ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਦੀ ਪੂਰੀ ਕਹਾਣੀ

  • ਅਰਵਿੰਦ ਛਾਬੜਾ
  • ਬੀਬੀਸੀ ਪੱਤਰਕਾਰ
ਰਾਮ ਰਹੀਮ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ,

25 ਅਗਸਤ, 2017 ਨੂੰ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਐਲਾਨਿਆ ਗਿਆ ਸੀ

ਤਾਰੀਖ਼: 25 ਅਗਸਤ 2017 - ਸਮਾਂ: ਦੁਪਹਿਰ ਵੇਲੇ - ਨਾਂ: ਗੁਰਮੀਤ ਰਾਮ ਰਹੀਮ ਸਿੰਘ ਇੰਸਾ, ਮੁਖੀ, ਡੇਰਾ ਸਿਰਸਾ - ਥਾਂ: ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ

ਉਸ ਦਿਨ ਸਵੇਰ ਤੋਂ ਹੀ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਦੀਆਂ ਟੁਕੜੀਆਂ ਪੂਰੀ ਤਰ੍ਹਾਂ ਮੁਸਤੈਦ ਸਨ।

ਦੂਜੇ ਪਾਸੇ ਡੇਰਾ ਸਿਰਸਾ ਦੇ ਹਜ਼ਾਰਾਂ ਸਮਰਥਕ ਪੰਚਕੂਲਾ 'ਚ ਆਪਣਾ ਡੇਰਾ ਲਾਈ ਬੈਠੇ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

25 ਅਗਸਤ 2017 ਨੂੰ ਰਾਮ ਰਹੀਮ ਦੇ ਸੀਬੀਆਈ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕ ਸੜਕਾਂ 'ਤੇ ਡੇਰਾ ਲਗਾ ਕੇ ਬੈਠ ਗਏ ਸਨ

ਸਿਰਸਾ ਤੋਂ ਗੱਡੀਆਂ ਦੇ ਕਾਫ਼ਲੇ ਨਾਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸੜਕ ਮਾਰਗ ਰਾਹੀਂ ਆਪਣੀ ਪੇਸ਼ੀ ਲਈ ਪੰਚਕੂਲਾ ਪਹੁੰਚੇ।

ਦੇਸ-ਵਿਦੇਸ਼ ਦਾ ਮੀਡੀਆ ਮਾਮਲੇ ਦੀ ਕਵਰੇਜ ਲਈ ਪਹਿਲਾਂ ਹੀ ਥਾਂ-ਥਾਂ ਉੱਤੇ ਡਟਿਆ ਹੋਇਆ ਸੀ।

ਇਹ ਵੀ ਪੜ੍ਹੋ:

ਵੱਖ-ਵੱਖ ਚੈਨਲਾਂ ਦੀਆਂ ਓ ਬੀ ਵੈਨ ਪਲ-ਪਲ ਦੀਆਂ ਖ਼ਬਰਾਂ 'ਤੇ ਅਪਡੇਟਸ ਨਾਲੋਂ-ਨਾਲੋਂ ਪ੍ਰਸਾਰਿਤ ਕਰਨ ਵਿੱਚ ਲੱਗੀਆਂ ਹੋਈਆਂ ਸਨ। ਇਸ ਸਮੇਂ ਤੱਕ ਸਭ ਕੁਝ ਠੀਕ - ਠਾਕ ਸੀ।

ਇਸ ਦੌਰਾਨ ਹੀ ਅਦਾਲਤ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਹੌਲੀ-ਹੌਲੀ ਹੋਰ ਸਖ਼ਤ ਹੋਣ ਲੱਗੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਡੇਰਾ ਮੁਖੀ ਦੇ ਪੰਚਕੂਲਾ ਪਹੁੰਚਣ ਸਮੇਂ ਰੋਹਤਕ ਵਿੱਚ ਥਾਂ-ਥਾਂ 'ਤੇ ਤਾਇਨਾਤ ਪੁਲਿਸ ਮੁਲਾਜ਼ਮ

ਦੁਪਹਿਰ ਸਮੇਂ ਜਿਵੇਂ ਹੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਗੁਰਮੀਤ ਰਾਮ ਰਹੀਮ ਇੰਸਾ ਨੂੰ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਐਲਾਨਿਆ ਤਾਂ ਉਸੇ ਵੇਲੇ ਪੰਚਕੂਲਾ ਦੀਆਂ ਸੜ੍ਹਕਾਂ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ।

ਕੁਝ ਦੇਰ ਬਾਅਦ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਿਆ। ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਜੋ ਕੁਝ ਵੀ ਆਇਆ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਕਈ ਗੱਡੀਆਂ ਵੀ ਇਸ ਦੀ ਲਪੇਟ ਵਿਚ ਆ ਗਈਆਂ।

ਹਾਲਾਤ 'ਤੇ ਕਾਬੂ ਪਾਉਣ ਦੇ ਮਕਸਦ ਨਾਲ ਪੁਲਿਸ ਵੱਲੋਂ ਪਹਿਲਾਂ ਲਾਠੀਚਾਰਜ ਕੀਤਾ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਕਈਆਂ ਦੀ ਮੌਤ ਹੋ ਗਈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੁਲਾ ਦੀਆਂ ਸੜ੍ਹਕਾਂ ਤੇ ਹਿੰਸਾ ਸ਼ੁਰੂ ਹੋ ਗਈ

28 ਅਗਸਤ, 2017 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੇਪ ਦੇ ਦੋ ਮਾਮਲਿਆਂ ਵਿੱਚ ਵੀਹ ਸਾਲ (10-10 ਸਾਲ) ਦੀ ਸਜ਼ਾ ਸੁਣਾਈ ਗਈ।

ਸਜ਼ਾ ਦੇ ਐਲਾਨ ਤੋਂ ਬਾਅਦ ਹੀ ਡੇਰਾ ਮੁਖੀ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹ ਆਪਣੀ ਸਜਾ ਕੱਟ ਰਹੇ ਹਨ।

ਰਾਮ ਰਹੀਮ ਤੇ ਡੇਰਾ ਸਿਰਸਾ

15 ਅਗਸਤ, 1967 ਨੂੰ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਜਨਮ ਲੈਣ ਵਾਲੇ ਰਾਮ ਰਹੀਮ 1990 ਵਿੱਚ ਡੇਰਾ ਸਿਰਸਾ ਦੇ ਮੁਖੀ ਬਣੇ। ਡੇਰਾ ਸਿਰਸਾ ਦੀ ਸਥਾਪਨਾ 1948 ਵਿਚ ਸ਼ਾਹ ਮਸਤਾਨਾ ਨੇ ਕੀਤੀ ਸੀ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਅੱਜ ਡੇਰੇ ਦੇ ਲੱਖਾਂ ਦੇ ਕਰੀਬ ਸ਼ਰਧਾਲੂ ਹਨ ਅਤੇ ਦੇਸ ਦੇ ਕਈ ਹਿੱਸਿਆਂ ਵਿਚ ਇਸ ਦੇ ਨਾਮ ਚਰਚਾ ਘਰ (ਆਸ਼ਰਮ) ਹਨ

ਅੱਜ ਡੇਰੇ ਦੇ ਲੱਖਾਂ ਦੇ ਕਰੀਬ ਸ਼ਰਧਾਲੂ ਹਨ ਅਤੇ ਦੇਸ ਦੇ ਕਈ ਹਿੱਸਿਆਂ ਵਿੱਚ ਇਸ ਦੇ ਨਾਮ ਚਰਚਾ ਘਰ (ਆਸ਼ਰਮ) ਹਨ।

ਸਿਰਸਾ ਵਿਚ ਡੇਰਾ ਕਈ ਏਕੜ ਵਿਚ ਫੈਲਿਆ ਹੋਇਆ ਹੈ ਅਤੇ ਇਸ ਦਾ ਇੱਕ ਆਪਣਾ ਹਸਪਤਾਲ ਵੀ ਹੈ ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉੱਥੇ ਲੋਕਾਂ ਦਾ ਸਸਤਾ ਇਲਾਜ ਕੀਤਾ ਜਾਂਦਾ ਹੈ।

ਕਿਸੇ ਮਾਮਲੇ ਵਿੱਚ ਹੋਈ ਰਾਮ ਰਹੀਮ ਨੂੰ ਸਜ਼ਾ?

ਮਾਮਲਾ 2002 ਦਾ ਹੈ ਜਦੋਂ ਇੱਕ ਕਥਿਤ ਸਾਧਵੀ ਨੇ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਇੱਕ ਚਿੱਠੀ ਲਿਖ ਕੇ ਗੁਰਮੀਤ ਰਾਮ ਰਹੀਮ ਉੱਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਬਤੌਰ ਅਦਾਕਾਰ, ਨਿਰਮਾਤਾ-ਨਿਰਦੇਸ਼ਕ ਕਈ ਫ਼ਿਲਮਾਂ ਵੀ ਬਣਾਈਆਂ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਸੌਂਪ ਦਿੱਤੀ ਸੀ।

ਇਹ ਵੀ ਪੜ੍ਹੋ:

ਉਸੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਇੰਸਾ ਇਸ ਸਮੇਂ ਜੇਲ੍ਹ ਵਿਚ ਸਜਾ ਕੱਟ ਰਹੇ ਹਨ।

ਹੋਰ ਕਿਹੜੇ ਮਾਮਲੇ ਹਨ ਡੇਰਾ ਮੁਖੀ ਖ਼ਿਲਾਫ਼

  • 10 ਜੁਲਾਈ 2002 ਨੂੰ ਡੇਰਾ ਸੱਚਾ ਸੌਦਾ ਦੇ ਪ੍ਰਬੰਧਕ ਸਮਿਤੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦਾ ਕਤਲ ਹੋ ਗਿਆ ਸੀ। ਇਸ ਦਾ ਦੋਸ਼ ਵੀ ਡੇਰਾ ਮੁਖੀ 'ਤੇ ਲੱਗਿਆ ਅਤੇ ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ।
  • 24 ਅਕਤੂਬਰ, 2002 ਨੂੰ ਸਿਰਸਾ ਤੋਂ ਛਪਦੇ 'ਪੂਰਾ ਸੱਚਾ' ਨਾਂ ਦੇ ਅਖ਼ਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ। ਗੰਭੀਰ ਰੂਪ ਵਿੱਚ ਜ਼ਖਮੀ ਛਤਰਪਤੀ ਦੀ 21 ਅਕਤੂਬਰ 2002 ਨੂੰ ਮੌਤ ਹੋ ਗਈ। ਇਸ ਕਤਲ ਦਾ ਦੋਸ਼ ਵੀ ਡੇਰਾ ਮੁਖੀ ਉੱਤੇ ਲੱਗਿਆ ਅਤੇ ਇਹ ਕੇਸ ਵੀ ਅਦਾਲਤ ਦੇ ਵਿਚਾਰ ਅਧੀਨ ਹੈ।
  • ਇਸ ਤਰ੍ਹਾਂ ਹੀ ਹਰਿਆਣਾ ਦੇ ਫ਼ਤਿਹਾਬਾਦ ਦੇ ਕਸਬਾ ਟੋਹਾਣਾ ਦੇ ਰਹਿਣ ਵਾਲੇ ਹੰਸਰਾਜ ਚੌਹਾਨ (ਡੇਰਾ ਸਿਰਸਾ ਦੇ ਪੁਰਾਣੇ ਸ਼ਰਧਾਲੂ) ਨੇ ਜੁਲਾਈ 2012 ਵਿੱਚ ਅਦਾਲਤ 'ਚ ਅਪੀਲ ਦਾਇਰ ਕਰ ਕੇ ਡੇਰਾ ਮੁਖੀ ਉੱਤੇ ਡੇਰੇ ਦੇ 400 ਸ਼ਰਧਾਲੂਆਂ ਨੂੰ ਨਪੁੰਸਕ ਬਣਾਉਣ ਦਾ ਦੋਸ਼ ਲਗਾਇਆ। ਇਹ ਮਾਮਲਾ ਵੀ ਅਦਾਲਤ ਦੇ ਵਿਚਾਰ ਅਧੀਨ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)