ਸਿਗਰਟ ਪੀਣ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਤਰੀਕੇ

ਸਿਗਰਟ. ਤੰਬਾਕੂ Image copyright Getty Images
ਫੋਟੋ ਕੈਪਸ਼ਨ ਸਰਕਾਰ ਦੇ ਨਵੇਂ ਆਦੇਸ਼ ਤੋਂ ਬਾਅਦ ਸਾਰੇ ਸਵਾਲ ਪੁੱਛ ਰਹੇ ਹਨ ਕਿ ਕੀ ਹੈਲਪਲਾਈਨ ਨੰਬਰ ਨਾਲ ਸਿਗਰਟ ਪੀਣ ਵਾਲੇ, ਸਿਗਰਟ ਪੀਣਾ ਛੱਡ ਦੇਣਗੇ?

ਸਰਕਾਰ ਦਾ ਕਹਿਣਾ ਹੈ ਕਿ ਭਾਰਤ 'ਚ ਹਰ ਸਾਲ 10 ਲੱਖ ਲੋਕ ਸਿਗਰਟ ਪੀਣ ਨਾਲ ਮਰਦੇ ਹਨ। ਗਲੋਬਲ ਐਡਲਟ ਟੋਬੈਕੇ ਸਰਵੇ (2016-17) ਮੁਤਾਬਕ ਭਾਰਤ ਵਿੱਚ ਸਿਗਰਟ ਪੀਣ ਵਾਲੇ ਲੋਕਾਂ ਦੀ ਗਿਣਤੀ 10 ਕਰੋੜ ਤੋਂ ਵੱਧ ਹੈ।

ਇਨ੍ਹਾਂ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਇੱਕ ਸਤੰਬਰ ਤੋਂ ਸਿਗਰਟ ਦੇ ਪੈਕਟ 'ਤੇ ਇੱਕ ਹੈਲਪਲਾਈਨ ਨੰਬਰ ਲਿਖਣ ਦਾ ਫ਼ੈਸਲਾ ਕੀਤਾ ਹੈ। ਇਹ ਨੰਬਰ ਹੈ-1800-11-2356.

ਭਾਰਤੀ ਸਿਹਤ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਕ ਸਿਗਰਟ ਦੇ ਪੈਕਟ 'ਤੇ ਲਿਖਿਆ ਹੋਵੇਗਾ, ਅੱਜ ਹੀ ਛੱਡੋ, ਕਾਲ ਕਰੋ 1800-11-2356.

ਨਵੇਂ ਪੈਕਟ 'ਤੇ ਚਿੱਤਰ ਅਤੇ ਚਿਤਾਵਨੀ ਦੋਵੇਂ ਹੀ ਬਦਲੀ ਹੋਵੇਗੀ। ਹੈਲਪਲਾਈਨ ਨੰਬਰ ਦੇ ਨਾਲ ਪੈਕਟ 'ਤੇ 'ਤੰਬਾਕੂ ਨਾਲ ਕੈਂਸਰ ਹੁੰਦਾ ਹੈ' ਜਾਂ ਫੇਰ 'ਤੰਬਾਕੂ ਨਾਲ ਦਰਦਨਾਕ ਮੌਤ ਹੁੰਦੀ ਹੈ' ਲਿਖਿਆ ਹੋਣਾ ਵੀ ਜਰੂਰੀ ਹੋਵੇਗੀ।

ਸਿਗਰਟ ਪੀਣ ਦੀ ਆਦਤ ਕਿਵੇਂ ਛੱਡੀਏ ?

ਸਰਕਾਰ ਦੇ ਨਵੇਂ ਆਦੇਸ਼ ਤੋਂ ਬਾਅਦ ਸਾਰੇ ਸਵਾਲ ਪੁੱਛ ਰਹੇ ਹਨ ਕਿ ਕੀ ਹੈਲਪਲਾਈਨ ਨੰਬਰ ਨਾਲ ਸਿਗਰਟ ਪੀਣ ਵਾਲੇ, ਸਿਗਰਟ ਪੀਣਾ ਛੱਡ ਦੇਣਗੇ?

ਇਹੀ ਜਾਣਨ ਲਈ ਅਸੀਂ ਵੀ ਰਾਸ਼ਟਰੀ ਤੰਬਾਕੂ ਮੁਕਤੀ ਸੇਵਾ ਕੇਂਦਰ 'ਤੇ ਫੋਨ ਕੀਤਾ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਸਰਕਾਰ ਦੀ ਕਹਿਣਾ ਹੈ ਕਿ ਭਾਰਤ 'ਚ ਹਰ ਸਾਲ 10 ਲੱਖ ਲੋਕ ਸਿਗਰਟ ਪੀਣ ਨਾਲ ਮਰਦੇ ਹਨ

ਵੈਸੇ ਤਾਂ ਇਹ ਸੇਵਾਂ ਕੇਂਦਰ 2016 ਤੋਂ ਦਿੱਲੀ ਵਿੱਚ ਚੱਲ ਰਿਹਾ ਹੈ। ਹੈਲਪਲਾਈਨ 'ਤੇ ਫੋਨ ਕਰਦਿਆਂ ਹੀ ਸਭ ਤੋਂ ਪਹਿਲਾਂ ਰਿਕਾਡਡ ਆਵਾਜ਼ ਆਉਂਦੀ ਹੈ-'ਅਸੀਂ ਤੁਹਾਡੇ ਤੰਬਾਕੂ ਛੱਡਣ ਦੇ ਫ਼ੈਸਲੇ ਦਾ ਸੁਆਗਤ ਕਰਦੇ ਹਾਂ, ਸਾਡੇ ਕਾਊਂਸਲਰ ਛੇਤੀ ਹੀ ਤੁਹਾਡੇ ਨਾਲ ਗੱਲ ਕਰਨਗੇ।'

ਕਈ ਵਾਰ ਕਾਊਂਸਲਰ ਮਸ਼ਰੂਫ਼ ਹੋਣ ਕਾਰਨ ਗੱਲ ਨਹੀਂ ਕਰਦੇ ਅਤੇ ਫੋਨ ਕੱਟ ਜਾਂਦਾ ਹੈ।

ਇਸ ਹੈਲਪਲਾਈਨ 'ਤੇ ਤਿੰਨ ਵਾਰ ਫੋਨ ਦੀਆਂ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ ਸਾਡਾ ਨੰਬਰ ਲੱਗਿਆ। ਫੋਨ 'ਤੇ ਇੱਕ ਔਰਤ ਦੀ ਆਵਾਜ਼ ਸੁਣ ਕੇ ਉਹ ਥੋੜਾ ਹੈਰਾਨ ਸੀ।

ਕਾਊਂਸਲਰ ਕੋਲੋਂ ਜਦੋਂ ਉਨ੍ਹਾਂ ਦੀ ਹੈਰਾਨੀ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਖ਼ੁਦ ਦੱਸਿਆ ਕਿ ਦੇਸ 'ਚ ਕੇਵਲ ਤਿੰਨ ਫੀਸਦ ਔਰਤਾਂ ਹੀ ਤੰਬਾਕੂ ਖਾਂਦੀਆਂ ਹਨ।

ਸਿਗਰਟ ਛੱਡਣ ਦੇ ਹੈਲਪਲਾਈਨ ਨੰਬਰ 'ਤੇ ਫੋਨ ਕਰਨ ਵਾਲੇ ਵਧੇਰੇ ਪੁਰਸ਼ ਹੁੰਦੇ ਹਨ। ਔਰਤ ਜੇਕਰ ਫੋਨ ਕਰਦੀ ਵੀ ਹੈ ਤਾਂ ਆਪਣੇ ਪਤੀ-ਭਰਾ ਜਾਂ ਕਿਸੇ ਦੂਜੇ ਰਿਸ਼ਤੇਦਾਰ ਲਈ ਕਰਦੀ ਹੈ।

ਇਹ ਵੀ ਪੜ੍ਹੋ:

ਫੇਰ ਸ਼ੁਰੂ ਹੋਇਆ ਗੱਲਬਾਤ ਦਾ ਸਿਲਸਿਲਾ

ਕਾਊਂਸਲਰ ਪਹਿਲਾਂ ਤੁਹਾਡੇ ਕੋਲੋਂ ਤੁਹਾਡੇ ਸਿਗਰਟ ਪੀਣ ਦਾ ਇਤਿਹਾਸ ਪੁੱਛਦੀ ਹੈ, ਜਿਵੇਂ ਕਦੋਂ ਤੋਂ ਪੀ ਰਹੇ ਹੋ? ਤੁਹਾਨੂੰ ਲਤ ਕਦੋਂ ਤੋਂ ਲੱਗੀ ਹੈ? ਇੱਕ ਦਿਨ ਵਿੱਚ ਕਿੰਨੀ ਪੀਂਦੇ ਹੋ? ਤੇ ਹੋਰ....

ਉਨ੍ਹਾਂ ਦੇ ਮੁਤਾਬਕ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਸ਼ਖ਼ਸ ਲਈ ਸਿਗਰਟ ਦੀ ਲਤ ਛੱਡਣਾ ਕਿੰਨਾ ਸੌਖਾ ਜਾਂ ਮੁਸ਼ਕਲ ਹੈ।

ਇੰਨਾ ਜਾਣ ਲੈਣ ਤੋਂ ਬਾਅਦ, ਕਾਊਂਸਲਰ ਸਿਗਰਟ ਪੀਣ ਵਾਲੇ ਕੋਲੋਂ ਹੀ ਪੁੱਛਦੀ ਹੈ-ਸਿਗਰਟ ਛੱਡਣ ਦੀ ਡੈਡਲਾਈਨ ਕੀ ਹੈ?

ਇਸ ਦਾ ਉਦੇਸ਼ ਇਹ ਹੈ ਕਿ ਪਤਾ ਲਗਾਇਆ ਜਾ ਸਕੇ-ਲਤ ਛੱਡਣ ਲਈ ਤੁਸੀਂ ਕਿੰਨੇ ਤਿਆਰ ਅਤੇ ਸੰਜੀਦਾ ਹੋ।

Image copyright ASIT KUMAR/AFP/Getty Images

ਫੇਰ ਸ਼ੁਰੂ ਹੁੰਦੀ ਹੈ ਕਲਾਸ-ਲਤ ਛੁਡਵਾਉਣ ਦੀ

  • ਪਹਿਲੀ ਸਲਾਹ, ਸਵੇਰੇ ਉਠਦਿਆਂ ਹੀ 2 ਗਲਾਸ ਗੁਣਗੁਣੇ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਓ। ਪਾਣੀ ਵਿੱਚ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ।
  • ਦੂਜੀ ਸਲਾਹ-ਸਿਗਰਟ ਪੀਣ ਦੀ ਜਦੋਂ ਵੀ ਮਨ ਕਰੇ, "ਖ਼ੁਦ ਨੂੰ ਸਮਝਾਉ ਕਿ ਮੈਨੂੰ ਸਿਗਰਟ ਪੀਣਾ ਛੱਡਣਾ ਹੈ।" ਸਿਗਰਟ ਛੱਡਣ ਲਈ ਇੱਛਾ ਸ਼ਕਤੀ ਸਭ ਤੋਂ ਵੱਧ ਜਰੂਰੀ ਹੈ।
  • ਤੀਜੀ ਸਲਾਹ-ਇੱਛਾ ਸ਼ਕਤੀ ਦੇ ਨਾਲ ਜਦੋਂ ਤੁਸੀਂ ਸਿਗਰਟ ਛੱਡਣ ਲਈ ਡੈਡਲਾਈਨ ਤੈਅ ਕਰ ਲਉ ਅਤੇ ਉਸ ਦੇ ਬਾਅਦ ਤੁਹਾਨੂੰ ਸਿਗਰਟ ਪੀਣ ਦੀ ਤਲਬ ਲੱਗੇ ਤਾਂ ਤੁਸੀਂ ਆਰਾਮ ਨਾਲ ਬੈਠੋ, ਲੰਬਾ ਸਾਹ ਲਓ ਅਤੇ ਪਾਣੀ ਪੀਓ। ਅਜਿਹਾ ਕਰਨ ਨਾਲ ਤੁਹਾਡਾ ਧਿਆਨ ਇਧਰ-ਉਧਰ ਲੱਗੇਗਾ।
  • ਚੌਥੀ ਸਲਾਹ-ਅਦਰਕ ਅਤੇ ਆਂਵਲਾ ਨੂੰ ਕੱਦੂਕਸ ਕਰਕੇ ਉਸ ਨੂੰ ਸੁਕਾ ਲਓ ਅਤੇ ਨਿੰਬੂ ਤੇ ਲੂਣ ਪਾ ਕੇ ਡਿੱਬੇ 'ਚ ਭਰ ਕੇ ਹਮੇਸ਼ਾ ਆਪਣੇ ਨਾਲ ਰੱਖੋ। ਜਦੋਂ ਵੀ ਸਿਗਰਟ ਪੀਣ ਦੀ ਤਲਬ ਲੱਗੇ, ਤੁਸੀਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸਦਾ ਸੇਵਨ ਕਰ ਸਕਦੇ ਹੋ। ਇਸ ਦੇ ਇਲਾਵਾ ਮੌਸਮੀ, ਸੰਤਰਾ ਅਤੇ ਅੰਗੂਰ ਵਰਗੇ ਫਲ ਤੇ ਉਨ੍ਹਾਂ ਦਾ ਰਸ ਪੀਣਾ ਸਿਗਰਟ ਦੀ ਤਲਬ ਮਿਟਾਉਣ 'ਚ ਮਦਦਗਾਰ ਹੁੰਦਾ ਹੈ।

ਹੈਲਪਲਾਈਨ ਨੰਬਰ 'ਤੇ ਇਹ ਸਲਾਹ ਦੇਣ ਤੋਂ ਬਾਅਦ ਕਾਊਂਸਲਰ ਤੁਹਾਨੂੰ ਹਫ਼ਤੇ ਦੇ ਅੰਦਰ ਫੌਲੋਅਪ ਕਾਲ ਵੀ ਕਰਦੀ ਹੈ।

Image copyright ASIT KUMAR/AFP/Getty Images
ਫੋਟੋ ਕੈਪਸ਼ਨ ਇਹ ਲੱਛਣ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਸ ਨੂੰ, ਕਿੰਨੀ ਸਿਗਰਟ ਪੀਣ ਦੀ ਆਦਤ ਹੈ ਅਤੇ ਕਦੋਂ ਤੋਂ ਹੈ।

ਫਿਲਹਾਲ ਇੱਕ ਦਿਨ ਵਿੱਚ ਇਸ ਹੈਲਪਲਾਈਨ ਨੰਬਰ 'ਤੇ 40-50 ਕਾਲ ਆਉਂਦੇ ਹਨ। ਕਾਊਂਸਲਰ ਮੁਤਾਬਕ ਜਿਸ ਦਿਨ ਅਖ਼ਬਾਰਾਂ ਵਿੱਚ ਇਸ਼ਤਿਹਾਰ ਛਪ ਜਾਂਦਾ ਹੈ ਇਸ ਦਿਨ ਕਾਲ ਦੀ ਗਿਣਤੀ ਵਧ ਜਾਂਦੀ ਹੈ।

ਇਹ ਹੈਲਪਲਾਈਨ ਸੈਂਟਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕੰਮ ਕਰਦੀ ਹੈ। ਇੱਥੇ ਫਿਲਹਾਲ 14 ਕਾਊਂਸਲਰ ਕੰਮ ਕਰਦੇ ਹਨ।

ਹੈਲਪਲਾਈਨ ਨੰਬਰ 'ਤੇ ਮਿਲਣ ਵਾਲੀ ਮਦਦ ਮੁਤਾਬਕ ਸਿਗਰਟ ਜਾਂ ਤੰਬਾਕੂ ਛੱਡਣ ਦੀ ਕੋਸ਼ਿਸ਼ ਦੇ ਸ਼ੁਰੂਆਤੀ ਦਿਨਾਂ ਵਿੱਚ ਸੁਭਾਅ 'ਚ ਚਿੜਚਿੜਾਪਨ, ਘਬਰਾਹਟ, ਤਲਬ ਵਰਗਾ ਅਹਿਸਾਸ ਹੁੰਦਾ ਹੈ।

ਇਹ ਲੱਛਣ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਸ ਨੂੰ, ਕਿੰਨੀ ਸਿਗਰਟ ਪੀਣ ਦੀ ਆਦਤ ਹੈ ਅਤੇ ਕਦੋਂ ਤੋਂ ਹੈ।

Image copyright Getty Images
ਫੋਟੋ ਕੈਪਸ਼ਨ ਆਸਟਰੇਲੀਆ 'ਚ ਸਰਕਾਰ ਨੇ 2006 ਵਿੱਚ ਸਿਗਰਟ ਦੇ ਪੈਕਟ 'ਤੇ ਇਸੇ ਤਰ੍ਹਾਂ ਹੈਲਪਲਾਈਨ ਨੰਬਰ ਲਿਖਣਾ ਸ਼ੁਰੂ ਕੀਤਾ ਸੀ

ਹੈਲਪਲਾਈਨ ਨੰਬਰ-ਕਿੰਨਾ ਲਾਹੇਵੰਦ?

ਮੈਕਸ ਇੰਸਚੀਟਿਊਟ ਆਫ ਕੈਂਸਰ ਦੇ ਚੇਅਰਮੈਨ ਡਾ. ਹਰਿਤ ਚਤੁਰਵੇਦੀ ਮੁਤਾਬਕ ਨਵੇਂ ਤਰੀਕੇ ਦੇ ਚਿੱਤਰ ਚਿਤਵਨੀ ਨਾਲ ਦੋ ਤਰੀਕਿਆਂ ਦੇ ਲਾਭ ਹੋਣਗੇ।

ਆਪਣੇ ਤਜਰਬੇ ਸਾਂਝੇ ਕਰਦਿਆਂ ਹੋਇਆ ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਮੈਂ ਅੱਜ ਤੱਕ ਕੋਈ ਅਜਿਹਾ ਇਨਸਾਨ ਨਹੀਂ ਦੇਖਿਆ ਜੋ ਤੰਬਾਕੂ ਦੀ ਲਤ ਛੱਡਣਾ ਨਹੀਂ ਚਾਹੁੰਦਾ। ਇਸ ਤਰੀਕੇ ਨਾਲ ਹੈਲਪਲਾਈਨ ਨੰਬਰ ਸਿਗਰਟ 'ਤੇ ਲਿਖੇ ਹੋਣ ਨਾਲ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਆਖ਼ਿਰ ਸਿਗਰਟ ਛੱਡਣ ਲਈ ਕਿੱਥੇ ਜਾਣਾ ਹੈ, ਕਿਸ ਨਾਲ ਗੱਲ ਕਰਨੀ ਹੈ। ਇਸ ਤੋਂ ਇਲਾਵਾ ਜੋ ਲੋਕ ਸਿਗਰਟ ਪੀਣਾ ਸ਼ੁਰੂ ਕਰ ਰਹੇ ਹਨ ਉਹ ਪਹਿਲਾਂ ਤੋਂ ਹੀ ਸਾਵਧਾਨ ਹੋ ਜਾਣਗੇ।"

ਡਾ. ਹਰਿਤ ਚਤੁਰਵੇਦੀ ਮੁਤਾਬਕ ਭਾਰਤ ਵਿੱਚ ਪਿਛਲੇ ਦਿਨਾਂ ਤੰਬਾਕੂ ਦੇ ਪੈਕਟ 'ਤੇ ਛਪੀ ਚਿਤਾਵਨੀ ਕਾਰਨ ਸਾਲ ਦਰ ਸਾਲ ਅਜਿਹੇ ਲੋਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।

ਆਸਟਰੇਲੀਆ 'ਚ ਸਰਕਾਰ ਨੇ 2006 ਵਿੱਚ ਸਿਗਰਟ ਦੇ ਪੈਕਟ 'ਤੇ ਇਸੇ ਤਰ੍ਹਾਂ ਹੈਲਪਲਾਈਨ ਨੰਬਰ ਲਿਖਣਾ ਸ਼ੁਰੂ ਕੀਤਾ ਸੀ। ਇਹ ਤਰੀਕਾ ਉੱਥੇ ਕਿੰਨਾ ਕਾਰਗਰ ਰਿਹਾ, ਇਸ 'ਤੇ 2009 ਵਿੱਚ ਰਿਪੋਰਟ ਸਾਹਮਣੇ ਆਈ।

ਇਸ ਰਿਪੋਰਟ ਮੁਤਾਬਕ ਪੈਕਟ 'ਤੇ ਹੈਲਪਲਾਈਨ ਨੰਬਰ ਛਪਣ ਤੋਂ ਬਾਅਦ ਹੈਲਪਲਾਈਨ ਨੰਬਰ 'ਤੇ ਫੋਨ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਜਿਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤਿ ਛੱਡਣ ਵਾਲਿਆਂ ਨੂੰ ਅਸਲ ਤਰੀਕਾ ਪਹਿਲਾਂ ਪਤਾ ਨਹੀਂ ਸੀ।

ਵਾਲੰਟਰੀ ਹੈਲਥ ਐਸੋਸੀਏਸ਼ਨ ਆਫ ਇੰਡੀਆ ਦੇ ਸੀਈਓ ਭਾਵਨਾ ਮੁਖੋਪਾਧਿਆਇ ਮੁਤਾਬਕ, "ਗਲੋਬਲ ਅਡਲਟ ਟੋਬੈਕੋ ਸਰਵੇ (2016-17) 'ਚ ਇਹ ਗੱਲ ਸਾਹਮਣੇ ਆਈ ਹੈ ਕਿ 62 ਫੀਸਦ ਸਿਗਰਟ ਪੀਣ ਵਾਲੇ, 54 ਫੀਸਦ ਬੀੜੀ ਪੀਣ ਵਾਲਿਆਂ ਨੇ ਚਿੱਤਰ ਚਿਤਾਵਨੀ ਦੇਖ ਕੇ ਤੰਬਾਕੂ ਛੱਡਣ ਦਾ ਨਿਸ਼ਚੈ ਕੀਤਾ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ।"

ਫੋਟੋ ਕੈਪਸ਼ਨ 6 ਮਹੀਨੇ ਤੱਕ ਜੇਕਰ ਕੋਈ ਨਾ ਪੀਵੇ ਤਾਂ ਦੁਬਾਰਾ ਸਿਗਰਟ ਪੀਣਾ ਸ਼ੁਰੂ ਕਰਨ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ

ਡਾ. ਹਰਿਤ ਚਤੁਰਵੇਦੀ ਮੁਤਾਬਕ, "ਇੱਕ ਮਹੀਨੇ ਤੱਕ ਕੋਈ ਸਿਗਰਟ ਨੂੰ ਹੱਥ ਨਹੀਂ ਲਾਉਂਦਾ ਤਾਂ ਇਸ ਨਾਲ ਵਾਪਸ ਸਿਗਰਟ 'ਤੇ ਜਾਣ ਦੀ ਸੰਭਾਵਨਾ ਘਟ ਜਾਂਦੀ ਹੈ। ਪਰ ਇਹ 6 ਮਹੀਨੇ ਤੱਕ ਜੇਕਰ ਕੋਈ ਨਾ ਪੀਵੇ ਤਾਂ ਦੁਬਾਰਾ ਸਿਗਰਟ ਪੀਣਾ ਸ਼ੁਰੂ ਕਰਨ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ।"

ਲੋਕਾਂ ਦੀ ਰਾਏ

ਬੀਬੀਸੀ ਨੇ ਵੀ ਕਈ ਲੋਕਾਂ ਨਾਲ ਇਸ ਸਰਕਾਰੀ ਆਦੇਸ਼ 'ਤੇ ਉਨ੍ਹਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ।

ਦਿੱਲੀ 'ਚ ਮਾਸਟਰਜ਼ ਦੀ ਪੜ੍ਹਾਈ ਕਰਨ ਵਾਲੀ ਸਦਫ ਖ਼ਾਨ ਮੁਤਾਬਕ, "ਸਿਗਰਟ ਦੇ ਪੈਕਟ 'ਤੇ ਤਾਂ ਅੱਜ ਵੀ ਵਾਰਨਿੰਗ ਲਿਖੀ ਹੁੰਦੀ ਹੈ ਪਰ ਪੀਣ ਵਾਲੇ ਤਾਂ ਅੱਜ ਵੀ ਪੀਂਦੇ ਹਨ। ਮੈਂ ਅੱਜ ਵੀ ਪੀਂਦੀ ਹਾਂ। ਹੈਲਪਲਾਈਨ ਨੰਬਰ ਪੈਕਟ 'ਤੇ ਛਾਪਣ ਨਾਲ ਕੋਈ ਫਰਕ ਨਹੀਂ ਪਵੇਗਾ।"

ਮੁੰਬਈ ਦੇ ਰਹਿਣ ਵਾਲੇ ਮਲਕੀਤ ਸਿੰਘ ਕਹਿੰਦੇ, "ਜਦੋਂ ਤੱਕ ਘਰ ਪਰਿਵਾਰ ਦਾ ਦਬਾਅ ਨਹੀਂ ਹੁੰਦਾ, ਜਾਂ ਬਿਮਾਰ ਨਹੀਂ ਪੈਂਦੇ ਉਦੋਂ ਤੱਕ ਕੋਈ ਸਿਗਰਟ ਪੀਣਾ ਨਹੀਂ ਛੱਡਦਾ। ਸਿਗਰਟ ਪੀਣਾ ਸ਼ੁਰੂ ਕਰਨ ਦਾ ਕੋਈ ਕਾਰਨ ਹੁੰਦਾ ਹੈ ਅਤੇ ਛੱਡਣ ਦੇ ਪਿੱਛੇ ਵੀ।"

ਇਹ ਵੀ ਪੜ੍ਹੋ:

ਅੰਕੜੇ ਕੀ ਕਹਿੰਦੇ ਹਨ?

ਗਲੋਬਲ ਅਡਲਟ ਟੋਬੈਕੋ ਸਰਵੇ ਰਿਪੋਰਟ ਮੁਤਾਬਕ ਦੇਸ ਵਿੱਚ 10.7 ਫੀਸਦ ਅਡਲਟ ਤੰਬਾਕੂ ਦਾ ਸੇਵਨ ਕਰਦੇ ਹਨ। ਦੇਸ ਵਿੱਚ 19 ਫੀਸਦ ਪੁਰਸ਼ ਅਤੇ 2 ਫੀਸਦ ਔਰਤਾਂ ਤੰਬਾਕੂ ਖਾਂਦੀਆਂ ਹਨ।

ਸਿਰਫ਼ ਸਿਗਰਟ ਪੀਣ ਦੀ ਗੱਲ ਕਰੀਏ ਤਾਂ 4 ਫੀਸਦ ਅਡਲਟ ਸਿਗਰਟ ਪੀਂਦੇ ਹਨ। ਸਿਗਰਟ ਪੀਣ ਵਾਲਿਆਂ ਵਿੱਚ 7.3 ਫੀਸਦ ਪੁਰਸ਼ ਅਤੇ 0.6 ਫੀਸਦ ਔਰਤਾਂ ਹਨ।

WHO ਦੀ ਰਿਪੋਰਟ ਮੁਤਾਬਕ ਭਾਰਤੀ ਔਰਤਾਂ 'ਚ ਸਿਗਰਟ ਤੋਂ ਵਧੇਰੇ ਬੀੜੀ ਪੀਣ ਦੀ ਆਦਤ ਹੈ। ਦੇਸ ਵਿੱਚ 1.2 ਫੀਸਦ ਔਰਤਾਂ ਬੀੜੀ ਪੀਂਦੀਆਂ ਹਨ।

Image copyright Getty Images
ਫੋਟੋ ਕੈਪਸ਼ਨ ਸਿਰਫ਼ ਸਿਗਰਟ ਪੀਣ ਦੀ ਗੱਲ ਕਰੀਏ ਤਾਂ 4 ਫੀਸਦ ਅਡਲਟ ਸਿਗਰਟ ਪੀਂਦੇ ਹਨ

ਭਾਰਤ ਵਿੱਚ ਸਿਗਰਟ ਨਾਲ ਜੁੜੇ ਕਾਨੂੰਨ

2014 ਵਿੱਚ ਭਾਰਤ ਵਿੱਚ ਕਾਨੂੰਨ ਬਣਿਆ, ਜਿਸ ਤੋਂ ਬਾਅਦ ਸਿਗਰਟ ਦੇ ਪੈਕਟ 'ਤੇ ਤਸਲੀਰ ਦੇ ਨਾਲ 'ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ' ਲਿਖਣਾ ਲਾਜ਼ਮੀ ਕੀਤਾ ਸੀ।

ਪਰ ਸਿਗਰਟ ਬਣਾਉਣ ਵਾਲੀਆਂ ਕੰਪਨੀਆਂ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ। 2016 ਵਿੱਚ ਸੁਪਰੀਮ ਕੋਰਟ ਨੇ ਸਰਕਾਰ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ।

ਭਾਰਤ ਵਿੱਚ ਤੰਬਾਕੂ ਨਾਲ ਜੁੜੇ ਉਤਪਾਦ ਦਾ ਇਸ਼ਤਿਹਾਰ 'ਤੇ ਪਾਬੰਦੀ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੰਬਾਕੂ ਨਹੀਂ ਵੇਚ ਸਕਦੇ। ਜਨਤਕ ਥਾਵਾਂ 'ਤੇ ਸਿਗਰਟ ਪੀਣ 'ਤੇ ਪਾਬੰਦੀ ਹੈ। ਅਜਿਹਾ ਕਰਨ 'ਤੇ ਜੁਰਮਾਨੇ ਦੀ ਵੀ ਤਜ਼ਵੀਜ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)