ਪੰਜਾਬ ਭਰ 'ਚ ਸਿੱਖ ਸੰਗਠਨਾਂ ਵੱਲੋਂ 'ਬਾਦਲ ਪਰਿਵਾਰ ਅਰਥੀ ਫੂਕ' ਮੁਜ਼ਾਹਰੇ

ਅੰਮ੍ਰਿਤਸਰ 'ਚ ਹਾਲ ਗੇਟ ਦੇ ਬਾਹਰ ਸ਼ੋਮਣੀ ਅਕਾਲੀ ਦਲ ਬਾਦਲ ਖ਼ਿਲਾਫ਼ ਆਪਣਾ ਵਿਰੋਧ ਜਤਾਉਂਦੇ ਪ੍ਰਦਰਸ਼ਨਕਾਰੀ Image copyright Ravinder singh robin/bbc
ਫੋਟੋ ਕੈਪਸ਼ਨ ਅੰਮ੍ਰਿਤਸਰ 'ਚ ਹਾਲ ਗੇਟ ਦੇ ਬਾਹਰ ਸ਼ੋਮਣੀ ਅਕਾਲੀ ਦਲ ਬਾਦਲ ਖ਼ਿਲਾਫ਼ ਆਪਣਾ ਵਿਰੋਧ ਜਤਾਉਂਦੇ ਪ੍ਰਦਰਸ਼ਨਕਾਰੀ

ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਹੁਣ ਅਕਾਲੀ ਲੀਡਰਸ਼ਿਪ ਤੇ ਬਾਦਲ ਪਰਿਵਾਰ ਖ਼ਿਲਾਫ਼ ਸੂਬੇ ਭਰ ਵਿਚ ਰੋਸ ਮੁਜ਼ਾਹਰੇ ਹੋ ਰਹੇ ਨੇ।

ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ ਮੁਤਾਬਕ ਸ਼ਹਿਰ ਦੇ ਹਾਲ ਗੇਟ ਦੇ ਬਾਹਰ ਮੁਜ਼ਾਹਰਾਕਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਪੁਤਲੇ ਅੱਗ ਦੇ ਹਵਾਲੇ ਕੀਤੇ।

ਪੰਜਾਬ ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਤੋਂ ਇਲਾਵਾ ਯੁਨਾਈਟਿਡ ਅਕਾਲੀ ਦਲ ਅਤੇ ਆਲ ਇੰਡੀਆ ਸਟੂਡੇਂਟ ਫੈਡਰੇਸ਼ਨ (ਗੋਪਾਲਾ) ਵਰਗੇ ਸੰਗਠਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਤਸਵੀਰਾਂ ਵਾਲੇ ਪਰਚਿਆਂ ਨੂੰ ਅੱਗ ਦੇ ਹਵਾਲੇ ਕੀਤਾ।

ਇਹ ਵੀ ਪੜ੍ਹੋ:

ਮੁਜ਼ਾਹਰਾਕਾਰੀਆਂ ਵੱਲੋਂ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀਆਂ ਦੀ ਮੰਗ ਕੀਤੀ ਗਈ, ਇਨ੍ਹਾਂ ਵਿੱਚ ਬਾਦਲਾਂ ਅਤੇ ਮਜੀਠੀਆ ਦਾ ਨਾਂ ਵੀ ਸ਼ਾਮਿਲ ਹੈ।

Image copyright Ravinder singh robin/bbc
ਫੋਟੋ ਕੈਪਸ਼ਨ ਹਾਲ ਗੇਟ, ਅੰਮ੍ਰਿਤਸਰ ਦੇ ਬਾਹਰ ਅਕਾਲੀ ਦਲ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਪ੍ਰਦਰਸ਼ਨਕਾਰੀ

ਮੁਜ਼ਾਹਰਾਕਾਰੀ ਪੰਜਾਬ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਸਨ।ਉਨ੍ਹਾਂ ਦਾ ਇਲਜ਼ਾਮ ਸੀ ਕਿ ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਹਨ।

ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਵਿਚ ਕੁਝ ਸਿੱਖ ਸੰਗਠਨ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਕਰ ਰਹੇ ਹਨ। ਸ਼ੁੱਕਰਵਾਰ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਅਕਾਲੀ ਦਲ ਬਾਦਲ ਦੇ ਵਿਰੋਧ 'ਚ ਡਟੀਆਂ ਰਹੀਆਂ।

Image copyright Gurpreet chawla/bbc
ਫੋਟੋ ਕੈਪਸ਼ਨ ਗੁਰਦਾਸਪੁਰ ਵਿੱਚ ਅਕਾਲੀ ਦਲ ਦਾ ਵਿਰੋਧ ਕਰਦੇ ਪ੍ਰਦਰਸ਼ਨਕਾਰੀ

ਇਸ ਦੌਰਾਨ ਅਕਾਲੀ ਦਲ ਅੰਮ੍ਰਿਤਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਦਲ ਖਾਲਸਾ, ਯੁਨਾਈਟਿਡ ਅਕਾਲੀ ਦਲ ਆਦਿ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਸੜ੍ਹਕਾਂ ਉੱਤੇ ਉਤਰ ਕੇ ਅਕਾਲੀ ਦਲ ਬਾਦਲ ਦਾ ਵਿਰੋਧ ਕੀਤਾ ਗਿਆ।

ਇਹ ਵੀ ਪੜ੍ਹੋ:

ਮੁਜ਼ਾਹਰਾਕਾਰੀਆਂ ਨੇ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਪੰਥ ਦੋਖੀ ਆਖਦੇ ਹੋਏ ਉਨ੍ਹਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਯੁਨਾਈਟਿਡ ਅਕਾਲੀ ਦਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਵਸਣ ਸਿੰਘ ਜ਼ਫਰਵਾਲ ਨੇ ਕਿਹਾ, ''ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤੋਂ ਸਾਫ਼ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਅਤੇ ਮੁੱਖ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ''

''ਜੋ ਲੋਕ ਗੁਰੂ ਦੀ ਬੇਅਦਬੀ ਦੇ ਮਾਮਲਿਆਂ 'ਚ ਦੋਸ਼ੀ ਸਨ ਉਨ੍ਹਾਂ ਦਾ ਸਾਥ ਦਿੱਤਾ ਹੈ, ਜਿਸ ਕਾਰਨ ਇਹ ਖ਼ੁਦ ਵੀ ਗੁਰੂ ਦੇ ਦੋਖੀ ਹਨ।''

Image copyright Gurpreet chawla/bbc
ਫੋਟੋ ਕੈਪਸ਼ਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਪੁਤਲਾ ਚੁੱਕੇ ਕੇ ਵਿਰੋਧ ਜਤਾਉਂਦੇ ਵੱਖ-ਵੱਖ ਜਥੇਬੰਦੀਆਂ ਦੇ ਲੋਕ

2015 ਵਿੱਚ ਕੋਟਕਪੂਰਾ ਦੇ ਬਰਗਾੜੀ ਪਿੰਡ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਦੀ ਜਾਂਚ ਇਸ ਕਮਿਸ਼ਨ ਨੇ ਕੀਤੀ।

ਇਹ ਕਮਿਸ਼ਨ ਸੂਬੇ ਵਿੱਚ ਪਿਛਲੇ ਸਾਲ ਆਈ ਕਾਂਗਰਸ ਸਰਕਾਰ ਵਲੋਂ ਅਪ੍ਰੈਲ 2017 ਵਿੱਚ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ:

ਇਸ ਦਾ ਕੰਮ ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲਿਆਂ ਦੀ ਤਫਤੀਸ਼ ਕਰਨਾ ਸੀ।

ਇਹ ਰਿਪੋਰਟ 27 ਅਗਸਤ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਹੈ। ਇਸ ਰਿਪੋਰਟ ਉੱਤੇ ਬਹਿਸ ਭਾਵੇਂ 28 ਅਗਸਤ ਨੂੰ ਰੱਖੀ ਗਈ ਹੈ ਪਰ ਸਿਆਸੀ ਉਬਾਲ ਪਹਿਲਾਂ ਹੀ ਚੜ੍ਹ ਗਿਆ ਸੀ।

ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)