ਬੇਅਦਬੀ ਦਾ ਮੁੱਦਾ - ਬਾਦਲਾਂ ਦੀ ਜ਼ਿੰਮੇਵਾਰੀ ਤੇ ਸੁਖਬੀਰ ਦੀ ਅਗਵਾਈ 'ਤੇ ਇਸ ਕਰਕੇ ਉੱਠੇ ਸਵਾਲ: ਨਜ਼ਰੀਆ
- ਜਗਤਾਰ ਸਿੰਘ
- ਸੀਨੀਅਰ ਪੱਤਰਕਾਰ, ਬੀਬੀਸੀ ਪੰਜਾਬੀ ਲਈ

ਤਸਵੀਰ ਸਰੋਤ, facebook/ Sukhbir badal
ਬੇਅਦਬੀ ਮਾਮਲੇ ਵਿੱਚ ਗੋਲੀਬਾਰੀ ਕੋਟਕਪੁਰਾ ਦੇ ਬਹਿਬਲ ਕਲਾਂ ਵਿੱਚ ਹੋਈ ਸੀ
ਅਕਾਲੀ ਦਲ ਵਿੱਚ ਪਹਿਲੀ ਵਾਰ ਸੁਖਬੀਰ ਬਾਦਲ ਦੀ ਅਗਵਾਈ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ।
ਪੰਜਾਬ ਵਿੱਚ ਅਚਾਨਕ ਅਜੀਬ ਘਟਨਾਕ੍ਰਮ ਵਾਪਰਨ ਲੱਗੇ ਹਨ। ਸੁਖਬੀਰ ਬਾਦਲ ਦੇ ਪਿਤਾ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਭਰੋਸੇਯੋਗਤਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ।
ਇਹ ਸਭ ਕੁਝ ਵਾਪਰਿਆ ਹੈ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ।
ਇਸ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ।
ਤਾਂ ਫ਼ਿਰ ਕਿਸ ਨੇ ਦਿੱਤੇ ਗੋਲੀ ਚਲਾਉਣ ਦੇ ਹੁਕਮ?
ਪ੍ਰਕਾਸ਼ ਸਿੰਘ ਬਾਦਲ ਨੇ ਆਖਿਰਕਾਰ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਗਏ ਸਨ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ।
ਇਹ ਵੀ ਪੜ੍ਹੋ:
ਤਾਜ਼ਾ ਘਟਨਾਕ੍ਰਮ ਉਦੋਂ ਹੋਰ ਭਖਿਆ ਜਦੋਂ ਰਿਪੋਰਟ ਵਿੱਚ ਉਸੇ ਵੇਲੇ ਦੀ ਬਾਦਲ ਸਰਕਾਰ ਵੱਲੋਂ ਇਸ ਮੁੱਦੇ ਬਾਰੇ ਕੀਤੀ ਸਿਆਸਤ ਦਾ ਖੁਲਾਸਾ ਹੋਇਆ।
ਪਰ ਆਖਿਰ ਗੋਲੀ ਚਲਾਉਣ ਦੇ ਹੁਕਮ ਕਿਸੇ ਨੇ ਤਾਂ ਦਿੱਤੇ ਹੀ ਹੋਣੇ।
ਇਹ ਗੋਲੀਬਾਰੀ ਕੋਟਕਪੂਰਾ ਦੇ ਬਹਿਬਲ ਕਲਾਂ ਵਿੱਚ ਹੋਈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਪ੍ਰਕਾਸ਼ ਸਿੰਘ ਬਾਦਲ ਇਸ ਤੋਂ ਅਣਜਾਣ ਨਹੀਂ ਬਣ ਸਕਦੇ ਕਿਉਂਕਿ ਉਹ ਉਸ ਵੇਲੇ ਸੂਬੇ ਦੇ ਮੁੱਖ ਮੰਤਰੀ ਸਨ ਅਤੇ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਸਨ।
ਉਨ੍ਹਾਂ ਵੱਲੋਂ ਇਸ ਸਭ ਤੋਂ ਇਨਕਾਰ ਕਰਨਾ ਅੱਧਾ ਸੱਚ ਹੈ ਪਰ ਉਨ੍ਹਾਂ ਨੇ ਇਸ ਮੁੱਦੇ ਬਾਰੇ ਪਹਿਲੀ ਵਾਰ ਚੁੱਪੀ ਤੋੜੀ ਹੈ।
ਡੇਰਾ ਸਿਰਸਾ, ਪੁਲਿਸ ਅਫ਼ਸਰਾਂ ਨਾਲ ਨੇੜਤਾ ਅਤੇ ਬਾਦਲਾਂ ਦੀ ਸਿਆਸਤ
ਜਿਨ੍ਹਾਂ ਲੋਕਾਂ ਨੂੰ ਬੇਅਦਬੀ ਦੀਆਂ ਮੁੱਖ ਘਟਨਾਵਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ। ਇਨ੍ਹਾਂ ਦੇ ਸਮਰਥਨ ਦੀ ਬਾਦਲਾਂ ਨੂੰ ਬਠਿੰਡਾ ਲੋਕ ਸਭਾ ਸੀਟ ਲਈ ਬੇਹੱਦ ਲੋੜ ਸੀ। ਇਸੇ ਸੀਟ ਤੋਂ ਹਰਸਿਮਰਤ ਕੌਰ ਬਾਦਲ ਦੋ ਵਾਰ ਚੋਣਾਂ ਜਿੱਤੇ ਹਨ।
ਤਸਵੀਰ ਸਰੋਤ, Getty Images
ਆਖ਼ਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਖੁੱਲ੍ਹੀ ਗੋਲੀਬਾਰੀ ਕਰਨ ਦਾ ਕੋਈ ਹੁਕਮ ਨਹੀਂ ਦਿੱਤਾ ਸੀ
ਹਾਲਾਂਕਿ ਕਾਂਗਰਸ ਦਾ ਨਾਂ ਵੀ ਸਭ ਤੋਂ ਦੁਖਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਨਾਲ ਜੋੜਿਆ ਜਾਂਦਾ ਹੈ, ਖ਼ਾਸਕਰ ਮਰਹੂਮ ਬੇਅੰਤ ਸਿੰਘ ਦੀ ਸਰਕਾਰ ਦਾ।
ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਉਹੀ ਕਾਂਗਰਸ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੌਰਾਨ 28 ਅਗਸਤ ਦੇ ਦਿਨ ਮਨੁੱਖੀ ਅਧਿਕਾਰਾਂ ਅਤੇ ਪੰਥਕ ਕਦਰਾਂ ਕੀਮਤਾਂ ਦੇ ਰੱਖਿਅਕ ਵਜੋਂ ਉਭਰਦੀ ਪ੍ਰਤੀਤ ਹੁੰਦੀ ਹੈ।
ਇਹ ਉਹ ਵੇਲਾ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਸਨ ਜਿਨ੍ਹਾਂ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਇਲਜ਼ਾਮ ਲੱਗੇ ਸਨ।
ਉਨ੍ਹਾਂ ਵਿੱਚੋਂ ਦੋ ਪੁਲਿਸ ਅਫ਼ਸਰ ਮੁਹੰਮਦ ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਨੂੰ ਬਾਦਲਾਂ ਵੱਲੋਂ ਹਮਾਇਤ ਹਾਸਿਲ ਸੀ।
ਇਜ਼ਹਾਰ ਆਲਮ ਦੀ ਪਤਨੀ ਨੂੰ ਚੋਣਾਂ ਵਿੱਚ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਜਦਕਿ ਸੁਮੇਧ ਸੈਣੀ ਨੂੰ ਸੂਬੇ ਦੇ ਪੁਲਿਸ ਮੁਖੀ ਵਜੋਂ ਡੀਜੀਪੀ ਦਾ ਅਹੁਦਾ ਸੌਂਪਿਆ ਗਿਆ ਸੀ।
2015 ਤੋਂ ਜੋ ਘਟਨਾਵਾਂ ਦਾ ਦੌਰ ਸ਼ੁਰੂ ਹੋਇਆ ਉਹ ਬਾਦਲਾਂ ਦੀ ਉਸੇ ਰਣਨੀਤੀ ਦਾ ਹਿੱਸਾ ਸੀ ਜਿਸ ਦੇ ਤਹਿਤ ਡੇਰਾ ਮੁਖੀ ਰਾਮ ਰਹੀਮ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਭਾਵੇਂ ਇਸ ਰਣਨੀਤੀ ਦੀ ਕੀਮਤ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਵੱਡੀਆਂ ਸੰਸਥਾਵਾਂ ਨੂੰ ਬਦਨਾਮੀ ਭੁਗਤ ਕੇ ਚੁਕਾਉਣੀ ਪਈ।
ਤਸਵੀਰ ਸਰੋਤ, Getty Images
ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਖਾਰਿਜ ਕਰ ਦਿੱਤਾ ਹੈ
ਸੁਖਬੀਰ ਦੀ ਰਣਨੀਤੀ ਪਈ ਪੁੱਠੀ
ਸੁਖਬੀਰ ਸਿੰਘ ਬਾਦਲ ਨੇ ਇਸ ਤਰਕ ਦੇ ਆਧਾਰ 'ਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਕਿ ਦੋ ਘੰਟਿਆਂ ਵਿੱਚ ਅਕਾਲੀ ਦਲ ਨੂੰ ਬੋਲਣ ਲਈ ਕੇਵਲ 14 ਮਿੰਟਾਂ ਦਾ ਸਮਾਂ ਦਿੱਤਾ ਗਿਆ।
ਹਾਲਾਂਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਦੁਹਰਾਇਆ ਕਿ ਸਮਾਂ ਸੀਮਾ ਕੋਈ ਮੁੱਦਾ ਨਹੀਂ ਹੈ ਇਸ ਨੂੰ ਵਧਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਪਰ ਸੁਖਬੀਰ ਬਾਦਲ ਦੀ ਇਹ ਰਣਨੀਤੀ ਉਨ੍ਹਾਂ 'ਤੇ ਹੀ ਪੁੱਠੀ ਪੈ ਗਈ। ਕਈ ਸੀਨੀਅਰ ਅਕਾਲੀ ਆਗੂਆਂ ਨੇ ਇਸ ਬਾਈਕਾਟ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਪਿੰਡ ਜਵਾਹਰ ਸਿੰਘ ਵਾਲਾ 'ਚ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗਾਇਬ ਹੋਇਆ ਸੀ। ਉਸੇ ਸਾਲ ਅਕਤੂਬਰ 'ਚ ਬਰਗਾੜੀ ਦੀਆਂ ਸੜਕਾਂ 'ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ ਸਨ।
ਤਸਵੀਰ ਸਰੋਤ, jasbir singh shetra
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਅਦ ਭਖੀ ਪੰਜਾਬ ਦੀ ਸਿਆਸਤ
ਉਸ ਵੇਲੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਘਟਨਾ ਖ਼ਿਲਾਫ਼ ਰੋਸ ਮੁਜ਼ਾਹਰੇ ਹੋਏ ਅਤੇ ਪਹਿਲਾ ਧਰਨਾ ਕੋਟਕਪੂਰਾ ਲੱਗਿਆ। ਮੁਜ਼ਾਹਰੇ ਦੇ ਦੂਜੇ ਦਿਨ ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਫਾਇਰਿੰਗ ਕੀਤੀ ਗਈ ਸੀ।
ਪ੍ਰਦਰਸ਼ਨਕਾਰੀ ਕੋਟਕਪੂਰਾ-ਬਠਿੰਡਾ ਰੋਡ 'ਤੇ ਬਰਗਾੜੀ ਨੇੜੇ ਪੈਂਦੇ ਬਹਿਬਲ ਕਲਾਂ ਪਿੰਡ ਆ ਗਏ। ਪੁਲਿਸ ਵੱਲੋਂ ਕੀਤੀ ਫਾਇਰਿੰਗ 'ਚ ਦੋ ਪ੍ਰਦਰਸ਼ਨਕਾਰੀਆਂ ਦੀ ਜਾਨ ਚਲੀ ਗਈ ਸੀ।
ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਜ਼ੋਰਾ ਸਿੰਘ ਕਮਿਸ਼ਨ ਅਤੇ ਕੈਪਟਨ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ, ਦੋਵਾਂ ਨੇ ਹੀ ਪੁਲਿਸ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦੱਸਿਆ ਹੈ। ਘਟਨਾ ਦੀ ਐਫਆਈਆਰ ਮੁਤਾਬਕ ਬਾਦਲ ਸਰਕਾਰ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਵਾਂ ਦੀ ਪਛਾਣ ਨਹੀਂ ਕਰ ਸਕੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ।
28 ਅਗਸਤ ਨੂੰ ਵਿਧਾਨ ਸਭਾ ਵਿੱਚ ਜੋ ਵੀ ਕੁਝ ਹੋਇਆ ਉਹ ਇੱਕ ਪੱਖੋਂ ਹੋਰ ਵੀ ਨਵਾਂ ਸੀ ਕਿਉਂਕਿ ਉਸ ਦਿਨ ਪੰਥਕ ਮੁੱਦੇ ਚੁੱਕਣ ਵਾਲੇ ਉਹੀ ਕਾਂਗਰਸੀ ਸਨ ਜੋ ਬੇਅੰਤ ਸਿੰਘ ਦੇ ਪ੍ਰਾਰਥਨਾ ਸਮਾਗਮ ਵਿੱਚ ਸ਼ਾਮਿਲ ਹੁੰਦੇ ਹਨ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ 1995 ਵਿੱਚ ਮਨੁੱਖੀ ਬੰਬ ਬਣ ਕੇ ਦਿਲਾਵਰ ਸਿੰਘ ਨੇ ਕਤਲ ਕਰ ਦਿੱਤਾ ਸੀ। ਬੇਅੰਤ ਸਿੰਘ ਉਨ੍ਹਾਂ ਪੁਲਿਸ ਅਫ਼ਸਰਾਂ ਦੀ ਹਮਾਇਤ ਕਰਦੇ ਸਨ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਿੱਚ ਸ਼ਾਮਿਲ ਸਨ।
ਉੱਥੇ ਹੀ ਉਸ ਵੇਲੇ ਇੱਕ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਹੋਇਆ ਸੀ। ਇਹ ਸਮਾਗਮ ਬੇਅੰਤ ਸਿੰਘ ਦੀ ਹੱਤਿਆ ਕਰਨ ਵਾਲੇ ਦਿਲਾਵਰ ਸਿੰਘ ਦੀ ਯਾਦ ਵਿੱਚ ਰੱਖਿਆ ਜਾਂਦਾ ਹੈ ਅਤੇ ਇਹ ਸਮਾਗਮ ਅਕਾਲੀ ਦਲ ਦੇ ਪ੍ਰਭਾਵ ਹੇਠ ਕੰਮ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾਂਦਾ ਹੈ।
ਤਸਵੀਰ ਸਰੋਤ, Getty Images
ਬਾਦਲ ਦੇ ਨਾਮ ਦਾ ਖੁਲਾਸਾ ਸੈਣੀ ਨੇ ਆਪਣੇ ਹਲਫ਼ਨਾਮੇ 'ਚ ਕੀਤਾ
ਸੈਣੀ, ਬਾਦਲ ਅਤੇ ਖ਼ੁਲਾਸਾ
ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਪ੍ਰਕਾਸ਼ ਸਿੰਘ ਬਾਦਲ 'ਤੇ ਉਂਗਲ ਚੁੱਕੀ ਹੈ। ਬਾਦਲ ਦਾ ਨਾਂ ਲੈਣ ਵਾਲਾ ਵਿਅਕਤੀ ਹੈ ਸੁਮੇਧ ਸੈਣੀ।
ਸੈਣੀ ਨੇ ਆਪਣੀ ਰਿਟਾਇਰਮੈਂਟ ਤੋਂ ਠੀਕ ਕੁਝ ਸਮਾਂ ਪਹਿਲਾਂ ਦਾਖ਼ਲ ਕਰਵਾਏ ਹਲਫ਼ਨਾਮੇ ਵਿੱਚ ਖੁਲਾਸਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੁਰਾ ਦੀ ਗੋਲੀਬਾਰੀ ਤੋਂ ਪਹਿਲਾਂ ਤੜਕੇ 2 ਵਜੇ ਉਸ ਨੂੰ ਫੋਨ ਕੀਤਾ ਸੀ ਪਰ ਬਾਦਲ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ।
ਸੈਣੀ ਦੇ ਖੁਲਾਸੇ ਕਾਰਨ ਹੀ ਬਾਦਲ ਨੂੰ ਇਸ ਬਾਰੇ ਆਪਣੀ ਸਫ਼ਾਈ ਦੇਣ ਲਈ ਮਜਬੂਰ ਹੋ ਕੇ ਸਾਹਮਣੇ ਆਉਣਾ ਪਿਆ।
ਹੁਣ, ਇਹੀ ਅਕਾਲੀ ਦਲ ਆਪਣੇ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਪੂਰੇ ਪੰਜਾਬ ਵਿੱਚ ਲੋਕ ਬਾਦਲਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਸੁਖਬੀਰ ਦੀ ਲੀਡਰਸ਼ਿਪ 'ਤੇ ਖੜ੍ਹੇ ਹੁੰਦੇ ਸਵਾਲ
ਹਾਲ ਹੀ ਵਿੱਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਕਈ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਤੇ ਵੀ ਸਵਾਲ ਖੜੇ ਕੀਤੇ ਹਨ।
ਜਿੱਥੇ ਸਾਬਕਾ ਮੰਤਰੀ ਤੋਤਾ ਸਿੰਘ ਨੇ ਅਸੈਂਬਲੀ 'ਚ ਬਾਈਕਾਟ ਕਰਨ 'ਤੇ ਸਵਾਲ ਚੁੱਕਿਆ ਉੱਥੇ ਹੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਕਦਮ ਹੋਰ ਅੱਗੇ ਪੁੱਟਿਆ।
ਤਸਵੀਰ ਸਰੋਤ, Sukhcharan Preet/bbc
ਪੂਰੇ ਪੰਜਾਬ ਵਿੱਚ ਲੋਕ ਬਾਦਲਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਇਹ ਪਤਾ ਵੀ ਲੱਗਿਆ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕਿਹਾ ਕਿ ਸੁਖਬੀਰ ਬਾਦਲ ਜਾਂ ਤਾਂ ਐਸਜੀਪੀਸੀ ਦੇ ਮਾਮਲਿਆਂ (ਕਲਰਕ ਤੋਂ ਲੈ ਕੇ ਸਕੱਤਰ ਤੱਕ ਦੇ ਤਬਾਦਲੇ) ਅਤੇ ਜਾਂ ਆਪਣੇ ਵਪਾਰ 'ਚ ਮਸਰੂਫ ਰਹਿ ਰਹੇ ਹਨ। ਇਸ ਦੌਰਾਨ ਉਹ ਪਾਰਟੀ ਮਾਮਲਿਆਂ ਵਿੱਚ ਬਹੁਤ ਘੱਟ ਸਮਾਂ ਦੇ ਰਹੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਕਿਸੇ ਫ਼ੈਸਲੇ 'ਤੇ ਸਵਾਲ ਪੁੱਛਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ। ਇਹ ਤਾਂ ਅਜੇ ਸ਼ੁਰੂਆਤ ਹੈ।
ਪੰਜਾਬ ਵਿੱਚ ਇਸ ਵੇਲੇ ਰਾਜਨੀਤਿਕ ਮੰਥਨ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇਹ ਮੰਥਨ ਅਕਾਲੀ ਦਲ ਵਿੱਚ ਹੋ ਵੀ ਰਿਹਾ ਹੈ।
ਲੋਕਾਂ ਦੇ ਮੁੱਦੇ ਹੋਏ ਅੱਖੋਂ ਪਰੋਖੇ
ਅਚਾਨਕ, ਬਾਕੀ ਮੁੱਦਿਆਂ ਨੂੰ ਸਿਆਸੀ ਵਿਚਾਰ ਚਰਚਾ 'ਚੋਂ ਬਾਹਰ ਧੱਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਕਰਜ਼ੇ ਨਾਲ ਦੱਬੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਕੋਈ ਗੱਲ ਨਹੀਂ ਕਰ ਰਿਹਾ। ਕੋਈ ਵੀ ਨਸ਼ੇ ਦੇ ਖ਼ਤਰੇ ਦੀ ਗੱਲ ਨਹੀਂ ਕਰ ਰਿਹਾ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਕੋਈ ਕੰਮ ਨਹੀਂ ਕਰ ਰਹੀ ਅਤੇ ਜ਼ਮੀਨੀ ਪੱਧਰ 'ਤੇ ਸਿਸਟਮ ਤਬਾਹ ਹੋ ਗਿਆ ਹੈ।
ਹਾਲਾਂਕਿ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਕਾਂਗਰਸ ਲਈ ਵਧੀਆ ਹੈ ਪਰ ਇਸ ਦੇ ਦੂਰਅੰਦੇਸ਼ੀ ਨਤੀਜੇ ਸਾਹਮਣੇ ਆਉਣਗੇ।
ਅਜਿਹੇ ਹਾਲਾਤ 1978 ਦੇ ਹਾਲਾਤ ਵਰਗੇ ਜਾਪ ਰਹੇ ਹਨ ਜਦੋਂ ਅਜਿਹੀਆਂ ਤਾਕਤਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਨਾ ਕੇਵਲ ਪੰਜਾਬ ਦੀ ਸਿਆਸਤ ਬਲਕਿ ਪੂਰੇ ਭਾਰਤ ਦੀ ਸਿਆਸਤ ਨੂੰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਚਿੰਤਾ ਦਾ ਵਿਸ਼ਾ ਹੈ।