ਰਾਮ ਰਹੀਮ ਨੂੰ ਜੇਲ੍ਹ ਹੋਣ ਤੋਂ ਬਾਅਦ ਹੋਈ ਗੋਲੀਬਾਰੀ 'ਚ ਆਪਣਿਆਂ ਨੂੰ ਗੁਆਉਣ ਵਾਲੇ ਲੋਕਾਂ ਦੇ ਹਾਲਾਤ

ਰਾਮ ਰਹੀਮ Image copyright Prabhu Dayal/BBC
ਫੋਟੋ ਕੈਪਸ਼ਨ ਰਾਮ ਰਹੀਮ ਦੀ ਗ੍ਰਿਫਤਾਰੀ 'ਤੇ ਹੋਈ ਹਿੰਸਾ ਵਿੱਚ ਵਿਨੋਦ ਮਾਰਿਆ ਗਿਆ ਸੀ

ਵਿਨੋਦ ਦੀ ਮਾਂ ਮੰਜੂ ਨੂੰ ਆਪਣੇ ਮਰੇ ਪੁੱਤ ਦਾ ਮੂੰਹ ਨਾ ਦੇਖ ਸਕਣ ਦਾ ਅੱਜ ਵੀ ਦੁੱਖ ਹੈ। ਇਹ ਗ਼ਮ ਸ਼ਾਇਦ ਉਸ ਦੀ ਆਪਣੀ ਮੌਤ ਨਾਲ ਹੀ ਮੁੱਕ ਸਕੇਗਾ। 21 ਸਾਲਾ ਵਿਨੋਦ ਦੀ 25 ਅਗਸਤ 2017 ਨੂੰ ਪੰਚਕੂਲਾ ਵਿਚ ਪੁਲਿਸ ਗੋਲੀਬਾਰੀ ਚ ਮੌਤ ਹੋਈ ਸੀ।

ਦਰਅਸਲ ਇਸ ਦਿਨ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ।

ਵਿਨੋਦ ਅਖ਼ਬਾਰ ਵੇਚਦਾ ਸੀ। ਸਵੇਰੇ ਅਖ਼ਬਾਰ ਵੰਡਣ ਤੋਂ ਬਾਅਦ ਉਹ ਆਈ.ਟੀ.ਆਈ. ਕਾਲਜ ਵਿੱਚ ਪੜ੍ਹਦਾ ਸੀ ਅਤੇ ਸ਼ਾਮ ਨੂੰ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਕੇ ਮਾਂ-ਪਿਓ ਦੀ ਆਰਥਿਕ ਹਾਲਤ ਦੇ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਵਿਨੋਦ ਦਾ ਸੁਪਨਾ ਪੈਸੇ ਕਮਾ ਕੇ ਆਪਣੀ ਮਾਂ ਨੂੰ ਜਹਾਜ਼ ਦਾ ਝੂਟਾ ਦੁਆਉਣ ਦਾ ਸੀ ਜੋ ਪੂਰਾ ਨਾ ਹੋਇਆ।

ਇਹ ਵੀ ਪੜ੍ਹੋ:

ਥੇੜ੍ਹ ਮੁਹੱਲੇ ਵਿੱਚ ਰਹਿੰਦੇ ਰਾਮੇਸ਼ਵਰ ਦਾ ਘਰ ਪੁੱਛਦੇ-ਪੁੱਛਾਉਂਦੇ ਜਦੋਂ ਉਨ੍ਹਾਂ ਦੇ ਘਰ ਦਾ ਜਾ ਕੇ ਦਰਵਾਜਾ ਖੜ੍ਹਕਾਇਆ ਤਾਂ ਵਿਨੋਦ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਉਨ੍ਹਾਂ ਨੂੰ ਵਿਨੋਦ ਦੀ ਮਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਿਰ ਹਿਲਾਉਂਦੇ ਹੋਏ ਹਾਮੀ ਭਰੀ, "ਮੈਂ ਹੀ ਹਾਂ ਵਿਨੋਦ ਦੀ ਮਾਂ, ਦੱਸੋ।"

ਜਦੋਂ ਉਨ੍ਹਾਂ ਨੂੰ ਵਿਨੋਦ ਬਾਰੇ ਦੋ ਗੱਲਾਂ ਕਰਨ ਬਾਰੇ ਕਿਹਾ ਗਿਆ ਤਾਂ ਨਾਲ ਦੀ ਨਾਲ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਤੁਰੇ ਅਤੇ ਉਹ ਨਿਢਾਲ ਹੁੰਦੇ ਹੋਏ ਕੋਲ ਪਏ ਮੰਜੇ ਉੱਤੇ ਬੈਠਦੇ ਹੀ ਵੈਣ ਪਾਉਣ ਲੱਗ ਪਈ। ਹੌਂਸਲਾ ਦੇ ਕੇ ਜਦੋਂ ਉਨ੍ਹਾਂ ਨੂੰ ਚੁੱਪ ਕਰਾਇਆ ਤਾਂ ਉਨ੍ਹਾਂ ਨੇ ਵਿਨੋਦ ਬਾਰੇ ਦੱਸਣਾ ਸ਼ੁਰੂ ਕੀਤਾ।

ਉਨ੍ਹਾਂ ਨੇ ਦੱਸਿਆ, "ਸਾਨੂੰ ਪੁੱਤ ਨੂੰ ਗੋਲੀ ਲੱਗਣ ਦਾ ਪਤਾ ਦੂਜੇ ਦਿਨ ਲੱਗਿਆ।"

Image copyright Prabhu Dayal/BBC
ਫੋਟੋ ਕੈਪਸ਼ਨ ਗ੍ਰਿਫਤਾਰੀ ਵਿੱਚ ਹੋਈ ਹਿੰਸਾ ਤੋਂ ਬਾਅਦ ਵਿਨੋਦ ਦਾ ਪਰਿਵਾਰ ਡੇਰੇ ਵਿੱਚ ਵਿਸ਼ਵਾਸ ਨਹੀਂ ਰੱਖਦਾ

ਗੋਲੀ ਲੱਗਣ ਨਾਲ ਮਰੇ ਪੁੱਤ ਦਾ ਮੂੰਹ ਨਾ ਦੇਖ ਸਕਣ ਦਾ ਦੁੱਖ ਦੱਸਦਿਆਂ ਵਿਨੋਦ ਦੀ ਮਾਂ, ਮੰਜੂ ਨੇ ਕਿਹਾ ਕਿ ਉਹ 25 ਅਗਸਤ ਨੂੰ ਦੂਜੇ ਡੇਰਾ ਪ੍ਰੇਮੀਆਂ ਵਾਂਗ ਸਤਿਸੰਗ ਸੁਣਨ ਲਈ ਗਈ ਸੀ ਤੇ ਉਥੇ ਹੀ ਉਨ੍ਹਾਂ ਨੂੰ ਰੋਕ ਲਿਆ ਗਿਆ ਸੀ।

ਪੁੱਤ ਕਦੋਂ ਡੇਰਾ ਪ੍ਰੇਮੀਆਂ ਦੀ ਭੀੜ ਵਿੱਚ ਚਲਾ ਗਿਆ, ਉਸ ਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ। ਮੰਜੂ ਦਾ ਕਹਿਣਾ ਸੀ ਕਿ ਉਹ ਬੱਚਿਆਂ ਨੂੰ ਗ਼ਲਤ ਸੰਗਤੀ ਤੋਂ ਬਚਾਉਣ ਲਈ ਡੇਰੇ ਜਾਂਦੇ ਸੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਨਾਲ ਇਹ ਭਾਣਾ ਵਰਤ ਜਾਵੇਗਾ।

ਤਿੰਨਾਂ ਬੱਚਿਆਂ ਵਿੱਚੋਂ ਵਿਨੋਦ ਸਭ ਤੋਂ ਛੋਟਾ ਸੀ। ਮੰਜੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਰੇਣੂ ਦਾ ਵਿਆਹ ਰੱਖਿਆ ਹੋਇਆ ਸੀ ਪਰ ਪੁੱਤਰ ਦੇ ਮਰਨ ਕਾਰਨ ਉਨ੍ਹਾਂ ਨੂੰ ਵਿਆਹ ਦੀ ਤਾਰੀਕ ਅੱਗੇ ਕਰਨੀ ਪਈ। ਉਨ੍ਹਾਂ ਦੀ ਮਦਦ ਕਰਨ ਲਈ ਕੋਈ ਨਹੀਂ ਆਇਆ।

ਰੱਖੜੀ ਦਾ ਤਿਓਹਾਰ ਰਹਿ ਗਿਆ ਸੁੰਨਾ

ਵਿਨੋਦ ਦੀ ਭੈਣ ਰੇਣੂ ਨੇ ਕਿਹਾ ਕਿ ਉਹ ਹੁਣ ਕਦੇ ਆਪਣੇ ਭਰਾ ਨੂੰ ਰੱਖੜੀ ਨਹੀਂ ਬੰਨ੍ਹ ਸਕੇਗੀ ਅਤੇ ਉਹ ਹੁਣ ਕਦੇ ਵੀ ਰੱਖੜੀ ਦਾ ਤਿਉਹਾਰ ਮਨਾਉਣਗੇ ਵੀ ਨਹੀਂ। ਰੇਣੂ ਨੇ ਦੱਸਿਆ ਕਿ ਉਸ ਦਾ ਦੂਜਾ ਭਰਾ ਕਿਸੇ ਫਰਨੀਚਰ ਦੀ ਦੁਕਾਨ ਉੱਤੇ ਨੌਕਰੀ ਕਰਦਾ ਹੈ।

ਵਿਨੋਦ ਦਾ ਪਿਤਾ ਰਾਮੇਸ਼ਵਰ ਸਵੇਰੇ ਘਰ ਵਿੱਚ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਭਾਦਰਾ ਬਾਜ਼ਾਰ ਵਿੱਚ ਫਾਸਟ ਫੂਡ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਸ ਦੀ ਪਤਨੀ ਮੰਜੂ ਵੀ ਘਰ ਵਿੱਚ ਜੁੱਤੀਆਂ ਬਣਾਉਣ ਵਿੱਚ ਉਸ ਦੀ ਮਦਦ ਕਰਦੀ ਹੈ।

ਰਾਮੇਸ਼ਵਰ ਨੇ ਦੱਸਿਆ ਹੈ ਕਿ 25 ਅਗਸਤ ਨੂੰ ਵਿਨੋਦ ਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਕਾਲ ਕੀਤਾ ਕਿ ਵਿਨੋਦ ਦਾ ਡਿੱਗਿਆ ਫੋਨ ਮਿਲਿਆ ਹੈ ਤੇ ਵਿਨੋਦ ਦੇ ਭੀੜ ਵਿੱਚ ਕੁਝ ਸੱਟ ਫੇਟ ਲੱਗੀ ਹੈ।

Image copyright Prabhu Dayal/BBC
ਫੋਟੋ ਕੈਪਸ਼ਨ ਵਿਨੋਦ ਦੇ ਪਿਤਾ ਰੋਜ਼ੀ ਰੋਟੀ ਲਈ ਚਾਟ ਦੀ ਰੇਹੜੀ ਲਗਾਉਂਦੇ ਹਨ

ਉਨ੍ਹਾਂ ਕਿਹਾ, "ਫੋਨ ਸੁਣਨ ਮਗਰੋਂ ਮੈਂ ਲੱਗੇ ਕਰਫਿਊ ਵਿੱਚ ਹੀ ਕਿਸੇ ਤਰ੍ਹਾਂ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਗਿਆ ਪਰ ਮੈਨੂੰ ਵਿਨੋਦ ਕਿਤੇ ਨਜ਼ਰ ਨਾ ਆਇਆ। ਰਾਤ ਕਾਫੀ ਦੇਰ ਤੱਕ ਭਾਲ ਕਰਨ ਮਗਰੋਂ ਮੈਂ ਘਰ ਆ ਗਿਆ ਪਰ ਮੈਨੂੰ ਨੀਂਦ ਨਾ ਆਈ।''

''ਸਵੇਰੇ ਫਿਰ ਮੈਂ ਕਿਸੇ ਤਰ੍ਹਾਂ ਹਸਪਤਾਲ ਗਿਆ ਅਤੇ ਉਥੇ ਫਿਰ ਵੀ ਮਰੀਜ਼ਾਂ ਵਿੱਚ ਮੈਨੂੰ ਵਿਨੋਦ ਨਾ ਮਿਲਿਆ। ਘਰ ਵਾਲੀ ਡੇਰੇ ਵਿੱਚ ਹੀ ਸੀ। ਕਾਫੀ ਭਾਲ ਕਰਨ ਤੋਂ ਬਾਅਦ ਜਦੋਂ ਹਸਪਤਾਲ ਦੇ ਮੁਰਦਾਘਰ ਗਏ ਤਾਂ ਉਥੇ ਵਿਨੋਦ ਦੀ ਲਾਸ਼ ਪਈ ਸੀ।"

ਰਾਮੇਸ਼ਵਰ ਨੇ ਦੱਸਿਆ ਕਿ ਗੋਲੀ ਲੱਗਣ ਮਗਰੋਂ ਕੁਝ ਲੋਕ ਵਿਨੋਦ ਨੂੰ ਚੁੱਕ ਕੇ ਡੇਰੇ ਦੇ ਹਸਪਤਾਲ ਲੈ ਗਏ ਸਨ। ਉਨ੍ਹਾਂ ਦੱਸਿਆ, "ਕੁਝ ਲੋਕ ਆ ਕੇ ਮਦਦ ਲਈ ਪੁੱਛਦੇ ਸੀ ਪਰ ਜਦੋਂ ਸਾਡਾ ਪੁੱਤਰ ਹੀ ਨਹੀਂ ਰਿਹਾ ਤਾਂ ਮਦਦ ਕਾਹਦੀ।''

''ਹੁਣ ਤਾਂ ਇੱਕ ਸਾਲ ਪੂਰਾ ਹੋ ਗਿਆ, ਕਦੇ ਅਸੀਂ ਡੇਰੇ ਵੱਲ ਨਹੀਂ ਗਏ। ਸਾਨੂੰ ਨਹੀਂ ਪਤਾ ਕਿ ਡੇਰੇ ਵਿੱਚ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਸੀ। ਸਾਡਾ ਤਾਂ ਮਨ ਹੁਣ ਪੂਰੀ ਤਰ੍ਹਾਂ ਡੇਰੇ ਤੋਂ ਉੱਠ ਚੁੱਕਿਆ ਹੈ।"

ਇਹ ਵੀ ਪੜ੍ਹੋ:

ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਸੁੱਖਸਾਗਰ ਕਾਲੋਨੀ ਦੇ ਵਜੀਰ ਚੰਦ ਮਾਰੇ ਗਏ ਸਨ। ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜ੍ਹਕਾਇਆ ਤਾਂ ਅੰਦਰੋਂ ਇੱਕ ਮਹਿਲਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ।

ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਵਜੀਰ ਚੰਦ ਦੀ ਪਤਨੀ ਹੋ ਤਾਂ ਉਨ੍ਹਾਂ ਨੇ ਹਾਂ ਵਿੱਚ ਜੁਆਬ ਦਿੱਤਾ ਅਤੇ ਦਰਵਾਜ਼ੇ ਨਾਲ ਪਈ ਕੁਰਸੀ ਉੱਤੇ ਭਰੇ ਮਨ ਨਾਲ ਬੈਠ ਗਏ।

ਘਰ ਦੇ ਦਰਵਾਜ਼ੇ ਦੇ ਨਾਲ ਬਣੇ ਬਾਥਰੂਮ ਦੀ ਛੱਤ ਨੂੰ ਮਿਸਤਰੀਆਂ ਦੀ ਮਦਦ ਨਾਲ ਠੀਕ ਕਰ ਰਹੇ ਦੋ ਨੌਜਵਾਨਾਂ ਨੇ ਉੱਤੇ ਖੜ੍ਹਿਆਂ ਨੇ ਹੀ ਆਉਣ ਦਾ ਮਕਸਦ ਪੁੱਛਿਆ ਤਾਂ ਉਨ੍ਹਾਂ ਨੂੰ ਮੀਡੀਆ ਕਰਮੀ ਹੋਣ ਦੀ ਜਾਣਕਾਰੀ ਦਿੰਦਿਆਂ ਵਜੀਰ ਚੰਦ ਬਾਰੇ ਦੋ ਗੱਲਾਂ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਉਪਰੋਂ ਖੜ੍ਹਿਆਂ ਹੀ ਕਹਿ ਦਿੱਤਾ ਕਿ ਅਸੀਂ ਵਜੀਰ ਚੰਦ ਬਾਰੇ ਕੋਈ ਗੱਲ ਨਹੀਂ ਕਰਨੀ।

ਇਨ੍ਹਾਂ ਦੋ ਚਾਰ ਸੁਆਲ-ਜੁਆਬਾਂ ਦੌਰਾਨ ਹੀ ਦਰਵਾਜ਼ੇ ਨਾਲ ਕੁਰਸੀ ਉੱਤੇ ਬੈਠੀ ਵਜੀਰ ਚੰਦ ਦੀ ਪਤਨੀ ਦੇ ਅੱਥਰੂ ਡੁੱਲ੍ਹ ਪਏ।

Image copyright Getty Images
ਫੋਟੋ ਕੈਪਸ਼ਨ 25 ਅਗਸਤ ਨੂੰ ਪੰਚਕੁਲਾ ਵਿੱਚ ਰਾਮ ਰਹੀਮ ਦੀ ਗ੍ਰਿਫਤਾਰੀ ਦੌਰਾਨ ਹਿੰਸਾ ਦੌਰਾਨ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ ਸੀ

ਇੱਕ ਸਾਲ ਪਹਿਲਾਂ ਕੀ ਹੋਇਆ ਸੀ?

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ 2017 ਨੂੰ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰੇ ਦੀਆਂ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿਰਸਾ ਵਿੱਚ ਭੜਕੀ ਭੀੜ ਮਿਲਕ ਪਲਾਂਟ ਤੋਂ ਇਲਾਵਾ ਬੇਗੂ ਰੋਡ ਸਥਿਤ ਬਿਜਲੀ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਭੜਕੀ ਭੀੜ ਨੇ ਕਈ ਦਰਜਨਾਂ ਵਾਹਨ ਵੀ ਫੂਕ ਦਿੱਤੇ ਸਨ। ਪੁਲੀਸ ਵੱਲੋਂ ਗੋਲੀ ਚਲਾਈ ਗਈ ਗੋਲੀ ਵਿੱਚ ਵਜੀਰ ਚੰਦ, ਵੀਨੀ ਰਾਣੀ, ਵਿਨੋਦ ਕੁਮਾਰ, ਕਾਲਾ ਸਿੰਘ ਅਤੇ ਰੋਬਿਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਸਨ।

ਡੇਰਾ ਮੁਖੀ ਦੇ ਪੰਚਕੂਲਾ ਜਾਣ ਤੋਂ ਪਹਿਲਾਂ ਹੀ ਸਿਰਸਾ ਵਿੱਚ 24 ਅਗਸਤ ਦੀ ਰਾਤ ਨੂੰ ਹੀ ਕਰਫਿਊ ਲਾ ਦਿੱਤਾ ਗਿਆ ਸੀ। ਕਰਫਿਊ ਲੱਗੇ ਹੋਣ ਦੇ ਬਾਵਜੂਦ ਭੀੜ ਨੇ ਸਿਰਸਾ ਵਿੱਚ ਸਾੜ-ਫੂਕ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ