ਰਾਮ ਰਹੀਮ ਨੇ ਇੱਕ ਸਾਲ ’ਚ ਕਮਾਏ 6 ਹਜ਼ਾਰ

  • ਸਤ ਸਿੰਘ
  • ਬੀਬੀਸੀ ਪੰਜਾਬੀ ਲਈ
ਰਾਮ ਰਹੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜੇਲ੍ਹ ਵਿੱਚ ਰਾਮ ਰਹੀਮ ਦਾ ਇੱਕ ਸਾਲ ਅੰਦਰ 20 ਕਿੱਲੋ ਭਾਰ ਘੱਟ ਹੋਇਆ ਹੈ

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ 20 ਕਿੱਲੋ ਭਾਰ ਘਟ ਗਿਆ ਹੈ। ਰਾਮ ਰਹੀਮ ਬਲਾਤਕਾਰ ਦੇ ਦੋਸ਼ਾਂ ਤਹਿਤ 20 ਸਾਲ ਦੀ ਸਜ਼ਾ ਕੱਟ ਰਹੇ ਹਨ।

ਜੇਲ੍ਹ ਵਿੱਚ ਰਾਮ ਰਹੀਮ ਤੋਂ ਰੋਜ਼ਾਨਾ ਮਜਦੂਰੀ ਕਰਵਾਈ ਜਾ ਰਹੀ ਹੈ ਅਤੇ ਖਾਣ ਲਈ ਸਾਦੀ ਰੋਟੀ ਦਿੱਤੀ ਜਾਂਦੀ ਹੈ।

ਖਾਣੇ ਵਿੱਚ ਆਮ ਤੌਰ 'ਤੇ ਦਾਲ ਹੁੰਦੀ ਹੈ ਅਤੇ ਖਾਸ ਮੌਕਿਆਂ 'ਤੇ ਹੀ ਖਾਣ ਲਈ ਮਿਠਾਈ ਦਿੱਤੀ ਜਾਂਦੀ ਹੈ। ਜਿਸ ਕਾਰਨ ਰਾਮ ਰਹੀਮ ਦਾ ਪਹਿਲਾਂ ਨਾਲੋਂ ਭਾਰ ਕਾਫ਼ੀ ਘਟ ਗਿਆ ਹੈ।

ਜੇਲ੍ਹ ਵਿੱਚ ਜ਼ਮੀਨ ਨੂੰ ਵਾਹੁਣਾ, ਪੌਦਿਆਂ ਨੂੰ ਪਾਣੀ ਦੇਣਾ ਅਤੇ ਮੌਸਮੀ ਸਬਜ਼ੀਆਂ ਉਗਾਉਣਾ ਉਨ੍ਹਾਂ ਦੇ ਮੁੱਖ ਕੰਮ ਹਨ। ਰਾਮ ਰਹੀਮ ਦਾ ਭਾਰ ਹੁਣ 84 ਕਿੱਲੋ ਹੈ ਪਰ ਜਦੋਂ ਪੰਚਕੂਲਾ ਦੀ ਸੀਬੀਆਈ ਕੋਰਟ ਵੱਲੋਂ ਦੋਸ਼ੀ ਠਹਿਰਾਇਆ ਗਿਆ ਤਾਂ ਉਸ ਵੇਲੇ ਉਨ੍ਹਾਂ ਦਾ ਭਾਰ 104 ਕਿੱਲੋ ਸੀ।

.......................................................................................................................

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਉੱਤਰੀ ਭਾਰਤ ਵਿਚ ਕਈ ਸੂਬਿਆਂ ਦੀ ਸੱਤਾ ਤੇ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰੇ ਦੇ ਮੁਖੀ ਦੀ ਗੈਰਹਾਜ਼ਰੀ ਵਿਚ ਡੇਰੇ ਦੇ ਪ੍ਰਬੰਧਨ ਇਸਦੇ ਪ੍ਰੇਮੀਆਂ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਏ ਹਨ। ਇਸ ਦੀ ਤਾਜ਼ਾ ਤਸਵੀਰ ਪੇਸ਼ ਕਰਨ ਲਈ ਬੀਬੀਸੀ ਪੰਜਾਬੀ ਵੱਲੋਂ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪੇਸ਼ ਇਹ ਕਹਾਣੀ ਹੈਰਾਮ ਰਹੀਮ ਦੇ ਜੇਲ੍ਹ ਵਿੱਚ ਬਿਤਾਏ ਇੱਕ ਸਾਲ ਬਾਰੇ।

..........................................................................................................................

ਇਹ ਵੀ ਪੜ੍ਹੋ:

ਹਾਈ ਪ੍ਰੋਫ਼ਾਈਲ ਮਾਮਲਾ ਹੋਣ ਕਾਰਨ 51 ਸਾਲਾ ਰਾਮ ਰਹੀਮ ਨੂੰ 10x12 ਫੁੱਟ ਦੇ ਸਪੈਸ਼ਲ ਸੈੱਲ ਵਿੱਚ ਰੱਖਿਆ ਗਿਆ ਹੈ ਜਿੱਥੇ ਤਿੰਨ ਹੋਰ 'ਨੰਬਰਦਾਰ' ਰਹਿੰਦੇ ਹਨ।

ਇਸ ਸੈੱਲ ਦੇ ਬਾਹਰ ਭਾਰੀ ਸੁਰੱਖਿਆ ਬਲ ਤੈਨਾਤ ਹਨ ਤਾਂ ਜੋ ਉਹ ਕਿਸੇ ਹੋਰ ਕੈਦੀ ਜਾਂ ਵਿਚਾਰਅਧੀਨ (ਅੰਡਰ ਟਰਾਇਲ) ਕੈਦੀਆਂ ਨਾਲ ਘੁਲ-ਮਿਲ ਨਾ ਸਕਣ।

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਜੇਲ੍ਹ ਬਾਹਰ ਖੜ੍ਹੇ ਰਾਮ ਰਹੀਮ ਦੇ ਭਗਤ

ਹਾਲਾਂਕਿ, ਕੁਝ ਵਿਚਾਰਅਧੀਨ ਕੈਦੀਆਂ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਜੇਲ੍ਹ ਵਿੱਚ ਰਾਮ ਰਹੀਮ ਨੂੰ VIP ਟਰੀਟਮੈਂਟ ਦਿੱਤਾ ਜਾ ਰਿਹਾ ਹੈ, ਪਰ ਜੇਲ੍ਹ ਪ੍ਰਬੰਧਕ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ।

ਜੇਲ੍ਹ ਵਿੱਚ ਕੀ ਹੈ ਰਾਮ ਰਹੀਮ ਦੀ ਰੁਟੀਨ

ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਰਾਮ ਰਹੀਮ ਦੀ ਲੰਬੀ ਕਾਲੀ ਦਾੜ੍ਹੀ ਅਤੇ ਮੁੱਛਾਂ ਹੁਣ ਅੱਧੀਆਂ ਚਿੱਟੀਆਂ ਹੋ ਚੁੱਕੀਆਂ ਹਨ ਅਤੇ ਜ਼ਮੀਨ ਨੂੰ ਵਾਹੁਣ ਅਤੇ ਸਬਜ਼ੀਆਂ ਦੀ ਦੇਖ ਭਾਲ ਕਰਨ ਦੇ ਕੰਮ ਨੇ ਉਨ੍ਹਾਂ ਨੂੰ 'ਫਿੱਟ ਕੈਦੀ' ਬਣਾ ਦਿੱਤਾ ਹੈ।

ਉਨ੍ਹਾਂ ਕਿਹਾ, ''ਸਖ਼ਤ ਹਾਲਾਤ ਵਿੱਚ ਢਲਣ ਲਈ ਰਾਮ ਰਹੀਮ ਨੂੰ ਕੁਝ ਸਮਾਂ ਲੱਗਿਆ ਪਰ ਹੁਣ ਮੱਛਰ ਅਤੇ ਮੱਖੀਆਂ ਦੇ ਉਹ ਆਦੀ ਹੋ ਚੁੱਕੇ ਹਨ।''

ਜਦੋਂ ਗਰਮੀਆਂ ਸ਼ੁਰੂ ਹੋਈਆਂ ਤਾਂ ਰਾਮ ਰਹੀਮ ਵੱਲੋਂ ਆਪਣੇ ਸਪੈਸ਼ਲ ਸੈੱਲ ਲਈ ਕੂਲਰ ਦੀ ਮੰਗ ਕੀਤੀ ਗਈ ਪਰ ਜੇਲ੍ਹ ਨਿਯਮਾਂ ਮੁਤਾਬਕ ਇਹ ਮੰਗ ਪੂਰੀ ਨਹੀਂ ਕੀਤੀ ਗਈ।

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ,

ਰਾਮ ਰਹੀਮ ਦੇ ਜਨਮ ਦਿਨ ਉੱਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਇੱਕ ਟਨ ਗਰੀਟਿੰਗ ਕਾਰਡ ਭੇਜੇ ਗਏ ਸਨ

ਸੂਚੀ ਮੁਤਾਬਕ ਰਾਮ ਰਹੀਮ ਦੇ ਪਰਿਵਾਰ ਦੇ 10 ਮੈਂਬਰ ਅਤੇ ਕਰੀਬੀ ਉਨ੍ਹਾਂ ਨੂੰ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਮਿਲਣ ਆ ਸਕਦੇ ਹਨ ਪਰ ਹਫ਼ਤੇ ਵਿੱਚ ਕਿਸੇ ਇੱਕ ਹੀ ਦਿਨ ਮਿਲਣ ਆਉਣ ਦੀ ਇਜਾਜ਼ਤ ਹੈ।

ਉਨ੍ਹਾਂ ਦੱਸਿਆ, ''ਇੱਕ ਆਮ ਕੈਦੀ ਅਤੇ ਉਸਦੇ ਪ੍ਰੋਫਾਈਲ ਦੇ ਮੁਤਾਬਕ, ਉਨ੍ਹਾਂ ਨੂੰ ਬਾਗਵਾਨੀ ਦਾ ਕੰਮ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਰੋਜ਼ਾਨਾ 20 ਰੁਪਏ ਕਮਾਉਣ ਦੇ ਹੱਕਦਾਰ ਹੁੰਦੇ ਹਨ। ਇਸ ਤੋਂ ਇਲਾਵਾ ਐਤਵਾਰ ਅਤੇ ਸਾਰੀਆਂ ਸਰਕਾਰੀ ਛੁੱਟੀਆਂ ਮਿਲਦੀਆਂ ਹਨ। ਹੁਣ ਤੱਕ ਰਾਮ ਰਹੀਮ ਨੇ 6000 ਤੋਂ ਵੱਧ ਦੀ ਕਮਾਈ ਕੀਤੀ ਹੋਵੇਗੀ।''

ਇਹ ਵੀ ਪੜ੍ਹੋ:

ਬਾਕੀ ਕੈਦੀਆਂ ਦੀ ਤਰ੍ਹਾਂ ਰਾਮ ਰਹੀਮ ਨੂੰ ਵੀ ਦੋ ਜੋੜੇ ਚਿੱਟੇ ਕੁੜਤੇ-ਪਜਾਮੇ ਦਿੱਤੇ ਗਏ ਹਨ ਅਤੇ ਜਦੋਂ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਜਾਂ ਫੇਰ ਵਕੀਲਾਂ ਨੂੰ ਮਿਲਣ ਜਾਂਦੇ ਹਨ ਸਿਰਫ਼ ਉਦੋਂ ਹੀ ਉਨ੍ਹਾਂ ਨੂੰ ਖ਼ੁਦ ਦੇ ਕੱਪੜੇ ਪਾਉਣ ਦੀ ਇਜਾਜ਼ਤ ਹੈ। ਮਾਮਲੇ ਦੀ ਸੁਣਵਾਈ ਦੌਰਾਨ ਵੀ ਖ਼ੁਦ ਦੇ ਕੱਪੜੇ ਪਾਉਣ ਦੀ ਇਜਾਜ਼ਤ ਹੈ।

ਤਸਵੀਰ ਸਰੋਤ, HONEYPREETINSAN.ME

ਤਸਵੀਰ ਕੈਪਸ਼ਨ,

ਜੇਲ੍ਹ ਵਿੱਚ ਰਾਮ ਰਹੀਮ ਬਾਗਵਾਨੀ ਦਾ ਕੰਮ ਕਰਦੇ ਹਨ (ਜੇਲ੍ਹ ਜਾਣ ਤੋਂ ਪਹਿਲਾਂ ਰੁੱਖ ਲਗਵਾਉਣ ਦੀ ਇੱਕ ਪੁਰਾਣੀ ਤਸਵੀਰ)

ਉਹ ਸਵੇਰੇ 6 ਵਜੇ ਉੱਠਦੇ ਹਨ ਅਤੇ ਸਵੇਰ ਦੀ ਚਾਹ ਪੀਂਦੇ ਹਨ ਉਸ ਤੋਂ ਬਾਅਦ ਕਸਰਤ ਕਰਦੇ ਹਨ ਅਤੇ 8 ਵਜੇ ਤੱਕ ਨਾਸ਼ਤਾ ਮਿਲਦਾ ਹੈ।

ਨਾਸ਼ਤੇ ਵਿੱਚ ਬਰੈੱਡ ਜਾਂ ਮੌਸਮੀ ਫਲ ਦਿੱਤੇ ਜਾਂਦੇ ਹਨ। ਫਿਰ ਉਨ੍ਹਾਂ ਨੂੰ ਆਪਣੇ ਸੈੱਲ ਤੋਂ ਬਾਹਰ ਖੇਤਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਕੀ ਪੈਰੋਲ ਲੈਣਗੇ ਰਾਮ ਰਹੀਮ

ਉਹ ਇੱਕ ਵਜੇ ਤੱਕ ਉੱਥੇ ਕੰਮ ਕਰਦੇ ਹਨ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਮਿਲਦਾ ਹੈ ਜਿਸ ਵਿੱਚ ਦਾਲ ਅਤੇ ਰੋਟੀਆਂ ਦਿੱਤੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਉਹ ਸ਼ਾਮ 5 ਵਜੇ ਤੱਕ ਆਪਣੇ ਸੈੱਲ ਦੇ ਅੰਦਰ ਆਰਾਮ ਕਰਨ ਦਾ ਸਮਾਂ ਮਿਲਦਾ ਹੈ।

ਕੈਦੀਆਂ ਨੂੰ ਸ਼ਾਮ ਦੇ ਸਮੇਂ ਇੱਕ-ਦੂਜੇ ਨਾਲ ਮਿਲਣ ਦੀ ਇਜਾਜ਼ਤ ਹੁੰਦੀ ਹੈ ਪਰ ਰਾਮ ਰਹੀਮ ਉਹ ਸਮਾਂ ਕਿਤਾਬਾਂ ਪੜ੍ਹਨ ਜਾਂ ਕਵਿਤਾਵਾਂ ਲਿਖਣ ਵਿੱਚ ਬਤੀਤ ਕਰਦੇ ਹਨ।

ਆਪਣੇ ਅੱਧ ਵਿਚਾਲੇ ਲਟਕੇ ਹੋਏ ਅਦਾਲਤੀ ਮਾਮਲਿਆਂ ਬਾਰੇ ਜਾਣਨ ਲਈ ਉਹ ਉਤਸੁਕ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਉਹ ਸੁਰੱਖਿਆ ਅਧਿਕਾਰੀਆਂ ਨਾਲ ਬਹੁਤ ਘੱਟ ਗੱਲਬਾਤ ਕਰਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

28 ਅਗਸਤ ਤੋਂ ਬਾਅਦ ਰਾਮ ਰਹੀਮ ਪੈਰੋਲ ਦੇ ਹੱਕਦਾਰ ਹਨ।

ਹਰਿਆਣਾ ਵਿੱਚ ਕੈਦੀ ਦੇ ਚੰਗੇ ਸਲੂਕ ਕਾਰਨ ਅਸਥਾਈ ਰਿਹਾਈ ਨਿਯਮ ਮੁਤਾਬਕ ਕੈਦੀ ਜੇਲ੍ਹ ਵਿੱਚ ਇੱਕ ਸਾਲ ਪੂਰਾ ਕਰਨ ਤੋਂ ਬਾਅਦ ਪੈਰੋਲ ਲਈ ਅਰਜ਼ੀ ਦਾਖ਼ਲ ਕਰਨ ਦਾ ਹੱਕਦਾਰ ਹੁੰਦਾ ਹੈ।

ਧਾਰਾ 3 (1) ਦੇ ਤਹਿਤ ਚਾਰ 'ਲੋੜੀਂਦੇ ਕਾਰਨਾਂ' ਦੇ ਆਧਾਰ 'ਤੇ ਇਸ ਮਾਮਲੇ ਉੱਤੇ ਵਿਚਾਰ ਕੀਤਾ ਜਾਂਦਾ ਹੈ।

  • ਸਜ਼ਾਯਾਫ਼ਤਾ ਦੀ ਪਤਨੀ ਦੀ ਡਿਲੀਵਰੀ ਦੀ ਤੈਅ ਕੀਤੀ ਤਰੀਕ
  • ਘਰ ਦੀ ਮੁਰਮੰਤ/ਦੋਸ਼ੀ ਵੱਲੋਂ ਬਣਾਏ ਜਾ ਰਹੇ ਨਵੇਂ ਘਰ ਦੀ ਮੁਰੰਮਤ
  • ਸਜ਼ਾਯਾਫਤਾ 'ਤੇ ਨਿਰਭਰ ਕਰਨ ਵਾਲਿਆਂ ਵਿੱਚੋਂ ਕਿਸੇ ਦਾ ਸਕੂਲ, ਜਾਂ ਇੰਸਟੀਚਿਊਟ ਵਿੱਚ ਦਾਖ਼ਲਾ ਦਵਾਉਣਾ
  • ਦੋਸ਼ੀ ਦੇ ਭਰਾ ਜਿਸ ਦੀ ਮੌਤ ਹੋ ਚੁੱਕੀ ਹੋਵੇ, ਉਸਦੇ ਮੁੰਡੇ ਜਾਂ ਕੁੜੀ ਦੇ ਵਿਆਹ ਦੇ ਲਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਮ ਰਹੀਮ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਉਨ੍ਹਾਂ ਨੂੰ ਹਫ਼ਤੇ ਵਿੱਚ ਇੱਕ ਦਿਨ ਮਿਲ ਸਕਦੇ ਹਨ

ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਸਾਰੇ ਕਾਨੂੰਨੀ ਮਾਮਲਿਆਂ ਵਿੱਚ ਤੈਅ ਕੀਤੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹਨ ਅਤੇ ਇਸ ਮਾਮਲੇ ਵਿੱਚ ਵੀ ਇਸਦਾ ਪਾਲਣ ਕੀਤਾ ਜਾਵੇਗਾ।

ਰਾਮ ਰਹੀਮ ਦੇ ਕਾਨੂੰਨੀ ਮਾਮਲਿਆਂ ਨੂੰ ਦੇਖ ਰਹੇ ਵਕੀਲ ਐਸ ਕੇ ਨਰਵਾਨਾ ਗਰਗ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)