ਪੰਜਾਬ ਦੀ ਡਰੱਗ ਸਮੱਸਿਆ (4) - 'ਉਨ੍ਹਾਂ ਕਿਹਾ ਕਿ ਇਹ ਨਸ਼ਾ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ'

  • ਖ਼ੁਸ਼ਬੂ ਸੰਧੂ
  • ਪੱਤਰਕਾਰ, ਬੀਬੀਸੀ ਪੰਜਾਬੀ
37 ਸਾਲਾ ਕੁਲਵਿੰਦਰ ਕੌਰ ਨੂੰ ਨਸ਼ਾ ਇਹ ਕਹਿ ਕੇ ਦਿੱਤਾ ਗਿਆ ਕਿ ਜ਼ਿੰਦਗੀ ਬਦਲ ਜਾਵੇਗੀ
ਤਸਵੀਰ ਕੈਪਸ਼ਨ,

37 ਸਾਲਾ ਕੁਲਵਿੰਦਰ ਕੌਰ (ਬਦਲਿਆ ਨਾਮ) ਨੂੰ ਨਸ਼ਾ ਇਹ ਕਹਿ ਕੇ ਦਿੱਤਾ ਗਿਆ ਕਿ ਜ਼ਿੰਦਗੀ ਬਦਲ ਜਾਵੇਗੀ

"ਮੈਨੂੰ ਉਨ੍ਹਾਂ ਨੇ ਕਿਹਾ ਕਿ ਨਸ਼ਾ ਕਰ ਕੇ ਦੇਖੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਇਸ ਲਈ ਮੈਂ ਵੀ ਸ਼ੁਰੂ ਕਰ ਦਿੱਤਾ ਕਿ ਪਤਾ ਨਹੀਂ ਕੀ ਹੈ ਇਸ ਵਿੱਚ। ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਮੇਰੀ ਜ਼ਿੰਦਗੀ ਘਟਦੀ ਜਾ ਰਹੀ ਹੈ।"

ਇਹ ਕਹਿਣਾ ਹੈ 37 ਸਾਲਾ ਕੁਲਵਿੰਦਰ ਕੌਰ (ਬਦਲਿਆ ਨਾਮ) ਦਾ। ਉਹ ਗੁਜ਼ਾਰੇ ਲਈ ਘਰਾਂ 'ਚ ਕੰਮ ਕਰਦੀ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਕੁਲਵਿੰਦਰ ਨੇ ਦੱਸਿਆ ਕਿ ਕਿਵੇਂ ਉਸ ਨੂੰ ਨਸ਼ੇ ਦੀ ਲਤ ਲੱਗੀ ਅਤੇ ਉਹ ਕਿਸ ਤਰ੍ਹਾਂ ਇਸ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕੁਲਵਿੰਦਰ ਦੇ ਵਿਆਹ ਨੂੰ 15 ਸਾਲ ਹੋ ਗਏ ਹਨ ਅਤੇ ਉਸ ਦੇ ਦੋ ਬੱਚੇ ਹਨ। ਦੋ ਘਰਾਂ ਦਾ ਕੰਮ ਕਰ ਕੇ ਉਹ ਮਹੀਨੇ ਦਾ 1500 ਰੁਪਏ ਕਮਾ ਰਹੀ ਸੀ।

ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹੌਲੀ-ਹੌਲੀ ਕੁਲਵਿੰਦਰ ਨੂੰ ਨਸ਼ਾ ਲੈਣ ਦੀ ਆਦਤ ਪੈ ਗਈ (ਸੰਕੇਤਕ ਤਸਵੀਰ)

ਲੋਕਾਂ ਨੂੰ ਦੇਖ ਕੇ ਨਸ਼ਾ ਕਰਨ ਲੱਗੀ

ਉਸ ਨੇ ਦੱਸਿਆ, "ਇੱਕ ਘਰ ਜਿੱਥੇ ਮੈਂ ਕੰਮ ਕਰਦੀ ਸੀ, ਉੱਥੇ ਪਰਿਵਾਰ ਦੇ ਦੋ ਲੋਕ ਚਿੱਟਾ ਲੈਂਦੇ ਸੀ। ਉਨ੍ਹਾਂ ਨੇ ਮੈਨੂੰ ਵੀ ਨਸ਼ਾ ਦੇਣਾ ਸ਼ੁਰੂ ਕਰ ਦਿੱਤਾ। ਮੇਰੇ ਘਰ ਦੇ ਕੋਲ ਕੁਝ ਸਕੂਲ ਤੇ ਕਾਲਜ ਦੀਆਂ ਕੁੜੀਆਂ ਕਿਰਾਏ 'ਤੇ ਰਹਿੰਦੀਆਂ ਸਨ। ਉਹ ਵੀ ਨਸ਼ਾ ਕਰਦੀਆਂ ਸਨ ਅਤੇ ਇੰਨ੍ਹਾਂ ਸਭ ਦੀ ਦੇਖਾ ਦੇਖੀ ਮੈਨੂੰ ਵੀ ਨਸ਼ੇ ਦੀ ਆਦਤ ਹੋ ਗਈ।"

ਕੁਲਵਿੰਦਰ ਮੁਤਾਬਕ ਉਸ ਨੂੰ ਹਮੇਸ਼ਾਂ ਕਿਹਾ ਜਾਂਦਾ ਸੀ ਕਿ ਨਸ਼ਾ ਕਰਨ ਤੋਂ ਬਾਅਦ ਉਸ ਵਿੱਚ ਕੰਮ ਕਰਨ ਲਈ ਤਾਕਤ ਆਵੇਗੀ।

ਉਸ ਨੇ ਅੱਗੇ ਕਿਹਾ, "ਉਹ ਲੋਕ ਇੱਕ ਦਿਨ ਵਿੱਚ ਤਿੰਨ ਡੋਜ਼ ਲੈਂਦੇ ਸੀ - ਇੱਕ ਸਵੇਰੇ, ਇੱਕ ਦੁਪਹਿਰੇ ਅਤੇ ਇੱਕ ਰਾਤੀ। ਮੈਨੂੰ ਨਸ਼ਾ ਕਰਨਾ ਚੰਗਾ ਲੱਗਣ ਲੱਗਿਆ। ਮੈਨੂੰ ਇਸ ਤਰ੍ਹਾਂ ਲਗਦਾ ਸੀ ਕਿ ਮੈਂ ਕੁਝ ਵੀ ਕਰ ਸਕਦੀ ਹਾਂ।"

ਉਸ ਨੇ ਅੱਗੇ ਦੱਸਿਆ ਕਿ ਪਹਿਲਾਂ ਤਾਂ ਮੈਨੂੰ ਸਾਰੇ ਮੁਫ਼ਤ ਵਿੱਚ ਚਿੱਟਾ ਦਿੰਦੇ ਸੀ। ਜਿਵੇਂ ਮੈਨੂੰ ਇਸ ਦੀ ਆਦਤ ਹੋ ਗਈ ਉਨ੍ਹਾਂ ਨੇ ਮੇਰੇ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।

ਕੁਲਵਿੰਦਰ ਮੁਤਾਬਕ, ''ਹਰ ਡੋਜ਼ 300 ਤੋਂ 500 ਰੁਪਏ ਦੀ ਹੈ। ਹਰ ਰੋਜ਼ 1500 ਰੁਪਏ ਖਰਚਨਾ ਮੇਰੇ ਵਸ ਦੀ ਗੱਲ ਨਹੀਂ ਸੀ।"

ਇਹ ਵੀ ਪੜ੍ਹੋ:

'ਨਸ਼ੇ ਬਿਨਾਂ ਤੋੜ ਲਗਦੀ ਸੀ'

ਕੁਲਵਿੰਦਰ ਨੇ ਕਿਹਾ, "ਪਹਿਲਾਂ ਸੋਚਿਆ ਕਿ ਮੈਂ ਆਪਣੀ ਕੁਝ ਕਮਾਈ ਚਿੱਟਾ ਖਰੀਦਣ 'ਤੇ ਲਾਵਾਂਗੀ ਅਤੇ ਬਾਕੀ ਘਰ 'ਤੇ ਖਰਚ ਕਰਾਂਗੀ। ਛੇਤੀ ਹੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਮਿਹਨਤ ਦੀ ਕਮਾਈ ਫਿਜ਼ੂਲ ਹੀ ਗਵਾ ਰਹੀ ਹਾਂ। ਹਰ ਰੋਜ਼ 1500 ਰੁਪਏ ਦੇਣੇ ਮੇਰੇ ਵਸ ਦੀ ਗੱਲ ਨਹੀਂ ਸੀ।"

"ਲੋਕ ਪਹਿਲਾਂ ਤੁਹਾਨੂੰ ਫਸਾਉਣ ਲਈ ਮੁਫ਼ਤ ਨਸ਼ਾ ਦਿੰਦੇ ਹਨ ਅਤੇ ਜਦੋਂ ਤੁਹਾਨੂੰ ਆਦਤ ਹੋ ਜਾਂਦੀ ਹੈ ਤਾਂ ਪੈਸੇ ਮੰਗਣ ਲੱਗ ਜਾਂਦੇ ਹਨ।"

ਕੁਲਵਿੰਦਰ ਨੇ ਕਿਹਾ ਕਿ ਨਸ਼ੇ ਉਸ ਨੂੰ ਨਸ਼ੇ ਦੀ ਤੋੜ ਲਗਦੀ ਸੀ ਅਤੇ ਉਹ ਨਸ਼ਾ ਲੈਣ ਲਈ ਤੜਫਦੀ ਸੀ, ਨਾ ਮਿਲਣ 'ਤੇ ਉਹ ਖਿੱਝ ਜਾਂਦੀ ਸੀ। ਉਹ ਦੱਸਦੀ ਹੈ ਕਿ ਉਸ ਨੂੰ ਜੋ ਮਿਲਦਾ ਸੀ ਉਹ ਖਾ ਲੈਂਦੀ ਸੀ ਜਿਵੇਂ ਸਿਰ ਦਰਦ ਦੀ ਦਵਾਈਆਂ ਦੇ ਪੱਤੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਸ਼ਿਆਂ ਕਾਰਨ ਕਈ ਘਰਾਂ-ਪਰਿਵਾਰਾਂ 'ਤੇ ਖ਼ਤਰੇ ਦੇ ਬੱਦਲ ਮੰਡਰਾਉਂਦੇ ਹਨ (ਸੰਕੇਤਕ ਤਸਵੀਰ)

'ਇਲਾਜ ਕਰਵਾਉਣ ਵਿੱਚ ਕੋਈ ਸ਼ਰਮ ਨਹੀਂ'

ਪਹਿਲਾਂ ਤਾਂ ਉਹ ਆਪਣੇ ਘਰ ਵਾਲਿਆਂ ਤੋਂ ਇਹ ਗੱਲ ਲੁਕਾਂਉਂਦੀ ਰਹੀ, ਪਰ ਜਦੋਂ ਉਸ ਦੇ ਪਤੀ ਨੂੰ ਪਤਾ ਲੱਗਿਆ, ਉਸ ਨੇ ਘਰ ਆਉਣਾ ਛੱਡ ਦਿੱਤਾ।

ਕਿਸੇ ਰਿਸ਼ਤੇਦਾਰ ਨੇ ਉਸ ਨੂੰ ਨਸ਼ਾ ਮੁਕਤੀ ਕੇਂਦਰ ਜਾਣ ਨੂੰ ਕਿਹਾ। ਦਵਾਈ ਸ਼ੁਰੂ ਕਰਨ ਤੋਂ ਬਾਅਦ ਉਸ ਨੇ ਹੁਣ ਮੁੜ ਤੋਂ ਕੰਮ ਸ਼ੁਰੂ ਕਰ ਲਿਆ ਹੈ।

ਕੁਲਵਿੰਦਰ ਨੇ ਕਿਹਾ, "ਜਦੋਂ ਮੇਰੇ ਪਤੀ ਨੂੰ ਪਤਾ ਲੱਗਾ ਕਿ ਮੇਰਾ ਇਲਾਜ ਸਹੀ ਚੱਲ ਰਿਹਾ ਹੈ, ਉਹ ਦੁਬਾਰਾ ਘਰ ਰਹਿਣ ਲੱਗ ਗਏ। ਜੋ ਲੋਕ ਮੇਰੇ ਵਾਂਗ ਨਸ਼ੇ ਦੇ ਆਦਿ ਹੋ ਗਏ ਹਨ, ਮੈਂ ਉਨ੍ਹਾਂ ਨੂੰ ਕਹਾਂਗੀ ਕਿ ਆਪਣਾ ਇਲਾਜ ਸ਼ੁਰੂ ਕਰਵਾਉਣ। ਇਸ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)