ਖਾਲੜਾ ਜੋ ਲਾਪਤਾ ਲੋਕਾਂ ਦੀ ਭਾਲ ਕਰਦਾ ਆਪ 'ਲਾਪਤਾ' ਹੋਇਆ

ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਕਿਓਟੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ Image copyright Khalra Mission Organisation/facebook
ਫੋਟੋ ਕੈਪਸ਼ਨ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਕਿਓਟੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ

ਪੰਜਾਬ ਦਾ 1980ਵਿਆਂ ਅਤੇ 1990ਵਿਆਂ ਦਾ ਪਹਿਲਾ ਅੱਧ ਖਾੜਕੂ ਲਹਿਰ, ਪੁਲਿਸ ਕਾਰਵਾਈਆਂ ਅਤੇ ਬੇਕਸੂਰ ਲੋਕਾਂ ਦੇ ਘਾਣ ਲਈ ਜਾਣਿਆ ਜਾਂਦਾ ਹੈ।

ਇਸ ਦੌਰ ਵਿੱਚ ਜੇ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਹੋਈਆਂ ਤਾਂ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲੇ ਵੀ ਲਗਾਤਾਰ ਚਰਚਾ ਵਿੱਚ ਰਹੇ।

ਇਹ ਮਸਲਾ ਮਨੁੱਖੀ ਹਕੂਕ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ ਚਰਚਾ ਵਿੱਚ ਆਇਆ ਜਦੋਂ ਉਨ੍ਹਾਂ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਕਿਓਟੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ।

ਉਨ੍ਹਾਂ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ।

ਇਹ ਵੀ ਪੜ੍ਹੋ:

ਜਸਵੰਤ ਸਿੰਘ ਖਾਲੜਾ ਦੇ ਦਾਅਵੇ ਦੀ ਤਸਦੀਕ ਇਹ ਤੱਥ ਕਰਦੇ ਸਨ ਕਿ ਜ਼ਿਆਦਾਤਰ ਲਾਸ਼ਾਂ ਪੁਲਿਸ ਨੇ ਸ਼ਮਸ਼ਾਨ ਘਾਟਾਂ ਵਿੱਚ ਲਿਆਂਦੀਆਂ ਸਨ।

ਖਾਲੜਾ ਰਾਹੀਂ ਹੋਏ ਖੁਲਾਸੇ ਨੇ ਲਾਵਾਰਿਸ ਲਾਸ਼ਾਂ ਅਤੇ ਲਾਪਤਾ ਜੀਆਂ ਦੇ ਸੁਆਲ ਪਰਿਵਾਰਾਂ ਜਾਂ ਉਨ੍ਹਾਂ ਨਾਲ ਜੁੜੀਆਂ ਜਥੇਬੰਦੀਆਂ ਦੇ ਘੇਰੇ ਵਿੱਚੋਂ ਕੱਢ ਸਿਆਸੀ-ਸਮਾਜਿਕ ਪਿੜ ਵਿੱਚ ਲਿਆ ਦਿੱਤੇ।

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਾਰੀ ਹੋਏ ਅੰਕੜੇ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ 15 ਜੁਲਾਈ 2004 ਨੂੰ 'ਦਿ ਟ੍ਰਿਬਿਊਨ' ਅਖ਼ਬਾਰ ਵਿੱਚ ਇੱਕ ਜਨਤਕ ਨੋਟਿਸ ਜਾਰੀ ਕੀਤਾ ਸੀ।

ਉਸ ਵਿੱਚ ਕਮਿਸ਼ਨ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਈ ਜਾਂਚ ਵਿੱਚ ਉਨ੍ਹਾਂ 2097 ਲਾਸ਼ਾਂ ਦਾ ਵੇਰਵਾ ਦਿੱਤਾ ਜਿਨ੍ਹਾਂ ਦਾ ਪੰਜਾਬ ਪੁਲਿਸ ਵੱਲੋਂ ਸਸਕਾਰ ਕਰ ਦਿੱਤਾ ਗਿਆ ਸੀ।

ਕਮਿਸ਼ਨ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨਤਾਰਨ ਵਿੱਚ ਕੀਤੇ ਸਸਕਾਰਾਂ ਦੀ ਜਾਣਕਾਰੀ ਜਾਰੀ ਕੀਤੀ ਸੀ।

Image copyright Getty Images
ਫੋਟੋ ਕੈਪਸ਼ਨ ਜਸਵੰਤ ਸਿੰਘ ਖਾਲੜਾ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਗਿਆ

ਕਮਿਸ਼ਨ ਨੇ ਲਾਸ਼ਾਂ ਨੂੰ ਤਿੰਨ ਸ਼੍ਰੇਣੀ ਵਿੱਚ ਵੰਡਿਆ ਸੀ। ਏ ਸ਼੍ਰੇਣੀ ਵਿੱਚ 693 ਲਾਸ਼ਾਂ ਦੀ ਜਾਣਕਾਰੀ ਸੀ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਸੀ।

ਬੀ ਸ਼੍ਰੇਣੀ ਵਿੱਚ 214 ਲਾਸ਼ਾਂ ਦੀ ਜਾਣਕਾਰੀ ਸੀ ਜਿਨ੍ਹਾਂ ਦੀ ਕੁਝ ਹੱਦ ਤੱਕ ਪਛਾਣ ਹੋ ਸਕੀ ਸੀ ਅਤੇ ਸੀ ਸ਼੍ਰੇਣੀ ਵਿੱਚ 1190 ਲਾਸ਼ਾਂ ਸਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਸੀ।

ਕਮਿਸ਼ਨ ਨੇ ਜਨਤਕ ਨੋਟਿਸ ਜਾਰੀ ਕਰਕੇ ਲੋਕਾਂ ਤੋਂ ਆਪਣੇ ਦਾਅਵੇ ਪੇਸ਼ ਕਰਨ ਨੂੰ ਕਿਹਾ ਸੀ। 88 ਲੋਕਾਂ ਵੱਲੋਂ ਆਪਣੇ ਦਾਅਵੇ ਪੇਸ਼ ਕੀਤੇ ਗਏ ਸਨ।

ਲਾਪਤਾ ਲੋਕਾਂ ਦੀ ਭਾਲ ਕਰਨ ਵਾਲਾ 'ਲਾਪਤਾ' ਹੋਇਆ

ਇਨ੍ਹਾਂ ਮਸਲਿਆਂ ਨਾਲ ਜੁੜੇ ਸੁਆਲਾਂ ਦੀ ਕੀਮਤ ਜਸਵੰਤ ਸਿੰਘ ਖਾਲੜਾ ਨੂੰ ਆਪਣੀ ਜਾਨ ਦੇ ਕੇ ਉਤਾਰਨੀ ਪਈ ਸੀ।

ਉਨ੍ਹਾਂ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰੋਂ ਪੁਲਿਸ ਨੇ ਅਗਵਾ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗਿਆ।

ਉਨ੍ਹਾਂ ਨੂੰ ਅਗਵਾ ਕਰਨ ਅਤੇ ਕਤਲ ਕਰਨ ਲਈ ਸੀਬੀਆਈ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਦੋਸ਼ੀ ਦੱਸਿਆ।

ਬਾਅਦ ਵਿੱਚ ਉਨ੍ਹਾਂ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ।

Image copyright Getty Images
ਫੋਟੋ ਕੈਪਸ਼ਨ ਪੰਜਾਬ ਦਾ 1980ਵਿਆਂ ਅਤੇ 1990ਵਿਆਂ ਦਾ ਪਹਿਲਾਂ ਅੱਧ ਖਾੜਕੂ ਲਹਿਰ, ਪੁਲਿਸ ਕਾਰਵਾਈਆਂ ਅਤੇ ਬੇਕਸੂਰ ਲੋਕਾਂ ਦੇ ਘਾਣ ਲਈ ਜਾਣਿਆ ਜਾਂਦਾ ਹੈ।

ਪੰਜਾਬ ਵਿੱਚ ਲਾਪਤਾ ਜੀਆਂ ਦਾ ਸੁਆਲ ਇਸ ਕੌਮਾਂਤਰੀ ਰੁਝਾਨ ਦਾ ਹਿੱਸਾ ਹਨ ਜੋ ਦੱਖਣੀ ਏਸ਼ੀਆ ਦੇ ਤਕਰੀਬਨ ਸਾਰੇ ਮੁਲਕਾਂ ਦੇ ਇਤਿਹਾਸ ਵਿੱਚ ਦਰਜ ਹੈ।

ਇਹ ਭਾਰਤ ਦੇ ਚਾਰਾਂ ਖੂੰਜਿਆਂ ਵਿੱਚ ਫੈਲਿਆ ਹੋਇਆ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਗੁਜਰਾਤ ਤੋਂ ਸਿਲੌਂਗ ਤੱਕ।

ਭਾਰਤੀਆਂ ਨੇ ਅਰਜਨਟੀਨਾ ਨਾਲ ਸਾਂਝ ਪਾਈ

ਜਦੋਂ ਸ਼੍ਰੀਨਗਰ ਦੇ ਲਾਲ ਚੌਂਕ ਵਿੱਚ ਹਰ ਮਹੀਨੇ ਲਾਪਤਾ ਜੀਆਂ ਦੇ ਪਰਿਵਾਰਾਂ ਦੇ ਜੀਅ ਧਰਨਾ ਦਿੰਦੇ ਹਨ ਤਾਂ ਇਹ ਅਰਜਨਟੀਨਾ ਵਿੱਚ ਹਕੂਮਤੀ ਜਬਰ ਦਾ ਸ਼ਿਕਾਰ ਹੋਏ ਲਾਪਤਾ ਜੀਆਂ ਦੇ ਪਰਿਵਾਰਾਂ ਨਾਲ ਸਾਂਝ ਪਾਉਂਦੇ ਹਨ।

ਇਹ ਵੀ ਪੜ੍ਹੋ:

ਅਰਜਨਟੀਨਾ ਵਿੱਚ ਆਪਣੇ ਬੱਚਿਆਂ ਦੀ ਹੋਣੀ ਬਾਬਤ ਸੁਆਲ ਪੁੱਛਦੀਆਂ ਮਾਵਾਂ, ਪੀਰੂ ਦੇ ਖੰਡਰਾਂ ਵਿੱਚ ਆਪਣੇ ਘਰ ਦੇ ਜੀਆਂ ਦੀਆਂ ਅਸਥੀਆਂ ਲੱਭਦੇ ਕਾਰਕੁਨ ਅਤੇ ਪੰਜਾਬ ਵਿੱਚ ਆਪਣੇ ਘਰਾਂ ਦੇ ਜੀਆਂ ਦੇ ਮੁੜ ਆਉਣ ਦੀ ਬੇਉਮੀਦੀ ਨਾਲ ਜਿਊਂਦੇ ਇੱਕੋ ਕੁਣਬੇ ਦੇ ਜੀਅ ਹਨ।

ਲਾਪਤਾ ਜੀਆਂ ਦੇ ਕੌਮਾਂਤਰੀ ਦਿਹਾੜੇ ਮੌਕੇ ਸਰਕਾਰਾਂ ਨੂੰ ਇਹ ਸੁਆਲ ਪੁੱਛਣਾ ਬਣਦਾ ਹੈ ਕਿ ਉਹ ਆਪਣੇ ਹੀ ਬਣਾਏ ਕਾਨੂੰਨਾਂ ਦੇ ਘੇਰੇ ਵਿੱਚ ਰਹਿਣ ਤੋਂ ਨਾਕਾਮ ਕਿਉਂ ਰਹੀਆਂ ਹਨ?

ਤੁਹਾਨੂੰ ਇਹ ਪਸੰਦ ਆ ਸਕਦਾ ਹੈ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ