'ਅੰਮ੍ਰਿਤਾ ਪ੍ਰੀਤਮ ਦੀ ਮੈਨੂੰ ਵਾਰਿਸ ਸਮਝਦੇ ਨੇ ਲੋਕ'

ਅੰਮ੍ਰਿਤਾ ਪ੍ਰੀਤਮ Image copyright Amian Kuwar/BBC
ਫੋਟੋ ਕੈਪਸ਼ਨ ਅੰਮ੍ਰਿਤਾ ਪ੍ਰੀਤਮ ਦੀ ਡੂੰਘੀ ਤੱਕਣੀ, ਜੋ ਤੁਹਾਡਾ ਅੰਦਰਲਾ ਪਾਰਦਰਸ਼ੀ ਕਰ ਦਿੰਦੀ

ਲਗਭਗ 13 ਸਾਲ ਹੋ ਗਏ ਨੇ, ਅੰਮ੍ਰਿਤਾ ਪ੍ਰੀਤਮ ਨੂੰ ਇਹ ਲੋਕ ਛੱਡ ਕੇ ਪ੍ਰਲੋਕ ਦੀ ਵਾਸੀ ਬਣਿਆਂ... ਪਰ ਅਜੇ ਵੀ ਉਸ ਦੀਆਂ ਯਾਦਾਂ ਦੀ ਖੁਸ਼ਬੋਈ, ਉਸ ਦੀ ਹੋਂਦ ਦਾ ਅਹਿਸਾਸ ਹਰ ਸਾਹ ਲੈਂਦੀ ਹਵਾ ਵਿੱਚ ਤਰੰਗਿਤ ਹੁੰਦਾ ਮਹਿਸੂਸ ਹੁੰਦੈ...

ਅਜੇ ਵੀ ਉਸ ਦਾ ਖ਼ਿਆਲ ਆਉਂਦਿਆਂ ਹੀ ਇਹ ਖ਼ੂਬਸੂਰਤ ਚਿਹਰਾ-ਤਿੱਖੀ ਲੰਮੀ ਨੱਕ, ਪਤਲੇ ਬੁੱਲ੍ਹ, ਡੂੰਘੀਆਂ ਅੱਖਾਂ, ਮੱਥੇ 'ਚ ਭਰਵੱਟਿਆਂ ਦੇ ਐਨ ਵਿਚਕਾਰੋਂ ਉਠਦਾ ਤ੍ਰਿਸ਼ੂਲ, ਬੂਟਾ ਜਿਹਾ ਕੱਦ, ਸਹਿਜ ਤੋਰੇ ਤੁਰਦੀ ਅੰਮ੍ਰਿਤਾ ਦਿਸੀਂਦੀ ਏ... ਮੱਠੀ-ਮਿੱਠੀ ਮੋਹ-ਭਿੱਜੀ ਆਵਾਜ਼ ਸੁਣੀਂਦੀ ਏ... ਉਸ ਦੀ ਡੂੰਘੀ ਤੱਕਣੀ, ਜੋ ਤੁਹਾਡਾ ਅੰਦਰਲਾ ਪਾਰਦਰਸ਼ੀ ਕਰ ਦਿੰਦੀ... ਕੁਝ ਵੀ ਲੁਕੋ ਨਾ ਹੁੰਦਾ। ਬਹੁਤ ਨਿੱਕੀ ਉਮਰੇ ਸੱਤਵੀਂ-ਅੱਠਵੀਂ ਜਮਾਤ ਵਿੱਚ ਹੀ ਮੈਂ ਉਸ ਦੀ ਪਾਠਕ ਬਣੀ ਤੇ ਫੇਰ ਜ਼ਬਰਦਸਤ ਪ੍ਰਸ਼ੰਸਕ।

ਇੱਕ ਦਿਨ ਮੈਂ ਨੌਵੀਂ ਜਮਾਤੇ ਪੜ੍ਹਦੀ ਕੁੜੀ ਨੇ ਖ਼ਬਰੇ ਕਿੱਥੋਂ ਅੰਮ੍ਰਿਤਾ ਪ੍ਰੀਤਮ ਦਾ ਨੰਬਰ ਲੱਭ ਲਿਆ। ਸ਼ਾਇਦ ਐਮਟੀਐਨਐਲ ਵੱਲੋਂ ਮਿਲੀ ਡਾਇਰੈਕਟਰੀ 'ਚੋਂ, ਉਦੋਂ ਘਰੇ ਫੋਨ ਨਹੀਂ ਹੁੰਦਾ ਸੀ। ਸੋ ਕਿਸੇ ਦੁਕਾਨ ਤੋਂ ਫੋਨ ਕੀਤਾ। ਅੰਮ੍ਰਿਤਾ ਜੀ ਤੋਂ ਮਿਲਣ ਦਾ ਸਮਾਂ ਮੰਗਿਆ। ਉਨ੍ਹਾਂ ਨੇ ਹੱਸ ਕੇ, ਬਿਨਾਂ ਕੋਈ ਸੁਆਲ-ਜਵਾਬ ਦੇ ਅਗਲੇ ਦਿਨ ਦਾ ਸਮਾਂ ਦੇ ਦਿੱਤਾ।

ਇਹ ਵੀ ਪੜ੍ਹੋ:

ਉਸੇ ਦਿਨ ਉਸ ਦੇ ਜਵਾਨ ਭਰਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਉਸ ਉਮਰੇ ਕੱਲਿਆਂ ਕਿੱਥੇ ਜਾ ਹੁੰਦਾ ਸੀ। ਸੋਗਮਈ ਹਾਲਤ ਨੇ ਅੰਮ੍ਰਿਤਾ ਜੀ ਨਾਲ ਮਿਲਣਾ ਮੁਲਤਵੀ ਕਰ ਦਿੱਤਾ।

ਇਸ ਤੋਂ 2-3 ਸਾਲ ਮਗਰੋਂ 1973 'ਚ ਮੈਂ ਬੀ.ਏ. ਕਰਨ ਲਈ ਕਮਲਾ ਨਹਿਰੂ ਕਾਲਜ ਵਿੱਚ ਦਾਖ਼ਲਾ ਲਿਆ। ਉਦੋਂ ਤੀਕ ਹਿੰਦੀ 'ਚ ਆਏ ਸਾਹਿਤ ਨਾਲ ਹੀ ਮੇਰਾ ਵਾਸਤਾ ਸੀ। ਪਰ ਇੱਥੇ ਆ ਕੇ ਮੈਨੂੰ ਪੰਜਾਬੀ ਵਿਸ਼ਾ ਮਿਲਿਆ।

ਕਮਲਾ ਨਹਿਰੂ ਕਾਲਜ ਦੀ ਲਾਇਬ੍ਰੇਰੀ ਨੇ ਜਿਵੇਂ ਮੈਨੂੰ ਕੀਲ ਲਿਆ ਹੋਵੇ। ਉਨ੍ਹੀਂ ਦਿਨੀਂ ਸ਼ਿਵ ਕੁਮਾਰ ਬਟਾਲਵੀ ਦੀ ਮੌਤ ਹੋਈ ਸੀ। ਸਾਰੇ ਰਸਾਲੇ ਉਸ ਦੀਆਂ ਯਾਦਾਂ, ਗੀਤਾਂ ਨਾਲ ਭਰੇ ਹੁੰਦੇ ਸਨ।

ਇੱਥੇ ਹੀ ਮੈਂ ਪਹਿਲੀ ਵੇਰ 'ਨਾਗਮਈ' ਦੀ ਪਾਠਕ ਬਣੀ। ਫੇਰ ਤਾਂ ਹਮੇਸ਼ਾ ਧਿਆਨ ਰੱਖਦੀ ਕਿ ਕਦੋਂ ਆਉਣਾ ਏ। ਚਾਂਦਨੀ ਚੌਕ , ਪਿਆਰਾ ਸਿੰਘ ਦਾਤਾ ਦੀ ਦੁਕਾਨ ਤੋਂ ਸਿਰਫ਼ ਨਾਗਮਣੀ ਖਰੀਦਣ ਜਾਂਦੀ। ਆਪਣੇ ਨਿਗੂਣੇ ਜਿਹੇ ਜੇਬ ਖ਼ਰਚ ਨਾਲ ਨਾਗਮਣੀ ਦੇ ਪੁਰਾਣੇ ਅੰਕ ਅਤੇ ਅੰਮ੍ਰਿਤਾ ਜੀ ਦੀਆਂ ਕਈ ਕਿਤਾਬਾਂ ਉਨ੍ਹਾਂ ਕੋਲੋਂ ਲਈਆਂ।

Image copyright Imroz
ਫੋਟੋ ਕੈਪਸ਼ਨ ਇਮਰੋਜ਼ ਦੇ ਨਾਲ ਅੰਮ੍ਰਿਤਾ ਪ੍ਰੀਤਮ

ਇੱਕ ਦਿਨ ਫੇਰ ਹਿੰਮਤ ਕਰ ਕੇ ਅੰਮ੍ਰਿਤਾ ਜੀ ਨੂੰ ਫੋਨ ਕਰ ਲਿਆ। ਇਹ ਸ਼ਾਇਦ 1974 ਦੇ ਸ਼ੁਰੂ ਦੇ ਮਹੀਨਿਆਂ ਦੀ ਗੱਲ ਹੈ। ਮਿਲਣ ਦਾ ਸਮਾਂ ਉਸ ਅਜ਼ੀਮ ਸ਼ਾਇਰਾ ਨੇ ਆਸਾਨੀ ਨਾਲ ਦੇ ਦਿੱਤਾ। ਮੇਰੇ ਨਾਲ ਮੇਰੇ ਦੋ ਹੋਰ ਦੋਸਤਾਂ ਨੇ ਵੀ ਜਾਣਾ ਸੀ। ਪਰ ਜਿਸ ਦਿਨ ਸਾਡਾ ਅੰਮ੍ਰਿਤਾ ਜੀ ਨੂੰ ਮਿਲਣਾ ਤੈਅ ਸੀ, ਖ਼ਬਰੇ ਕਿਵੇਂ ਉਹ ਦੋਵੇਂ ਉਸ ਦਿਨ ਗ਼ੈਰ-ਹਾਜ਼ਰ ਸਨ।

ਖ਼ੈਰ ਮੈਂ ਹਿੰਮਤ ਕਰ ਇਕੱਲਿਆਂ ਹੀ ਅੰਮ੍ਰਿਤਾ ਜੀ ਨੂੰ ਮਿਲਣ ਚਲੀ ਗਈ। ਉਦੋਂ ਹੌਜ਼ ਖ਼ਾਸ ਇੰਨਾ ਆਬਾਦ ਨਹੀਂ ਸੀ। ਘਰਾਂ ਦੇ ਨੰਬਰ ਅੱਗੇ-ਪਿੱਛੇ... ਤਰਤੀਬਵਾਰ ਨਾ ਹੋਣ ਕਾਰਨ ਭਟਕ ਰਹੀ ਸੀ। ਨੇੜੇ ਲਗਦੇ ਪੋਸਟ-ਆਫ਼ਿਸ ਤੋਂ ਪਤਾ ਕੀਤਾ।

ਇੱਕ ਸਰਦਾਰ ਪੋਸਟ ਮਾਸਟਰ ਮੈਨੂੰ ਉਨ੍ਹਾਂ ਦੇ ਘਰ ਲੈ ਗਿਆ। ਅੰਮ੍ਰਿਤਾ ਜੀ ਮੇਰੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ। ਪਰ ਮੈਂ ਤਾਂ ਅਜੀਬ ਖ਼ੁਮਾਰੀ 'ਚ ਸਾਂ, ਗਫ਼ਲਤ ਵਿੱਚ ਸੀ।

ਇਹ ਵੀ ਪੜ੍ਹੋ:

ਇਮਰੋਜ਼ ਚਾਹ ਲੈ ਆਏ। ਕੰਬਦੇ ਹੱਥਾਂ 'ਚੋਂ ਚਾਹ ਛੁਲਕ ਗਈ। ਅੰਮ੍ਰਿਤਾ ਜੀ ਨੂੰ ਜਦੋਂ ਪਤਾ ਲੱਗਿਆ ਮੈਂ ਕਮਲਾ ਨਹਿਰੂ ਕਾਲਜ 'ਚ ਪੜ੍ਹਦੀ ਆ ਤਾਂ ਉਨ੍ਹਾਂ ਨੂੰ ਚਾਅ ਚੜ੍ਹ ਆਇਆ-ਉਸ ਦਿਨ ਪਤਾ ਲੱਗਿਆ ਸਾਡੇ ਕਾਲਜ ਦੀ ਪ੍ਰਿੰਸੀਪਲ ਕ੍ਰਿਸ਼ਨਾ ਗਰੋਵਰ ਉਨ੍ਹਾਂ ਦੀ ਦੋਸਤ ਹੈ, ਜਦ ਉਨ੍ਹਾਂ ਇਮਰੋਜ਼ ਹੁਰਾਂ ਨੂੰ ਆਵਾਜ਼ ਲਗਾਈ-ਈਮਾ, ਇਹ ਕੁੜੀ ਆਪਣੀ ਕ੍ਰਿਸ਼ਨਾ ਦੇ ਕਾਲਜ 'ਚ ਪੜ੍ਹਦੀ ਹੈ। ਉਨ੍ਹਾਂ ਪੋਸਟ ਮਾਸਟਰ ਨੂੰ ਤਾਕੀਦ ਕੀਤੀ ਕਿ ਮੈਨੂੰ ਸਹੀ ਬੱਸ 'ਚ ਬਿਠਾ ਆਵੇ।

ਇਸ ਤੋਂ ਬਾਅਦ ਵਰ੍ਹੇ ਦੇ ਵਰ੍ਹੇ ਲੰਘ ਗਏ ਮੈਂ ਉਨ੍ਹਾਂ ਦੀ ਹਰ ਕਿਤਾਬ ਪੜ੍ਹਦੀ ਪਰ ਮਿਲਣ ਦਾ ਜ਼ੇਰਾ ਨਾ ਕਰਦੀ। ਉਂਜ ਕਈ ਅਦਬੀ ਬੈਠਕਾਂ, ਖ਼ਾਸ ਕਰ ਰੂਸੀ ਲੇਖਕਾਂ ਦੀਆਂ ਬੈਠਕਾਂ 'ਚ ਉਹ ਮੈਨੂੰ ਦੂਰੋਂ-ਦੂਰੋਂ ਦਿਖਦੇ।

'ਲੰਮੀਆਂ ਵਾਟਾਂ', 'ਪੱਥਰ ਗੀਟੇ', 'ਸੁਨੇਹੜੇ', 'ਅਸ਼ੋਕ ਚੇਤੀ', 'ਕਸਤੂਰੀ', 'ਸਰਘੀ ਵੇਲਾ' ਆਦਿ ਵਿਚਲੇ ਗੀਤ, ਨਜ਼ਮਾਂ ਮੈਨੂੰ ਜ਼ੁਬਾਨੀ ਯਾਦ ਹੋ ਗਏ। 'ਚੱਕ ਨੰਬਰ ਛੱਤੀ' ਨਾਵਲ ਖ਼ਬਰੇ ਕਿੰਨੀ ਵਾਰ ਪੜ੍ਹਿਆ। ਕਿੰਨੀ ਥਾਈਂ ਵਾਕਾਂ ਨੂੰ ਲਕੀਰਿਆ।

1984, ਦਸੰਬਰ 'ਚ ਮੈਂ ਵਿਆਹ ਕੇ ਉਨ੍ਹਾਂ ਦੇ ਗੁਆਂਢ ਸਫ਼ਦਰਜੰਗ ਡਿਵੈਲਪਮੈਂਟ ਏਰੀਆ 'ਚ ਆ ਗਈ। ਇੱਕ ਨੁਕਰੇ ਮੇਰਾ ਘਰ, ਦੂਜੀ ਨੁਕਰੇ ਜ਼ਰਾ ਕੁ ਮੋੜਾ ਦੇ ਕੇ ਅੰਮ੍ਰਿਤਾ ਹੁਰਾਂ ਦਾ ਘਰ। ਅਕਸਰ ਸੈਰ ਕਰਦਿਆਂ ਉਨ੍ਹਾਂ ਦੇ ਘਰ ਕੋਲੋਂ ਲੰਘਦੀ, ਪਰ ਅੰਦਰ ਜਾਣ ਦਾ ਖ਼ਬਰੇ ਕਿਉਂ ਹੀਆ ਨਾ ਪੈਂਦਾ।

Image copyright Sipradas/getty images
ਫੋਟੋ ਕੈਪਸ਼ਨ ਲੇਖਿਕਾ ਅਮੀਆ ਕੁੰਵਰ ਅੰਮ੍ਰਿਤਾ ਪ੍ਰੀਤਮ, ਇਮਰੋਜ਼ ਆਦਿ ਨੂੰ ਦੂਰੋਂ ਹੀ ਨਿਹਾਰਦੀ ਰਹਿੰਦੀ ਸੀ

ਉਂਜ ਸਾਡੇ ਘਰ ਸਾਹਵੇਂ ਇੱਕ ਵੱਡਾ ਪਾਰਕ ਸੀ... ਸਵੇਰ ਵੇਲੇ ਮੈਂ ਅਕਸਰ ਇਮਰੋਜ਼, ਅੰਮ੍ਰਿਤਾ ਜੀ, ਭਾਪਾ ਪ੍ਰੀਤਮ ਸਿੰਘ, ਜਸਵੰਤ ਆਰਟਿਸਟ, ਕਰਤਾਰ ਸਿੰਘ ਦੁੱਗਲ ਨੂੰ ਪਾਰਕ ਦੇ ਚੁਫੇਰਿਓਂ ਸੈਰ ਕਰਦਿਆਂ ਨਿਹਾਰਦੀ।

ਪੂਰੇ ਪੰਜ ਸਾਲ ਮਗਰੋਂ ਨਵੰਬਰ 1989 'ਚ ਮੈਂ ਆਪਣੇ ਪਤੀ ਹਰਪ੍ਰੀਤ ਨਾਲ ਹੌਜ਼ ਖ਼ਾਸ ਮਾਰਕੀਟ ਜਾ ਰਹੀ ਸਾਂ ਕਿ ਰਸਤੇ ਵਿੱਚ ਇਮਰੋਜ਼, ਸ਼ਾਇਰ ਦੇਵ ਨਾਲ ਜਾਂਦਿਆਂ ਮਿਲੇ।

ਦੇਵ ਦੀ ਪਤਨੀ ਸ. ਜੁਗਿੰਦਰ ਕੌਰ ਮੇਰੇ ਲਈ ਜੋਗੀ ਦੀਦੀ ਮੇਰੀ ਬਹੁਤ ਪਿਆਰੀ ਦੋਸਤ ਸੀ। ਜੋ ਬਿਨਾਂ ਕੁਝ ਕਹੇ, ਮੈਨੂੰ ਬਿਨਾਂ ਕੁਝ ਦੱਸੇ, ਮੇਰੀ ਗ਼ੈਰ-ਹਾਜ਼ਰੀ 'ਚ ਮੇਰੇ ਹੱਕਾਂ ਲਈ ਕਦੇ ਕਿਸੇ ਨਾਲ, ਕਦੇ ਕਿਸੇ ਹੋਰ ਨਾਲ ਉਲਝ ਜਾਂਦੀ ਸੀ।

ਖ਼ੈਰ ਹਾਲ-ਚਾਲ ਪੁੱਛਦਿਆਂ ਉਨ੍ਹਾਂ ਨੂੰ ਘਰ ਆਉਣ ਦਾ ਸੱਦਾ ਦਿੱਤਾ ਤੇ ਉਹ ਝੱਟ ਦੇਣੀ ਆ ਵੀ ਗਏ। ਕੁਝ ਦਿਨਾਂ ਮਗਰੋਂ ਇਮਰੋਜ਼ ਫੇਰ ਸਾਡੇ ਘਰ ਆਏ। ਕਿਸੇ ਲਈ ਐਗਜ਼ੀਮਾ ਦੀ ਦਵਾਈ ਲੈਣ। ਸ਼ਾਇਦ ਪ੍ਰੀਤਮ ਸਿੰਘ ਕਵਾਤੜਾ ਲਈ। ਹਰਪ੍ਰੀਤ ਦੇ ਜਾਣਕਾਰ ਦੋ ਜਲੰਧਰ ਰਹਿੰਦੇ ਸਨ, ਉਹ ਇਸ ਦਵਾਈ ਨੂੰ ਸਾਫ਼ ਕਰਨ ਦੀ ਸਫ਼ਾ ਰੱਖਦੇ ਸਨ।

ਇਸ ਗੱਲ ਨੂੰ ਕੁਝ ਦਿਨ ਬੀਤ ਗਏ ਕਿ ਇੱਕ ਰਾਤ ਫੋਨ ਦੀ ਘੰਟੀ ਟੁਣਕੀ। ਰਿਸੀਵਰ ਕੰਨਾਂ ਨੂੰ ਲਾਇਆ, ਦੂਜੇ ਪਾਸਿਓਂ ਬਹੁਤ ਗਹਿਰ ਗੰਭੀਰ ਆਵਾਜ਼ ਸੁਣਾਈ ਦਿੱਤੀ, ਅਮਰਜੀਤ ਨਾਲ ਗੱਲ ਕਰਾ ਦਿਓ। ਹੱਸ ਕੇ ਕਿਹਾ-ਜੀ ! ਅਮਰਜੀਤ ਬੋਲ ਰਹੀ ਆਂ।' ਕਹਿਣ ਲੱਗੇ, "ਮੈਂ ਅੰਮ੍ਰਿਤਾ ਪ੍ਰੀਤਮ ਬੋਲ ਰਹੀ ਹਾਂ। ਸੁਣਿਆ ਤੁਹਾਡੀ ਪੰਜਾਬੀ ਤੇ ਹਿੰਦੀ ਦੋਹਾਂ ਭਾਸ਼ਾਵਾਂ 'ਤੇ ਬਰਾਬਰ ਕਮਾਂਡ ਹੈ। ਮੈਨੂੰ ਆਪਣੇ ਲਈ ਨਿੱਜੀ ਅਨੁਵਾਦਕ ਦੀ ਲੋੜ ਹੈ।"

ਇਹ ਵੀ ਪੜ੍ਹੋ:

ਸਰੀਰ ਦਾ ਰੋਮ-ਰੋਮ ਸਾਹ ਲੈਣ ਲੱਗ ਪਿਆ। ਇੱਕ ਛਿਣ ਲਈ ਜਿਵੇਂ ਦਿਲ ਧੜਕਨਾ ਬੰਦ ਹੋ ਗਿਆ ਤੇ ਫੇਰ ਉਸ ਦੀ ਗਤੀ ਇੰਨੀ ਤੇਜ਼ ਹੋ ਗਈ ਕਿ ਲੱਗਿਆ ਬਸ ਹੁਣੇ ਹੀ...! ਉਨ੍ਹਾਂ ਦੀ ਆਵਾਜ਼ ਸੁਣਾਈ ਦਿੱਤੀ, "ਕੱਲ੍ਹ ਮੇਰੇ ਘਰ ਆ ਸਕਦੇ ਹੋ? ਮੇਰਾ ਪਤਾ ਹੈ..." ਮੈਂ ਹੱਸ ਪਈ, "ਤੁਹਾਡਾ ਘਰ ਮੈਂ ਵੇਖਿਆ ਹੈ... ਰਾਤ-ਬਰਾਤੀਂ ਸੈਰ ਕਰਦਿਆਂ ਤੁਹਾਡੇ ਘਰ ਦੇ ਕੋਲੋਂ ਲੰਘਦੀ ਹਾਂ।"

ਹਾਲਾਂਕਿ ਮਨ ਹੀ ਮਨ ਸੋਚ ਰਹੀ ਸਾਂ ਇੰਨੀ ਵੱਡੀ ਲੇਖਿਕਾ ਮੈਨੂੰ ਫੋਨ ਕਰਕੇ ਬੁਲਾ ਰਹੀ ਏ.. ਇਹ ਕਿਵੇਂ ਸੰਭਵ ਹੈ...ਕੰਨਾਂ ਨੂੰ ਯਕੀਨ ਨਾ ਆਵੇ। ਸੋਚਾਂ-ਕਿਸੇ ਮੂਰਖ਼ ਤਾਂ ਨਹੀਂ ਬਣਾਇਆ?

Image copyright uma trilok
ਫੋਟੋ ਕੈਪਸ਼ਨ ਸਾਹਿਰ ਲੁਧਿਆਣਵੀ ਨਾਲ ਅੰਮ੍ਰਿਤਾ ਪ੍ਰੀਤਮ

ਪਰ ਅਗਲੇ ਦਿਨ ਸਭ ਧੁੰਦਲਕੇ ਹਟ ਗਏ। ਉਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਆਪਣਾ ਬਣਾ ਲਿਆ, ਜਿਵੇਂ ਮੈਂ ਹਮੇਸ਼ਾ ਤੋਂ ਉਨ੍ਹਾਂ ਨਾਲ ਹੋਵਾਂ। ਕੁਝ ਹੀ ਦਿਨਾਂ 'ਚ ਉਨ੍ਹਾਂ ਦੇ ਘਰ ਦਾ ਹਰੇਕ ਜੀਅ ਨਾ ਸਿਰਫ਼ ਮੈਨੂੰ ਜਾਨਣ ਲੱਗਾ ਸਗੋਂ ਬਹੁਤ ਪਿਆਰ ਦੇਣ ਲੱਗਾ...। ਉਨ੍ਹਾਂ ਦੀ ਦੋਹਰੀ ਨੂਰ ਆਰੋਹੀ, ਦੋਹਤਰਾ ਕਾਰਤਿਕ ਮੈਨੂੰ ਵੇਖਦਿਆਂ ਹੀ ਅੰਮ੍ਰਿਤਾ ਜੀ ਦੇ ਕਮਰੇ ਵਿੱਚ ਲੈ ਜਾਂਦੇ।

ਉਨ੍ਹਾਂ ਦੇ ਅੰਤਲੇ ਦਿਨਾਂ ਤੱਕ ਮੈਂ ਭਾਵੇਂ ਅੱਧੀ ਰਾਤੀਂ ਜਾਵਾਂ ਜਾਂ ਪਹੁ-ਫੁਟਾਲੇ, ਮੈਨੂੰ ਕਦੇ ਇਜ਼ਾਜਤ ਲੈਣ ਦੀ ਲੋੜ ਨਹੀਂ ਪਈ। ਮੈਂ ਬੇਝਿਜਕ ਹੀ ਉਨ੍ਹਾਂ ਦੇ ਕਮਰੇ ਅੰਦਰ ਜਾ ਦਾਖ਼ਲ ਹੁੰਦੀ।

ਇਹ ਬੇਸ਼ਕੀਮਤੀ ਹੱਕ ਅੰਮ੍ਰਿਤਾ ਜੀ ਨੇ ਮੈਨੂੰ ਦਿੱਤਾ ਸੀ। ਸਗੋਂ ਜੇ ਕਦੇ ਬੇਵਕਤੇ ਜਾਵਾਂ...ਉਹ ਸੁੱਤੇ ਹੋਣ...ਉਨ੍ਹਾਂ ਦੀ ਉਡੀਕ 'ਚ ਮੈਂ ਉਨ੍ਹਾਂ ਦੇ ਬਿਸਤਰੇ 'ਤੇ ਪਸਰ ਜਾਂਦੀ। ਜਦੋਂ ਉਨ੍ਹਾਂ ਦੀ ਜਾਗ ਖੁਲ੍ਹਦੀ, ਹੈਰਾਨ ਹੁੰਦੇ... ਤੂੰ ਕਦੋਂ ਆਈ?

ਉਨ੍ਹਾਂ ਨੇ ਮੇਰੇ ਨਾਲ ਬਹੁਤ ਸਾਰੇ ਰਿਸ਼ਤੇ ਜੋੜ ਲਏ ਸਨ। ਮੈਂ ਉਨ੍ਹਾਂ ਦੇ ਹਰ ਰਾਜ਼ ਦੀ ਭੇਤੀ...ਉਹ ਮੇਰੀ ਹਰ ਕਮਜ਼ੋਰੀ ਜਾਣਦੇ, ਮੇਰੀ ਦੋਸਤ, ਮੇਰੀ ਮਾਂ, ਤੇ ਕਿਸੇ ਅਜਨਮੇ ਪੁੱਤਰ ਦੀ ਵਹੁਟੀ ਮੰਨ ਆਪਣੀ ਨੂੰਹ ਹੋਣਾਂ ਵੀ ਖਿਆਲਦੇ। ਕਦੇ ਕਦਾਈਂ ਲਾਡ 'ਚ ਆ ਕੇ ਉਨ੍ਹਾਂ ਨੂੰ ਦੀਦਾ, ਦੀਦੂ, ਦੀਦੇ ਕਹਿ ਲੈਂਦੀ ਪਰ ਉਂਜ ਮੈਂ ਅੰਮ੍ਰਿਤਾ-ਇਮਰੋਜ਼ ਨੂੰ ਹਾਣ ਦਾ ਖ਼ਿਆਲ ਕਰ ਉਨ੍ਹਾਂ ਦੇ ਨਾਵਾਂ ਨਾਲ ਹੀ ਸੰਬੋਧਿਤ ਹੁੰਦੀ ਰਹੀ ਆਂ।

Image copyright Ulf Andersen/getty images
ਫੋਟੋ ਕੈਪਸ਼ਨ ਜਾਣਕਾਰਾਂ ਮੁਤਾਬਕ ਅੰਮ੍ਰਿਤਾ ਪ੍ਰੀਤਮ ਕਦੇ ਆਪਣੇ ਅਸੂਲਾਂ ਤੋਂ ਨਹੀਂ ਹਿੱਲਦੇ ਸਨ

ਯਾਦ ਹੈ ਇਕ ਵਾਰ ਅਲਕਾ ਦੀ ਦੇਖਾ-ਦੇਖੀ ਮੈਂ ਵੀ ਇਮਰੋਜ਼ ਜੀ ਨੂੰ ਬਾਬਾ ਜੀ ਕਹਿ ਦਿੱਤਾ, ਉਨ੍ਹਾਂ ਮੇਰੇ ਵੱਲ ਹੈਰਾਨ ਹੋ ਕੇ ਵੇਖਿਆ। ਲਾਬੀ ਤੋਂ ਹੱਥ ਫੜ ਕੇ ਅੰਮ੍ਰਿਤਾ ਜੀ ਦੇ ਕਮਰੇ 'ਚ ਲੈ ਗਏ। ਮੇਰੇ ਵੱਲ ਇਸ਼ਾਰਾ ਕਰ ਕਹਿਣ ਲੱਗੇ, "ਵੇਖੀਂ ਮਾਜ਼ਾ! ਅਮੀਆ ਦਾ ਵੀ ਬਾਬਾ ਹੋ ਗਿਆ ਆਂ।"

ਉਨ੍ਹਾਂ ਦੇ ਜਾਣਕਾਰ ਲੇਖਕ ਦੋਸਤ ਕਹਿੰਦੇ ਹਨ, ਉਹ ਕਦੇ ਆਪਣੇ ਅਸੂਲਾਂ ਤੋਂ ਨਹੀਂ ਹਿੱਲਦੇ ਸਨ ਪਰ ਮੇਰੇ ਲਈ ਉਹ ਉਨ੍ਹਾਂ ਨੂੰ ਵੀ ਪਰੇ ਰੱਖ ਦਿੰਦੇ।

ਉਨ੍ਹਾਂ 'ਨਾਗਮਣੀ' ਦੇ ਕੁਝ ਮਿਆਰ ਤੈਅ ਕੀਤੇ ਸਨ। ਜਿਨ੍ਹਾਂ 'ਚੋਂ ਇੱਕ ਇਹ ਸੀ ਕਿ ਕਿਸੇ ਕਿਤਾਬ ਦੀ ਸਮੀਖਿਆ ਉਸ ਵਿੱਚ ਨਹੀਂ ਦੇਣਗੇ ਪਰ ਕਾਵਿ ਪੁਸਤਕ 'ਛਿਣਾਂ ਦੀ ਗਾਥਾ' ਦੇ ਦਿੱਤੀ, ਜਿਸ ਦੇ ਪਿੱਠਵਰਕ 'ਤੇ ਉਨ੍ਹਾਂ ਵੱਲੋਂ ਲਿਖੀਆਂ ਛੇ ਸਤਰਾਂ ਵੀ ਦਰਜ ਸਨ।

ਅੰਮ੍ਰਿਤਾ ਬਿਮਾਰ ਹੋਣ ਕਾਰਨ ਮੋਹਨਜੀਤ ਹੁਰਾਂ ਨੂੰ ਕਿਤਾਬ ਦੀ ਭੂਮਿਕਾ ਲਿਖਣ ਲਈ ਕਿਹਾ ਸੀ। ਉਸ ਕਿਤਾਬ 'ਤੇ ਮੇਰੀ ਦੋਸਤ ਡਾ. ਬੇਅੰਤ ਦਾ ਲੰਮਾ ਸਮੀਖਿਆ ਪੇਪਰ ਉਨ੍ਹਾਂ ਨੂੰ ਪੜ੍ਹਨ ਲਈ ਦਿੱਤਾ। ਜਿਸ ਦੀ ਭਾਸ਼ਾ ਨਿਰੋਲ ਆਲੋਚਨਾ ਦੀ 'ਛਿਣਾਂ ਦੀ ਗਾਥਾ' ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਸੀ।

Image copyright Imroz
ਫੋਟੋ ਕੈਪਸ਼ਨ ਇਮਰੋਜ਼ ਨਾਲ ਅੰਮ੍ਰਿਤਾ ਪ੍ਰੀਤਮ

ਉਨ੍ਹਾਂ ਦੀ 'ਨਾਗਮਣੀ' ਦੇ ਅਗਲੇ ਅੰਕ ਵਿੱਚ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ। ਮੈਂ ਉਨ੍ਹਾਂ ਨੂੰ ਕਦੇ ਆਪਣੀ ਕੋਈ ਇੱਛਾ ਪ੍ਰਤੱਖ ਜ਼ਾਹਿਰ ਨਹੀਂ ਕੀਤੀ ਸੀ ਪਰ ਉਹ ਮੇਰੇ ਚਿਹਰੇ ਤੋਂ ਪੜ੍ਹ ਲੈਂਦੇ ਸੀ ਅਤੇ ਉਸ ਦਾ ਮਾਣ ਰੱਖਦੇ ਸੀ।

ਉਹ ਕਦੇ ਕਿਸੇ ਕਾਲਮ 'ਤੇ ਲਿਖਣ ਲਈ ਕਹਿੰਦੇ, ਮੱਲੋ-ਮੱਲੀ ਲਿਖਿਆ ਜਾਂਦਾ। 'ਇੱਕ ਸੁਆਲ', 'ਪੰਜ ਬਾਰੀਆਂ', 'ਦਸ ਕਦਮ' ਲੇਖ ਉਨ੍ਹਾਂ ਦੀ ਇੱਛਾ ਬਦੌਲਤ ਹੀ ਲਿਖੇ ਗਏ। ਜਿਨ੍ਹਾਂ ਨੇ ਮੈਨੂੰ ਅਦਬ ਦੀ ਦੁਨੀਆਂ ਵਿੱਚ ਵੱਖਰੀ ਪਛਾਣ ਦਿੱਤੀ।

'ਦਸ ਕਦਮ' ਤਾਂ ਉਨ੍ਹਾਂ ਨੂੰ ਇੰਨਾ ਪਸੰਦ ਆਇਆ ਕਿ ਉਸ ਵਰ੍ਹੇ ਦਾ ਸਭ ਤੋਂ ਵਧੀਆ ਨਾਗਮਣੀ-ਲੇਖ ਐਲਾਨਿਆ ਗਿਆ। ਮੇਰੀ ਨੌਕਰੀ ਲਈ ਦੇਵ ਨਗਰ, ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਰੰਧਾਵਾ ਨੂੰ ਫ਼ੋਨ ਕੀਤਾ- 'ਬਹੁਤ ਮਿਹਨਤੀ ਕੁੜੀ ਹੈ.. ਕੰਮ ਦਿਓਗੇ ਤਾਂ ਜਾਣੂਗੀ।'

ਖੁਸ਼ੀ ਹੁੰਦੀ ਹੈ ਜਦੋਂ ਲੋਕ ਮੇਰੇ ਵਿਚੋਂ ਅੰਮ੍ਰਿਤਾ ਦੀ ਝਲਕ ਵੇਖਦੇ ਹਨ। 2003 'ਚ ਪਾਕਿਸਤਾਨ ਗਈ ਤਾਂ ਅਫ਼ਜ਼ਲ ਤੌਸੀਫ਼ ਆਉਂਦਿਆਂ-ਜਾਂਦਿਆਂ ਮੈਨੂੰ ਗਲਵਕੜੀ 'ਚ ਲੈ ਕੇ ਕਹਿਣ:-

''ਤੇਰੇ ਨਾਲ ਮੇਰਾ ਰਿਸ਼ਤਾ ਕੁਝ ਹੋਰ ਹੋ ਗਿਐ,

ਲਗਦੈ ਤੂੰ ਮੇਰੇ ਦਿਲ ਦਾ ਨਾਜ਼ੁਕ ਹਿੱਸਾ ਛੋਹ ਲਿਐ"

ਤੈਨੂੰ ਗਲਵਕੜੀ 'ਚ ਲੈਂਦਿਆਂ ਸਗਵੀਂ ਦੀ ਸਗਵੀਂ ਅੰਮ੍ਰਿਤਾ ਮੇਰੇ ਕਲਾਵੇ ਆ ਜਾਂਦੀ ਹੈ। ਆਖ਼ਰ ਉਹ ਦਿੱਲੀ ਮੈਨੂੰ ਅੰਮ੍ਰਿਤਾ ਦੇ ਘਰ ਮਿਲੀ ਸੀ। ਸਲੀਮ ਪਾਸ਼ਾ, ਅਹਿਮਦ ਸਲੀਮ, ਅਫ਼ਜ਼ਲ ਸਾਹਿਰ ਇਨ੍ਹਾਂ ਸਭ ਨਾਲ ਨੇੜਤਾ ਅੰਮ੍ਰਿਤਾ ਜੀ ਦੀ ਬਦੌਲਤ ਹੈ।

Image copyright Ulf Andersen/getty images
ਫੋਟੋ ਕੈਪਸ਼ਨ 31 ਅਕਤੂਬਰ 2005 ਦੀ ਦੁਪਹਿਰ ਅੰਮ੍ਰਿਤਾ ਪ੍ਰੀਤਮ ਦਾ ਦਿਹਾਂਤ ਹੋ ਗਿਆ

31 ਅਕਤੂਬਰ 2005 ਦੀ ਦੁਪਹਿਰ ਨਹੀਂ ਭੁੱਲਦੀ, ਵਿਗਿਆਨ ਭਵਨ 'ਚ ਬੈਠੀ, ਕਿਸੇ ਸੈਮੀਨਾਰ 'ਚ ਸ਼ਿਰਕਤ ਕਰ ਰਹੀ ਸੀ ਕਿ 2.45 'ਤੇ ਇਮਰੋਜ਼ ਦਾ ਫੋਨ ਆਇਆ, ਅਮੀਆ ਛੇਤੀ ਆ ਜਾ ਅੰਮ੍ਰਿਤਾ ਪੂਰੀ ਹੋ ਗਈ.. ਉਹ ਅਧੂਰੀ ਕਦੋਂ ਸੀ..ਉਹ ਤਾਂ ਸਗੋਂ ਇੱਕ ਸ਼ਖ਼ਸ, ਇੱਕ ਸ਼ਖ਼ਸੀਅਤ ਨਹੀਂ.. ਪੂਰੀ ਕਾਇਨਾਤ ਦਾ ਨਾਂ ਸੀ। ਸਦਾ ਤੋਂ ਮੁੰਕਮਲ, ਸਦਾ ਤੋਂ ਪੂਰੀ।

ਮੇਰੇ ਸਾਹਮਣੇ ਸਾਢੇ ਤਿੰਨ ਵਜੇ ਡਾਕਟਰ ਨੇ ਨਬਜ਼, ਦਿਲ ਦੀ ਧੜਕਣ, ਅੱਖਾਂ ਦੀਆਂ ਪੁਤਲੀਆਂ ਵੇਖ ਅੰਮ੍ਰਿਤਾ ਜੀ ਦੇ ਪੂਰੇ ਹੋਣ ਦੀ ਰਸਮੀ ਰਿਪੋਰਟ ਦਿੱਤੀ ਤੇ ਜਿਸਮ ਉੱਤੇ ਲੱਗੀਆਂ ਨਲਕੀਆਂ ਹਟਾ ਦਿੱਤੀਆਂ। ਚਾਦਰ ਨਾਲ ਉਨ੍ਹਾਂ ਦਾ ਮੂੰਹ ਕੱਜ ਦਿੱਤਾ।

ਉਸ ਵੇਲੇ ਇਮਰੋਜ਼ ਜੀ ਨੇ ਸਾਨੂੰ ਸਾਰਿਆਂ ਨੂੰ ਸੰਭਾਲਿਆ। ਉਹ ਚੇਤੰਨ ਤੌਰ 'ਤੇ ਬਹੁਤੇ ਸੰਭਲੇ ਹੋਏ ਅਤੇ ਸਹਿਜ ਸਨ। ਉਨ੍ਹਾਂ 'ਤੇ ਕੀ ਬੀਤ ਰਹੀ ਹੈ, ਕੋਈ ਨਹੀਂ ਜਾਣ ਪਾ ਰਿਹਾ ਸੀ।

ਅਸੀਂ 8-10 ਲੋਕ ਹੀ ਸਾਂ... ਪੌੜੀਆਂ ਤੋਂ ਹੇਠਾਂ ਉਤਾਰਨ ਵੇਲੇ ਤੱਕ ਅੰਮ੍ਰਿਤਾ ਜੀ ਦੀ ਅਰਥੀ ਨੂੰ ਮੋਢਾ ਦੇਣ ਲਈ ਇਮਰੋਜ਼, ਚਰਨਜੀਤ ਚੰਨ, ਅਲਕਾ ਦਾ ਭਰਾ ਅਤੇ ਮੈਂ ਸਾਂ। ਸਸਕਾਰ ਵੇਲੇ ਕੁਝ ਹੋਰ ਲੇਖਕ ਮਿੱਤਰ ਆ ਗਏ। ਛੋਟਾ ਜਿਹਾ ਸੋਗਮਈ ਇਕੱਠ ਸੀ। ਅੰਮ੍ਰਿਤਾ ਭੀੜ ਇਕੱਠੀ ਕਰਨ ਦੇ ਖ਼ਿਲਾਫ਼ ਸਨ।

ਇਹ ਵੀ ਪੜ੍ਹੋ:

ਪਰ ਹੌਲੀ-ਹੌਲੀ ਇਹ ਖ਼ਬਰ ਦਰਬਾਰੇ ਖ਼ਾਸ ਤੋਂ ਦਰਬਾਰੇ ਆਮ ਹੁੰਦੀ ਗਈ। ਆਖ਼ਿਰ ਉਹ ਕੋਈ ਨਿੱਕੀ-ਮੋਟੀ ਹਸਤੀ ਤਾਂ ਸੀ ਨਹੀਂ, ਸੋ ਦੂਰਦਰਸ਼ਨ, ਅਖਬਾਰਾਂ, ਸੋਸ਼ਲ ਮੀਡੀਆ ਰਾਹੀਂ ਉਸ ਦੇ ਚਾਹੁਣ ਨਾ ਚਾਹੁਣ ਵਾਲਿਆਂ ਤੀਕ ਇਹ ਦੁਖਦ ਸੂਚਨਾ ਪਹੁੰਚ ਗਈ।

Image copyright Amian Kuwar/bbc
ਫੋਟੋ ਕੈਪਸ਼ਨ ਨਵੀਆਂ ਸ਼ਾਇਰਾਵਾਂ ਖੁਸ਼ਵੀਰ ਢਿੱਲੋਂ, ਅਮਨ ਸੀ. ਸਿੰਘ, ਸ਼ੈਲੀ ਕੌਰ ਮੇਰੇ ਕਲਾਵੇ ਨੂੰ ਅੰਮ੍ਰਿਤਾ ਜੀ ਨੂੰ ਲਈ ਗਲਵਕੜੀ ਮੰਨਦੀਆਂ ਹਨ

ਉਨ੍ਹਾਂ ਵੇਲੇ ਵੀ ਤੇ ਹੁਣ ਵੀ ਜਦੋਂ ਕੋਈ ਉਨ੍ਹਾਂ ਨੂੰ ਚਾਹੁਣ ਵਾਲਾ ਮੈਨੂੰ ਮਿਲ ਕੇ ਅੰਮ੍ਰਿਤਾ ਜੀ ਦੀ ਝਲਕ ਲੈ ਲੈਂਦਾ ਹੈ ਤਾਂ ਇੱਕ ਬਉਰਾਣੀ ਖੁਸ਼ੀ ਹੁੰਦੀ ਹੈ। ਸ਼ਾਇਰ ਜਸਵੰਤ ਦੀਦ ਦੀ ਪਤਨੀ, ਨਵੀਆਂ ਸ਼ਾਇਰਾਵਾਂ ਖੁਸ਼ਵੀਰ ਢਿੱਲੋਂ, ਅਮਨ ਸੀ. ਸਿੰਘ, ਸ਼ੈਲੀ ਕੌਰ ਮੇਰੇ ਕਲਾਵੇ ਨੂੰ ਅੰਮ੍ਰਿਤਾ ਜੀ ਨੂੰ ਲਈ ਗਲਵਕੜੀ ਮੰਨਦੀਆਂ ਹਨ।

ਕਿੰਨੀਆਂ ਹੀ ਲੇਖਿਕਾਵਾਂ ਨਾਲ ਦੋਸਤੀ ਦਾ ਸਬੱਬ ਅੰਮ੍ਰਿਤਾ ਜੀ ਹਨ। ਗੁਜਰਾਤੀ ਲੇਖਿਕਾ ਪੰਨਾ ਤ੍ਰਿਵੇਦੀ, ਸਿੰਧੀ ਲੇਖਿਕਾ ਜਯਾ ਜਾਦਵਾਨੀ, ਪੱਤਰਕਾਰ ਨਿਰੂਪਮਾ ਆਦਿ। ਇੱਕ ਦਿਨ ਰੇਡੀਓ ਸਟੇਸ਼ਨ ਤੋਂ ਫੋਨ ਆਇਆ ਕਿ ਕੁਝ ਕਾਗ਼ਜ਼ਾਂ 'ਤੇ ਮੇਰੇ ਹਸਤਾਖ਼ਰ ਚਾਹੀਦੇ ਹਨ।

ਇੱਕ ਵਾਰ ਇੱਕ ਗੁਜਰਾਤੀ ਲੇਖਕ ਨੇ ਅੰਮ੍ਰਿਤਾ ਜੀ ਦੀ ਕਿਸੇ ਰਚਨਾ ਦੇ ਅਨੁਵਾਦ ਲਈ ਮੇਰੇ ਤੋਂ ਇਜਾਜ਼ਤ ਮੰਗੀ, ਮੈਂ ਦੋਹਾਂ ਨੂੰ ਉਨ੍ਹਾਂ ਦੇ ਪੋਤੇ ਅਮਨ ਕਵਾਤੜਾ ਦਾ ਫੋਨ ਨੰਬਰ ਲਿਖਾ ਦਿੱਤਾ ਪਰ ਇੱਕ ਅਜੀਬ ਜਿਹੀ ਖੁਸ਼ੀ ਹੋਈ ਕਿ ਵੇਖ ਅੰਮ੍ਰਿਤਾ ਲੋਕ ਮੈਨੂੰ ਤੇਰਾ ਵਾਰਿਸ ਸਮਝਦੇ ਹਨ।

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)