ਤੇਜਿੰਦਰਪਾਲ ਏਸ਼ਿਆਈ ਖੇਡਾਂ 'ਚ ਨਹੀਂ ਖੇਡਣਾ ਚਾਹੁੰਦਾ ਸੀ

  • ਸੁਮਿਰਨਪ੍ਰੀਤ ਕੌਰ
  • ਬੀਬੀਸੀ ਪੱਤਰਕਾਰ
ਤਜਿੰਦਰਪਾਲ ਸਿੰਘ

ਤਸਵੀਰ ਸਰੋਤ, Getty Images

"ਤੁਸੀਂ ਜਿੰਨੀ ਸ਼ਿੱਦਤ ਨਾਲ ਮਿਹਨਤ ਕਰਦੇ ਹੋ, ਉਸ ਦੇ ਨਤੀਜੇ ਵੀ ਓਨੇ ਹੀ ਸ਼ਾਨਦਾਰ ਆਉਂਦੇ ਪਰ ਜੋ ਅਹਿਸਾਸ ਮੈਡਲ ਲੈਣ ਲੱਗਿਆ ਹੁੰਦਾ ਹੈ, ਉਹ ਦੁਨੀਆਂ ਤਾਂ ਸਭ ਤੋਂ ਵਧੀਆ ਅਹਿਸਾਸ ਹੁੰਦਾ ਤੇ ਇਸ ਤੋਂ ਵੱਧ ਕੇ ਕੋਈ ਹੋਰ ਖੁਸ਼ੀ ਨਹੀਂ ਹੋ ਸਕਦੀ।"

8ਵੀਆਂ ਏਸ਼ਿਆਈ ਖੇਡਾਂ ਵਿੱਚ ਗੋਲਾ ਸੁੱਟਣ (ਸ਼ਾਟ ਪੁੱਟ) ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਤੇਜਿੰਦਰਪਾਲ ਸਿੰਘ ਨੇ ਆਪਣੀ ਖੁਸ਼ੀ ਇਨ੍ਹਾਂ ਲਫ਼ਜ਼ਾਂ ਵਿੱਚ ਬਿਆਨ ਕੀਤੀ।

ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਮੈਡਲ ਹੈ ਅਤੇ ਜਦੋਂ ਦਾ ਮੈਂ ਕਾਮਨ ਵੈਲਥ ਗੇਮਜ਼ ਤੋਂ ਆਇਆ ਮੈਂ ਇਸੇ ਲਈ ਪ੍ਰੈਕਟਿਸ ਕਰ ਰਿਹਾ ਸੀ।

ਤਜਿੰਦਰ ਨੇ ਕਿਹਾ, "ਹਾਲਾਂਕਿ ਇਸ ਦੌਰਾਨ ਮੈਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਵੇਂ ਇੱਕ-ਦੋ ਵਾਰ ਸੱਟਾਂ ਲੱਗੀਆਂ ਤੇ ਘਰ 'ਚ ਮੇਰੇ ਪਿਤਾ ਵੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ਪਰ ਜਦੋਂ ਮੈਡਲ ਮਿਲਿਆ ਤਾਂ ਮੈਂ ਸਭ ਕੁਝ ਭੁੱਲ ਗਿਆ।"

ਇਹ ਵੀ ਪੜ੍ਹੋ:

ਉਹ ਦੱਸਦੇ ਹਨ ਕਿ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੇ ਪਿਤਾ ਜੀ ਨੂੰ ਕੈਂਸਰ ਹੈ ਅਤੇ ਜਦੋਂ ਉਹ ਕਾਮਨ ਵੈਲਥ ਖੇਡ ਕੇ ਆਏ ਤਾਂ ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਸੀ। ਜਿਸ ਕਾਰਨ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਏਸ਼ੀਅਨ ਗੇਮਜ਼ ਨਹੀਂ ਖੇਡਣਗੇ।

ਤਸਵੀਰ ਸਰੋਤ, jasbir shetra/bbc

ਤਸਵੀਰ ਕੈਪਸ਼ਨ,

ਕੈਂਸਰ ਨਾਲ ਪੀੜਤ ਹਨ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਹੀਰੋ

ਉਨ੍ਹਾਂ ਨੇ ਕਿਹਾ, "ਇਸ ਬਾਰੇ ਮੈਂ ਆਪਣੇ ਕੋਚ ਮਹਿੰਦਰ ਸਿੰਘ ਢਿੱਲੋਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਮੇਰਾ ਹੌਂਸਲਾ ਬੰਨ੍ਹਿਆ ਤੇ ਮੇਰੇ ਨਾਲ ਦਿੱਲੀ ਆ ਕੇ ਪ੍ਰੈਕਟਿਸ ਕਰਵਾਉਣ ਲੱਗੇ। ਮੇਰੇ ਪਰਿਵਾਰ ਨੇ ਵੀ ਮੈਨੂੰ ਆਪਣੀ ਤਿਆਰੀ ਕਰਨ ਲਈ ਕਿਹਾ ਅਤੇ ਅੱਜ ਰੱਬ ਦੀ ਮਿਹਰ ਨਾਲ ਰਿਕਾਰਡ ਵੀ ਬਣ ਗਿਆ, ਮੈਡਲ ਆ ਗਿਆ।"

ਉਨ੍ਹਾਂ ਮੁਤਾਬਕ, "ਮੇਰੇ ਘਰਵਾਲਿਆਂ ਨੇ ਮੇਰਾ ਪੂਰਾ ਸਾਥ ਦਿੱਤਾ ਹਰ ਚੀਜ਼ ਮੁਹੱਈਆ ਕਰਵਾਈ। ਮੇਰੇ ਕੋਚ, ਜੋ ਆਪਣਾ ਘਰ-ਬਾਰ ਛੱਡ ਕੇ ਪਿਛਲੇ ਚਾਰ ਸਾਲਾਂ ਤੋਂ ਮੇਰੇ ਨਾਲ ਲੱਗੇ ਹੋਏ ਹਨ, ਉਨ੍ਹਾਂ ਨੇ ਪੂਰਾ ਸਾਥ ਦਿੱਤਾ ਅਤੇ ਮੇਰੇ ਦੋਸਤਾਂ ਨੇ ਮੇਰੀ ਹਿੰਮਤ ਵਧਾਈ।"

ਤਜਿੰਦਰ ਦੱਸਦੇ ਹਿ ਕਿ ਇੱਕ ਆਦਮੀ ਇਕੱਲਾ ਕੁਝ ਨਹੀਂ ਕਰ ਸਕਦਾ, ਇੱਕ ਗਰੁੱਪ ਤੁਹਾਡੇ ਨਾਲ ਹੁੰਦਾ ਹੈ, ਜੋ ਤੁਹਾਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ।

ਤਸਵੀਰ ਸਰੋਤ, Getty Images

ਤਜਿੰਦਰਪਾਲ ਸਿੰਘ ਕਹਿੰਦੇ ਹਨ ਕਿ ਕਿਸੇ ਵੀ ਖੇਤਰ 'ਚ ਇਨਸਾਨ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਹੋਣਾ ਚਾਹੀਦਾ ਹੈ, ਕਈ ਵਾਰ ਇੱਦਾਂ ਹੁੰਦਾ ਹੈ ਕਿ ਬੰਦਾ ਸਰੀਰਕ ਪੱਖੋਂ ਤਾਂ ਮਜ਼ਬੂਤ ਹੁੰਦਾ ਹੈ ਪਰ ਮਾਨਸਿਕ ਤੌਰ 'ਤੇ ਕਮਜ਼ੋਰ ਹੁੰਦਾ ਹੈ ਅਤੇ ਇਸ ਤਰ੍ਹਾਂ ਨਤੀਜਾ 100 ਫੀਸਦੀ ਨਹੀਂ ਆਉਂਦਾ।

ਤਜਿੰਦਰਪਾਲ ਕਹਿੰਦੇ ਹਨ, "ਸੰਘਰਸ਼ ਤਾਂ ਹਰ ਥਾਂ 'ਤੇ ਕਰਨਾ ਪੈਂਦਾ ਹੈ। ਬੰਦੇ ਨੂੰ ਸਰੀਰ ਨਾਲੋਂ ਵੱਧ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

ਤਜਿੰਦਰ ਮੁਤਾਬਕ ਖੇਡਾਂ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ, ਖਿਡਾਰੀ ਕਈ ਮੈਡਲ ਲੈ ਕੇ ਆ ਰਹੇ ਹਨ। ਨਵੀਆਂ ਸਕੀਮਾਂ ਆ ਰਹੀਆਂ ਹਨ। ਖਿਡਾਰੀਆਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਹ ਕਹਿੰਦੇ ਹਨ, "ਖੇਡਾਂ 'ਚ ਭਾਰਤ ਵਿਕਾਸ ਕਰ ਰਿਹਾ ਹੈ ਅਤੇ ਆਉਣ ਵਾਲੇ ਪੰਜਾਂ ਸਾਲਾਂ 'ਚ ਇਹ ਬਹੁਤ ਵਧੀਆ ਪੱਧਰ 'ਤੇ ਪਹੁੰਚ ਜਾਵੇਗਾ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹਰਿਆਣਾ ਸਰਕਾਰ ਪੰਜਾਬ ਸਰਕਾਰ ਵੀ ਦੇਵੇ ਖਿਡਾਰੀਆਂ ਨੂੰ ਓਨੀ ਰਾਸ਼ੀ

ਤਜਿੰਦਰ ਦਾ ਕਹਿਣਾ ਹੈ ਕਿ ਪਿਛਲੇ ਤਿੰਨਾਂ ਸਾਲਾਂ ਤੋਂ ਏਸ਼ੀਆ 'ਚ ਉਹ ਪਹਿਲੀ ਰੈਂਕ 'ਤੇ ਕਾਬਿਜ਼ ਹਨ ਅਤੇ ਉਨ੍ਹਾਂ ਨੂੰ ਟੱਕਰ ਦੇਣ ਵਾਲੇ ਕਜ਼ਾਕਿਸਤਾਨ, ਈਰਾਨ, ਚੀਨ ਦੇ ਖਿਡਾਰੀ ਰਹੇ ਹਨ।

ਇਸ ਤੋਂ ਇਲਾਵਾ ਸਾਊਦੀ ਦੇ ਖਿਡਾਰੀ ਸੁਲਤਾਨ ਦਾ ਰਿਕਾਰਡ ਸੀ 25.7 ਜਿਸ ਨੂੰ ਤਜਿੰਦਰ ਨੇ 25.75 ਨਾਲ ਤੋੜਿਆ ਹੈ।

ਤਜਿੰਦਰ ਕਹਿੰਦੇ ਹਨ, "ਬੰਦੇ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਰੱਬ ਕੋਈ ਨਾਲ ਕੋਈ ਰਸਤਾ ਬਣਾ ਹੀ ਦਿੰਦਾ ਹੈ।"

ਤਜਿੰਦਰ ਦਾ ਅਗਲਾ ਟੀਚਾ ਹੈ ਅਗਲੇ ਸਾਲ ਏਸ਼ੀਅਨ ਚੈਂਪੀਅਨਸ਼ਿਪ, ਵਰਲਡ ਚੈਂਪੀਅਨਸ਼ਿਪ ਅਤੇ ਫੇਰ ਓਲੰਪਿਕ 'ਚ ਵੀ ਮੈਡਲ ਜਿੱਤਣ ਦਾ ਹੈ ਅਤੇ ਉਹ ਅਜੇ ਇਸ 'ਤੇ ਹੀ ਫੋਕਸ ਕਰ ਰਹੇ ਹਨ।

ਤਜਿੰਦਰ ਨੂੰ ਹਾਲੀਵੁੱਡ ਦੇਖਣਾ ਪਸੰਦ ਹੈ ਪਰ ਉਨ੍ਹਾਂ ਦਾ ਮਨਸਪੰਦ ਅਦਾਕਾਰ ਆਮਿਰ ਖ਼ਾਨ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)