ਭੀਮਾ ਕੋਰੇਗਾਂਵ: ਮੀਡੀਆ ਸਾਹਮਣੇ ਆਉਣ ਲਈ ਮਹਾਰਸ਼ਟਰ ਪੁਲਿਸ ਨੂੰ ਹਾਈ ਕੋਰਟ ਦੀ ਝਾੜ

ਮਹਾਰਾਸ਼ਟਰ ਪੁਲਿਸ Image copyright Getty Images
ਫੋਟੋ ਕੈਪਸ਼ਨ ਮਹਾਰਾਸ਼ਟਰ ਪੁਲਿਸ ਦੀ ਸੰਕੇਤਿਕ ਤਸਵੀਰ

ਮਹਾਰਾਸ਼ਟਰ ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਯਲਗਾਰ ਪਰਿਸ਼ਦ ਅਤੇ ਭੀਮਾ ਕੋਰੇਗਾਂਵ ਮਾਮਲਿਆਂ ਬਾਰੇ ਜਾਣਕਾਰੀ ਮੀਡੀਆ ਨੂੰ ਦੇਣ ਸਬੰਧੀ ਬੰਬੇ ਹਾਈ ਕੋਰਟ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਸ਼ੁੱਕਰਵਾਰ ਨੂੰ ਮਹਾਰਾਸ਼ਟਰ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਲਾਅ ਐਂਡ ਆਰਡਰ) ਪਰਮਬੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ।

ਇਸ ਵਿੱਚ ਪੁਣੇ ਪੁਲਿਸ ਦੇ ਉਹ ਅਫ਼ਸਰਾ ਵੀ ਮੌਜੂਦ ਸਨ ਜੋ ਇਨ੍ਹਾਂ ਕੇਸਾਂ ਦੀ ਜਾਂਚ ਕਰ ਰਹੇ ਹਨ।

ਪੁਲਿਸ ਨੇ ਦਸਤਾਵੇਜ਼ ਦਿਖਾਉਂਦੇ ਹੋਏ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਦੋਸ਼ੀਆਂ ਖ਼ਿਲਾਫ਼ ਸਬੂਤ ਹਨ।

ਮਹਾਰਾਸ਼ਟਰ ਪੁਲਿਸ ਨੇ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪੰਜ ਸਮਾਜਿਕ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ:

Image copyright Getty Images/facebook
ਫੋਟੋ ਕੈਪਸ਼ਨ ਵਾਰਵਰਾ ਰਾਓ, ਗੌਤਮ ਨਵਲਖਾ, ਸੁਧਾ ਭਾਰਦਵਾਜ

ਪੁਣੇ ਪੁਲਿਸ ਨੇ ਵਾਰਵਰਾ ਰਾਓ, ਅਰੁਣ ਫਰੇਰਾ, ਵਰਨਣ ਗੋਂਜ਼ਾਲਵਿਸ, ਸੁਧਾ ਭਾਰਦਵਾਜ ਅਤੌ ਗੌਤਮ ਨਵਲਖਾ ਨੂੰ ਭੀਮਾ ਕੋਰੇਗਾਂਵ ਹਿੰਸਾ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ।

ਪਰ ਸੁਪਰੀਮ ਕੋਰਟ ਨੇ ਪੁਲਿਸ ਨੂੰ ਉਨ੍ਹਾਂ ਨੂੰ 6 ਸਤੰਬਰ ਤੱਕ ਨਜ਼ਰਬੰਦ ਕਰਨ ਲਈ ਕਿਹਾ।

ਸਤੀਸ਼ ਗਾਇਕਵਾੜ ਨੇ ਬੰਬੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਨੂੰ ਸੌਂਪ ਦੇਣ ਦੀ ਮੰਗ ਕੀਤੀ ਹੈ।

ਪਟੀਸ਼ਨ ਕਰਤਾ ਦੇ ਵਕੀਲ ਨਿਤਿਨ ਸਤਪੁਟੇ ਨੇ ਬੀਬੀਸੀ ਨੂੰ ਦੱਸਿਆ, ''ਜਦੋਂ ਅਦਾਲਤ ਵਿੱਚ ਇਸ ਪਟੀਸ਼ਨ ਦੀ ਸੁਣਵਾਈ ਹੋਈ ਤਾਂ ਅਸੀਂ ਪੁਲਿਸ ਵੱਲੋਂ ਮੀਡੀਆ ਸਾਹਮਣੇ ਸਬੂਤਾਂ ਦੇ ਖ਼ੁਲਾਸੇ ਦਾ ਮੁੱਦਾ ਚੁੱਕਿਆ। ਇਸ ਗੱਲ 'ਤੇ ਮਾਣਯੋਗ ਅਦਾਲਤ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਪੁਲਿਸ ਨੂੰ ਪੁੱਛਿਆ ਕਿ ਉਹ ਮੀਡੀਆ ਸਾਹਮਣੇ ਕਿਵੇਂ ਜਾ ਸਕਦੇ ਹਨ ਜਦੋਂ ਮਾਮਲਾ ਅਦਾਲਤ ਵਿੱਚ ਹੈ।''

ਇਸ ਪਟੀਸ਼ਨ ਦੀ ਸੁਣਵਾਈ ਜਸਟਿਸ ਐਸ ਐਸ ਸ਼ਿੰਦੇ ਅਤੇ ਮਰੁਦੁਲਾ ਭਟਕਰ ਦੇ ਬੈਂਚ ਨੇ ਕੀਤੀ। ਵਕੀਲ ਮਿਹਿਰ ਦੇਸਾਈ ਨੇ ਮੁਲਜ਼ਮਾਂ ਦਾ ਕੇਸ ਪੇਸ਼ ਕੀਤਾ। ਇਸ ਪਟੀਸ਼ਨ ਤੇ ਅਗਲੀ ਸੁਣਵਾਈ 7 ਸਤੰਬਰ ਨੂੰ ਹੋਵੇਗੀ।

ਕਦੋਂ ਅਤੇ ਕਿਉਂ ਹੋਈ ਸੀ ਕੋਰੇਗਾਂਵ 'ਚ ਹਿੰਸਾ

ਮਹਾਰਾਸ਼ਟਰ 'ਚ ਇਸੇ ਸਾਲ ਜਨਵਰੀ 'ਚ ਭੀਮਾ ਕੋਰੇਗਾਂਵ ਦੀ 200ਵੀਂ ਬਰਸੀ ਮੌਕੇ ਭੀਮਾ ਨਦੀ ਦੇ ਕੰਡੇ 'ਤੇ ਸਥਿਤ ਸਮਾਰਕ ਕੋਲ ਪੱਥਰਬਾਜ਼ੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ।

ਕਿਹਾ ਜਾਂਦਾ ਹੈ ਕਿ ਭੀਮਾ ਕੋਰੇਗਾਂਵ ਦੀ ਲੜਾਈ ਇੱਕ ਜਨਵਰੀ 1818 ਨੂੰ ਈਸਟ ਇੰਡੀਆ ਕੰਪਨੀ ਦੀ ਸੈਨਾ ਅਤੇ ਪੇਸ਼ਵਾਵਾਂ ਦੀ ਆਗਵਾਈ ਵਾਲੀ ਮਰਾਠਾ ਸੈਨਾ ਦੇ ਵਿਚਾਲੇ ਹੋਈ ਸੀ।

ਇਸ ਜੰਗ ਵਿੱਚ ਮਹਾਰ ਜਾਤੀ ਨੇ ਈਸਟ ਇੰਡੀਆਂ ਕੰਪਨੀ ਵੱਲੋਂ ਲੜਦਿਆਂ ਹੋਇਆਂ ਮਰਾਠੀਆਂ ਨੂੰ ਮਾਤ ਦਿੱਤੀ ਸੀ। ਮਹਾਰਾਸ਼ਟਰ 'ਚ ਮਹਾਰ ਜਾਤੀ ਨੂੰ ਲੋਕ ਅਛੂਤ ਸਮਝਦੇ ਹਨ।

ਹਿੰਸਾ ਦੇ ਬਾਅਦ ਬੀਬੀਸੀ ਪੱਤਰਕਾਰ ਮਯੂਰੇਸ਼ ਕੁੰਨੂਰ ਨਾਲ ਗੱਲ ਕਰਦਿਆਂ ਪੁਣੇ ਗ੍ਰਾਮੀਣ ਦੇ ਪੁਲਿਸ ਸਪਰੀਡੈਂਟ ਸੁਵੇਜ਼ ਹਕ ਨੇ ਬੀਬੀਸੀ ਨੂੰ ਦੱਸਿਆ, "ਦੋ ਗੁੱਟਾਂ ਵਿਚਾਲੇ ਝੜਪ ਹੋਈ ਸੀ ਅਤੇ ਉਦੋਂ ਪੱਥਰਬਾਜ਼ੀ ਸ਼ੁਰੂ ਹੋ ਗਈ ਸੀ। ਪੁਲਿਸ ਫੌਰਨ ਹਰਕਤ ਵਿੱਚ ਆਈ। ਅਸੀਂ ਭੀੜ ਹਾਲਾਤ 'ਤੇ ਕਾਬੂ ਕਰਨ ਲਈ ਅਥਰੂ ਗੈਸ ਅਤੇ ਲਾਠੀ ਚਾਰਜ਼ ਦਾ ਇਸਤੇਮਾਲ ਕਰਨਾ ਪਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)