ਨੂਰਜਹਾਂ: ਮੁਗ਼ਲਾਂ ਦੇ ਜ਼ਮਾਨੇ ਦੀ ਤਾਕਤਵਰ ਔਰਤ ਦੀ ਕਹਾਣੀ

ਤਸਵੀਰ ਸਰੋਤ, PENGUIN
ਨੂਰਜਹਾਂ ਨੇ ਮੁਗ਼ਲ ਰਾਜ ਦੀ ਅਗਵਾਈ ਵੀ ਕੀਤੀ ਅਤੇ ਦੱਬੇ ਕੁਚਲਿਆਂ ਦੀ ਸਾਰ ਵੀ ਲਈ
ਭਾਰਤ ਵਿੱਚ 17ਵੀਂ ਸਦੀ ਦੀ ਸਭ ਤੋਂ ਤਾਕਤਵਰ ਮਹਿਲਾ ਨੂਰਜਹਾਂ ਨੇ ਵਿਸ਼ਾਲ ਮੁਗ਼ਲ ਸਾਮਰਾਜ ਦੀ ਅਗਵਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਇਤਿਹਾਸਕਾਰ ਰੂਬੀ ਲਾਲ ਦੱਸ ਰਹੇ ਹਨ ਕਿ ਮੌਜੂਦਾ ਸਮੇਂ ਵਿੱਚ ਸਾਨੂੰ ਇਤਿਹਾਸ 'ਚ ਨੂਰਜਹਾਂ ਦੀ ਅਗਵਾਈ ਦੀ ਅਹਿਮੀਅਤ ਸਮਝਣ ਦੀ ਲੋੜ ਕਿਉਂ ਹੈ।
16ਵੀਂ ਸਦੀ ਦੀ ਸ਼ੁਰੂਆਤ ਵਿੱਚ ਭਾਰਤ 'ਚ ਸੱਤਾ ਸਥਾਪਿਤ ਕਰਨ ਵਾਲੇ ਮੁਗ਼ਲਾਂ ਨੇ ਭਾਰਤੀ ਉਪ ਮਹਾਂਦੀਪ ਦੇ ਇੱਕ ਵੱਡੇ ਹਿੱਸੇ 'ਤੇ 300 ਸਾਲ ਤੋਂ ਵੱਧ ਸਮੇਂ ਤੱਕ ਸ਼ਾਸਨ ਕੀਤਾ।
ਇਹ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਤਾਕਤਵਰ ਰਾਜਵੰਸ਼ਾਂ ਵਿੱਚੋ ਇੱਕ ਸੀ। ਮੁਗਲ ਕਾਲ ਵਿੱਚ ਕਈ ਸ਼ਾਸਕ ਰਹੇ ਜਿਨ੍ਹਾਂ ਨੇ ਇਸ ਮਹਾਂਦੀਪ 'ਤੇ ਰਾਜ ਕੀਤਾ, ਨੂਰਜਹਾਂ ਉਨ੍ਹਾਂ ਵਿੱਚੋਂ ਇੱਕ ਸੀ। ਨੂਰਜਹਾਂ ਕਲਾ, ਸੰਸਕ੍ਰਿਤੀ ਅਤੇ ਇਮਾਰਤਸਾਜ਼ੀ ਕਲਾ ਦੀ ਸਰਪ੍ਰਸਤ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਸ਼ਹਿਰ, ਮਹਿਲ, ਮਸਜਿਦ ਅਤੇ ਮਕਬਰੇ ਬਣਵਾਏ। ਸ਼ਾਇਦ ਇਹੀ ਕਾਰਨ ਹੈ ਕਿ ਨੂਰਜਹਾਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਲੋਕ-ਸਾਹਿਤ ਵਿੱਚ ਜ਼ਿੰਦਾ ਹੈ।
ਨੂਰਜਹਾਂ ਦੀਆਂ ਕਹਾਣੀਆਂ ਉੱਤਰ ਭਾਰਤ ਦੇ ਆਗਰਾ ਅਤੇ ਉੱਤਰ ਪਾਕਿਸਤਾਨ ਦੇ ਘਰਾਂ ਅਤੇ ਇਤਿਹਾਸਕ ਇਮਾਰਤਾਂ ਵਿੱਚ ਸੁਣਾਈਆਂ ਜਾਂਦੀਆਂ ਹਨ। ਆਗਰਾ ਅਤੇ ਲਾਹੌਰ ਮੁਗ਼ਲ ਸ਼ਾਸਨ ਦੇ ਦੌਰਾਨ ਦੋ ਮੁੱਖ ਸ਼ਹਿਰ ਸਨ। ਖ਼ਾਸ ਕਰਕੇ ਨੂਰਜਹਾਂ ਦੇ ਵੇਲੇ।
ਜਦੋਂ ਨੂਰਜਹਾਂ ਨੇ ਆਦਮਖੋਰ ਬਾਘ ਦਾ ਸ਼ਿਕਾਰ ਕੀਤਾ
ਇਨ੍ਹਾਂ ਸ਼ਹਿਰਾਂ ਦੇ ਵੱਡੇ-ਬਜ਼ੁਰਗ, ਟੂਰਿਸਟ ਗਾਈਡ ਅਤੇ ਇਤਿਹਾਸ ਨੂੰ ਜਾਣਨ ਵਾਲੇ ਨੂਰਜਹਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ ਕਿ ਕਿਵੇਂ ਉਹ ਅਤੇ ਜਹਾਂਗੀਰ ਇੱਕ ਦੂਜੇ ਨਾਲ ਪਿਆਰ ਕਰਨ ਲੱਗੇ ਅਤੇ ਕਿਵੇਂ ਨੂਰਜਹਾਂ ਨੇ ਇੱਕ ਆਦਮਖੋਰ ਬਾਘ ਦਾ ਸ਼ਿਕਾਰ ਕਰਕੇ ਇੱਕ ਪਿੰਡ ਨੂੰ ਬਚਾਇਆ।
ਉਹ ਦੱਸਦੇ ਹਨ ਕਿ ਕਿਸ ਤਰ੍ਹਾਂ ਨੂਰਜਹਾਂ ਨੇ ਹਾਥੀ 'ਤੇ ਬੈਠੇ ਉਸ ਆਦਮਖੋਰ ਬਾਘ 'ਤੇ ਗੋਲੀ ਚਲਾਈ।
ਉਂਝ ਤਾਂ ਲੋਕਾਂ ਨੇ ਨੂਰਜਹਾਂ ਦੇ ਰੋਮਾਂਸ ਅਤੇ ਉਨ੍ਹਾਂ ਦੀ ਬਹਾਦੁਰੀ ਦੇ ਕਿੱਸੇ ਸੁਣੇ ਹਨ ਪਰ ਉਨ੍ਹਾਂ ਦੀ ਸਿਆਸੀ ਫੁਰਤੀ ਅਤੇ ਇੱਛਾਵਾਂ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਸਨ।
ਨੂਰਜਹਾਂ ਇੱਕ ਆਕਰਸ਼ਕ ਮਹਿਲਾ ਸੀ ਜਿਨ੍ਹਾਂ ਨੇ ਤਮਾਮ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਮੁਗ਼ਲ ਸ਼ਾਸਨ ਦੀ ਕਮਾਨ ਸੰਭਾਲੀ।
ਤਸਵੀਰ ਸਰੋਤ, COURTESY OF RAMPUR RAZA LIBRARY
ਇਸ ਪੇਟਿੰਗ ਵਿੱਚ ਨੂਰਜਹਾਂ ਦੇ ਹੱਥਾਂ ਵਿੱਚ ਬੰਦੂਕ ਦਿਖਾਈ ਗਈ ਹੈ
ਉਹ ਮਹਾਨ ਕਵਿੱਤਰੀ ਸੀ, ਉਨ੍ਹਾਂ ਨੂੰ ਸ਼ਿਕਾਰ ਕਰਨ ਵਿੱਚ ਮੁਹਾਰਤ ਹਾਸਲ ਸੀ ਅਤੇ ਉਹ ਇਮਾਰਤਸਾਜ਼ੀ ਕਲਾ ਵਿੱਚ ਨਵੇਂ-ਨਵੇਂ ਤਜ਼ਰਬੇ ਕਰਨ ਦਾ ਸ਼ੌਕ ਰੱਖਦੀ ਸੀ।
ਨੂਰਜਹਾਂ ਨੇ ਆਗਰਾ ਵਿੱਚ ਆਪਣੇ ਮਾਤਾ-ਪਿਤਾ ਦੇ ਮਕਬਰੇ ਦਾ ਡਿਜ਼ਾਇਨ ਤਿਆਰ ਕੀਤਾ। ਤਾਜ ਮਹਿਲ ਦਾ ਡਿਜ਼ਾਇਨ ਵੀ ਇਸੇ ਤੋਂ ਹੀ ਪ੍ਰੇਰਿਤ ਹੈ।
ਉਹ ਮਰਦਾਂ ਦੇ ਦਬਦਬੇ ਵਾਲੀ ਦੁਨੀਆਂ ਵਿੱਚ ਇੱਕ ਸ਼ਾਨਦਾਰ ਨੇਤਾ ਬਣ ਕੇ ਉਭਰੀ।
ਕਿਵੇਂ ਬਣੀ ਐਨੀ ਤਾਕਤਵਰ?
ਦਿਲਚਸਪ ਗੱਲ ਇਹ ਹੈ ਕਿ ਨੂਰਜਹਾਂ ਸ਼ਾਹੀ ਪਰਿਵਾਰ ਨਾਲ ਸਬੰਧ ਨਹੀਂ ਰੱਖਦੀ ਸੀ, ਇਸਦੇ ਬਾਵਜੂਦ ਉਹ ਮਲਿਕਾ ਤੋਂ ਲੈ ਕੇ ਸਫਲ ਰਾਜਨੇਤਾ ਅਤੇ ਜਹਾਂਗੀਰ ਦੀ ਪਸੰਦੀਦਾ ਪਤਨੀ ਬਣੀ ਅਤੇ ਉਨ੍ਹਾਂ ਨੇ ਵਿਸ਼ਾਲ ਮੁਗ਼ਲ ਸਾਮਰਾਜ 'ਤੇ ਰਾਜ ਕੀਤਾ।
ਪਰ ਨੂਰਜਹਾਂ ਉਸ ਸਮੇਂ ਵਿੱਚ ਐਨੀ ਤਾਕਤਵਰ ਕਿਵੇਂ ਹੋ ਗਈ ਜਦੋਂ ਔਰਤਾਂ ਜਨਤਕ ਜੀਵਨ ਵਿੱਚ ਬੜੀ ਮੁਸ਼ਕਿਲ ਨਾਲ ਦਿਖਦੀਆਂ ਸਨ।
ਇਸਦੇ ਪਿੱਛੇ ਨੂਰਜਹਾਂ ਦੇ ਪਾਲਣ-ਪੋਸ਼ਣ, ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਉਤਸ਼ਾਹ ਵਧਾਉਣ ਵਾਲੇ ਲੋਕ, ਜਹਾਂਗੀਰ ਦੇ ਨਾਲ ਉਨ੍ਹਾਂ ਦੇ ਕਰੀਬੀ ਰਿਸ਼ਤੇ ਅਤੇ ਉਨ੍ਹਾਂ ਦੀਆਂ ਇੱਛਾਵਾਂ ਦਾ ਵੱਡਾ ਯੋਗਦਾਨ ਹੈ।
ਇਹ ਵੀ ਪੜ੍ਹੋ:
ਨੂਰਜਹਾਂ ਦਾ ਜਨਮ 1577 ਦੇ ਕਰੀਬ ਕੰਧਾਰ (ਅੱਜ ਦੇ ਅਫ਼ਗਾਨਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਫਾਰਸੀ ਸਨ ਜਿਨ੍ਹਾਂ ਨੇ ਸਫ਼ਵੀ ਸ਼ਾਸਨ ਵਿੱਚ ਵਧਦੀ ਅਸਹਿਣਸ਼ੀਲਤਾ ਦੇ ਕਾਰਨ ਇਰਾਨ ਛੱਡ ਕੇ ਕੰਧਾਰ ਵਿੱਚ ਸ਼ਰਨ ਲਈ ਸੀ।
ਉਸ ਸਮੇਂ ਅਰਬ ਅਤੇ ਫ਼ਾਰਸ ਦੇ ਨਿਵਾਸੀ ਭਾਰਤ ਨੂੰ ਅਲ-ਹਿੰਦ ਕਹਿੰਦੇ ਸਨ ਜਿਨ੍ਹਾਂ ਦਾ ਸੱਭਿਆਚਾਰ ਵਿਸ਼ਾਲ ਅਤੇ ਸਹਿਣਸ਼ੀਲ ਸੀ।
ਅਲ-ਹਿੰਦ ਵਿੱਚ ਵੱਖ-ਵੱਖ ਧਰਮਾਂ, ਰੀਤੀ-ਰਿਵਾਜ਼ਾਂ ਅਤੇ ਵਿਚਾਰਾਂ ਦੇ ਲੋਕਾਂ ਨੂੰ ਸ਼ਾਂਤੀ ਨਾਲ ਇਕੱਠੇ ਰਹਿਣ ਦੀ ਸਹੂਲਤ ਦਿੱਤੀ ਗਈ ਸੀ।
ਨੂਰਜਹਾਂ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰ ਅਤੇ ਰੀਤੀ-ਰਿਵਾਜ਼ਾਂ ਵਿੱਚ ਵੱਡੀ ਹੋਈ। ਉਨ੍ਹਾਂ ਦਾ ਪਹਿਲਾ ਵਿਆਹ 1594 ਵਿੱਚ ਮੁਗ਼ਲ ਸਰਕਾਰ ਦੇ ਇੱਕ ਸਾਬਕਾ ਸਿੱਖ ਅਧਿਕਾਰੀ ਨਾਲ ਹੋਇਆ। ਇਸ ਮਗਰੋਂ ਉਹ ਬੰਗਾਲ ਚਲੀ ਗਈ। ਜੋ ਉਸ ਸਮੇਂ ਪੂਰਬੀ ਭਾਰਤ ਦਾ ਇੱਕ ਮੁਕੰਮਲ ਸੂਬਾ ਸੀ।
ਉੱਥੇ ਹੀ, ਉਨ੍ਹਾਂ ਨੇ ਆਪਣੀ ਇਕਲੌਤੀ ਔਲਾਦ ਨੂੰ ਜਨਮ ਦਿੱਤਾ।
ਤਸਵੀਰ ਸਰੋਤ, SM MANSOOR
ਇਸ ਪੇਟਿੰਗ ਵਿੱਚ ਨੂਰਜਹਾਂ ਨੂੰ ਹੋਰਾਂ ਔਰਤਾਂ ਨਾਲ ਪੋਲੋ ਖੇਡਦੇ ਹੋਏ ਦਿਖਾਇਆ ਗਿਆ ਹੈ
ਜਹਾਂਗੀਰ ਨਾਲ ਵਿਆਹ ਦਾ ਕਿੱਸਾ
ਬਾਅਦ ਵਿੱਚ ਨੂਰਜਹਾਂ ਦੇ ਪਤੀ 'ਤੇ ਜਹਾਂਗੀਰ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗੇ। ਉਦੋਂ ਜਹਾਂਗੀਰ ਨੇ ਬੰਗਾਲ ਦੇ ਰਾਜਪਾਲ ਨੂੰ ਨੂਰਜਹਾਂ ਦੇ ਪਤੀ ਨੂੰ ਆਗਰਾ ਵਿੱਚ ਆਪਣੇ ਸ਼ਾਹੀ ਦਰਬਾਰ ਵਿੱਚ ਲਿਆਉਣ ਦਾ ਹੁਕਮ ਦਿੱਤਾ। ਪਰ ਨੂਰਜਹਾਂ ਦੇ ਪਤੀ ਰਾਜਪਾਲ ਦੇ ਆਦਮੀਆਂ ਨਾਲ ਯੁੱਧ ਵਿੱਚ ਮਾਰੇ ਗਏ।
ਪਤੀ ਦੀ ਮੌਤ ਤੋਂ ਬਾਅਦ ਵਿਧਵਾ ਨੂਰਜਹਾਂ ਨੂੰ ਜਹਾਂਗੀਰ ਦੇ ਮਹਿਲ ਵਿੱਚ ਸ਼ਰਨ ਦਿੱਤੀ ਗਈ। ਉੱਥੋਂ ਦੀਆਂ ਬਾਕੀ ਔਰਤਾਂ ਨੂਰਜਹਾਂ ਦੀਆਂ ਮੁਰੀਦ ਹੋ ਗਈਆਂ।
ਸਾਲ 1611 ਵਿੱਚ ਨੂਰਜਹਾਂ ਅਤੇ ਜਹਾਂਗੀਰ ਦਾ ਵਿਆਹ ਹੋ ਗਿਆ। ਇਸ ਤਰ੍ਹਾਂ ਨੂਰਜਹਾਂ ਜਗਾਂਗੀਰ ਦੀ ਵੀਹਵੀਂ ਅਤੇ ਆਖ਼ਰੀ ਪਤਨੀ ਬਣੀ।
ਉਸ ਸਮੇਂ ਦੇ ਅਧਿਕਾਰਤ ਰਿਕਾਰਡ ਵਿੱਚ ਬਹੁਤ ਘੱਟ ਔਰਤਾਂ ਦੇ ਨਾਮ ਹਨ ਪਰ 1614 ਅਤੇ ਉਸ ਤੋਂ ਬਾਅਦ ਦੇ ਇਤਿਹਾਸਕ ਸਰੋਤਾਂ ਵਿੱਚ ਨੂਰਜਹਾਂ ਅਤੇ ਜਹਾਂਗੀਰ ਦੇ ਖਾਸ ਰਿਸ਼ਤੇ ਦੀ ਤਸਦੀਕ ਹੁੰਦੀ ਹੈ।
ਜਹਾਂਗੀਰ ਨੇ ਨੂਰਜਹਾਂ ਦੀ ਇੱਕ ਤਸਵੀਰ ਵੀ ਬਣਾਈ। ਉਸ ਤਸਵੀਰ ਵਿੱਚ ਉਨ੍ਹਾਂ ਨੇ ਨੂਰਜਹਾਂ ਨੂੰ ਸੰਵੇਦਨਸ਼ੀਲ ਸਾਥੀ, ਖਿਆਲ ਰੱਖਣ ਵਾਲੀ ਬਿਹਤਰੀਨ ਮਹਿਲਾ, ਚੰਗੀ ਸਲਾਹਕਾਰ, ਚਤੁਰ ਸ਼ਿਕਾਰੀ, ਰਣਨੀਤੀਕਾਰ ਅਤੇ ਕਲਾ ਦੀ ਪ੍ਰਸ਼ੰਸਕ ਦੇ ਤੌਰ 'ਤੇ ਦਰਸਾਇਆ ਹੈ।
ਨੂਰਜਹਾਂ ਦੇ ਹੱਥਾਂ ਵਿੱਚ ਆਈ ਸੱਤਾ ਦੀ ਕਮਾਨ
ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਹਾਂਗੀਰ ਨੂੰ ਨਸ਼ੇ ਦੀ ਲਤ ਸੀ ਅਤੇ ਬਾਅਦ ਵਿੱਚ ਉਨ੍ਹਾਂ ਲਈ ਰਾਜ-ਕਾਜ 'ਤੇ ਧਿਆਨ ਦੇਣਾ ਮੁਸ਼ਕਿਲ ਹੋ ਗਿਆ ਸੀ। ਇਸ ਲਈ ਉਨ੍ਹਾਂ ਨੇ ਆਪਣੇ ਸਾਮਰਾਜ ਦੀ ਕਾਮਨ ਨੂਰਜਹਾਂ ਦੇ ਹੱਥਾਂ ਵਿੱਚ ਦੇ ਦਿੱਤੀ ਸੀ।
ਹਾਲਾਂਕਿ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਹਾਂ, ਜਹਾਂਗੀਰ ਨਸ਼ੇ ਦੇ ਆਦੀ ਸਨ ਅਤੇ ਉਹ ਅਫ਼ੀਮ ਦੀ ਵਰਤੋਂ ਕਰਦੇ ਸਨ। ਹਾਂ, ਉਹ ਨੂਰਜਹਾਂ ਨਾਲ ਬਹੁਤ ਪਿਆਰ ਕਰਦੇ ਸਨ। ਪਰ ਨੂਰਜਹਾਂ ਦੇ ਸੱਤਾ ਸੰਭਾਲਣ ਦਾ ਕਾਰਨ ਇਹ ਨਹੀਂ ਸੀ।
ਨੂਰਜਹਾਂ ਅਤੇ ਜਹਾਂਗੀਰ ਇੱਕ-ਦੂਜੇ ਦੇ ਪੂਰਕ ਸਨ। ਜਹਾਂਗੀਰ ਆਪਣੀ ਪਤਨੀ ਦੀ ਤਰੱਕੀ ਅਤੇ ਵਧਦੇ ਪ੍ਰਭਾਵ ਨਾਲ ਕਦੇ ਅਸਹਿਜ ਨਹੀਂ ਹੋਏ।
ਤਸਵੀਰ ਸਰੋਤ, SILVER
ਨੂਰਜਹਾਂ ਅਤੇ ਜਹਾਂਗੀਰ ਦੇ ਨਾਮ ਵਾਲੇ ਚਾਂਦੀ ਦੇ ਸਿੱਕੇ
ਜਹਾਂਗੀਰ ਨਾਲ ਵਿਆਹ ਤੋਂ ਕੁਝ ਹੀ ਸਮੇਂ ਬਾਅਦ ਨੂਰਜਹਾਂ ਨੇ ਆਪਣਾ ਪਹਿਲਾ ਸ਼ਾਹੀ ਫਰਮਾਨ ਜਾਰੀ ਕੀਤਾ ਸੀ ਜਿਸ ਵਿੱਚ ਕਰਮਚਾਰੀਆਂ ਦੀ ਜ਼ਮੀਨ ਦੀ ਸੁਰੱਖਿਆ ਦੀ ਗੱਲ ਆਖੀ ਗਈ ਸੀ। ਇਸ ਫਰਮਾਨ 'ਤੇ ਉਨ੍ਹਾਂ ਦੇ ਦਸਤਖਤ ਸੀ-ਨੂਰਜਹਾਂ ਬਾਦਸ਼ਾਹ ਬੇਗਮ। ਇਸ ਨਾਲ ਪਤਾ ਲਗਦਾ ਹੈ ਕਿ ਨੂਰਜਹਾਂ ਦੀ ਤਾਕਤ ਕਿਵੇਂ ਵਧ ਰਹੀ ਸੀ।
ਜਦੋਂ ਪੁਰਸ਼ਾਂ ਲਈ ਰਾਖਵੇਂ ਬਰਾਂਡੇ ਵਿੱਚ ਆਈ ਨੂਰਜਹਾਂ
ਸਾਲ 1617 ਵਿੱਚ ਚਾਂਦੀ ਦੇ ਸਿੱਕੇ ਜਾਰੀ ਕੀਤੇ ਗਏ ਜਿਨ੍ਹਾਂ ਤੇ ਜਹਾਂਗੀਰ ਦੇ ਨੇੜੇ ਨੂਰਜਹਾਂ ਦਾ ਨਾਮ ਛਪਿਆ ਸੀ।
ਅਦਾਲਤ ਦੇ ਅਧਿਕਾਰੀ, ਰਾਜਦੂਤ, ਵਪਾਰੀ ਅਤੇ ਮਹਿਮਾਨਾਂ ਨੇ ਵੀ ਨੂਰਜਹਾਂ ਦੇ ਖਾਸ ਦਰਜੇ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ।
ਅਦਾਲਤ ਦੇ ਇੱਕ ਦਰਬਾਰੀ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਨੂਰਜਹਾਂ ਨੇ ਉਸ ਸ਼ਾਹੀ ਬਰਾਂਡੇ ਵਿੱਚ ਆ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਿਹੜਾ ਸਿਰਫ਼ ਮਰਦਾਂ ਲਈ ਰਾਖਵਾਂ ਸੀ।
ਇਹ ਵੀ ਪੜ੍ਹੋ:
ਰੂੜ੍ਹੀਵਾਦੀ ਰਿਵਾਇਤਾਂ ਖ਼ਿਲਾਫ਼ ਨੂਰਜਹਾਂ ਦਾ ਇਹ ਇਕਲੌਤਾ ਵਿਰੋਧ ਨਹੀਂ ਸੀ। ਫਿਰ ਭਾਵੇਂ ਉਹ ਸ਼ਿਕਾਰ ਕਰਨਾ ਹੋਵੇ, ਸ਼ਾਹੀ ਫਰਮਾਨ ਅਤੇ ਸਿੱਕੇ ਜਾਰੀ ਕਰਨਾ ਹੋਵੇ, ਜਨਤਕ ਇਮਾਰਤਾਂ ਦਾ ਡਿਜ਼ਾਇਨ ਤਿਆਰ ਕਰਨਾ ਹੋਵੇ, ਗ਼ਰੀਬ ਔਰਤਾਂ ਦੀ ਮਦਦ ਲਈ ਨਵੇਂ ਫ਼ੈਸਲੇ ਲੈਣਾ ਹੋਵੇ ਜਾਂ ਹਾਸ਼ੀਏ 'ਤੇ ਪਏ ਲੋਕਾਂ ਦੀ ਅਗਵਾਈ ਕਰਨਾ ਹੋਵੇ, ਨੂਰਜਹਾਂ ਨੇ ਇਹ ਸਭ ਕਰਕੇ ਆਪਣੇ ਸਮੇਂ ਵਿੱਚ ਇੱਕ ਅਸਾਧਾਰਨ ਮਹਿਲਾ ਦੀ ਜ਼ਿੰਦਗੀ ਬਤੀਤ ਕੀਤੀ।
ਐਨਾ ਹੀ ਨਹੀਂ, ਜਦੋਂ ਜਹਾਂਗੀਰ ਨੂੰ ਬੰਦੀ ਬਣਾ ਲਿਆ ਗਿਆ ਤਾਂ ਨੂਰਜਹਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਫੌਜ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਨੂਰਜਹਾਂ ਦਾ ਨਾਮ ਲੋਕਾਂ ਦੀ ਕਲਪਨਾ ਅਤੇ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ।
(ਇਤਿਹਾਸਕਾਰ ਅਤੇ ਲੇਖਿਕਾ ਰੂਬੀ ਲਾਲ ਅਮਰੀਕਾ ਦੀ ਏਮੋਰੀ ਯੂਨੀਵਰਸਟੀ ਵਿੱਚ ਪੜ੍ਹਾਉਂਦੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਏਂਪ੍ਰੈਸ: ਦਿ ਅਸਟੋਨਿਸ਼ਿੰਗ ਰੇਨ ਆਫ਼ ਨੂਰਜਹਾਂ ਨਾਮ ਦੀ ਕਿਤਾਬ ਲਿਖੀ ਹੈ)