ਏਸ਼ੀਆਈ ਖੇਡਾਂ 'ਚ ਤਗਮੇ ਜਿੱਤਣ 'ਚ ਪੰਜਾਬ ਤੇ ਹਰਿਆਣਾ ਦੀ ਹਿੱਸੇਦਾਰੀ

ਤਸਵੀਰ ਸਰੋਤ, Getty Images
ਹੈਂਡ ਬਾਲ ਦੇ ਮੁਕਾਬਲੇ ਵਿੱਚ ਕੋਰੀਆ ਖਿਲਾਫ਼ ਸ਼ੁਰੂਆਤੀ ਮੁਕਾਬਲੇ ਵਿੱਚ ਭਾਰਤੀ ਖਿਡਾਰਨ ਰਿਤੂ
ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਵੀਰਵਾਰ ਦਾ ਦਿਨ ਸ਼ਾਨਦਾਰ ਰਿਹਾ।ਭਾਰਤ 18ਵੀਆਂ ਏਸ਼ੀਆਈ ਖੇਡਾਂ ਵਿੱਚ 59 ਮੈਡਲ ਜਿੱਤ ਚੁੱਕਾ ਹੈ। ਇਹ 2014 ਦੇ ਪ੍ਰਦਰਸ਼ਨ (57 ਮੈਡਲ) ਤੋਂ ਵਧੀਆ ਹੋ ਗਿਆ ਹੈ। ਹੁਣ ਤੱਕ ਹਾਸਲ ਕੀਤੇ ਤਗਮਿਆਂ ਵਿਚੋਂ ਘੱਟੋ ਘੱਟ ਇੱਕ-ਚੌਥਾਈ ਪੰਜਾਬ ਜਾਂ ਹਰਿਆਣਾ ਦੇ ਖਿਡਾਰੀਆਂ ਨੇ ਭਾਰਤ ਦੀ ਝੋਲੀ ਪਾਏ ਹਨ। ਇਸ ਵਿੱਚ ਦੋਹਾਂ ਸੂਬਿਆਂ ਦਾ ਕਰੀਬ ਬਰਾਬਰ ਹੀ ਹਿੱਸਾ ਹੈ।
ਤੇਜਿੰਦਰਪਾਲ ਸਿੰਘ
ਮੋਗਾ ਦੇ ਤੇਜਿੰਦਰਪਾਲ ਸਿੰਘ ਤੂਰ ਨੇ ਸ਼ਾਟ-ਪੁੱਟ (ਗੋਲਾ ਸੁੱਟਣ) ਵਿੱਚ ਸੋਨ ਤਗਮਾ ਜਿੱਤਿਆ ਹੈ। ਮੋਗਾ-ਜ਼ੀਰਾ ਰੋਡ 'ਤੇ ਸਥਿਤ ਉਨ੍ਹਾਂ ਦਾ ਪਿੰਡ ਖੋਸਾ ਪਾਂਡੋ ਹੈ। ਉਨ੍ਹਾਂ ਦੇ ਪਿਤਾ ਕਰਮ ਸਿੰਘ ਕੈਂਸਰ ਨਾਲ ਜੂਝ ਰਹੇ ਹਨ।
ਉਹ ਇਸ ਗੱਲ ਦਾ ਮਾਣ ਕਰਦੇ ਹਨ ਕਿ ਉਨ੍ਹਾਂ ਦਾ ਪੁੱਤਰ ਘਰ ਦੇ ਫਰਜ਼ ਨਿਭਾਉਣ ਦੇ ਨਾਲ- ਨਾਲ ਆਪਣੀ ਖੇਡ ਵਿੱਚ ਵੀ ਨਾਂ ਰੋਸ਼ਨ ਕਰ ਰਿਹਾ ਹੈ।
ਇਹ ਵੀ ਪੜ੍ਹੋ
ਤਸਵੀਰ ਸਰੋਤ, Getty Images
ਖ਼ੁਦ ਰੱਸਾਕਸ਼ੀ ਦੇ ਚੋਟੀ ਦੇ ਖਿਡਾਰੀ ਰਹੇ ਕਰਮ ਸਿੰਘ ਪੁੱਤਰ ਦੀ ਪ੍ਰਾਪਤੀ 'ਤੇ ਖ਼ੁਦ ਨੂੰ 'ਹੀਰੋ' ਤੋਂ ਘੱਟ ਨਹੀਂ ਸਮਝ ਰਹੇ। ਤੇਜਿੰਦਰਪਾਲ ਨੇ ਉਮੀਦ ਕੀਤੀ ਹੈ ਕਿ ਉਸਦੀ ਪ੍ਰਾਪਤੀ ਨਾਲ ਪਿਤਾ ਨੂੰ ਕੈਂਸਰ ਨਾਲ ਲੜਨ ਲਈ ਬਲ ਮਿਲੇਗਾ।
ਤੇਜਿੰਦਰਪਾਲ ਦੀ ਮਾਂ ਪ੍ਰਿਤਪਾਲ ਕੌਰ ਨੇ ਬੀਬੀਸੀ ਨੂੰ ਦੱਸਿਆ, ''ਪ੍ਰੈਕਟਿਸ ਤੋਂ ਲੈ ਕੇ ਹੁਣ ਤੱਕ ਤੇਜਿੰਦਰ ਰੋਜ਼ ਫੋਨ ਕਰਕੇ ਆਪਣੇ ਪਿਤਾ ਦੀ ਸਿਹਤ ਬਾਰੇ ਪੁੱਛਦਾ ਤਾਂ ਅਸੀਂ ਸਿਹਤ 'ਅੱਗੇ ਨਾਲੋਂ ਬਿਹਤਰ' ਹੋਣ ਦੀ ਗੱਲ ਆਖਦੇ ਹਾਂ ਜਦਕਿ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ।"
ਇਹ ਵੀ ਪੜ੍ਹੋ
'ਗੋਲਡਨ' ਸਵਰਨ ਸਿੰਘ ਤੇ ਸੁਖਮੀਤ ਸਿੰਘ
ਇੰਡੋਨੇਸ਼ੀਆ ਵਿੱਚ ਹੋ ਰਹੀਆਂ 18ਵੀਂਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਰੋਇੰਗ (ਕਿਸ਼ਤੀ ਚਾਲਕ) ਟੀਮ ਦੇ ਚਾਰ ਖਿਡਾਰੀਆਂ ਵਿੱਚੋਂ ਦੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਹਨ।
ਦੋਵੇਂ ਭਾਰਤੀ ਫੌਜ ਦਾ ਹਿੱਸਾ ਹਨ। ਇਨ੍ਹਾਂ ਵਿੱਚੋਂ ਇੱਕ ਖਿਡਾਰੀ ਪਿੰਡ ਦਲੇਲਵਾਲਾ ਦੇ ਸਵਰਨ ਸਿੰਘ ਹਨ।
ਸਵਰਨ ਨੇ ਇਸ ਤੋਂ ਪਹਿਲਾਂ ਸਾਲ 2014 ਵਿੱਚ ਵੀ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੂੰ 2015 ਵਿੱਚ ਅਰਜੁਨ ਐਵਾਰਡ ਵੀ ਮਿਲ ਚੁੱਕਾ ਹੈ।
ਤਸਵੀਰ ਸਰੋਤ, SUKHCHARAN PREET/BBC
ਸਵਰਨ ਨੇ ਇਸ ਤੋਂ ਪਹਿਲਾਂ ਸਾਲ 2014 ਵਿੱਚ ਵੀ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ
ਸਵਰਨ ਦੀ ਮਾਤਾ ਮੁਤਾਬਕ, "ਬਚਪਨ ਵਿੱਚ ਇੱਕ ਵਾਰ ਨਾਨਕੇ ਜਾਂਦਿਆਂ ਇਸਨੇ ਇੱਕ ਫ਼ੌਜੀ ਦਾ ਬੁੱਤ ਦੇਖ ਲਿਆ। ਉਸ ਦਿਨ ਤੋਂ ਹੀ ਇਹ ਕਹਿਣ ਲੱਗ ਪਿਆ ਕਿ ਫ਼ੌਜ ਵਿੱਚ ਭਰਤੀ ਹੋਣਾ ਹੈ। ਜੇ ਫ਼ੌਜ ਵਿੱਚ ਨਾ ਜਾਂਦਾ ਤਾਂ ਸ਼ਾਇਦ ਖੇਡਾਂ ਵਿੱਚ ਇੰਨੀਆਂ ਪ੍ਰਾਪਤੀਆਂ ਨਾ ਕਰ ਸਕਦਾ।"
ਇਸੇ ਟੀਮ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦੇ ਜੰਮਪਲ ਸੁਖਮੀਤ ਸਿੰਘ ਵੀ ਸਨ।
ਉਨ੍ਹਾਂ ਦੇ ਭਰਾ ਮਨਦੀਪ ਸਿੰਘ ਨੇ ਬੀਬੀਸੀ ਨੂੰ ਫ਼ੋਨ ਉੱਤੇ ਦੱਸਿਆ, "ਸੁਖਮੀਤ 2014 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ। 2016 ਵਿੱਚ ਉਸ ਨੇ ਰੋਇੰਗ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਪਹਿਲਾਂ ਉਸ ਦਾ ਝੁਕਾਅ ਖੇਡਾਂ ਵੱਲ ਨਹੀਂ ਸੀ। ਪਿੰਡ ਰਹਿੰਦਿਆਂ ਸ਼ੌਕੀਆ ਤੌਰ ਉੱਤੇ ਕਬੱਡੀ ਖੇਡਦਾ ਸੀ।"
ਹਰਿਆਣਾ ਵੱਲੋਂ ਖੇਡਦਾ ਪੰਜਾਬ ਦਾ ਅਰਪਿੰਦਰ ਸਿੰਘ
ਅਰਪਿੰਦਰ ਸਿੰਘ ਨੇ ਟ੍ਰਿਪਲ ਜੰਪ ਵਿੱਚ ਗੋਲਡ ਮੈਡਲ ਜਿੱਤਿਆ ਹੈ। ਅਰਪਿੰਦਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਹਰਸਾ ਦੇ ਰਹਿਣ ਵਾਲੇ ਹਨ ਪਰ ਹਰਿਆਣਾ ਵੱਲੋਂ ਖੇਡਦੇ ਰਹੇ ਹਨ।
ਕਾਰਨ ਪੁੱਛੇ ਜਾਣ 'ਤੇ ਅਰਪਿੰਦਰ ਨੇ ਕੁਝ ਮਹੀਨੇ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ, "ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ 9 ਸਾਲ ਪੰਜਾਬ ਵੱਲੋਂ ਖੇਡਿਆ ਪਰ ਮੈਨੂੰ ਕੁਝ ਵੀ ਹਾਸਲ ਨਹੀਂ ਹੋਇਆ ਇਸ ਲਈ 2017 ਤੋਂ ਮੈਂ ਹਰਿਆਣਾ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ ਹੈ। ਉਦੋਂ ਤੋਂ ਮੇਰੀ ਜਿੰਦਗੀ ਬਦਲ ਗਈ, ਪੈਸੇ ਦੇ ਨਾਲ-ਨਾਲ ਮਾਣ ਸਨਮਾਨ ਵੀ ਮਿਲਣ ਲੱਗਾ ਹੈ।"
ਅਰਪਿੰਦਰ ਸਿੰਘ ਓਐਨਜੀਸੀ ਵਿਚ ਨੌਕਰੀ ਕਰ ਰਹੇ ਹਨ। ਟ੍ਰਿਪਲ ਜੰਪ ਵਿੱਚ ਭਾਰਤ ਦਾ ਇਹ 48 ਸਾਲ ਬਾਅਦ ਆਇਆ ਮੈਡਲ ਹੈ।
ਕਾਂਸੀ ਦਾ ਤਗਮਾ ਜੇਤੂ ਭਗਵਾਨ ਸਿੰਘ
ਇੱਕ ਕਾਂਸੀ ਦਾ ਤਗਮਾ ਪੰਜਾਬ ਵਿੱਚ ਮੋਗਾ ਦੇ ਜੰਮਪਲ ਭਗਵਾਨ ਸਿੰਘ ਨੇ ਵੀ ਜਿੱਤਿਆ ਹੈ, ਰੋਹਿਤ ਸਿੰਘ ਨਾਲ ਮਿਲ ਕੇ ਰੋਇੰਗ ਦੇ ਡਬਲਜ਼ ਮੁਕਾਬਲੇ ਵਿੱਚ।
ਭਗਵਾਨ ਸਿੰਘ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਨੇ 2012 ਵਿੱਚ 19 ਸਾਲ ਦੀ ਉਮਰ ਵਿੱਚ ਆਪਣੇ ਟਰੱਕ ਡਰਾਈਵਰ ਪਿਤਾ ਦੇ ਬਿਮਾਰ ਹੋਣ ਕਰਕੇ ਪੱਤਰਕਾਰੀ ਦੀ ਪੜ੍ਹਾਈ ਵਿਚਾਲੇ ਛੱਡ ਦਿੱਤੀ ਸੀ।
ਉਸੇ ਸਾਲ ਉਹ ਫੌਜ ਵਿੱਚ ਭਰਤੀ ਹੋਏ ਅਤੇ ਬਾਅਦ ਵਿੱਚ ਇਸ ਖੇਡ ਵਿੱਚ ਆਪਣਾ ਨਾਂ ਬਣਾਇਆ।
ਹਿਨਾ ਨੇ ਕੀ ਜਿੱਤਿਆ?
ਸਟਾਰ ਸ਼ੂਟਰ ਹਿਨਾ ਸਿੱਧੂ ਨੇ ਕਾਮਨਵੈਲਥ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ ਪਰ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ ਨੂੰ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਨਾਲ ਸੰਤੁਸ਼ਟ ਹੋਣਾ ਪਿਆ।
ਜੀਂਦ ਦੇ ਕਿਸਾਨ ਦਾ ਮੁੰਡਾ ਮਨਜੀਤ ਸਿੰਘ
ਹਰਿਆਣਾ ਦੇ ਜੰਮਪਲ ਜੇਤੂ ਖਿਡਾਰੀਆਂ ਵਿੱਚ ਸ਼ਾਮਲ ਹਨ ਜੀਂਦ ਦੇ ਮਨਜੀਤ ਸਿੰਘ, ਜਿਨ੍ਹਾਂ ਨੇ 800 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ।
ਉਨ੍ਹਾਂ ਦਾ ਮੈਡਲ ਭਾਰਤ ਲਈ 1982 ਤੋਂ ਬਾਅਦ 800 ਮੀਟਰ ਦੌੜ ਵਿੱਚ ਪਹਿਲਾ ਗੋਲਡ ਮੈਡਲ ਹੈ।
ਤਸਵੀਰ ਸਰੋਤ, Getty Images
ਮਨਜੀਤ ਨੇ ਕਾਮਨਵੈਲਥ ਖੇਡਾਂ 2010 ਵਿੱਚ ਹਿੱਸਾ ਲਿਆ ਸੀ ਪਰ ਉੱਥੇ ਉਸ ਨੂੰ ਮੈਡਲ ਨਹੀਂ ਮਿਲਿਆ
ਉਹ 2010 ਦੀਆਂ ਕਾਮਨਵੈਲਥ ਖੇਡਾਂ ਵਿੱਚ ਉੱਭਰੇ ਸਨ ਪਰ ਉਨ੍ਹਾਂ ਦੀ ਵੱਡੀ ਕੌਮਾਂਤਰੀ ਜਿੱਤ ਇਹੀ ਮੈਡਲ ਹੈ।
29 ਸਾਲਾਂ ਦੇ ਮਨਜੀਤ ਨੇ ਆਪਣਾ ਨਿੱਜੀ ਰਿਕਾਰਡ ਤੋੜ ਕੇ ਭਾਰਤ ਦੇ ਹੀ ਜਿਨਸਨ ਜੌਨਸਨ ਨੂੰ ਹਰਾਇਆ, ਜਿਨ੍ਹਾਂ ਨੇ ਚਾਂਦੀ ਦੇ ਤਗਮਾ ਦੇਸ ਦੀ ਝੋਲੀ ਪਾਇਆ।
ਕਿਸਾਨ ਪਰਿਵਾਰ ਦੇ ਮਨਜੀਤ ਕੋਈ ਨੌਕਰੀ ਨਾ ਕਰਕੇ ਪੂਰੀ ਤਰ੍ਹਾਂ ਆਪਣੀ ਤਿਆਰੀ ਉੱਤੇ ਧਿਆਨ ਦੇ ਰਹੇ ਸਨ।
ਉਹ ਇੰਨੇ ਰੁੱਝੇ ਕਿ ਆਪਣੇ ਚਾਰ ਮਹੀਨੇ ਦੇ ਪੁੱਤਰ ਨੂੰ ਹੁਣ ਪਹਿਲੀ ਵਾਰ ਮਿਲਣਗੇ।
ਇਸ ਫੋਗਾਟ ਨੂੰ ਜਾਣਦੇ ਹੋ?
ਆਮਿਰ ਖਾਨ ਦੀ ਫਿਲਮ 'ਦੰਗਲ' ਆਉਣ ਤੋਂ ਬਾਅਦ ਸ਼ਾਇਦ ਹੀ ਕੋਈ ਬਾਲੀਵੁੱਡ ਜਾਂ ਖੇਡਾਂ ਦਾ ਸ਼ੌਕੀਨ ਹਰਿਆਣਾ ਦੀਆਂ ਫੋਗਾਟ ਪਹਿਲਵਾਨਾਂ ਦੇ ਖਾਨਦਾਨ ਨੂੰ ਨਾ ਜਾਣਦਾ ਹੋਵੇ। ਵਿਨੇਸ਼ ਫੋਗਾਟ ਨੇ 50 ਕਿਲੋ (ਮਹਿਲਾ) ਫ੍ਰੀਸਟਾਈਲ ਵਰਗ ਵਿੱਚ ਸੋਨ ਤਗਮਾ ਜਿੱਤਿਆ।
ਤਸਵੀਰ ਸਰੋਤ, VINESH PHOGAT@TWITTER
ਫ਼ਿਲਮ ਮੁੱਖ ਤੌਰ 'ਤੇ ਉਨ੍ਹਾਂ ਦੇ ਤਾਏ ਮਹਾਂਵੀਰ ਫੋਗਾਟ ਅਤੇ ਉਨ੍ਹਾਂ ਦੀਆਂ ਧੀਆਂ ਬਾਰੇ ਸੀ ਪਰ ਇਸ ਤਗਮੇ ਨਾਲ ਵਿਨੇਸ਼ ਭਾਰਤ ਲਈ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਇਸੇ ਸਾਲ ਕਾਮਨਵੈਲਥ ਖੇਡਾਂ ਵਿੱਚ ਵੀ ਵਿਨੇਸ਼ ਨੇ ਸੋਨ ਤਗਮਾ ਜਿੱਤਿਆ ਸੀ।
ਇਹ ਵੀ ਪੜ੍ਹੋ
ਬਜਰੰਗ ਤੇ ਚੋਪੜਾ ਵੀ ਲਿਆਏ ਗੋਲਡ ਮੈਡਲ
ਹਰਿਆਣਾ ਦੇ ਹੀ ਪਹਿਲਵਾਨ ਬਜਰੰਗ ਪੂਨੀਆ ਨੇ 65 ਕਿਲੋ (ਮਰਦ) ਫਰੀਸਟਾਈਲ ਵਰਗ ਵਿੱਚ ਸੋਨ ਤਗਮਾ ਜਿੱਤਿਆ ਹੈ। ਉਨ੍ਹਾਂ ਦਾ ਟੀਚਾ ਹੁਣ 2020 ਵਿੱਚ ਭਾਰਤ ਲਈ ਪਹਿਲਵਾਨੀ ਵਿੱਚ ਪਹਿਲਾ ਓਲੰਪਿਕ ਸੋਨ ਤਗਮਾ ਜਿੱਤਣਾ ਹੈ। ਜੈਵਲਿਨ ਥ੍ਰੋਅ (ਭਾਲਾ ਸੁੱਟਣ) ਵਿੱਚ ਹਰਿਆਣੇ ਦੇ ਹੀ ਨੀਰਜ ਚੋਪੜਾ ਸੋਨ ਤਗਮਾ ਜਿੱਤੇ ਹਨ।
ਇਨ੍ਹਾਂ ਤੋਂ ਇਲਾਵਾ ਹਰਿਆਣਾ ਦੇ ਲਕਸ਼ੈ ਸ਼ਿਓਰਾਨ (ਟ੍ਰੈਪ ਸ਼ੂਟਿੰਗ) ਅਤੇ ਸੰਜੀਵ ਰਾਜਪੂਤ (50 ਮੀਟਰ ਰਾਈਫਲ ਸ਼ੂਟਿੰਗ) ਨੇ ਸਿਲਵਰ ਮੈਡਲ ਜਿੱਤੇ ਹਨ।
ਕਾਂਸੀ ਦੇ ਤਗਮੇ ਜਿੱਤਣ ਵਾਲਿਆਂ ਵਿੱਚ ਹਰਿਆਣਾ ਤੋਂ ਸ਼ਾਮਲ ਹਨ ਨਰਿੰਦਰ ਗਰੇਵਾਲ (65 ਕਿਲੋ, ਵੂਸ਼ੂ) ਅਤੇ ਦੁਸ਼ਯੰਤ (ਰੋਇੰਗ)।
ਇਸ ਵਿਸ਼ਲੇਸ਼ਣ ਵਿੱਚ ਕਬੱਡੀ ਅਤੇ ਹਾਕੀ ਜਿਹੀਆਂ ਵੱਡੀਆਂ ਟੀਮਾਂ ਵਾਲੀਆਂ ਖੇਡਾਂ ਨੂੰ ਅਸੀਂ ਸ਼ਾਮਲ ਨਹੀਂ ਕੀਤਾ ਹੈ।