ਏਸ਼ੀਆਈ ਖੇਡਾਂ ਵਿੱਚ ਮਾਨਸਾ ਦੇ ਸੁਖਮੀਤ ਤੇ ਸਵਰਨ ਬਣੇ ਸੋਨ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ

ਸਵਰਨ ਸਿੰਘ ਨੂੰ ਆਪਣੀਆਂ ਪ੍ਰਾਪਤੀਆਂ ਕਰਕੇ 2015 ਵਿੱਚ ਅਰਜਨ ਐਵਾਰਡ ਵੀ ਮਿਲ ਚੁੱਕਾ ਹੈ Image copyright Sukhcharan preet/bbc
ਫੋਟੋ ਕੈਪਸ਼ਨ ਸਵਰਨ ਸਿੰਘ ਨੂੰ ਆਪਣੀਆਂ ਪ੍ਰਾਪਤੀਆਂ ਕਰਕੇ 2015 ਵਿੱਚ ਅਰਜਨ ਐਵਾਰਡ ਵੀ ਮਿਲ ਚੁੱਕਾ ਹੈ

ਇੰਡੋਨੇਸ਼ੀਆ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਰੋਇੰਗ ਟੀਮ ਦੇ ਚਾਰ ਖਿਡਾਰੀਆਂ ਵਿੱਚੋਂ ਦੋ ਖਿਡਾਰੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਹਨ। ਦੋਵੇਂ ਖਿਡਾਰੀ ਭਾਰਤੀ ਫੌਜ ਦਾ ਹਿੱਸਾ ਹਨ।

ਇਨ੍ਹਾਂ ਵਿੱਚੋਂ ਇੱਕ ਖਿਡਾਰੀ ਹਨ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ ਪਿੰਡ ਦੇ ਸਵਰਨ ਸਿੰਘ।

ਸਵਰਨ ਸਿੰਘ ਭਾਰਤੀ ਫ਼ੌਜ ਦੀ 10 ਸਿੱਖ ਰੈਜ਼ਮੇਂਟ ਵਿੱਚ ਸੂਬੇਦਾਰ ਦੇ ਅਹੁਦੇ ਉੱਤੇ ਤਾਇਨਾਤ ਹਨ।

ਇਹ ਵੀ ਪੜ੍ਹੋ:

ਸਵਰਨ ਸਿੰਘ 2012 ਵਿੱਚ ਲੰਡਨ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਸਵਰਨ ਨੇ ਇਸ ਤੋਂ ਪਹਿਲਾਂ ਸਾਲ 2014 ਵਿੱਚ ਵੀ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸਵਰਨ ਸਿੰਘ ਨੂੰ ਆਪਣੀਆਂ ਪ੍ਰਾਪਤੀਆਂ ਕਰਕੇ 2015 ਵਿੱਚ ਅਰਜਨ ਐਵਾਰਡ ਵੀ ਮਿਲ ਚੁੱਕਾ ਹੈ।

ਉੱਚੇ ਕੱਦ ਕਰਕੇ ਹੋਈ ਚੋਣ

ਸਵਰਨ ਦੇ ਮਾਤਾ ਸੁਰਜੀਤ ਕੌਰ ਮਾਣ ਨਾਲ ਦੱਸਦੇ ਹਨ, "ਬਚਪਨ ਵਿੱਚ ਇੱਕ ਵਾਰ ਨਾਨਕੇ ਜਾਂਦਿਆਂ ਇਸਨੇ ਇੱਕ ਫ਼ੌਜੀ ਦਾ ਬੁੱਤ ਦੇਖ ਲਿਆ। ਉਸ ਦਿਨ ਤੋਂ ਹੀ ਇਹ ਕਹਿਣ ਲੱਗ ਪਿਆ ਕਿ ਫ਼ੌਜ ਵਿੱਚ ਜਾਣਾ ਹੈ। ਜੇ ਫ਼ੌਜ ਵਿੱਚ ਨਾ ਜਾਂਦਾ ਤਾਂ ਸ਼ਾਇਦ ਖੇਡਾਂ ਵਿੱਚ ਇੰਨੀਆਂ ਪ੍ਰਾਪਤੀਆਂ ਨਾ ਕਰ ਸਕਦਾ।"

Image copyright Sukhcharan preet/bbc
ਫੋਟੋ ਕੈਪਸ਼ਨ ਸਾਲ 2009 ਵਿੱਚ ਸਰਵਣ ਚੋਣ ਫ਼ੌਜ ਦੀ ਰੋਇੰਗ ਟੀਮ ਲਈ ਹੋਈ ਸੀ

ਸਵਰਨ ਦੇ ਪਿਤਾ ਗੁਰਮੁਖ ਸਿੰਘ ਕਹਿੰਦੇ ਹਨ, "ਪਿੰਡ ਵਿੱਚ ਮਾੜਾ ਮੋਟਾ ਵਾਲੀਬਾਲ ਖੇਡਦਾ ਸੀ। ਇਸ ਖੇਡ ਵੱਲ ਫ਼ੌਜ ਵਿੱਚ ਜਾ ਕੇ ਪਿਆ। ਇਸਦਾ 6 ਫੁੱਟ ਦੋ ਇੰਚ ਕੱਦ ਹੋਣ ਕਰਕੇ ਰੈਜਮੈਂਟ ਵੱਲੋਂ ਇਸ ਨੂੰ ਇਸ ਖੇਡ ਲਈ ਚੁਣਿਆ ਗਿਆ ਸੀ।''

Image copyright Sukhcharan preet/bbc
ਫੋਟੋ ਕੈਪਸ਼ਨ ਸਵਰਨ ਨੇ ਇਸ ਤੋਂ ਪਹਿਲਾਂ ਸਾਲ 2014 ਵਿੱਚ ਵੀ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ

"ਫਿਰ ਇਸ ਨੇ ਪਿੱਛੇ ਮੁੜਕੇ ਨਹੀਂ ਦੇਖਿਆ। ਘਰ ਵਿੱਚ ਮਿਹਨਤ ਕਰਨ ਦਾ ਮਾਹੌਲ ਸੀ। ਖੇਤਾਂ ਵਿੱਚ ਕੰਮ ਕਰਦਾ ਹੀ ਭਰਤੀ ਹੋਇਆ ਸੀ। ਹੁਣ ਵੀ ਜਦੋਂ ਛੁੱਟੀ ਲੈ ਕੇ ਘਰ ਆਉਂਦਾ ਹੈ ਤਾਂ ਖੇਤੀ ਦੇ ਕੰਮ ਕਰਵਾਉਂਦਾ ਹੈ।"

ਸਰਵਣ ਟਰੇਨਿੰਗ ਛੱਡਣਾ ਚਾਹੁੰਦਾ ਸੀ

ਸਵਰਨ ਦੀ ਪ੍ਰਾਪਤੀ ਅਤੇ ਪਿਛਲੇ ਸੰਘਰਸ਼ ਬਾਰੇ ਉਸਦੇ ਵੱਡੇ ਭਰਾ ਲਖਵੀਰ ਸਿੰਘ ਦੱਸਦੇ ਹਨ, "ਸਾਲ 2008 ਵਿੱਚ ਇਹ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ ਸਾਲ 2009 ਵਿੱਚ ਇਸਦੀ ਚੋਣ ਫ਼ੌਜ ਦੀ ਰੋਇੰਗ ਟੀਮ ਲਈ ਹੋਈ ਸੀ।''

Image copyright SUKHCHARAN PREET/BBC
ਫੋਟੋ ਕੈਪਸ਼ਨ ਸਰਵਨ ਸਿੰਘ ਦੇ ਮਾਪਿਆਂ ਅਨੁਸਾਰ ਉਹ ਪਹਿਲਾਂ ਟਰੇਨਿੰਗ ਛੱਡਣਾ ਚਾਹੁੰਦਾ ਸੀ

"ਉਸ ਦੀ ਰੈਜਮੈਂਟ ਵਿੱਚੋਂ ਤਿੰਨ ਜਵਾਨ ਚੁਣੇ ਗਏ ਸਨ। ਬਾਕੀ ਦੋ ਸਖ਼ਤ ਟਰੇਨਿੰਗ ਛੱਡ ਕੇ ਵਾਪਸ ਯੂਨਿਟ ਵਿੱਚ ਆ ਗਏ। ਇਹ ਵੀ ਵਾਪਸ ਆਉਣਾ ਚਾਹੁੰਦਾ ਸੀ। ਸਾਡੇ ਸਮਝਾਉਣ ਉੱਤੇ ਟਿਕਿਆ ਰਿਹਾ। ਹੁਣ ਜਦੋਂ ਉਹ ਕੌਮਾਂਤਰੀ ਖਿਡਾਰੀ ਬਣ ਚੁੱਕਾ ਹੈ ਤਾਂ ਉਹ ਦਿਨ ਯਾਦਾਂ ਦਾ ਹਿੱਸਾ ਬਣ ਗਏ ਹਨ।"

ਸਵਰਨ ਸਿੰਘ ਦੇ ਘਰ ਦਲੇਲਵਾਲਾ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਪਰਿਵਾਰ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਪਹੁੰਚੇ ਹਨ।

ਸਾਰਿਆਂ ਦਾ ਕਹਿਣਾ ਹੈ ਕਿ ਸਵਰਣ ਸਿੰਘ ਦੀ ਹਰ ਪ੍ਰਾਪਤੀ ਨਾਲ ਪਰਿਵਾਰ ਹੀ ਨਹੀਂ ਸਾਡੇ ਇਲਾਕੇ ਦਾ ਨਾਂ ਵੀ ਉੱਚਾ ਹੁੰਦਾ ਹੈ ਅਤੇ ਇਹੀ ਉਹ ਮਾਣ ਹੈ ਜਿਹੜਾ ਉਨ੍ਹਾਂ ਨੂੰ ਇੱਥੇ ਖਿੱਚ ਲਿਆਇਆ ਹੈ।

ਸੁਖਮੀਤ ਵੀ ਹੈ ਕਾਮਯਾਬੀ ਦੇ ਹਿੱਸੇਦਾਰ

ਏਸ਼ੀਆਈ ਖੇਡਾਂ ਵਿੱਚ ਸੋਨ ਦਾ ਤਗਮਾ ਜਿੱਤਣ ਵਾਲੀ ਰੋਇੰਗ ਟੀਮ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦਾ ਜੰਮਪਲ ਸੁਖਮੀਤ ਸਿੰਘ ਵੀ ਹਨ।

Image copyright Sukhcharan Preet/BBC
ਫੋਟੋ ਕੈਪਸ਼ਨ ਸੁਖਮੀਤ ਦੀ ਕਾਮਯਾਬੀ ਤੇ ਉਸ ਦੇ ਪਿੰਡ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ

ਸੁਖਮੀਤ ਦਾ ਪਰਿਵਾਰ ਖ਼ੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ ਅਤੇ ਵਧਾਈਆਂ ਦੇਣ ਵਾਲਿਆਂ ਦਾ ਵੀ ਘਰ ਵਿੱਚ ਤਾਂਤਾ ਲੱਗਿਆ ਹੋਇਆ ਹੈ।

ਇਸ ਮੌਕੇ ਸੁਖਮੀਤ ਦੇ ਪਿਤਾ ਅਮਰੀਕ ਸਿੰਘ ਨੇ ਕਿਹਾ, "ਅਸੀਂ ਸੁਖਮੀਤ ਦੀ ਕਾਮਯਾਬੀ ਉੱਤੇ ਬਹੁਤ ਖ਼ੁਸ਼ ਹਾਂ। ਇਸ ਦੇ ਪਿੱਛੇ ਉਸਦੇ ਵੱਡੇ ਭਰਾ ਅਤੇ ਪਿੰਡ ਵਾਸੀਆਂ ਦਾ ਬਹੁਤ ਯੋਗਦਾਨ ਹੈ ਜਿਹੜੇ ਹਰ ਸਮੇਂ ਉਸਦਾ ਹੌਸਲਾ ਵਧਾਉਂਦੇ ਰਹਿੰਦੇ ਹਨ।"

ਸੁਖਮੀਤ ਭਾਰਤੀ ਫ਼ੌਜ ਦੀ ਇੰਜੀਨੀਅਰ ਕੋਰ ਨਾਲ ਰੁੜਕੀ ਵਿੱਚ ਤਾਇਨਾਤ ਹਨ।

Image copyright Sukhcharan Preet/BBC
ਫੋਟੋ ਕੈਪਸ਼ਨ ਸੁਖਮੀਤ ਦੇ ਭਰਾ ਅਨੁਸਾਰ ਉਸ ਦਾ ਪਹਿਲਾਂ ਖੇਡਾਂ ਵੱਲ ਝੁਕਾਅ ਨਹੀਂ ਸੀ

ਸੁਖਮੀਤ ਦੇ ਵੱਡੇ ਭਰਾ ਮਨਦੀਪ ਸਿੰਘ ਵੀ ਭਾਰਤੀ ਫ਼ੌਜ ਦੀ 15 ਪੰਜਾਬ ਰੈਜੀਮੈਂਟ ਵਿੱਚ ਨਾਇਕ ਦੇ ਤੌਰ 'ਤੇ ਸੇਵਾ ਨਿਭਾ ਰਹੇ ਹਨ।

ਮਨਦੀਪ ਨੇ ਬੀਬੀਸੀ ਨਿਊਜ਼ ਨਾਲ ਫ਼ੋਨ ਉੱਤੇ ਗੱਲਬਾਤ ਦੌਰਾਨ ਦੱਸਿਆ, "ਸੁਖਮੀਤ 2014 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ। ਸਾਲ 2016 ਵਿੱਚ ਉਸ ਨੇ ਰੋਇੰਗ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਪਹਿਲਾਂ ਇਸ ਦਾ ਝੁਕਾਅ ਖੇਡਾਂ ਵੱਲ ਨਹੀਂ ਸੀ। ਪਿੰਡ ਰਹਿੰਦਿਆਂ ਸ਼ੌਕੀਆ ਤੌਰ ਉੱਤੇ ਕਬੱਡੀ ਖੇਡਦਾ ਹੁੰਦਾ ਸੀ।"

Image copyright Sukhcharan Preet/BBC
ਫੋਟੋ ਕੈਪਸ਼ਨ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਸੁਖਮੀਤ ਦਾ ਗੱਡੀ ਦੇ ਕਾਫਲੇ ਨਾਲ ਸੁਵਾਗਤ ਕਰਨਗੇ

ਮਨਦੀਪ ਮੁਤਾਬਕ ਸੁਖਮੀਤ ਦੇ 6 ਫੁੱਟ ਲੰਮੇ ਕੱਦ ਕਰਕੇ ਫ਼ੌਜ ਦੇ ਕੋਚਾਂ ਨੇ ਉਸ ਨੂੰ ਚੁਣਿਆ। "ਬੀਤੇ ਸਾਲ ਹੋਈਆਂ ਨੈਸ਼ਨਲ ਗੇਮਜ਼ ਵਿੱਚ ਰੋਇੰਗ ਵਿੱਚ ਸਿਲਵਰ ਮੈਡਲ ਆਉਣ ਕਰਕੇ ਹੀ ਇਸਦੀ ਏਸ਼ੀਅਨ ਗੇਮਜ਼ ਲਈ ਚੋਣ ਹੋਈ ਸੀ।"

Image copyright Sukhcharan Preet/BBC
ਫੋਟੋ ਕੈਪਸ਼ਨ ਸੁਖਮੀਤ ਦੀ ਮਾਤਾ ਕੁਲਵਿੰਦਰ ਕੌਰ ਮੁਤਾਬਕ ਸੁਖਮੀਤ ਸ਼ੁਰੂ ਤੋਂ ਹੀ ਧੁੰਨ ਦਾ ਪੱਕਾ ਰਿਹਾ ਹੈ

ਸੁਖਮੀਤ ਦੀ ਮਾਤਾ ਕੁਲਵਿੰਦਰ ਕੌਰ ਮੁਤਾਬਕ, "ਸੁਖਮੀਤ ਸ਼ੁਰੂ ਤੋਂ ਹੀ ਧੁੰਨ ਦਾ ਪੱਕਾ ਰਿਹਾ ਹੈ। ਜਿਹੜੀ ਗੱਲ ਇਸਨੇ ਧਾਰ ਲਈ ਉਹ ਪੂਰੀ ਕਰਕੇ ਹੀ ਛੱਡਦਾ ਹੈ। ਇਹ ਇਸਦੀ ਪ੍ਰਾਪਤੀ ਪਿੱਛੇ ਵੱਡਾ ਕਾਰਨ ਹੈ।"

ਇਹ ਪੜ੍ਹੋ:

ਸੁਖਮੀਤ ਦੇ ਪਰਿਵਾਰ ਦੀਆਂ ਖ਼ੁਸ਼ੀਆਂ ਵਿੱਚ ਸ਼ਰੀਕ ਹੋਣ ਆਏ ਬੂਟਾ ਸਿੰਘ ਨੇ ਸੁਖਮੀਤ ਦੀ ਇਸ ਪ੍ਰਾਪਤੀ ਨੂੰ ਪਿੰਡ ਲਈ ਵਡਭਾਗੀ ਦੱਸਿਆ, "ਪਿੰਡ ਦੇ ਤਿੰਨ-ਚਾਰ ਮੁੰਡੇ ਨੈਸ਼ਨਲ ਕਬੱਡੀ ਵਿੱਚ ਪੰਜਾਬ ਵੱਲੋਂ ਖੇਡਦੇ ਰਹੇ ਹਨ ਪਰ ਪਿੰਡ ਵਿੱਚ ਕੋਈ ਵੱਡਾ ਖਿਡਾਈ ਨਹੀਂ ਰਿਹਾ।"

Image copyright Sukhcharan Preet/BBC
ਫੋਟੋ ਕੈਪਸ਼ਨ ਸੁਖਮੀਤ ਦੇ ਮਾਪਿਆਂ ਦਾ ਇਸ ਗੱਲ ਨੂੰ ਲੈ ਕੇ ਮਾਣ ਹੈ ਕਿ ਹੁਣ ਉਨ੍ਹਾਂ ਦਾ ਪਿੰਡ ਉਨ੍ਹਾਂ ਦੇ ਪੁੱਤਰ ਕਰਕੇ ਜਾਣਿਆ ਜਾਵੇਗਾ

ਪਹਿਲਾਂ ਰੰਗਕਰਮੀ ਤੇ ਲੇਖਕ ਅਜਮੇਰ ਸਿੰਘ ਔਲਖ ਕਰਕੇ ਇਹ ਪਿੰਡ ਜਾਣਿਆ ਜਾਂਦਾ ਸੀ। ਬੂਟਾ ਸਿੰਘ ਨੇ ਕਿਹਾ, "ਹੁਣ ਸੁਖਮੀਤ ਅਤੇ ਅਜਮੇਰ ਔਲਖ ਦੇ ਪਿੰਡ ਕਰਕੇ ਜਾਣਿਆ ਜਾਵੇਗਾ।"

ਪੰਚਾਇਤ ਮੈਂਬਰ ਦਰਸ਼ਨ ਰਾਮ ਨੇ ਸੁਖਮੀਤ ਦੇ ਸਵਾਗਤ ਦੀ ਯੋਜਨਾ ਬਾਰੇ ਦੱਸਦੇ ਹੋਏ ਕਿਹਾ, "ਜਦੋਂ ਉਹ ਨੈਸ਼ਨਲ ਗੇਮਜ਼ ਵਿੱਚ ਮੈਡਲ ਜਿੱਤਿਆ ਸੀ ਉਦੋਂ ਅਸੀਂ 40-50 ਗੱਡੀਆਂ ਵਿੱਚ ਸੁਖਮੀਤ ਨੂੰ ਮਾਣ-ਸਨਮਾਨ ਨਾਲ ਪਿੰਡ ਲੈ ਕੇ ਆਏ ਸੀ। ਇਸ ਵਾਰ ਅਸੀਂ ਉਸ ਤੋਂ ਵੀ ਵੱਡਾ ਕਾਫ਼ਲਾ ਲੈ ਕੇ ਜਾਵਾਂਗੇ ਅਤੇ ਪਿੰਡ ਵਿੱਚ ਸ਼ਾਨਦਾਰ ਸਮਾਗਮ ਵੀ ਕਰਾਂਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ