵਿਦੇਸ਼ ਚਲਾ ਗਿਆ ਹੈ, ਇਸ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਹੈ। ਅਦਿਤਿਆ ਡੇਰਾ ਮੁਖੀ ਦਾ ਮੁੱਖ ਰਾਜ਼ਦਾਰ ਹੈ, ਇਸ ਲਈ ਉਸ ਦੀ ਭਾਲ ਲਈ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੰਚਕੂਲਾ ਵਿੱਚ ਹਿੰਸਾ ਰੋਕਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ

ਅਦਿਤਿਆ ਇੰਸਾ ਪਿਛਲੇ ਇੱਕ ਦਹਾਕੇ ਤੋਂ ਡੇਰਾ ਸਿਰਸਾ ਦਾ ਮੁੱਖ ਚਿਹਰਾ ਬਣ ਗਿਆ ਸੀ। ਆਮ ਤੌਰ ਉੱਤੇ ਉਹ ਦੇਸ ਦੇ ਵੱਖ-ਵੱਖ ਚੈਨਲਾਂ ਉੱਤੇ ਆਪਣੀਆਂ ਦਲੀਲਾਂ ਰਾਹੀਂ ਡੇਰੇ ਦਾ ਬਚਾਅ ਕਰਦੇ ਨਜ਼ਰ ਆਉਂਦੇ ਰਹੇ ਹਨ।

ਕੌਣ ਹੈ ਦਿਤਿਆ ਇੰਸਾ

48 ਸਾਲਾ ਅਦਿਤਿਆ ਇੰਸਾ ਨਾਲ ਇਸ ਪੱਤਰਕਾਰ ਦੀਆਂ ਕਈ ਮੀਟਿੰਗਾਂ ਹੋਈਆਂ ਸਨ। ਇਸ ਦੌਰਾਨ ਉਹ ਦੱਸਿਆ ਕਰਦਾ ਸੀ ਕਿ ਉਸ ਨੇ ਆਲ ਇੰਡੀਆ ਇੰਸਟੀਚਿਊਟ ਫ਼ਾਰ ਮੈਡੀਕਲ ਸਾਇੰਸਜ਼, ਦਿੱਲੀ ਵਿੱਚੋਂ ਮੈਡੀਕਲ ਦੀ ਪੜ੍ਹਾਈ ਕੀਤੀ ਅਤੇ ਫਿਰ ਨੇਤਰ ਵਿਗਿਆਨ ਵਿੱਚ ਮੁਹਾਰਤ ਹਾਸਲ ਕੀਤੀ।

ਅਦਿਤਿਆ ਨੇ ਦੱਸਿਆ ਸੀ ਕਿ ਉਹ ਡੇਰਾ ਮੁਖੀ ਦੀਆਂ ਅਲੌਕਿਕ ਸ਼ਕਤੀਆਂ ਤੋਂ ਪ੍ਰਭਾਵਿਤ ਹੋ ਗਿਆ ਅਤੇ ਉਸ ਨੇ ਆਪਣਾ ਪੂਰਾ ਜੀਵਨ ਡੇਰੇ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ।

ਗੱਲਬਾਤ ਦੌਰਾਨ ਅਦਿਤਿਆ ਨੇ ਦੱਸਿਆ ਕਿ "ਮੈ ਆਪਣਾ ਚੰਗਾ ਭਲਾ ਕਰੀਅਰ ਛੱਡ ਕੇ ਡੇਰੇ ਨਾਲ ਜੁੜਿਆ ਹਾਂ, ਮੈ ਕੋਈ ਪਾਗਲ ਨਹੀਂ ਹਾਂ। ਜੇ ਇੱਥੇ ਕੁਝ ਹੈ ਤਾਂ ਹੀ ਮੈ ਇਹ ਇਸ ਥਾਂ 'ਤੇ ਹਾਂ।"

ਅਦਿਤਿਆ ਇੰਸਾ ਦੇ ਭਰਾ ਅਮਿਤ ਅਰੋੜਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਦੇ ਡਾਕਟਰਾਂ ਦਾ ਇੱਕ ਗਰੁੱਪ ਡੇਰਾ ਸਿਰਸਾ ਤੋਂ ਪ੍ਰਭਾਵਿਤ ਸੀ। ਇਹਨਾਂ ਡਾਕਟਰਾਂ ਦੇ ਨਾਲ ਅਦਿਤਿਆ ਵੀ ਡੇਰਾ ਜਾਣ ਲੱਗਾ।

ਤਸਵੀਰ ਸਰੋਤ, Arvind Chhabra/BBC

ਤਸਵੀਰ ਕੈਪਸ਼ਨ,

25 ਅਗਸਤ, 2017 ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ

ਹੌਲੀ-ਹੌਲੀ ਉਹ ਡੇਰੇ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੇ ਆਪਣੇ ਮਾਪਿਆਂ ਅਤੇ ਭਰਾ ਤੱਕ ਛੱਡ ਦਿੱਤੇ। ਅਮਿਤ ਮੁਤਾਬਕ ਡੇਰੇ ਨਾਲ ਜੁੜਨ ਤੋਂ ਬਾਅਦ ਅਦਿਤਿਆ ਕਦੇ-ਕਦੇ ਘਰ ਆਉਂਦਾ ਅਤੇ ਹੌਲੀ-ਹੌਲੀ ਉਹ ਵੀ ਬੰਦ ਹੋ ਗਿਆ।

ਅਮਿਤ ਮੁਤਾਬਕ ਉਸ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਮਾਂ ਦੀ ਸਿਹਤ ਵੀ ਠੀਕ ਨਹੀਂ ਹੈ। ਅਮਿਤ ਨੇ ਦੱਸਿਆ ਕਿ ਡੇਰੇ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅਦਿਤਿਆ ਪਹਿਲਾਂ ਡੇਰੇ ਦੀ ਰਾਜਸਥਾਨ ਸਥਿਤ ਗੁਰੂਸਰ ਮੀਡੀਆ ਬਰਾਂਚ ਵਿੱਚ ਸੀ।

2007 ਵਿੱਚ ਜਦੋਂ ਡੇਰਾ ਮੁਖੀ ਉੱਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਦੀ ਨਕਲ ਕਰਨ ਦਾ ਦੋਸ਼ ਲੱਗਾ ਤਾਂ ਉਸ ਤੋਂ ਬਾਅਦ ਸਿੱਖ ਸੰਸਥਾਵਾਂ ਅਤੇ ਡੇਰਾ ਸਮਰਥਕਾਂ ਵਿਚਾਲੇ ਝੜਪਾਂ ਹੋਣ ਲੱਗੀਆਂ ਤਾਂ ਅਦਿਤਿਆ ਇੰਸਾ ਨੂੰ ਮੁੱਖ ਹੈੱਡਕੁਆਟਰ ਸੱਦਿਆ ਗਿਆ।

ਇਹੀ ਉਹ ਸਮਾਂ ਸੀ ਜਦੋਂ ਅਦਿਤਿਆ ਇੰਸਾ ਡੇਰਾ ਮੁਖੀ ਦੇ ਕਾਫ਼ੀ ਨਜ਼ਦੀਕ ਹੋ ਗਿਆ ਅਤੇ ਉਹ ਇੰਨਾ ਜ਼ਿਆਦਾ ਤਾਕਤਵਰ ਹੋ ਗਿਆ ਕਿ ਡੇਰੇ ਦਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਬਣ ਗਿਆ।

ਦਿਤਿਆ ਦਾ ਪਰਿਵਾਰ

ਅਦਿਤਿਆ ਇੰਸਾ ਦੀ ਪਤਨੀ ਅਤੇ ਦੋ ਬੱਚੇ ਹਨ, ਜੋ ਕਿ ਉਸ ਨਾਲ ਡੇਰੇ ਸਿਰਸਾ ਵਿੱਚ ਹੀ ਰਹਿੰਦੇ ਸਨ। ਅਦਿਤਿਆ ਦੇ ਭਰਾ ਅਮਿਤ ਮੁਤਾਬਕ ਪਿਛਲੇ ਕਾਫ਼ੀ ਸਮੇਂ ਤੋਂ ਉਸ ਦਾ ਆਪਣੇ ਭਰਾ ਅਤੇ ਭਰਜਾਈ ਨਾਲ ਕੋਈ ਸੰਪਰਕ ਨਹੀਂ ਹੈ।

ਤਸਵੀਰ ਸਰੋਤ, AFP/Getty Images

ਦਿਤਿਆ ਇੰਸਾ ਦਾ ਡੇਰੇ ਵਿੱਚ ਰਸੂਖ਼

ਅਦਿਤਿਆ ਇੰਸਾ ਦਾ ਪ੍ਰਭਾਵਸ਼ਾਲੀ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਪੜ੍ਹਿਆ-ਲਿਖਿਆ ਸੀ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਉਹ ਪੂਰੀ ਤਰਾਂ ਮਾਹਿਰ ਸੀ। ਡੇਰੇ ਦੇ ਅਖ਼ਬਾਰ "ਸੱਚ ਕਹੂੰ" ਦਾ ਸੰਪਾਦਕ ਵੀ ਅਦਿਤਿਆ ਸੀ।

ਇਹ ਵੀ ਪੜ੍ਹੋ:

ਇਹ ਅਖ਼ਬਾਰ ਅੰਗਰੇਜ਼ੀ , ਹਿੰਦੀ ਅਤੇ ਪੰਜਾਬੀ ਵਿੱਚ ਛਪਦਾ ਸੀ। ਅਦਿਤਿਆ ਦੇ ਪ੍ਰਭਾਵ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਡੇਰਾ ਮੁਖੀ ਦੀ ਇੰਟਰਵਿਊ ਕਰਨੀ ਹੈ ਤਾਂ ਉਸ ਲਈ ਅਦਿਤਿਆ ਤੋਂ ਹੀ ਆਗਿਆ ਲੈਣੀ ਪੈਂਦੀ ਸੀ। 25 ਅਗਸਤ ਨੂੰ ਪੰਚਕੂਲਾ ਹਿੰਸਾ ਤੋਂ ਬਾਅਦ ਅੱਖਾਂ ਦੇ ਮਾਹਿਰ ਡਾਕਟਰ ਅਦਿਤਿਆ ਇੰਸਾ ਦੀ ਭਾਲ ਕਰਨ ਵਿੱਚ ਹਰਿਆਣਾ ਪੁਲਿਸ ਅਜੇ ਵੀ ਖ਼ਾਕ ਛਾਣ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)