ਥੇਹ ਦਾ ਇਤਿਹਾਸ ਲੱਭਣ ਲਈ 574 ਘਰਾਂ 'ਤੇ ਚੱਲਿਆ ਬੁਲਡੋਜ਼ਰ
- ਪ੍ਰਭੂ ਦਿਆਲ
- ਸਿਰਸਾ ਤੋਂ ਬੀਬੀਸੀ ਪੰਜਾਬੀ ਲਈ

ਤਸਵੀਰ ਸਰੋਤ, Prabhu dyal/bbc
ਪੁਰਾਤੱਤਵ ਵਿਭਾਗ ਵੱਲੋਂ ਸਿਰਸਾ ਦੇ ਇਸ ਥੇਹ ਦਾ ਖਜ਼ਾਨਾ ਲੱਭਣ ਦੀਆਂ ਕੋਸ਼ਿਸ਼ਾਂ
ਹਰਿਆਣਾ ਦਾ ਪੁਰਾਤੱਤਵ ਵਿਭਾਗ ਸਿਰਸਾ ਦੇ ਥੇਹ ਬਾਰੇ ਜਾਣਕਾਰੀ ਹਾਸਿਲ ਕਰੇਗਾ ਅਤੇ ਇਸ 'ਚ ਦੱਬੇ ਰਹੱਸ ਨੂੰ ਬੇਪਰਦ ਕਰੇਗਾ। ਇਸ ਮਕਸਦ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ 574 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ। ਇਹ ਪਰਿਵਾਰ ਲਗਭਗ ਸੱਤ ਦਹਾਕਿਆਂ ਤੋਂ ਥੇਹ 'ਤੇ ਵਸੇ ਹੋਏ ਸਨ।
ਇਸ ਤੋਂ ਇਲਾਵਾ ਕਰੀਬ 2500 ਹੋਰ ਪਰਿਵਾਰਾਂ ਉੱਤੇ ਘਰ ਖਾਲੀ ਕਰਨ ਦੀ ਤਲਵਾਰ ਲਟਕ ਰਹੀ ਹੈ। ਪੁਰਾਤੱਤਵ ਵਿਭਾਗ ਵੱਲੋਂ ਇਨ੍ਹਾਂ ਘਰਾਂ ਦਾ ਸਰਵੇਖਣ ਕਰਵਾਇਆ ਜਾ ਰਿਹਾ ਹੈ।ਇਨ੍ਹਾਂ ਪਰਿਵਾਰਾਂ ਦੇ ਲੋਕ ਮਜ਼ਦੂਰੀ ਤੋਂ ਇਲਾਵਾ ਰੇਹੜੀਆਂ ਆਦਿ ਲਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਸਨ।
ਇਹ ਵੀ ਪੜ੍ਹੋ:
ਥੇਹ ਇੱਕ ਅਜਿਹੀ ਟਿੱਬਾ-ਨੁੰਮਾ ਥਾਂ ਹੁੰਦੀ ਹੈ, ਜੋ ਕਿਸੇ ਪੁਰਾਣੀ ਇਤਿਹਾਸਕ ਘਟਨਾ, ਸਮਾਜ ਜਾਂ ਸੱਭਿਅਤਾ ਦੀ ਰਹਿੰਦ-ਖੂੰਹਦ ਨੂੰ ਆਪਣੇ ਅੰਦਰ ਸਮੋਈ ਰੱਖਦੀ ਹੈ। ਅਜਿਹੀਆਂ ਥਾਵਾਂ ਪੁਰਾਤੱਤਵ ਵਿਭਾਗ ਤੇ ਪੁਰਾਤਨ ਕਾਲ ਦੀਆਂ ਪੈਂੜਾ ਲੱਭਣ ਵਿਚ ਰੁਚੀ ਰੱਖਣ ਵਾਲਿਆਂ ਦੀ ਖਿੱਚ ਦੇ ਕੇਂਦਰ ਹੁੰਦੀਆਂ ਹਨ। ਇਨ੍ਹਾਂ ਥਾਵਾਂ ਨੂੰ ਪੁੱਟ ਕੇ ਅਤੀਤ ਦੇ ਨਿਸ਼ਾਨ ਲੱਭੇ ਜਾਂਦੇ ਹਨ।
ਥੇਹ 'ਤੇ ਵਸਿਆ ਸਿਰਸਾ
ਸਿਰਸਾ ਦੇ ਥੇਹ ਨੂੰ ਕੁਝ ਲੋਕ ਹਿੰਦੂ ਮਿਥਿਹਾਸਕ ਘਟਨਾ ਮਹਾਂਭਾਰਤ ਕਾਲ ਨਾਲ ਜੋੜਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਂਭਾਰਤ ਕਾਲ ਦੌਰਾਨ ਦੋ ਪਾਂਡਵ ਰਾਜਕੁਮਾਰਾਂ ਨਕੁਲ ਅਤੇ ਸਹਿਦੇਵ ਨੇ ਇਸ ਖ਼ੇਤਰ 'ਚ ਬਨਵਾਸ ਕੱਟਿਆ ਸੀ।
ਤਸਵੀਰ ਸਰੋਤ, Prabhu dyal/bbc
ਥੇਹ ਅਤੇ ਸਰਸਵਤੀ ਦੇ ਖ਼ੇਤਰ ਦੇ ਆਲੇ ਦੁਆਲਿਓਂ ਲੀਲਾਧਰ ਦੁਖੀ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਪੁਰਾਣੀਆਂ ਵਸਤਾਂ
ਇਤਿਹਾਸ ਦੇ ਜਾਣਕਾਰ ਕਾਮਰੇਡ ਸਵਰਨ ਸਿੰਘ ਵਿਰਕ ਨੇ ਦੱਸਿਆ, ''1837 ਤੋਂ ਥੇਹ ਸਿਰਸਾ ਸ਼ਹਿਰ ਦੇ ਲੋਕ ਵਸੇ ਹੋਏ ਸਨ। ਉਨ੍ਹਾਂ ਮੁਤਾਬਕ ਸਿਰਸਾ ਜ਼ਿਲ੍ਹੇ ਦਾ ਘੇਰਾ ਕਦੇ ਅਬੋਹਰ, ਫਾਜ਼ਿਲਕਾ ਅਤੇ ਮਲੋਟ ਸ਼ਹਿਰ ਤੱਕ ਫ਼ੈਲਿਆ ਹੋਇਆ ਸੀ।
''1885 ਤੱਕ ਤਾਂ ਸਿਰਸਾ ਜ਼ਿਲ੍ਹਾ ਰਿਹਾ ਪਰ ਬਾਅਦ ਵਿੱਚ ਅੰਗਰੇਜ਼ ਹਕੂਮਤ ਨੇ ਇਸ ਸ਼ਹਿਰ ਦਾ ਜ਼ਿਲ੍ਹਾ ਸਟੇਟਸ ਖ਼ਤਮ ਕਰ ਦਿੱਤਾ ਸੀ। ਇਸ ਮਗਰੋਂ ਇੱਕ ਸਤੰਬਰ 1975 ਨੂੰ ਸਿਰਸਾ ਮੁੜ ਤੋਂ ਜ਼ਿਲ੍ਹਾ ਬਣਾਇਆ ਗਿਆ।''
ਕਾਮਰੇਡ ਸਵਰਨ ਸਿੰਘ ਅੱਗੇ ਦੱਸਦੇ ਹਨ, ''ਲੀਲਾਧਰ ਦੁਖੀ ਵੱਲੋਂ ਸਿਰਸਾ ਦੇ ਥੇਹ ਅਤੇ ਇਸ ਦੇ ਨੇੜਿਓਂ ਲੰਘਦੀ ਸਰਸਵਤੀ (ਹੁਣ ਘੱਗਰ ਨਦੀ) ਦੇ ਆਲੇ-ਦੁਆਲਿਓਂ ਕਈ ਅਹਿਮ ਚੀਜ਼ਾਂ ਇਕੱਠੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਹੁਣ ਸਿਰਸਾ ਦੇ ਬਾਲ ਭਵਨ ਦੀ ਇਮਾਰਤ ਦੀ ਦੂਜੀ ਮੰਜ਼ਿਲ 'ਚ ਬਣੇ ਲੀਲਾਧਰ ਦੁਖੀ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਇਹ ਚੀਜ਼ਾਂ ਕਿਸ ਕਾਲ ਦੀਆਂ ਹਨ, ਇਸ ਦੀ ਜਾਣਕਾਰੀ ਹਾਲੇ ਤੱਕ ਨਹੀਂ ਹੈ।''
ਸਿਰਸਾ ਦਾ ਇਹ ਥੇਹ ਕਰੀਬ 88 ਕਿੱਲਿਆਂ ਵਿੱਚ ਫੈਲਿਆ ਹੋਇਆ ਹੈ। ਇਸ ਥਾਂ 'ਤੇ ਰਹਿੰਦੇ ਲੋਕਾਂ ਤੋਂ ਘਰ ਖਾਲੀ ਕਰਵਾ ਲਏ ਗਏ ਹਨ ਅਤੇ ਇਹ ਘਰ ਹੁਣ ਮਲਬੇ ਵਿੱਚ ਬਦਲ ਚੁੱਕੇ ਹਨ।
ਤਸਵੀਰ ਸਰੋਤ, Prabhu dyal/bbc
ਥੇਹ ਵਿੱਚ ਲੋਕਾਂ ਦੇ ਘਰ ਟੁੱਟ ਚੁੱਕੇ ਹਨ, ਪਰ ਦਰਗਾਹ ਮੌਜੂਦ ਹੈ
ਇਸ ਥਾਂ 'ਤੇ ਜੇ ਹੁਣ ਕੁਝ ਬਚਿਆ ਹੈ ਤਾਂ ਉਹ ਇੱਕ ਦਰਗਾਹ, ਇੱਕ ਗੁਰਦੁਆਰੇ ਦੀ ਖਾਲੀ ਇਮਾਰਤ, ਜਿਸ ਵਿੱਚ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਅਤੇ ਕੁਝ ਛੋਟੇ-ਛੋਟੇ ਮੰਦਿਰ।
ਇਸ ਤੋਂ ਇਲਾਵਾ ਇੱਥੇ ਹੁਣ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਪੱਕੀਆਂ ਸੜਕਾਂ, ਬਿਜਲੀ ਦੇ ਖੰਭੇ, ਦੋ ਤਿੰਨ ਥਾਂਵਾਂ 'ਤੇ ਲੱਗੇ ਟਰਾਂਸਫਾਰਮਰ ਅਤੇ ਕੁਝ ਖੰਭਿਆਂ ਨਾਲ ਤਾਰਾਂ ਲਮਕਦੀਆਂ ਹਨ ।
ਪ੍ਰਸ਼ਾਸਨ ਵੱਲੋਂ ਢਕਿਆ ਜਾ ਰਿਹਾ ਹੈ ਥੇਹ
ਪੁਰਾਤੱਤਵ ਵਿਭਾਗ ਵੱਲੋਂ ਇਸ ਥਾਂ ਨੂੰ ਹੁਣ ਜਾਲ਼ੀ ਨਾਲ ਢਕਿਆ ਜਾ ਰਿਹਾ ਹੈ। ਕੰਧ ਬਣਾਉਣ ਦਾ ਕੰਮ ਕਰ ਰਹੇ ਮਿਸਤਰੀ ਨੇ ਦੱਸਿਆ ਕਿ ਉਹ ਇੱਕ ਠੇਕੇਦਾਰ ਦੇ ਅਧੀਨ ਕੰਮ ਕਰ ਰਿਹਾ ਹੈ, ਜਿਸ ਦੇ ਨਾਂ ਦਾ ਉਸ ਨੂੰ ਪਤਾ ਨਹੀਂ ਹੈ ਤੇ ਉੱਤੋਂ ਹੁਕਮ ਹਨ ਕਿ ਇਸ ਖ਼ੇਤਰ ਨੂੰ ਕਵਰ ਕਰਨਾ ਹੈ।
ਤਸਵੀਰ ਸਰੋਤ, Prabhu dyal/bbc
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਪੱਕੀਆਂ ਸੜਕਾਂ, ਬਿਜਲੀ ਦੇ ਖੰਬੇ ਆਦਿ
ਮਿਸਤਰੀ ਮੁਤਾਬਕ ਇੱਕ-ਦੋ ਦਿਨਾਂ ਵਿੱਚ ਕੰਮ ਮੁਕੰਮਲ ਹੋ ਜਾਵੇਗਾ ਅਤੇ ਇਸ ਦਾ ਇੱਕ ਗੇਟ ਰੱਖਿਆ ਜਾਵੇਗਾ, ਜਿਸ ਰਾਹੀਂ ਅਧਿਕਾਰੀ ਹੀ ਆ ਸਕਣਗੇ।
ਮਿਸਤਰੀ ਨੂੰ ਪੁੱਛਣ 'ਤੇ ਕਿ ਪੁਰਾਤੱਤਵ ਵਿਭਾਗ ਨੂੰ ਇਸ ਥੇਹ 'ਚੋਂ ਕੀ ਮਿਲਦਾ ਹੈ? ਉਸ ਨੇ ਕਿਹਾ, ''ਇਹ ਤਾਂ ਥੇਹ ਦੀ ਖੁਦਾਈ ਕੀਤੇ ਜਾਣ ਮਗਰੋਂ ਇਤਿਹਾਸਕਾਰ ਅਤੇ ਪੁਰਾਤੱਤਵ ਵਿਭਾਗ ਦੇ ਮਾਹਿਰ ਹੀ ਦੱਸ ਸਕਣਗੇ।''
ਇਹ ਵੀ ਪੜ੍ਹੋ:
ਥੇਹ ਤੋਂ ਉਜਾੜੇ ਗਏ ਲੋਕਾਂ ਨੂੰ ਹਾਊਸਿੰਗ ਬੋਰਡ ਕਾਲੋਨੀ ਦੇ 648 ਫਲੈਟਾਂ ਵਿੱਚ ਆਰਜ਼ੀ ਤੌਰ 'ਤੇ ਵਸਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜ਼ੀ ਤੌਰ 'ਤੇ ਵਸਾਏ ਗਏ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਦੇਣ ਦਾ ਵਾਅਵਾ ਕੀਤਾ ਗਿਆ ਹੈ।
ਸਹੂਲਤਾਂ ਤੋਂ ਵਾਂਝੇ ਥੇਹ ਦੇ ਬਾਸ਼ਿੰਦੇ
ਅਸਲੀਅਤ ਤਾਂ ਇਹ ਹੈ ਕਿ ਇਨ੍ਹਾਂ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਅਤੇ ਸਿਹਤ ਸੁਵਿਧਾਵਾਂ ਤੱਕ ਮੁਹੱਈਆ ਨਹੀਂ ਹਨ।
ਸਕੂਲ ਨੇੜੇ ਨਾ ਹੋਣ ਕਾਰਨ ਕਈ ਬੱਚਿਆਂ ਦੀ ਪੜ੍ਹਾਈ ਵਿਚਾਲੇ ਹੀ ਰਹਿ ਗਈ, ਖ਼ਾਸ ਤੌਰ 'ਤੇ ਕੁੜੀਆਂ ਨੂੰ ਪੜ੍ਹਾਈ ਤੋਂ ਹੀ ਹਟਵਾ ਲਿਆ ਗਿਆ ਹੈ।
ਥੇਹ ਤੋਂ ਉੱਜੜ ਕੇ ਫਲੈਟ 'ਚ ਰਹਿ ਰਹੀ ਵਿਧਵਾ ਸ਼ੀਲੋ ਦੇਵੀ ਨੇ ਦੱਸਿਆ, ''ਪਿਛਲੇ 25-30 ਸਾਲਾਂ ਤੋਂ ਥੇਹ 'ਤੇ ਆਪਣਾ ਪਲਾਟ ਲੈ ਕੇ ਰਹਿ ਰਹੇ ਸੀ। ਮੇਰੇ ਦੋ ਮੁੰਡੇ ਵਿਆਹੇ ਹੋਏ ਹਨ ਅਤੇ ਸਾਰੇ ਪਰਿਵਾਰ ਦਾ ਇੱਕੋ ਰਾਸ਼ਨ ਕਾਰਡ ਹੈ।''
''ਇੱਕ ਰਾਸ਼ਨ ਕਾਰਡ 'ਤੇ ਪਰਿਵਾਰ ਨੂੰ ਇੱਕ ਫਲੈਟ ਦਿੱਤਾ ਗਿਆ ਹੈ , ਜਿਸ ਵਿੱਚ ਦੋ ਕਮਰੇ, ਇੱਕ ਛੋਟੀ ਜਿਹੀ ਰਸੋਈ ਅਤੇ ਗੁਸਲਖ਼ਾਨੇ ਹਨ''
ਸ਼ੀਲੋ ਦੇਵੀ ਨੇ ਅੱਗੇ ਦੱਸਿਆ, ''ਇਨ੍ਹਾਂ ਫਲੈਟਾਂ 'ਚ ਸਾਰੇ ਘਰ ਦਾ ਸਾਮਾਨ ਨਹੀਂ ਰੱਖਿਆ, ਅੱਧਾ ਸਾਮਾਨ ਬਾਹਰ ਰੱਖਿਆ ਹੋਇਆ ਹੈ। ਦੋਵਾਂ ਕਮਰਿਆਂ ਵਿੱਚ ਮੇਰੀਆਂ ਨੂੰਹਾਂ-ਪੁੱਤਰ ਸੌਂਦੇ ਹਨ ਤੇ ਮੈਂ ਆਪਣੀ ਮੰਜੀ ਬਾਹਰ ਡਾਹੁੰਦੀ ਹਾਂ।''
ਤਸਵੀਰ ਸਰੋਤ, Prabhu dyal/bbc
ਆਪਣੇ ਘਰਾਂ ਤੋਂ ਉੱਜੜੇ ਕੇ ਹਾਊਸਿੰਗ ਬੋਰਡ ਕਲੋਨੀ ਦੇ ਫ਼ਲੈਟ 'ਚ ਵਸੇ ਪਰਿਵਾਰਾਂ ਦੀਆਂ ਔਰਤਾਂ
ਦੂਜੇ ਪਾਸੇ ਇੱਕ ਹੋਰ ਔਰਤ ਕਮਲਾ ਨੇ ਦੱਸਿਆ ਕਿ ਉਸ ਦਾ ਪਤੀ ਕਬਾੜ ਦਾ ਕੰਮ ਕਰਦਾ ਹੈ ਪਰ ਇਥੇ ਉਨ੍ਹਾਂ ਨੂੰ ਕਬਾੜ ਰੱਖਣ ਲਈ ਥਾਂ ਹੀ ਨਹੀਂ ਮਿਲੀ।
ਉਹ ਦੱਸਦੀ ਹੈ, ''ਛੋਟੇ-ਛੋਟੇ ਕਮਰਿਆਂ 'ਚ ਸਾਡੇ ਘਰ ਦਾ ਸਾਮਾਨ ਪੂਰਾ ਨਹੀਂ ਆਇਆ। ਕੁਝ ਜ਼ਰੂਰੀ ਸਾਮਾਨ ਅੰਦਰ ਰੱਖਿਆ ਹੋਇਆ ਹੈ ਤੇ ਕੁਝ ਬਾਹਰ ਹੀ ਪਿਆ ਹੈ। ਅੱਗੇ ਮੈਂ ਵੀ ਪਤੀ ਨਾਲ ਕੁਝ ਕੰਮ-ਧੰਦਾ ਕਰ ਲੈਂਦੀ ਸੀ ਪਰ ਹੁਣ ਇਥੇ ਕੋਈ ਕੰਮ ਨਹੀਂ ਮਿਲਦਾ।''
ਹਾਊਸਿੰਗ ਬੋਰਡ ਕਾਲੋਨੀ ਦੇ ਨੇੜੇ ਖੇਤਾਂ ਵਿੱਚ ਅੱਧੀ ਦਿਹਾੜੀ ਕੰਮ ਕਰਕੇ ਆ ਰਹੀ ਰਾਧਾ, ਕਵਿਤਾ, ਕਲਾਵਤੀ ਅਤੇ ਸ਼ਾਮੋ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਥੇਹ 'ਤੇ ਰਹਿ ਰਹੇ ਸਨ। ਉਨ੍ਹਾਂ ਦੇ ਘਰ ਖਾਲੀ ਕਰਵਾ ਲਏ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਫਲੈਟ ਦਿੱਤੇ ਗਏ ਹਨ ਅਤੇ ਇੱਥੇ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ।
ਉਹ ਅੱਗੇ ਦੱਸਦੀਆਂ ਹਨ ਕਿ ਪੰਜਾਹ ਰੁਪਏ ਤਾਂ ਆਟੋ ਦਾ ਕਿਰਾਇਆ ਭਰ ਕੇ ਖ਼ੇਤ ਵਿੱਚ ਕੰਮ ਕਰਨ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਅੱਧੀ ਦਿਹਾੜੀ ਦਾ ਸੌ-ਸੌ ਰੁਪਏ ਮਿਲਦੇ ਹਨ।
ਉਨ੍ਹਾਂ ਮੁਤਾਬਕ, ''ਸਾਨੂੰ ਰਾਸ਼ਨ ਲੈਣ ਲਈ ਥੇਹ 'ਤੇ ਹੀ ਜਾਣਾ ਪੈਂਦਾ ਹੈ। ਸਾਡੇ ਰਾਸ਼ਨ ਕਾਰਡ ਥੇਹ ਦੇ ਹੀ ਬਣੇ ਹੋਏ ਹਨ। ਉੱਥੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸਨ ਤਾਂ ਅਸੀਂ ਦੁਕਾਨਦਾਰ ਨਾਲ ਉਧਾਰ ਵੀ ਕਰ ਲੈਂਦੇ ਸੀ ਪਰ ਨਵੀਂ ਥਾਂ 'ਤੇ ਨਾ ਤਾਂ ਕੋਈ ਦੁਕਾਨ ਹੈ ਅਤੇ ਨਾ ਹੀ ਬਾਜ਼ਾਰ ਜਾਣ 'ਤੇ ਸਾਨੂੰ ਕੋਈ ਉਧਾਰ ਚੀਜ਼ ਦਿੰਦਾ ਹੈ।''
''ਸਾਡਾ ਜੀਵਨ ਤਾਂ ਨਰਕਾਂ ਤੋਂ ਵੀ ਭੈੜਾ ਹੋ ਗਿਆ ਹੈ, ਪੀਣ ਦਾ ਪਾਣੀ ਨਹੀਂ, ਡਾਕਟਰੀ ਸੁਵਿਧਾ ਨਹੀਂ ਅਤੇ ਬਾਜ਼ਾਰ ਜਾਣ ਲਈ ਦੋ ਕਿਲੋਮੀਟਰ ਦੂਰ ਜਾ ਕੇ ਸਾਨੂੰ ਕੋਈ ਆਟੋ ਵਗੈਰਾ ਮਿਲਦਾ ਹੈ।''
ਉਨ੍ਹਾਂ ਮੁਤਾਬਕ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਵਿਚਾਲੇ ਹੀ ਛੁਟ ਗਈ ਹੈ ਅਤੇ ਆਟੋ ਵਾਲੇ ਬੱਚਿਆਂ ਨੂੰ ਸਕੂਲ ਲਿਜਾਣ ਲਈ ਪੰਦਰਾਂ-ਪੰਦਰਾਂ ਸੌ ਰੁਪਏ ਮਹੀਨੇ ਦਾ ਕਿਰਾਇਆ ਮੰਗ ਲੈਂਦੇ ਹਨ।
ਤਸਵੀਰ ਸਰੋਤ, Prabhu dyal/bbc
ਥੇਹ ਤੋਂ ਫ਼ਲੈਟਾਂ 'ਚ ਆ ਕੇ ਵਸੇ ਕੁਝ ਹੋਰ ਲੋਕ ਆਪਣੀ ਗੱਲ ਰੱਖਦੇ ਹੋਏ
ਇਨ੍ਹਾਂ ਔਰਤਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ, ''ਅਸੀਂ ਗ਼ਰੀਬ ਪਰਿਵਾਰ ਐਨੇਂ ਪੈਸੇ ਕਿਥੋਂ ਦੇਈਏ? ਸਾਰੀ ਜ਼ਿੰਦਗੀ ਜੋ ਕੁਝ ਕਮਾਇਆ ਸੀ, ਉਹ ਘਰ ਬਣਾਉਣ 'ਤੇ ਲਾ ਦਿੱਤਾ ਤੇ ਹੁਣ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਨੇ ਸਨ ਤਾਂ ਸਾਨੂੰ ਉੱਥੋਂ ਉਜਾੜ ਦਿੱਤਾ ਗਿਆ।''
''ਸਰਕਾਰ ਸਾਨੂੰ ਪਲਾਟ ਦੇ ਕੇ ਆਪਣੇ ਮਕਾਨ ਬਣਾ ਕੇ ਦੇਵੇ, ਜਿੰਨੀ ਕੁ ਲੋਕਾਂ ਨੇ ਥੇਹ 'ਤੇ ਰਹਿੰਦਿਆਂ ਆਪਣੀ ਪੂੰਜੀ ਬਣਾਈ ਸੀ, ਸਰਕਾਰ ਉਸ ਦੀ ਪੂਰਤੀ ਕਰੇ।''
ਉਜਾੜੇ ਦਾ ਡਰ
ਥੇਹ ਦੀ ਚੋਟੀ ਤੋਂ ਹੇਠਾਂ ਵਸੇ ਕਰੀਬ 2500 ਘਰਾਂ ਦਾ ਵਿਭਾਗ ਵੱਲੋਂ ਸਰਵੇ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਵੀ ਇੱਥੋਂ ਉਜਾੜਿਆ ਜਾਵੇਗਾ।
ਇਸ ਉਜਾੜੇ ਤੋਂ ਬਚਣ ਲਈ ਥੇਹ 'ਤੇ ਰਹਿੰਦੇ ਲੋਕਾਂ ਨੇ 'ਆਪਣਾ ਘਰ ਬਚਾਓ ਸੰਘਰਸ਼ ਸਮਿਤੀ' ਦਾ ਗਠਨ ਕੀਤਾ ਹੈ।
ਸਮਿਤੀ ਦੇ ਬੈਨਰ ਹੇਠ ਥੇਹ ਵਾਸੀਆਂ ਨੇ ਸ਼ਾਂਤੀ ਮਾਰਚ ਕੱਢ ਕੇ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਇਲਾਵਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਹੈ।
ਸਮਿਤੀ ਦੇ ਆਗੂ ਸੁਭਾਸ਼ ਫੁਟੇਲਾ ਨੇ ਕਿਹਾ ਹੈ ਕਿ ਉਹ ਹਾਈ ਕੋਰਟ ਦੇ ਫੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ। ਇਸ ਲਈ ਵਕੀਲਾਂ ਤੋਂ ਰਾਇ ਲਈ ਜਾ ਰਹੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਪੁਰਾਤੱਤਵ ਵਿਭਾਗ ਵੱਲੋਂ ਥੇਹ ਦੇ 28 ਕਿੱਲਿਆਂ ਦੇ ਖ਼ੇਤਰ ਵਿੱਚ ਬਣੇ 434 ਮਕਾਨ ਖਾਲ੍ਹੀ ਕਰਵਾਏ ਜਾਣੇ ਸਨ ਪਰ ਵੱਧ ਖਾਲੀ ਕਰਵਾ ਲਏ ਗਏ।
ਇਹ ਵੀ ਪੜ੍ਹੋ:
28 ਕਿੱਲਿਆਂ ਦੀ ਥਾਂ ਹੁਣ 60 ਏਕੜ ਹੋਰ ਏਰੀਏ ਵਿੱਚ ਬਣੇ ਮਕਾਨਾਂ ਨੂੰ ਵੀ ਖਾਲ੍ਹੀ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦੋਂਕਿ ਇੱਥੇ ਰਹਿੰਦੇ ਲੋਕਾਂ ਲਈ ਤਮਾਮ ਬੁਨਿਆਦੀ ਸੁਵਿਧਾਵਾਂ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ, ਸੀਵਰਜ ਵਿਵਸਥਾ, ਆਂਗਨਵਾੜੀ ਕੇਂਦਰ, ਸਰਕਾਰੀ ਸਕੂਲ, ਸਰਕਾਰੀ ਡਿਸਪੈਂਸਰੀ, ਮੰਦਿਰ, ਮਸਜਿਦ ਅਤੇ ਗੁਰਦੁਆਰਾ ਆਦਿ ਬਣੇ ਹੋਏ ਹਨ।
ਕੀ ਕਹਿੰਦਾ ਹੈ ਪ੍ਰਸ਼ਾਸਨ ਅਤੇ ਜਾਣਕਾਰ?
ਇਤਿਹਾਸ ਦੇ ਪ੍ਰੋਫ਼ੈਸਰ ਡਾ. ਰਾਮੇਸ਼ਵਰ ਨੇ ਦੱਸਿਆ, ''ਸਿਰਸਾ ਸ਼ਹਿਰ ਦਾ ਥੇਹ ਇੱਕ ਪੁਰਾਣਾ ਇਲਾਕਾ ਜ਼ਰੂਰ ਹੈ ਪਰ ਅਜੇ ਤੱਕ ਇਸ ਦੀ ਖ਼ੁਦਾਈ ਨਹੀਂ ਹੋਈ ਹੈ। ਖੁਦਾਈ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗੇਗਾ।''
ਤਸਵੀਰ ਸਰੋਤ, Prabhu dyal/bbc
ਥੇਹ ਤੋਂ ਉੱਜੜਕੇ ਆਏ ਪਰਿਵਾਰ ਇਨ੍ਹਾਂ ਫ਼ਲੈਟਾਂ 'ਚ ਰਹਿ ਰਹੇ ਹਨ
ਸਦਰ ਕਾਨੂੰਨਗੋ ਚਾਂਦੀ ਰਾਮ ਕਹਿੰਦੇ ਹਨ, ''88 ਏਕੜ ਵਿੱਚ ਫੈਲੇ ਥੇਹ ਦੇ ਉੱਪਰਲੇ ਹਿੱਸੇ ਦੇ 28 ਕਿੱਲਿਆਂ 'ਚੋਂ ਘਰ ਖਾਲੀ ਕਰਵਾ ਲਏ ਗਏ ਹਨ ਅਤੇ ਹੇਠਲੇ ਹਿੱਸੇ ਦੇ 60 ਕਿੱਲਿਆਂ 'ਚ ਵਸੇ ਲੋਕਾਂ ਦੇ ਘਰਾਂ ਦਾ ਸਰਵੇਖਣ ਚੱਲ ਰਿਹਾ ਹੈ। ਹਾਲੇ ਤੱਕ ਇਨ੍ਹਾਂ ਘਰਾਂ ਨੂੰ ਖਾਲੀ ਕਰਵਾਉਣ ਲਈ ਅਦਾਲਤ ਦੇ ਕੋਈ ਹੁਕਮ ਉਨ੍ਹਾਂ ਕੋਲ ਨਹੀਂ ਆਏ ਹਨ।''
ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਕਿਹਾ, ''ਹਾਈ ਕੋਰਟ ਦੇ ਹੁਕਮਾਂ ਮੁਤਾਬਕ ਥੇਹ ਦੇ ਉੱਪਰਲੇ ਹਿੱਸੇ ਵਿੱਚ ਵਸੇ ਲੋਕਾਂ ਤੋਂ ਮਕਾਨ ਖਾਲੀ ਕਰਵਾਏ ਗਏ ਹਨ ਤੇ ਉਨ੍ਹਾਂ ਲੋਕਾਂ ਨੂੰ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਵਸਾਇਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਪੱਕੇ ਤੌਰ 'ਤੇ ਵਸਾਉਣ ਲਈ ਥਾਂ ਦੀ ਭਾਲ ਕੀਤੀ ਜਾ ਰਹੀ ਹੈ।''